Wednesday, December 28, 2011


Sunday, September 18, 2011

      ਤੂੰ ਦਾਤਾ  ਦਾਤਾਰੁ ਤੇਰਾ  ਦਿੱਤਾ  ਖਾਵਣਾ !
                             
ਮਨੁੱਖ ਨੂੰ ਉਹਦੇ ਆਪਣੇ ਹੱਥਾਂ ਨੇ ਸਿਰਜਿਆ ਹੈ। ਕਿਰਤੀ ਮਨੁੱਖ ਆਖਦੇ ਹਨ, ‘ਅਪਨਾ ਹਾਥ ਜਗਨਨਾਥ’, ਭਾਵ ਆਪਣੇ ਹੱਥ ਹੀ ਭਗਵਾਨ ਹਨ ! ਬਹੁਤ ਸਾਰੇ ਲੋਕ ਸਵੇਰ ਵੇਲੇ ਆਪਣੇ ਹੱਥ ਸਾਹਮਣੇ ਕਰ ਕੇ ਅੱਖਾਂ ਖੋਲ•ਦੇ  ਹਨ ਅਤੇ ਸਭ ਤੋਂ ਪਹਿਲਾਂ ਆਪਣੇ ਹੀ ਹੱਥਾਂ ਦੇ ਦਰਸ਼ਨ-ਦੀਦਾਰ ਕਰਦੇ ਹਨ। ਧਾਰਮਿਕ ਲੋਕ ਆਪਣੇ ਹੱਥਾਂ ਦੀ ਸ਼ਕਤੀ ਵਿਚ ਪ੍ਰਮਾਤਮਾ ਨੂੰ ਵੀ ਹਿੱਸੇਦਾਰ ਬਣਾ ਲੈਂਦੇ ਹਨ ਅਤੇ ਧੰਨਵਾਦੀ ਹੋ ਕੇ ਆਖਦੇ ਹਨ, ਤੂ ਦਾਤਾ ਦਾਤਾਰੁ  ਤੇਰਾ ਦਿਤਾ ਖਾਵਣਾ ! ਉਹਨਾਂ ਦਾ ਕਹਿਣਾ ਹੈ ਕਿ ਇਸ ਧਰਤੀ ਉੱਤੇ ਅੰਨ-ਪਾਣੀ, ਫਲ-ਫਲੂਟ, ਜੋ ਕੁਛ ਵੀ ਹੈ,  ਉਸੇ ਦਾ ਹੀ ਉਪਜਾਇਆ ਹੋਇਆ ਹੈ। ਇਸ ਲਈ ਮਨੁੱਖ ਦੇ ਹੱਥਾਂ ਦੀ ਕਰਾਮਾਤ ਦੇ ਬਾਵਜੂਦ ਇਹ ਸਭ ਉਸੇ ਦੀ ਦੇਣ ਤੇ ਕਿਰਪਾ ਹੈ! ਉਹ ਕਿਰਪਾਲੂ ਹੈ, ਉਹਦੀ ਕਿਰਪਾ ਦਾ ਆਨੰਦ ਮਾਨਣ ਵਿਚ ਸੰਗ-ਝਿਜਕ ਕਾਹਦੀ!
      ਪਿਛਲੇ ਦਿਨੀਂ ਬਠਿੰਡੇ ਦੇ ਇਕ ਪੱਤਰਕਾਰ ਚਰਨਜੀਤ ਭੁੱਲਰ ਨੇ ਸੂਚਨਾ-ਅਧਿਕਾਰ ਕਾਨੂੰਨ ਅਧੀਨ ਸ਼੍ਰੋਮਣੀ  ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਜਥੇਦਾਰ ਅਵਤਾਰ ਸਿੰਘ ਮੱਕੜ ਜੀ ਦੀ ਕਾਰ ਦੇ ਤੇਲ ਦੇ ਖਰਚੇ ਦੀ ਜਾਣਕਾਰੀ ਮੰਗੀ। ਕਮੇਟੀ ਦੇ ਪੱਤਰ ' 60115 ਅਨੁਸਾਰ ਮਿਲੀ ਅਧਿਕਾਰਿਤ ਸੂਚਨਾ ਦਸਦੀ ਹੈ ਕਿ 1 ਅਪਰੈਲ 2006 ਤੋਂ 31 ਮਾਰਚ 2011 ਤੱਕ ਦੇ ਪੰਜ ਸਾਲਾਂ ਵਿਚ ਜਥੇਦਾਰ ਜੀ ਦੀ ਕਾਰ ਇਕ ਕਰੋੜ ਚੌਂਹਠ ਲੱਖ ਚੁਰਾਨਵੇਂ ਹਜ਼ਾਰ ਪੰਜ ਸੌ ਦਸ ਰੁਪਏ ਦਾ ਤੇਲ ਪੀ ਗਈ। ਜੇ ਤੇਲ ਦਾ ਇਸ ਸਮੇਂ ਦਾ ਔਸਤ ਭਾਅ 50 ਰੁਪਏ ਪ੍ਰਤੀ ਲਿਟਰ ਲਾਈਏ ਅਤੇ ਕਾਰ ਲਿਟਰ ਵਿਚ ਦਸ ਕਿਲੋਮੀਟਰ ਵੀ ਕਢਦੀ ਮੰਨੀਏ, ਕੁੱਲ ਸਫ਼ਰ 32,98,902 ਕਿਲੋਮੀਟਰ ਹੋ ਜਾਵੇਗਾ। ਧਰਤੀ ਦਾ ਵੱਡੇ ਤੋਂ ਵੱਡਾ ਘੇਰਾ ਭੂਮੱਧਰੇਖਾ ਉੱਤੇ 40,030 ਕਿਲੋਮੀਟਰ ਹੈ। ਜੇ ਜਥੇਦਾਰ ਜੀ ਭੂਮੱਧਰੇਖਾ ਉੱਤੇ ਸਿੱਧੇ ਤੁਰੇ ਜਾਂਦੇ, ਧਰਤੀ ਦੀ ਸਾਢੇ ਬਿਆਸੀ ਵਾਰ ਪਰਕਰਮਾ ਕਰ ਲੈਂਦੇ। ਜੇ ਉਹਨਾਂ ਨੂੰ 3,84,403 ਕਿਲੋਮੀਟਰ ਦੂਰ ਵਸਦੇ ਚੰਦ ਮਾਮਾ ਜੀ ਦਾ ਮੋਹ ਜਾਗਦਾ, ਉਹ ਚਾਰ ਵਾਰ ਆ-ਜਾ ਸਕਦੇ ਸਨ ਅਤੇ ਪੰਜਵੀਂ ਵਾਰ
ਉਥੇ ਜਾ ਕੇ ਟਿਕ ਸਕਦੇ ਸਨ!
      ਚਲੋ, ਪੰਜ ਸਾਲਾਂ ਦਾ ਲੰਮਾ-ਚੌੜਾ ਹਿਸਾਬ-ਕਿਤਾਬ ਛੱਡੀਏ ਅਤੇ 1 ਅਪਰੈਲ 2010 ਤੋਂ 31 ਮਾਰਚ 2011 ਤੱਕ ਦੇ ਸੱਜਰੇ ਇਕ ਸਾਲ ਦੀ ਗੱਲ ਕਰੀਏ। ਇਸ ਇਕ ਸਾਲ ਵਿਚ ਜਥੇਦਾਰ ਮੱਕੜ ਦੀ ਕਾਰ ਦੀ ਟੈਂਕੀ ਵਿਚ ਸੰਤਾਲੀ ਲੱਖ ਚਰਵੰਜਾ ਹਜ਼ਾਰ ਸੱਤ ਸੌ ਛੱਬੀ ਰੁਪਏ ਦਾ ਤੇਲ ਪਿਆ। ਲਗਦਾ ਹੈ, ਜਥੇਦਾਰ ਜੀ ਨੇ ਟੈਂਕੀ ਉਤਰਵਾ ਕੇ ਕਾਰ ਵਿਚ ਟੈਂਕ ਫਿੱਟ ਕਰਵਾ ਲਿਆ ਹੈ! ਖੈਰ, ਜੇ ਇਸ ਸਾਲ ਦਾ ਤੇਲ ਦਾ ਭਾਅ 60 ਰੁਪਏ ਲਿਟਰ ਲਾਈਏ, ਕੁੱਲ ਸਫ਼ਰ 7,92,288 ਕਿਲੋਮੀਟਰ ਬਣ ਜਾਂਦਾ ਹੈ, ਭਾਵ ਇਸ ਇਕ ਸਾਲ ਵਿਚ ਜਥੇਦਾਰ ਜੀ ਧਰਤੀ ਦੀ 20 ਵਾਰ ਪਰਕਰਮਾ ਕਰ ਸਕਦੇ ਸਨ ਅਤੇ ਚੰਦ ਮਾਮਾ ਜੀ ਨੂੰ ਵੀ ਘੱਟੋ-ਘੱਟ ਇਕ ਵਾਰ ਮਿਲ ਕੇ ਆ ਸਕਦੇ ਸਨ! ਇਸ ਸਾਲ ਜਥੇਦਾਰ ਜੀ ਦਾ ਰੋਜ਼ ਦਾ ਸਫ਼ਰ 2,170 ਕਿਲੋਮੀਟਰ ਬਣਦਾ ਹੈ। ਜੇ ਉਹਨਾਂ ਦੀ ਕਾਰ ਉੱਕਾ ਰੁਕੀ ਹੀ ਨਾ ਹੋਵੇ ਤਾਂ ਉਹ ਵਾਹੋਦਾਹ 60 ਕਿਲੋਮੀਟਰ ਪ੍ਰਤੀ ਘੰਟਾ ਦੇ ਹਿਸਾਬ ਹਰ ਰੋਜ਼ 36 ਘੰਟੇ ਚੱਲੀ ਹੋਵੇਗੀ! ਇਥੇ ਆ ਕੇ ਮੇਰੇ ਵਰਗਾ ਅਧਾਰਮਿਕ ਬੰਦਾ ਬੌਂਦਲ ਜਾਂਦਾ ਹੈ ਅਤੇ ਉਹਨੂੰ ਕਈ ਸਵਾਲਾਂ ਦਾ ਕੋਈ ਜਵਾਬ ਨਹੀਂ  ਸੁਝਦਾ।
 ਪਹਿਲਾ ਸਵਾਲ ਤਾਂ ਇਹ ਕਿ ਜ਼ਿਲਾ ਬਠਿੰਡਾ ਵਾਲੇ ਮੇਰੇ ਪਿੰਡ ਪਿੱਥੋ ਅਤੇ ਨਿਵਾਸ ਵਾਲੇ ਮੇਰੇ ਸ਼ਹਿਰ ਦਿੱਲੀ ਵਿਚ ਤਾਂ ਦਿਨ-ਰਾਤ ਘਟਦੇ-ਵਧਦੇ ਰਹਿਣ ਦੇ ਬਾਵਜੂਦ ਸਦਾ ਚੌਵੀ ਘੰਟਿਆਂ ਦੇ ਹੀ ਰਹਿੰਦੇ ਹਨ। ਮੈਂ ਵੱਖ ਵੱਖ ਪਿੰਡਾਂ, ਸ਼ਹਿਰਾਂ, ਸੂਬਿਆਂ ਵਿਚ ਵਸਦੇ ਅਨੇਕ ਦੋਸਤਾਂ-ਮਿੱਤਰਾਂ ਤੋਂ, ਇਥੋਂ ਤੱਕ ਕਿ ਅਮਰੀਕਾ, ਰੂਸ, ਇੰਗਲੈਂਡ, ਵਗੈਰਾ ਤੋਂ ਵੀ ਫੋ ਕਰ ਕੇ ਪਤਾ ਕੀਤਾ ਹੈ, ਦਿਨ-ਰਾਤ ਹਰ ਥਾਂ ਚੌਵੀ ਘੰਟੇ ਦੇ ਹੀ ਰਹਿੰਦੇ ਹਨ। ਮੈਂ ਸਕੂਲ ਤੋਂ ਅੱਗੇ ਕਾਲਜ ਵਿਚ ਵੀ ਗਣਿਤ ਪੜਿ•ਆ ਹੈ ਪਰ ਸਾਡਾ ਹਰ ਅਧਿਆਪਕ ਤੇ ਪਰੋਫੈ ਸਾਨੂੰ 24 ਬਰਾਬਰ ਹੈ 24 ਹੀ ਪੜ•ਾਉਂਦਾ ਰਿਹਾ। ਇਹ 24 ਘੰਟੇ ਦਾ ਦਿਨ-ਰਾਤ ਜਥੇਦਾਰ ਮੱਕੜ ਨੇ ਧਰਮ ਦੀ ਸ਼ਕਤੀ ਨਾਲ ਡੇਢਾ ਵੱਡਾ, ਭਾਵ 36 ਘੰਟੇ ਦਾ ਬਣਾ ਕੇ ਨਵਾਂ ਗਣਿਤ-ਵਿਗਿਆਨ ਸਿਰਜ ਦਿੱਤਾ ਹੈ। ਜੇ ਉਹ ਯਤਨ ਕਰਨ, ਇਸ ਕਾਢ ਸਦਕਾ ਨੋਬਲ ਇਨਾਮ ਜਿੱਤ ਸਕਦੇ ਹਨ ਅਤੇ ਪਹਿਲੇ ਸਿੱਖ ਨੋਬਲ ਇਨਾਮ ਜੇਤੂ ਬਣ ਸਕਦੇ ਹਨ!
      ਦੂਜੀ ਗੱਲ, ਜੇ ਜਥੇਦਾਰ ਜੀ ਪੰਜ ਸਾਲਾਂ ਤੋਂ ਬਿਲਕੁਲ ਹੀ ਰੁਕੇ ਬਿਨਾਂ ਕਾਰ-ਸਵਾਰ ਘੁੰਮਦੇ ਰਹੇ ਹਨ, ਇਹ ਤਾਂ ਮੰਨ ਲੈਂਦੇ ਹਾਂ ਕਿ ਪੰਥ ਦੀ ਸੇਵਾ ਨੂੰ ਸਮਰਪਿਤ ਹੋ ਕੇ ਉਹਨਾਂ ਨੇ ਘਰ-ਪਰਿਵਾਰ ਵੱਲ ਕੋਈ ਧਿਆਨ ਨਹੀਂ ਦਿੱਤਾ ਹੋਵੇਗਾ ਪਰ ਇਉਂ ਤਾਂ ਉਹ ਏਨੇਂ ਸਾਲਾਂ ਤੋਂ ਇਕ ਸਕਿੰਟ ਲਈ ਵੀ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਨਹੀਂ ਗਏ ਅਤੇ ਨਾ ਹੀ ਹੋਰ ਕਿਸੇ ਇਕੱਤਰਤਾ, ਬੈਠਕ ਜਾਂ ਕਾਨਫ਼ਰੰਸ ਵਿਚ ਸ਼ਾਮਲ ਹੋਏ ਹਨ। ਫੇਰ ਉਹਨਾਂ ਦੇ ਪ੍ਰਧਾਨ ਵਾਲੇ ਫ਼ਰਜ਼ ਕਿਵੇਂ ਨਿਭਦੇ ਰਹੇ? ਅਖ਼ਬਾਰਾਂ ਵਿਚ ਅਨੇਕ ਥਾਂਵਾਂ ਉੱਤੇ ਉਹਨਾਂ ਦੇ ਵਿਚਰਨ ਤੇ ਠਹਿਰਨ ਦੀਆਂ ਖ਼ਬਰਾਂ ਆਮ ਹੀ ਛਪਦੀਆਂ ਰਹਿੰਦੀਆਂ ਹਨ। ਤਾਂ ਕੀ ਮੱਕੜ ਜੀ ਦੋ ਹਨ? ਕੀ ਉਹ ਆਪ ਤਾਂ ਕਾਰ-ਸਵਾਰ ਰਹਿੰਦੇ ਹਨ ਅਤੇ ਆਪਣੀ ਧਾਰਮਿਕ ਸ਼ਕਤੀ ਨਾਲ ਆਪਣਾ ਇਕ ਹੋਰ ਰੂਪ ਘੜ ਕੇ ਪ੍ਰਧਾਨਗੀ ਦੇ ਕਾਰਜ ਨਿਭਾਉਣ ਲਈ ਛੱਡ ਜਾਂਦੇ ਹਨ?
      ਹੋਰ ਗੱਲਾਂ ਤਾਂ ਛੱਡੋ, ਸੈਟੇਲਾਈਟਾਂ ਵਿਚ ਧਰਤੀ ਦੁਆਲੇ ਘੁੰਮਦੇ ਰਹੇ ਰੂਸੀਆਂ ਤੇ ਅਮਰੀਕੀਆਂ ਵਾਂਗ ਜਥੇਦਾਰ ਜੀ ਏਨੇਂ ਸਾਲਾਂ ਤੋਂ, ਰੁਕੇ ਬਿਨਾਂ, ਕਾਰ ਵਿਚ ਹੀ ਕਿਉਂ ਘੁੰਮ ਰਹੇ ਹਨ? ਆਖ਼ਰ ਕਾਰ-ਯਾਤਰਾ ਨੂੰ ਕਿਤੇ ਤਾਂ ਖ਼ਤਮ ਹੋਣਾ ਚਾਹੀਦਾ ਹੈ? ਉਹ ਕਿਸ ਮੰਤਵ ਲਈ ਕਿਥੇ ਜਾਣ ਵਾਸਤੇ ਪੰਜ ਸਾਲਾਂ ਤੋਂ ਕਾਰ-ਸਵਾਰ ਭੱਜੇ ਫਿਰਦੇ ਹਨ? ਅਜਿਹੇ ਲਗਾਤਾਰ ਸਫ਼ਰ ਵਿਚ ਜਥੇਦਾਰ ਜੀ ਨੂੰ ਬਦਲ ਬਦਲ ਕੇ ਸਟੇਅਰਿੰਗ ਸੰਭਾਲਣ ਵਾਲੇ ਕਿੰਨੇ ਡਰਾਈਵਰ ਨਾਲ ਰੱਖਣ ਦੀ ਲੋੜ ਪੈਂਦੀ ਹੋਵੇਗੀ? ਮੈਂ ਇਕ ਅਕਾਲੀ ਮਿੱਤਰ ਨੂੰ ਪੁੱਛਿਆ ਤਾਂ ਉਹ ਤਿਉੜੀ ਪਾ ਕੇ ਬੋਲਿਆ, ਜ਼ਰੂਰੀ ਹੈ, ਜਥੇਦਾਰ ਜੀ ਆਪ ਹੀ ਹੋਣ, ਉਹਨਾਂ ਦੀ ਕਾਰ ਕੋਈ ਹੋਰ ਵੀ ਤਾਂ ਲਿਜਾ ਸਕਦਾ ਹੈ? ਮੈਂ ਹੱਥ ਬੰਨ• ਕੇ ਬੇਨਤੀ ਕੀਤੀ, ਭਾਈ ਸਾਹਿਬ, ਦਿਨ ਤਾਂ ਫੇਰ ਵੀ ਛੱਤੀ ਘੰਟੇ ਦਾ ਹੀ ਰਿਹਾ? ਉਹ ਕਚੀਚੀ ਵੱਟ ਕੇ ਪਰ•ੇ ਨੂੰ ਤੁਰਦਾ ਬੋਲਿਆ, ਤੁਸੀਂ  ਨਾਸਤਿਕ ਕੌਮਨਿਸਟ ਧਰਮ ਦੀ ਸ਼ਕਤੀ ਨੂੰ ਨਹੀਂ ਸਮਝ ਸਕਦੇ! ਮੱਕੜ ਜੀ ਨੇ ਆਪ ਵੀ ਇਸ ਸੰਬੰਧ ਵਿਚ ਕਾਂਗਰਸੀਆਂ ਨੂੰ ਗਾਲ਼ਾਂ ਦੇ ਕੇ ਕਿਹਾ ਹੈ ਕਿ ਇਕ ਨਹੀਂ, ਉਹਨਾਂ ਦੀਆਂ ਤਿੰਨ ਕਾਰਾਂ ਚਲਦੀਆ ਰਹੀਆਂ ਹਨ। ਇਸ ਹਿਸਾਬ ਇਕ ਕਾਰ ਛੱਤੀ ਘੰਟੇ ਰੋਜ਼ ਚੱਲਣ ਦੀ ਥਾਂ ਤਿੰਨ ਕਾਰਾਂ ਬਾਰਾਂ-ਬਾਰਾਂ ਘੰਟੇ ਰੋਜ਼ ਚਲਦੀਆਂ ਰਹੀਆਂ। ਮਤਲਬ ਇਹ ਕਿ ਜਥੇਦਾਰ ਜੀ ਦੀਆਂ ਤਿੰਨ ਕਾਰਾਂ ਏਨੇਂ ਚਿਰ ਤੋਂ ਰਾਤ ਨੂੰ ਸੌਣ ਦਾ ਸਮਾਂ ਛੱਡ ਕੇ ਬਾਰਾਂ ਘੰਟੇ ਰੋਜ਼ ਹਫ਼ਦੀਆਂ-ਹੌਂਕਦੀਆਂ ਤਾਬੜਤੋੜ ਭੱਜੀਆਂ ਫਿਰ ਰਹੀਆਂ ਹਨ! ਜੇ ਇਹਨਾਂ ਕਾਰਾਂ ਵਿਚ ਪਟਰੌਲ ਦੀ ਥਾਂ ਡੀਜ਼ਲ ਪੈਂਦਾ ਹੋਇਆ,ਘੰਟੇ ਹੋਰ ਵੀ ਵਧ ਜਾਣਗੇ ਤੇ ਹਿਸਾਬ ਹੋਰ ਵੀ ਵਿਗੜ ਜਾਵੇਗਾ! ਹਾਂ, ਜਥੇਦਾਰ ਜੀ ਦੀ ਇਕ ਗੱਲੋਂ ਜ਼ਰੂਰ ਪ੍ਰਸੰਸਾ ਕਰਨੀ ਪਵੇਗੀ ਤੇ ਉਹਨਾਂ ਨੂੰ ਧੰਨਵਾਦ ਵੀ ਦੇਣਾ ਪਵੇਗਾ ਕਿ ਏਨੇਂ ਸਾਲਾਂ ਤੋਂ ਸਾਹੋਸਾਹ ਭੱਜੀਆਂ ਫਿਰਦੀਆਂ ਉਹਨਾਂ ਦੀਆਂ ਕਾਰਾਂ ਨੇ ਇਕ ਵੀ ਐਕਸੀਡੈਂਟ ਨਹੀਂ ਕੀਤਾ। ਧਰਮ ਵਿਚ ਠੀਕ ਹੀ ਬੜੀ ਸ਼ਕਤੀ ਹੈ!
      ਪੰਜਾਬ ਵਿਚ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਸੀ, ਸਾਡੀ ਨਾਭਾ ਰਿਆਸਤ ਵਿਚ ਰਾਜਾ ਹੀਰਾ ਸਿੰਘ ਦਾ ਜਸ ਸੀ। ਨਾਭਾ ਰਿਆਸਤ ਦੇ ਕਿਸੇ ਬਜ਼ੁਰਗ ਤੋਂ ਪੁੱਛ ਲਵੋ, ਉਹ ਹੀਰਾ ਸਿੰਘ ਦਾ ਗੁਣਗਾਣ ਸ਼ੁਰੂ ਕਰ ਦੇਵੇਗਾ। ਰਾਜਾ  ਹਰ ਰੋਜ਼  ‘ਸੰਗਤ ਦਰਸ਼ਨ’ ਵੀ ਦਿੰਦਾ ਸੀ। ਲੋਕ ਫ਼ਰਿਆਦਾਂ ਤਾਂ ਕਰਦੇ ਹੀ, ਇਨਾਮ ਦੀ ਝਾਕ ਵਿਚ ਆਪਣੇ ਆਪਣੇ ਗੁਣ ਜਾਂ ਹੁਨਰ ਦਾ ਵਿਖਾਲਾ ਵੀ ਪਾਉਂਦੇ। ‘ਮਹਾਨ ਕੋਸ਼’ ਦੇ ਰਚੈਤਾ ਭਾਈ ਕਾਨ• ਸਿੰਘ ਦੇ ਪਿਤਾ, ਮੇਰੇ ਪਿੰਡ ਪਿੱਥੋ ਦੇ ਵਸਨੀਕ ਭਾਈ ਨਰਾਇਣ ਸਿੰਘ ਨੇ ਇਕ ਅਜਿਹੇ ਸੰਗਤ ਦਰਸ਼ਨ ਵਿਚ ਹੀ ਹੀਰਾ ਸਿੰਘ ਨੂੰ ਕਿਹਾ ਸੀ ਕਿ ਉਹ ਚੌਂਕੜਾ ਮਾਰ ਕੇ ਬੈਠਦਿਆਂ ਇਕੱਲਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਕਰੇਗਾ। ਮਗਰੋਂ ਜਦੋਂ ਉਹਨੇ ਆਪਣਾ ਦਾਅਵਾ ਹੈਰਾਨ ਹੋਏ ਰਾਜੇ ਅੱਗੇ ਪੂਰਾ ਕਰ ਕੇ ਦਿਖਾਇਆ ਤਾਂ ਹੀਰਾ ਸਿੰਘ ਨੇ ਉਹਨੂੰ ਮਹਿਲ ਵਿਚਲੇ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਥਾਪ ਦਿੱਤਾ। ਇਕ ਵਿਦਵਾਨ ਵਜੋਂ ਭਾਈ ਕਾਨ• ਸਿੰਘ ਦਾ ਵਿਕਾਸ ਇਸੇ ਮਾਹੌਲ ਦੀ ਦੇਣ ਸੀ। ਖ਼ੈਰ, ਜਿਹੜੀ ਗੱਲ ਮੈਂ ਕਰਨ ਲੱਗਿਆ ਸੀ, ਉਹ ਇਹ ਕਿ ਚੋਟੀਆਂ ਪਿੰਡ ਦਾ ਕੋਈ ਬੰਦਾ ਕਿਸੇ ਕੰਮ ਲਈ ਸੰਗਤ ਦਰਸ਼ਨ ਵਿਚ ਹਾਜ਼ਰ ਹੋਇਆ ਤਾਂ ਹੀਰਾ ਸਿੰਘ ਬੋਲਿਆ, ਬਈ ਤੇਰੀ ਗੱਲ ਤਾਂ ਫੇਰ ਸੁਣਾਂਗੇ, ਤੂੰ ਗੁਰਮੁਖਾਂ ਵਾਲੀ ਦਸਤਾਰ ਕਮਾਲ ਦੀ ਸਜਾਈ ਹੋਈ ਹੈ! ਤੇ ਉਹਨੇ ਵਜ਼ੀਰ ਨੂੰ ਹੁਕਮ ਦਿੱਤਾ, ਇਹਨੂੰ ਪੱਚੀ ਰੁਪਏ ਇਨਾਮ ਦੇ ਦਿਉ। ਉਹ ਆਦਮੀ ਹੱਥ ਬੰਨ• ਕੇ ਬੋਲਿਆ, ਮਹਾਰਾਜ, ਅਜੇ ਤਾਂ ਇਹ ਸਫ਼ਰ ਕਰਕੇ ਕੱਲ• ਦੀ ਬੰਨ•ੀ ਹੋਈ ਹੈ, ਜੇ ਅੱਜ ਬੰਨ•ਦਾ, ਹੋਰ ਵੀ ਸੋਹਣੀ ਹੁੰਦੀ। ਹੀਰਾ ਸਿੰਘ ਦੇ ਤੌਰ ਇਕਦਮ ਬਦਲ ਗਏ, ''ਗੁਰੂ ਦੇ ਸਿੱਖ ਲਈ ਤਾਂ ਰੋਜ਼ ਦਸਤਾਰ ਨੂੰ ਟੋਪੀ ਵਾਂਗ ਨਹੀਂ, ਇਕ ਇਕ ਪੇਚ ਕਰ ਕੇ ਉਤਾਰਨਾ, ਇਸ਼ਨਾਨ ਕਰਨਾ ਤੇ ਫੇਰ ਦਸਤਾਰ ਸਜਾਉਣਾ ਜ਼ਰੂਰੀ ਹੈ। ਇਹਦਾ ਮਤਲਬ, ਤੂੰ ਅੱਜ ਅਜਿਹਾ ਕੁਛ ਵੀ ਨਹੀਂ ਕੀਤਾ?.....ਵਜ਼ੀਰ ਸਾਹਿਬ, ਇਹਤੋਂ ਪੰਜਾਹ ਰੁਪਏ ਜੁਰਮਾਨਾ ਵਸੂਲ ਕਰ ਕੇ ਖ਼ਜ਼ਾਨੇ ਵਿਚ ਜਮਾਂ• ਕਰਵਾ ਦਿਉ! ਜੇ ਜਥੇਦਾਰ ਮੱਕੜ ਏਨੇਂ ਸਾਲਾਂ ਤੋਂ ਉੱਕਾ ਹੀ ਰੁਕੇ ਬਿਨਾਂ ਬੱਸ ਘੁੰਮਦੇ ਹੀ ਘੁੰਮਦੇ ਰਹਿੰਦੇ ਹਨ, ਉਹ ਨ•ਾਉਣ-ਧੋਣ ਦੀ ਸਿੱਖੀ ਮਰਯਾਦਾ ਕਦੋਂ ਤੇ ਕਿਵੇਂ ਪੂਰੀ ਕਰਦੇ ਹੋਣਗੇ?
      ਦੋਸਤਾਂ ਵਿਚ ਬੈਠਿਆਂ ਮੱਕੜ ਜੀ ਦਾ ਹਿਸਾਬ-ਕਿਤਾਬ ਮੇਲਣ ਦੇ ਯਤਨ ਹੋ ਰਹੇ ਸਨ ਤਾਂ ਇਕ ਘੋਰ ਨਾਸਤਿਕ ਸੱਜਨ ਬੋਲਿਆ, ਇਕ ਕਥਾ ਸੁਣੋ। ਸਾਡੇ ਪਿੰਡ ਦੂਰੋਂ-ਨੇੜਿਉਂ ਮੇਰਾ ਇਕ ਤਾਇਆ ਹੁੰਦਾ ਸੀ। ਚੌਵੀ ਘੰਟੇ ਬੰਦਗੀ ਵੱਲ ਧਿਆਨ। ਨਾ ਕਾਹੂੰ ਨਾਲ ਦੋਸਤੀ, ਨਾ ਕਾਹੂੰ ਨਾਲ ਵੈਰ। ਚਾਹ-ਪਾਣੀ ਲਈ ਉਹਨੇ ਬੱਕਰੀ ਰੱਖੀ ਹੋਈ ਸੀ। ਦੋ ਵੇਲੇ ਉਹ ਵੱਟਾਂ-ਡੌਲਾਂ ਉੱਤੇ ਘੁਮਾ ਕੇ ਬੱਕਰੀ ਨੂੰ ਘਾਹ ਚਾਰਦਾ। ਬੱਕਰੀ ਦਾ ਪੇਟ ਕਿੰਨਾ ਹੀ ਚਿਰ ਲਾ ਕੇ ਭਰਦਾ। ਇਕ ਦਿਨ ਤਾਏ ਦੀ ਲਿਵ ਰੱਬ ਨਾਲ ਲੱਗ ਗਈ ਤੇ ਬੱਕਰੀ ਤਾਏ ਨੂੰ ਬੇਧਿਆਨਾ ਦੇਖ ਕੇ ਕਿਸੇ ਦੀ ਹਰੀ-ਕਚੂਰ ਕਣਕ ਵਿਚ ਵੜ ਗਈ। ਪੰਜ-ਸੱਤ ਮਿੰਟਾਂ ਵਿਚ ਰੱਜ ਕੇ ਉਹਨੇ ਮਿਆਂ ਬੋਲਦਿਆਂ ਤਾਏ ਨੂੰ ਕਿਹਾ, ਮੈਂ ਤਾਂ ਰੱਜ ਗਈ, ਚਲੋ ਘਰ ਚੱਲੀਏ! ਤਾਏ ਨੂੰ ਵੀ ਚਾਨਣ ਹੋ ਗਿਆ ਕਿ ਵੱਟਾਂ-ਡੌਲਾਂ ਉੱਤੇ ਗੇੜੇ ਕੱਢਣ ਦਾ ਕੀ ਫ਼ਾਇਦਾ? ਅਗਲੇ ਦਿਨ ਉਹਨੇ ਬੱਕਰੀ ਸਿੱਧੀ ਕਣਕ ਵਿਚ ਜਾ ਛੱਡੀ ਤੇ ਪੰਜ-ਦਸ ਮਿੰਟਾਂ ਵਿਚ ਕੰਮ ਮੁਕਾ ਕੇ ਘਰ ਆ ਗਿਆ। ਰੋਜ਼ ਮੁੱਛੀ ਜਾਂਦੀ ਕਣਕ ਦਾ ਭੇਤ ਜਾਨਣ ਲਈ ਖੇਤ ਵਾਲਾ ਕਿਸਾਨ ਕਣਕ ਵਿਚ ਲੁਕ ਕੇ ਬੈਠ ਗਿਆ। ਜਿਉਂ ਹੀ ਤਾਏ ਨੇ ਬੱਕਰੀ ਕਣਕ ਵਿਚ ਵਾੜੀ, ਉਹ ਖੜ•ਾ ਹੋ ਕੇ ਬੋਲਿਆ, ਵਾਹ ਬਈ ਵਾਹ, ਬਿਗਾਨੀਆਂ ਫਸਲਾਂ ਵਿਚ ਬੱਕਰੀ ਚਾਰਦਾ ਐਂ, ਅਸ਼ਕੇ ਤੇਰੀ ਬੰਦਗੀ ਦੇ! ਤਾਇਆ ਇਕ ਮਿੰਟ ਤਾਂ ਘਬਰਾਇਆ ਪਰ ਸੰਭਲ ਕੇ ਬੋਲਿਆ, ਉਇ ਭਾਈ, ਬੱਕਰੀ ਨੇ ਤਾਂ ਹਰਾ ਹੀ ਚਰਨਾ ਹੋਇਆ, ਇਹ ਬੰਦਗੀ ਤਾਂ ਚਰਨੋਂ ਰਹੀ!
      ਕਥਾ ਸੁਣਾ ਕੇ ਉਹ ਭੇਤਭਰੀਆਂ ਨਜ਼ਰਾਂ ਨਾਲ ਝਾਕਣ ਲੱਗਿਆ। ਮੈਂ ਹੈਰਾਨ ਕਿ ਕਿਥੇ ਮੱਕੜ ਜੀ ਦੀ ਕਾਰ ਤੇ ਕਿਥੇ ਤਾਏ ਦੀ ਬੱਕਰੀ! ਆਖ਼ਰ ਮੈਂ ਪੁੱਛ ਹੀ ਲਿਆ, ਇਹ ਜਥੇਦਾਰ ਜੀ ਦੀ ਕਾਰ ਵਿਚ ਬੱਕਰੀ ਕਿਥੋਂ ਆ ਵੜੀ? ਉਹ ਸੱਜਨ ਮਹਿਫ਼ਲ ਵਿਚੋਂ ਉਠਦਿਆਂ ਤਿਉੜੀ ਪਾ ਕੇ ਬੋਲਿਆ, ਵੱਡਾ ਲੇਖਕ ਬਣਿਆ ਫਿਰਦਾ ਐਂ, ਸਿੱਧੀ-ਸਾਦੀ ਪੰਜਾਬੀ ਵਿਚ ਸੁਣਾਈ ਗੱਲ ਸਮਝ ਨਹੀਂ ਆਈ? ਉਹਦੇ ਮਿਹਣੇ ਦੇ ਬਾਵਜੂਦ ਜਥੇਦਾਰ ਦੀ ਕਾਰ ਨਾਲ ਤਾਏ ਦੀ ਬੱਕਰੀ ਦੀ ਸਾਕ-ਸਕੀਰੀ ਤਾਂ ਮੇਰੀ ਸਮਝ ਵਿਚ ਨਾ ਆਈ ਪਰ ਅੱਧੀ ਸਦੀ ਪਹਿਲਾਂ ਦੇ ਆਪਣੇ ਪਿੰਡ ਦੇ ਲੋਕ ਜ਼ਰੂਰ ਚੇਤੇ ਆ ਗਏ!
      ਬਿਜਲੀ ਅਜੇ ਆਈ ਨਹੀਂ ਸੀ। ਕੱਚੇ ਘਰ ਉਦੋਂ ਅਜੇ ਖਿੜਕੀਆਂ, ਰੌਸ਼ਨਦਾਨਾਂ ਤੋਂ ਵਿਰਵੇ, ਬੰਦ ਜਿਹੇ ਹੁੰਦੇ ਸਨ। ਗਰਮੀਆਂ ਦੀਆਂ ਦੁਪਹਿਰਾਂ ਨੂੰ ਵਿਹਲੇ ਲੋਕ ਪਿੱਪਲਾਂ-ਬੋਹੜਾਂ ਦੀ ਛਾਂਵੇਂ ਜਾ ਬੈਠਦੇ। ਕਈ ਲੋਕ ਗੁਰਦੁਆਰਾ ਸਾਹਿਬ ਦੀ ਖੂਹੀ ਕੋਲ ਪਿੱਪਲ ਦੀ ਛਾਂਵੇਂ ਡੇਰਾ ਲਾ ਲੈਂਦੇ ਅਤੇ ਪੁਰਾਣੇ ਸਤਿਜੁਗੀ ਭਲੇ ਵੇਲਿਆਂ ਦੀਆਂ, ਹੁਣ ਆ ਗਏ ਕਲਜੁਗੀ ਮਾੜੇ ਸਮੇਂ ਦੀਆਂ, ਬੰਦੇ ਦੇ ਆਦਿ-ਅੰਤ ਦੀਆਂ, ਸੱਚੀ ਦਰਗਾਹ ਵਿਚ ਦੇਣੇ ਪੈਣੇ ਲੇਖੇ ਦੀਆਂ, ਸੱਚਿਆਂ ਨੂੰ ਚਰਨਾਂ ਵਿਚ ਨਿਵਾਸ ਮਿਲਣ ਦੀਆਂ ਤੇ ਝੁਠਿਆਂ ਨੂੰ ਅੱਗ ਵਿਚ ਭੁੰਨੇ ਜਾਣ ਤੇ ਤੇਲ ਵਿਚ ਤਲੇ ਜਾਣ ਦੀਆਂ ਦਾਰਸ਼ਨਿਕ ਗੱਲਾਂ ਕਰਦੇ। ਜਦੋਂ ਸੂਰਜ ਸਿਖਰ ਤੋਂ ਪੱਛਮ ਵੱਲ ਤਿਲ•ਕਦਾ, ਭਾਈ ਜੀ ਗੁਰਦੇਵ ਸਿੰਘ ਆਖਦਾ, ਭਾਈ ਸਿੰਘੋ, ਚਾਹਟਾ ਤਿਆਰ ਕਰਨ ਲੱਗੇ ਆਂ, ਜਿਹੜੇ ਜਿਹੜੇ ਸਿੰਘ ਨੇ ਛਕਣਾ ਹੋਵੇ.....
      ਮੇਰੇ ਪਿੰਡ ਦੇ ਸਿੱਧੇ-ਸਾਦੇ, ਅਣਪੜ•, ਗੰਵਾਰ, ਬਾਣੀ ਪੜ•ਨ-ਸਮਝਣ ਤੋਂ ਅਸਮਰੱਥ ਪਰ ਸੱਚੇ-ਸੁੱਚੇ, ਕੱਚੇ ਦੁੱਧ ਵਰਗੇ ਪਵਿੱਤਰ ਲੋਕ ਆਪਣੇ ਆਪਣੇ ਹੇਠਾਂ ਵਿਛਾਏ ਹੋਏ ਪਰਨੇ ਝਾੜ ਕੇ ਮੋਢਿਆਂ ਉੱਤੇ ਰਖਦੇ ਅਤੇ ਤੁਰਨ ਲੱਗੇ ਆਖਦੇ, ''ਭਾਈ ਜੀ, ਤੁਸੀਂ ਛਕੋ ਆਨੰਦ ਨਾਲ, ਅਸੀਂ ਤਾਂ ਘਰ ਜਾ ਕੇ ਪੀਵਾਂਗੇ। ਗੁਰਦੁਆਰੇ ਦਾ ਖਾ-ਪੀ ਕੇ ਅਗਲੀ ਦਰਗਾਹ ਅੱਗ ਵਿਚ ਕਿਉਂ ਭੁੱਜੀਏ ਤੇ ਉਬਲਦੇ ਤੇਲ ਵਿਚ ਕਿਉਂ ਸੜੀਏ?”  ਅੱਜ ਮੈਂ ਸੋਚਦਾ ਹਾਂ, ਉਹ ਭੋਲੇ-ਭਾਲੇ ਲੋਕ ਆਪਣੇ ਸਮੇਂ ਨੂੰ ‘ਕਲਜੁਗੀ ਮਾੜਾ ਸਮਾਂ’ ਕਿਉਂ ਆਖਦੇ ਸਨ? ਉਹ  ਤਾਂ ਸਤਿਜੁਗੀ ਸਮਾਂ ਸੀ ਜਿਸ ਵਿਚ ਲੋਕ ਗੁਰਦੁਆਰੇ ਵਰਗੀਆਂ ਸਾਂਝੀਆਂ ਥਾਂਵਾਂ ਨੂੰ ਦਿੰਦੇ ਹੀ ਦਿੰਦੇ ਸਨ ਤੇ ਉਥੋਂ ਚਾਹ-ਪਾਣੀ ਵੀ ਨਹੀਂ ਸਨ ਛਕਦੇ। ਕਲਜੁਗੀ ਮਾੜਾ ਸਮਾਂ ਤਾਂ ਹੁਣ ਹੈ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਕਾਰ ਗੁਰਦੁਆਰਿਆਂ ਦੀ ਮਾਇਆ ਨਾਲ ਕਿੰਨੇ ਸਾਲਾਂ ਤੋਂ ਲਗਾਤਾਰ ਦਿਨ-ਰਾਤ ਦੇ ਚੌਵੀ ਘੰਟਿਆਂ ਵਿਚੋਂ ਛੱਤੀ ਘੰਟੇ ਬਿਨਾਂ-ਰੁਕਿਆਂ ਘੁੰਮ ਰਹੀ ਹੈ!   
ਖ਼ਜ਼ਾਨਾ ਪੰਜਾਬ ਦਾ, ਸੁਰੱਖਿਆ ਚੌਟਾਲਾ ਪ੍ਰਵਾਰ ਦੀ
                                                             
ਬਠਿੰਡਾ : ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਪਰਿਵਾਰ ਦੀ ਸੁਰੱਖਿਆ ਦਾ ਖਰਚਾ ਪੰਜਾਬ ਸਰਕਾਰ ਝੱਲ ਰਹੀ ਹੈ। ਪੰਜਾਬ ਪੁਲੀਸ ਨੇ ਚੌਟਾਲਾ ਪਰਿਵਾਰ ਦੀ ਸੁਰੱਖਿਆ 'ਤੇ ਥਾਣੇਦਾਰ ਸਮੇਤ ਪੰਜ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਹੋਏ ਹਨ। ਇੱਧਰ ਪੰਜਾਬ ਦੇ ਥਾਣੇ ਖ਼ਾਲੀ ਪਏ ਹਨ ਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਦਾ ਕੋਈ ਵਾਲੀ ਵਾਰਸ ਨਹੀਂ ਹੈ। ਪੰਜਾਬ ਪੁਲੀਸ ਦਾ ਇਹ ਦਾ ਹਾਲ ਹੈ ਕਿ ਅਕਾਲੀ ਦਲ ਦੇ ਬਲਾਕ ਪੱਧਰ ਦੇ ਲੀਡਰਾਂ ਨੂੰ ਸੁਰੱਖਿਆ ਗਾਰਡ ਦਿੱਤੇ ਹੋਏ ਹਨ। ਇੰਨੇ ਸੁਰੱਖਿਆ ਗਾਰਡ ਤਾਂ ਜੱਜਾਂ ਦੀ ਰਾਖੀ ਤੇ ਪੁਲੀਸ ਨੇ ਤਾਇਨਾਤ ਨਹੀਂ ਕੀਤੇ ਜਿੰਨੇ ਪ੍ਰਾਈਵੇਟ ਲੋਕਾਂ ਨਾਲ ਤੋਰੇ ਹੋਏ ਹਨ।
        ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਨਮੂਨੇ ਦੇ ਤੌਰ 'ਤੇ ਪੰਜਾਬ ਦੇ ਅੱਧੀ ਦਰਜਨ ਜ਼ਿਲ੍ਹਿਆਂ 'ਚ ਸੁਰੱਖਿਆ 'ਤੇ ਤਾਇਨਾਤ ਕੀਤੇ ਪੁਲੀਸ ਮੁਲਾਜ਼ਮਾਂ ਦੀ ਸੂਚਨਾ ਇਕੱਠੀ ਕੀਤੀ, ਜਿਸ ਤੋਂ ਅਹਿਮ ਤੱਥ ਸਾਹਮਣੇ ਆਏ ਹਨ। ਪੰਜਾਬ ਪੁਲੀਸ ਵੱਲੋਂ ਦਿੱਤੀ ਸਰਕਾਰੀ ਸੂਚਨਾ ਅਨੁਸਾਰ ਏ.ਡੀ.ਜੀ.ਪੀ. (ਸੁਰੱਖਿਆ) ਵੱਲੋਂ ਟੀ.ਪੀ.ਐਮ 30623-29 ਡੀ ਡੀ.ਐਸ.ਬੀ-3 ਮਿਤੀ 23 ਦਸੰਬਰ 2009 ਤਹਿਤ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਪੁੱਤਰ ਅਭੈ ਸਿੰਘ ਚੌਟਾਲਾ ਨੂੰ ਪੰਜ ਮੁਲਾਜ਼ਮਾਂ ਦੀ ਟੀਮ ਸੁਰੱਖਿਆ ਲਈ ਦਿੱਤੀ ਗਈ ਹੈ। ਅਭੈ ਚੌਟਾਲਾ ਦੀ ਸੁਰੱਖਿਆ 'ਤੇ ਪੰਜਾਬ ਪੁਲੀਸ ਦਾ ਏ.ਐਸ.ਆਈ ਸੁਖਵੰਤ ਸਿੰਘ (ਨੰ.-163 ਐਫ.ਜੀ.ਐਸ), ਸਿਪਾਹੀ ਬਲਵਿੰਦਰ ਸਿੰਘ (1-ਸੀ .ਡੀ.ਓ 625), ਸਿਪਾਹੀ ਜਗਪਾਲ (75/56), ਸਿਪਾਹੀ ਸੁਖਵਿੰਦਰ ਸਿੰਘ (4-ਆਈ.ਆਰ.ਬੀ-738) ਅਤੇ ਸਿਪਾਹੀ ਮੇਜਰ ਸਿੰਘ (4-ਆਈ .ਆਰ.ਬੀ-607) ਤਾਇਨਾਤ ਹੈ। ਇਨ੍ਹਾਂ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੇ ਖ਼ਜ਼ਾਨੇ 'ਚੋਂ ਅੰਦਾਜ਼ਨ ਡੇਢ ਲੱਖ ਰੁਪਏ ਮਹੀਨਾ ਤਨਖ਼ਾਹ ਲਈ ਜਾਂਦੀ ਹੈ। 
          ਪੰਜਾਬ ਸਰਕਾਰ ਵੱਲੋਂ ਚੌਟਾਲਾ ਪਰਿਵਾਰ ਦੀ ਸੁਰੱਖਿਆ 'ਤੇ ਅੰਦਾਜ਼ਨ 18 ਲੱਖ ਰੁਪਏ ਸਾਲਾਨਾ ਖਰਚ ਕੀਤੇ ਜਾ ਰਹੇ ਹਨ। ਹੁਣ ਤੱਕ ਸਰਕਾਰ ਇਸ ਸੁਰੱਖਿਆ 'ਤੇ ਕਰੀਬ 30 ਲੱਖ ਰੁਪਏ ਖਰਚ ਕਰ ਚੁੱਕੀ ਹੈ। ਪੰਜਾਬ ਪੁਲੀਸ ਵੱਲੋਂ ਅਭੈ ਸਿੰਘ ਚੌਟਾਲਾ ਨੂੰ ਸਰਕਾਰੀ ਕਾਗ਼ਜ਼ਾਂ 'ਚ ਪਿੰਡ ਬੇਗਾਂ ਵਾਲੀ ਥਾਣਾ ਸਦਰ ਫ਼ਾਜ਼ਿਲਕਾ ਦਾ ਵਸਨੀਕ ਦਿਖਾਇਆ ਗਿਆ ਹੈ। ਦੱਸਣਯੋਗ ਹੈ ਕਿ ਚੌਟਾਲਾ ਪਰਿਵਾਰ ਦੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਪਰਿਵਾਰਕ ਸਬੰਧ ਹਨ। ਅਬੋਹਰ ਦੀ ਮਹਿਲਾ ਵਿਜੇ ਲਕਸ਼ਮੀ ਨੂੰ ਵੀ 4 ਜੂਨ 2009 ਤੋਂ ਦੋ ਮੁਲਾਜ਼ਮਾਂ ਦੀ ਸੁਰੱਖਿਆ ਦਿੱਤੀ ਹੋਈ ਹੈ। ਪੰਜਾਬ ਪੁਲੀਸ ਵੱਲੋਂ ਇਸ ਮਹਿਲਾ ਦਾ ਰੁਤਬਾ ਮਹਿਲਾ ਮੋਰਚਾ ਦੀ ਪ੍ਰਧਾਨ ਦੱਸਿਆ ਗਿਆ ਹੈ। ਸੁਰੱਖਿਆ ਦੇਣ ਦਾ ਕਾਰਨ ਉਸ ਦਾ ਹਰਿਆਣਾ ਦੇ ਮੁੱਖ ਮੰਤਰੀ ਦੀ ਰਿਸ਼ਤੇਦਾਰ ਹੋਣਾ ਅਤੇ ਭਾਜਪਾ ਦੀ ਐਕਟਿਵ ਵਰਕਰ ਹੋਣਾ ਦੱਸਿਆ ਗਿਆ ਹੈ।  ਦਿਲਚਸਪ ਗੱਲ ਇਹ ਹੈ ਕਿ ਫਿਰੋਜ਼ਪੁਰ ਦੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਹੰਸ ਸਿੰਘ ਸੰਧੂ ਨੂੰ ਏ.ਡੀ.ਜੀ.ਪੀ (ਸੁਰੱਖਿਆ) ਵੱਲੋਂ ਟੀ.ਪੀ.ਐਮ-342/60 ਡੀ.ਡੀ.ਐਸ.ਬੀ-3 ਮਿਤੀ 3 ਨਵੰਬਰ 2010 ਤਹਿਤ ਪੰਜ ਸੁਰੱਖਿਆ ਮੁਲਾਜ਼ਮ ਦਿੱਤੇ ਗਏ ਹਨ ਜਦੋਂ ਕਿ ਫਿਰੋਜ਼ਪੁਰ ਦੇ ਸੈਸ਼ਨ ਜੱਜ ਕੋਲ ਸਿਰਫ਼ ਦੋ ਸੁਰੱਖਿਆ ਮੁਲਾਜ਼ਮ ਹਨ। ਇਸ ਜ਼ਿਲ੍ਹੇ 'ਚ ਅਕਾਲੀ ਦਲ ਦੇ 7 ਆਗੂਆਂ ਨੂੰ 9 ਗੰਨਮੈਨ ਦਿੱਤੇ ਹੋਏ ਹਨ, ਜਿਨ੍ਹਾਂ ਕੋਲ ਕੋਈ ਸੰਵਿਧਾਨਿਕ ਅਹੁਦਾ ਨਹੀਂ ਹੈ। ਇਨ੍ਹਾਂ 'ਚ ਗੁਰੂ ਹਰਸਹਾਏ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਰੋਹਿਤ ਵੋਹਰਾ ਨੂੰ ਦੋ ਗੰਨਮੈਨ ਦਿੱਤੇ ਗਏ ਹਨ ਜਦੋਂ ਕਿ ਅਕਾਲੀ ਦਲ ਦੇ ਜਨਰਲ ਸਕੱਤਰ ਸੁਖਜੀਤ ਸਿੰਘ ਪਿੰਡ ਢਿੱਪਾਂ ਵਾਲੀ ਨੂੰ ਦੋ ਗੰਨਮੈਨ ਦਿੱਤੇ ਹਨ।
           ਇਸੇ ਤਰ੍ਹਾਂ ਅਕਾਲੀ ਦਲ ਦੇ ਬਲਾਕ ਪ੍ਰਧਾਨ ਦਰਸ਼ਨ ਸਿੰਘ ਬਰਾੜ ਨੂੰ ਇੱਕ ਗੰਨਮੈਨ, ਅਕਾਲੀ ਦਲ ਜ਼ੀਰਾ ਦੇ ਪ੍ਰਧਾਨ ਅਵਤਾਰ ਸਿੰਘ ਪੁੱਤਰ ਹਰੀ ਸਿੰਘ ਨੂੰ ਇੱਕ ਗੰਨਮੈਨ, ਦਲ ਦੇ ਜਨਰਲ ਸਕੱਤਰ ਰਾਂਝਾ ਵਲੀ ਨੂੰ ਇੱਕ ਗੰਨਮੈਨ ਅਤੇ ਅਕਾਲੀ ਦਲ ਦੇ ਸਰਕਲ ਪ੍ਰਧਾਨ ਪ੍ਰੀਤਮ ਸਿੰਘ ਬਾਠ ਨੂੰ ਵੀ ਇੱਕ ਗੰਨਮੈਨ ਦਿੱਤਾ ਹੋਇਆ ਹੈ।  ਮਰਹੂਮ ਸੰਸਦ ਮੈਂਬਰ ਜੋਰਾ ਸਿੰਘ ਮਾਨ ਦੇ ਲੜਕੇ ਵਰਦੇਵ ਸਿੰਘ ਮਾਨ ਨੂੰ ਵੀ ਚਾਰ ਗੰਨਮੈਨ ਦਿੱਤੇ ਹੋਏ ਹਨ। ਸ਼੍ਰੋਮਣੀ ਕਮੇਟੀ ਮੈਂਬਰ ਹੋਣ ਕਰਕੇ ਸੂਬਾ ਸਿੰਘ, ਸਤਪਾਲ ਸਿੰਘ ਅਤੇ ਗੁਰਪਾਲ ਸਿੰਘ ਗਰੇਵਾਲ ਨੂੰ ਚਾਰ ਸੁਰੱਖਿਆ ਮੁਲਾਜ਼ਮ ਦਿੱਤੇ ਹੋਏ ਹਨ। ਭਾਜਪਾ ਵੀ ਇਸ 'ਚ ਪਿੱਛੇ ਨਹੀਂ ਹੈ। ਭਾਜਪਾ ਦੇ ਸਾਬਕਾ ਜਨਰਲ ਸਕੱਤਰ ਜਗਮੋਹਨ ਕੌੜਾ ਜ਼ੀਰਾ ਨੂੰ ਦੋ ਗੰਨਮੈਨ, ਮੌਜੂਦਾ ਜਨਰਲ ਸਕੱਤਰ ਕਮਲ ਸ਼ਰਮਾ ਨੂੰ ਦੋ ਗੰਨਮੈਨ ਅਤੇ ਭਾਜਪਾ ਦੇ ਮੀਤ ਪ੍ਰਧਾਨ ਮਨਜੀਤ ਰਾਏ ਨੂੰ ਵੀ ਦੋ ਗੰਨਮੈਨ ਦਿੱਤੇ ਹੋਏ ਹਨ। ਤਿੰਨ ਹੋਰ ਪ੍ਰਾਈਵੇਟ ਵਿਅਕਤੀਆਂ ਨਾਲ ਪੰਜ ਗੰਨਮੈਨ ਤਾਇਨਾਤ ਕੀਤੇ ਗਏ ਹਨ। ਫਿਰੋਜ਼ਪੁਰ 'ਚ 235 ਮੁਲਾਜ਼ਮ ਗੰਨਮੈਨ ਵਜੋਂ ਤਾਇਨਾਤ ਹਨ। ਇਸ ਜ਼ਿਲ੍ਹੇ 'ਚ ਸਭ ਤੋਂ ਵੱਧ ਸਿੰਜਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਨਾਲ 19 ਗੰਨਮੈਨ ਅਤੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨਾਲ 12 ਗੰਨਮੈਨ ਤਾਇਨਾਤ ਹਨ।

        ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਨੇੜਲੀ ਰਿਸ਼ਤੇਦਾਰ ਸਵਿੰਦਰ ਕੌਰ ਜੌਹਲ ਨੂੰ ਪੰਜਾਬ ਸਰਕਾਰ ਨੇ 6 ਨਵੰਬਰ 2007 ਤੋਂ ਦੋ ਗੰਨਮੈਨ ਦਿੱਤੇ ਹੋਏ ਹਨ ਜਦੋਂ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਮੁਕਤਸਰ ਪੁਲੀਸ ਨੇ ਦੋ ਗੰਨਮੈਨ ਦਿੱਤੇ ਹੋਏ ਹਨ। ਪੁਲੀਸ ਜ਼ਿਲ੍ਹਾ ਖੰਨਾ ਵੀ ਇਸ ਤੋਂ ਘੱਟ ਨਹੀਂ ਹੈ। ਪੰਜਾਬ ਪੁਲੀਸ ਵੱਲੋਂ ਖੰਨਾ ਦੇ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖਾਲਸਾ ਨਾਲ 14 ਗੰਨਮੈਨ ਤਾਇਨਾਤ ਕੀਤੇ ਹੋਏ ਹਨ। ਅਕਾਲੀ ਦਲ ਦੇ ਸੀਨੀਅਰ ਨੇਤਾ ਭੁਪਿੰਦਰ ਸਿੰਘ ਚੀਮਾ ਨੂੰ 16 ਫਰਵਰੀ 2010 ਤੋਂ ਚਾਰ ਗੰਨਮੈਨ ਅਤੇ ਦਲ ਦੇ ਆਗੂ ਗੁਰਪ੍ਰੀਤ ਸਿੰਘ ਭੱਟੀ ਖੰਨਾ ਨੂੰ 9 ਨਵੰਬਰ 2009 ਤੋਂ ਦੋ ਗੰਨਮੈਨ ਦਿੱਤੇ ਹੋਏ ਹਨ। ਪੰਜਾਬ ਪੁਲੀਸ ਨੇ ਗਾਇਕ ਸਰਦੂਲ ਸਿਕੰਦਰ ਨੂੰ ਵੀ 27 ਅਕਤੂਬਰ 2009 ਤੋਂ ਇੱਕ ਗੰਨਮੈਨ ਦਿੱਤਾ ਹੋਇਆ ਹੈ ਅਤੇ ਇਸੇ ਤਰ੍ਹਾਂ ਸੰਤ ਅਵਤਾਰ ਸਿੰਘ ਨਾਲ ਵੀ ਇੱਕ ਗੰਨਮੈਨ ਤਾਇਨਾਤ ਕੀਤਾ ਗਿਆ ਹੈ। ਖੰਨਾ ਤੇ ਬਰਨਾਲਾ ਪੁਲੀਸ ਵੱਲੋਂ ਇੱਕ–ਇੱਕ ਗੰਨਮੈਨ ਪਿੰਡ ਬਾਦਲ ਦੇ ਮੇਜਰ ਭੁਪਿੰਦਰ ਸਿੰਘ ਨਾਲ ਤਾਇਨਾਤ ਕੀਤਾ ਹੋਇਆ ਹੈ। ਖੰਨਾ ਪੁਲੀਸ ਜ਼ਿਲ੍ਹੇ 'ਚ 58 ਮੁਲਾਜ਼ਮ ਗੰਨਮੈਨ ਵਜੋਂ ਤਾਇਨਾਤ ਕੀਤੇ ਹੋਏ ਹਨ।ਬਰਨਾਲਾ ਪੁਲੀਸ ਜ਼ਿਲ੍ਹੇ 'ਚ ਟਰੱਕ ਯੂਨੀਅਨ ਤਪਾ ਦੇ ਪ੍ਰਧਾਨ ਕੁਲਵੰਤ ਸਿੰਘ ਬੋਘਾ ਨੂੰ ਪੰਜਾਬ ਪੁਲੀਸ ਦਾ ਇੱਕ ਗੰਨਮੈਨ 24 ਜੂਨ 2011 ਤੋਂ ਮਿਲਿਆ ਹੋਇਆ ਹੈ। ਟਰਾਈਡੈਂਟ ਗਰੁੱਪ ਦੇ ਮਾਲਕ ਰਜਿੰਦਰ ਕੁਮਾਰ ਗੁਪਤਾ ਨੂੰ ਵੀ ਦੋ ਗੰਨਮੈਨ ਦਿੱਤੇ ਹੋਏ ਹਨ। ਬਰਨਾਲਾ ਪੁਲੀਸ ਵੱਲੋਂ ਕੁੱਲ 59 ਗੰਨਮੈਨ ਦਿੱਤੇ ਹੋਏ ਹਨ।
        ਦੂਜੇ ਪਾਸੇ ਥਾਣਿਆਂ ਵਿੱਚ ਆਮ ਲੋਕਾਂ ਦੀ ਰਾਖੀ ਲਈ ਮੁਲਾਜ਼ਮਾਂ ਦੀ ਤੋਟ ਹੈ। ਜੋ ਥਾਣਿਆਂ 'ਚ ਮੁਲਾਜ਼ਮ ਬਚ ਗਏ ਹਨ, ਉਨ੍ਹਾਂ 'ਤੇ ਕੰਮ ਦਾ ਬੋਝ ਵੀ ਵੱਧ ਗਿਆ ਹੈ। ਬਠਿੰਡਾ ਪੁਲੀਸ ਨੇ ਸੁਰੱਖਿਆ ਦੀ ਸੂਚਨਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਪ੍ਰੰਤੂ ਇਸ ਜ਼ਿਲ੍ਹੇ 'ਚ ਅਕਾਲੀ ਦਲ ਦੇ ਹਲਕਾ ਇੰਚਾਰਜਾਂ ਨੂੰ ਗੰਨਮੈਨ ਦਿੱਤੇ ਹੋਏ ਹਨ। ਜ਼ਿਲ੍ਹਾ ਜਲੰਧਰ (ਦਿਹਾਤੀ) ਵੱਲੋਂ ਕੁੱਲ 55 ਗੰਨਮੈਨਾਂ ਦੀ ਤਾਇਨਾਤੀ ਕੀਤੀ ਹੋਈ ਹੈ, ਜਿਨ੍ਹਾਂ 'ਚੋਂ 26 ਗੰਨਮੈਨ ਪ੍ਰਾਈਵੇਟ ਆਗੂਆਂ ਕੋਲ ਹਨ। ਇਸੇ ਤਰ੍ਹਾਂ ਕਪੂਰਥਲਾ ਜ਼ਿਲ੍ਹੇ 'ਚ 90 ਸੁਰੱਖਿਆ ਮੁਲਾਜ਼ਮ ਵੱਖ–ਵੱਖ ਆਗੂਆਂ ਅਤੇ ਅਫ਼ਸਰਾਂ ਨਾਲ ਤਾਇਨਾਤ ਹਨ, ਜਿਨ੍ਹਾਂ 'ਚੋਂ 14 ਗੰਨਮੈਨ ਸਿਆਸੀ ਲੀਡਰਾਂ ਨਾਲ ਹਨ। ਹਾਲਾਂਕਿ ਪੰਜਾਬ ਪੁਲੀਸ ਸਮੇਂ–ਸਮੇਂ ਸੁਰੱਖਿਆ ਦਾ ਰੀਵਿਊ ਕੀਤਾ ਜਾਂਦਾ ਹੈ ਅਤੇ ਸੁਰੱਖਿਆ ਗਾਰਡ ਵਾਪਸ ਵੀ ਬੁਲਾਏ ਜਾਂਦੇ ਹਨ ਪ੍ਰੰਤੂ ਇਸ ਦੇ ਬਾਵਜੂਦ ਸੁਰੱਖਿਆ 'ਤੇ ਤਾਇਨਾਤ ਮੁਲਾਜ਼ਮਾਂ ਦੀ ਵੱਡੀ ਗਿਣਤੀ ਹੈ।

ਕੁਝ ਤਾਂ ਬੋਲਦੇ ਐਮ.ਐਲ.ਏ ਸਾਹਿਬ !

  
                                
ਬਠਿੰਡਾ : ਏਦਾ ਦੇ ਪੰਜਾਬ ਦੇ ਸੱਤ ਵਿਧਾਇਕ ਹਨ ਜਿਨ੍ਹਾਂ ਨੇ ਪੰਜਾਬ ਅਸੈਂਬਲੀ 'ਚ ਆਪਣਾ ਖਾਤਾ ਵੀ ਨਹੀਂ ਖੋਲ੍ਹਿਆ ਹੈ। ਵਿਰੋਧੀ ਧਿਰ 'ਦੇ ਇਨ੍ਹਾਂ ਚੋਂ ਚਾਰ ਵਿਧਾਇਕ ਹਨ ਜਦੋਂ ਕਿ ਹਾਕਮ ਧਿਰ ਦੇ ਤਿੰਨ ਵਿਧਾਇਕ ਹਨ। ਇਸ ਤਰ੍ਹਾਂ ਦੇ ਸੱਤ ਹੋਰ ਵਿਧਾਇਕ ਹਨ ਜਿਨ੍ਹਾਂ ਨੇ ਵਿਧਾਨ ਸਭਾ 'ਚ ਸੁਆਲ ਪੁੱਛਣ ਤੋਂ ਸੰਕੋਚ ਹੀ ਕੀਤੀ ਹੈ। ਮੌਜੂਦਾ ਵਿਧਾਇਕਾਂ ਦੀ ਲੰਘੇ ਸਾਢੇ ਚਾਰ ਵਰ੍ਹਿਆਂ ਦੀ ਪੰਜਾਬ ਅਸੈਂਬਲੀ 'ਚ ਜੋ ਕਾਰਗੁਜ਼ਾਰੀ ਸੂਚਨਾ ਅਧਿਕਾਰ ਕਾਨੂੰਨ ਨਾਲ ਜੱਗ ਜ਼ਾਹਰ ਹੋਈ ਹੈ, ਉਸ 'ਚ 14 ਵਿਧਾਇਕਾਂ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਰਹੀ ਹੈ ਜਦੋਂ ਕਿ 14 ਵਿਧਾਇਕਾਂ ਦੀ ਅਸੈਂਬਲੀ 'ਚ ਰੋਲ ਅੱਵਲ ਦਰਜੇ ਦਾ ਰਿਹਾ ਹੈ। ਇਹ ਕਾਰਗੁਜ਼ਾਰੀ ਵਿਧਾਇਕਾਂ ਵਲੋਂ ਵਿਧਾਨ ਸਭਾ 'ਚ ਪੁੱਛੇ ਲਿਖਤੀ ਸੁਆਲਾਂ ਦੇ ਅਧਾਰ 'ਤੇ ਕੱਢੀ ਗਈ ਹੈ। ਮਾੜੀ ਕਾਰਗੁਜ਼ਾਰੀ ਵਾਲੇ 14 ਵਿਧਾਇਕਾਂ ਚੋਂ ਅੱਠ ਵਿਧਾਇਕ ਕਾਂਗਰਸ ਦੇ ਹਨ ਜਦੋਂ ਕਿ ਅੱਧੀ ਦਰਜਨ ਅਕਾਲੀ ਵਿਧਾਇਕ ਹਨ। ਅਜ਼ਾਦ ਵਿਧਾਇਕਾਂ ਦੀ ਭੂਮਿਕਾ ਸ਼ਲਾਘਾਯੋਗ ਰਹੀ ਹੈ। ਵਿਰੋਧੀ ਧਿਰ ਕਾਂਗਰਸ ਦੇ ਕਈ ਵਿਧਾਇਕਾਂ 'ਚ ਅਸੈਂਬਲੀ 'ਚ ਸੁਸਤੀ ਛਾਈ ਰਹੀ। ਵਿਧਾਇਕਾਂ ਵਲੋਂ ਅਸੈਂਬਲੀ ਸੈਸ਼ਨ ਦੌਰਾਨ ਲੋਕ ਮਸਲਿਆਂ 'ਤੇ ਅਧਾਰਿਤ ਸਟਾਰਡ ਅਤੇ ਅਣਸਟਾਰਡ ਸੁਆਲ ਪੁੱਛੇ ਜਾਣੇ ਹੁੰਦੇ ਹਨ। ਬਹੁਤੇ ਵਿਧਾਇਕਾਂ ਨੇ ਅਸੈਂਬਲੀ 'ਚ ਲੋਕ ਮੁੱਦੇ ਉਠਾਉਣ ਦੀ ਖੇਚਲਾ ਹੀ ਨਹੀਂ ਕੀਤੀ। ਇਨ੍ਹਾਂ 'ਚ ਤਿੰਨ ਮਹਿਲਾ ਵਿਧਾਇਕ ਵੀ ਸ਼ਾਮਲ ਹਨ। ਆਮ ਲੋਕ ਇਸ ਮਾਮਲੇ 'ਚ ਆਮ ਤੌਰ 'ਤੇ ਵਿਰੋਧੀ ਧਿਰ ਤੋਂ ਵਧੇਰੇ ਉਮੀਦ ਰੱਖਦੇ ਹਨ। ਲੇਕਿਨ ਇਹ ਵਿਧਾਇਕ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਹੀ ਨਹੀਂ ਉਤਰ ਸਕੇ ਹਨ।
          ਪੰਜਾਬ ਵਿਧਾਨ ਸਭਾ ਸਕੱਤਰੇਤ ਵਲੋਂ ਪੱਤਰ ਨੰਬਰ 26/ਪੀ.ਆਈ.ਓ/2011/8798 ਤਹਿਤ ਦਿੱਤੀ ਸਰਕਾਰੀ ਸੂਚਨਾ ਅਨੁਸਾਰ ਮਾਝੇ ਤੇ ਦੁਆਬੇ ਦੇ ਵਿਧਾਇਕ ਅਸੈਂਬਲੀ 'ਚ ਢਿੱਲੇ ਰਹੇ ਹਨ। ਇਸ ਸੂਚਨਾ ਅਨੁਸਾਰ ਅੰਮ੍ਰਿਤਸਰ ਪੱਛਮੀ ਤੋਂ ਕਾਂਗਰਸੀ ਵਿਧਾਇਕ ਓ.ਪੀ.ਸੋਨੀ ਨੇ ਲੰਘੇ ਸਾਢੇ ਚਾਰ ਵਰ੍ਹਿਆਂ 'ਚ ਅਸੈਂਬਲੀ 'ਚ ਇੱਕ ਵੀ ਸੁਆਲ ਨਹੀਂ ਪੁੱਛਿਆ ਹੈ ਜਦੋਂ ਕਿ ਇਸੇ ਜ਼ਿਲ੍ਹੇ ਦੇ ਕਾਂਗਰਸੀ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆਂ ਵੀ ਅਸੈਂਬਲੀ 'ਚ ਸੁਆਲਾਂ ਦਾ ਖਾਤਾ ਨਹੀਂ ਖੋਲ ਸਕੇ ਹਨ। ਲੁਧਿਆਣਾ ਜ਼ਿਲ੍ਹੇ ਦੇ ਪਾਇਲ ਹਲਕੇ ਤੋਂ ਕਾਂਗਰਸੀ ਵਿਧਾਇਕ ਅਤੇ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਦੇ ਅਸੈਂਬਲੀ 'ਚ ਸੁਆਲਾਂ ਦੀ ਗਿਣਤੀ 'ਜ਼ੀਰੋ' ਰਹੀ ਹੈ। ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਰਾਜਬੰਸ ਕੌਰ ਨੇ ਵੀ ਅਸੈਂਬਲੀ 'ਚ ਇੱਕ ਸੁਆਲ ਵੀ ਨਹੀਂ ਪੁੱਛਿਆ ਹੈ। ਵਿਰੋਧੀ ਧਿਰ ਦੇ ਇਹ ਵਿਧਾਇਕ ਸੁਆਲ ਪੁੱਛਣ ਦੇ ਮਾਮਲੇ 'ਚ ਚੁੱਪ ਹੀ ਰਹੇ ਹਨ। ਹਾਕਮ ਧਿਰ ਦੇ ਗੁਰਦਾਸਪੁਰ ਤੋਂ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਵੀ ਇਸ ਮਾਮਲੇ 'ਚ ਪਿਛੇ ਨਹੀਂ ਰਹੇ ਹਨ। ਉਨ੍ਹਾਂ ਨੇ ਵੀ ਅਸੈਂਬਲੀ 'ਚ ਕੋਈ ਸੁਆਲ ਨਹੀਂ ਪੁੱਛਿਆ ਹੈ। ਤਰਨਤਾਰਨ ਤੋਂ ਅਕਾਲੀ ਵਿਧਾਇਕ ਹਰਮੀਤ ਸਿੰਘ ਸੰਧੂ ਦੇ ਸੁਆਲਾਂ ਦੀ ਗਿਣਤੀ ਵੀ 'ਜ਼ੀਰੋ' ਹੀ ਰਹੀ ਹੈ। ਜਲੰਧਰ ਦੇ ਨੂਰਮਹਿਲ ਹਲਕੇ ਤੋਂ ਮਹਿਲਾ ਅਕਾਲੀ ਵਿਧਾਇਕ ਰਾਜਵਿੰਦਰ ਕੌਰ ਭੁੱਲਰ ਨੇ ਵੀ ਅਸੈਂਬਲੀ 'ਚ ਸੁਆਲ ਪੁੱਛਣ ਦੇ ਮਾਮਲੇ 'ਚ ਚਾਰ ਵਰ੍ਹੇ ਚੁੱਪ ਕਰਕੇ ਹੀ ਲੰਘਾਏ ਹਨ।
            ਏਦਾ ਹੀ ਰੋਪੜ ਦੇ ਮੋਰਿੰਡਾ ਹਲਕੇ ਤੋਂ ਅਕਾਲੀ ਵਿਧਾਇਕ ਉਜਾਗਰ ਸਿੰਘ ਬਡਾਲੀ ਦੀ ਸੁਆਲ ਪੁੱਛਣ 'ਚ ਕਾਰਗੁਜ਼ਾਰੀ 'ਜ਼ੀਰੋ' ਹੀ ਰਹੀ ਹੈ। ਇਸ ਤੋਂ ਸਾਫ ਹੈ ਕਿ ਇਨ੍ਹਾਂ ਵਿਧਾਇਕਾਂ ਦੇ ਹਲਕਿਆਂ ਦੇ ਲੋਕ ਮਸਲਿਆਂ ਦੀ ਅਸੈਂਬਲੀ 'ਚ ਕੋਈ ਗੱਲ ਹੀ ਨਹੀਂ ਚੱਲ ਸਕੀ ਹੈ। ਇਸੇ ਤਰ੍ਹਾਂ ਦੇ ਸੱਤ ਹੋਰ ਵਿਧਾਇਕ ਹਨ ਜਿਨ੍ਹਾਂ ਨੇ ਅਸੈਂਬਲੀ ਚੋਂ ਇੱਕ,ਦੋ ਜਾਂ ਤਿੰਨ ਸੁਆਲ ਹੀ ਪੁੱਛੇ ਹਨ। ਇਸ ਮਾਮਲੇ 'ਚ ਮਾਲਵੇ ਦੇ ਵਿਧਾਇਕ ਮੋਹਰੀ ਰਹੇ ਹਨ। ਬਨੂੜ ਹਲਕੇ ਤੋਂ ਅਕਾਲੀ ਵਿਧਾਇਕ ਜਸਜੀਤ ਸਿੰਘ ਬਨੀ ਅਤੇ ਮਲੇਰਕੋਟਲਾ ਹਲਕੇ ਤੋਂ ਮਹਿਲਾ ਕਾਂਗਰਸੀ ਵਿਧਾਇਕ ਸ੍ਰੀਮਤੀ ਰਜ਼ੀਆ ਸੁਲਤਾਨਾ ਸੁਆਲ ਪੁੱਛਣ ਦੇ ਮਾਮਲੇ 'ਚ ਇੱਕੋ ਜੇਹੇ ਹਨ। ਇਨ੍ਹਾਂ ਦੋਹਾਂ ਵਿਧਾਇਕਾਂ ਨੇ ਕੇਵਲ ਇੱਕ ਇੱਕ ਸੁਆਲ ਹੀ  ਵਿਧਾਨ ਸਭਾ 'ਚ ਕੀਤਾ ਹੈ। ਲੁਧਿਆਣਾ ਉੱਤਰੀ ਤੋਂ ਭਾਜਪਾ ਵਿਧਾਇਕ ਹਰੀਸ਼ ਬੇਦੀ ਅਤੇ ਸੰਗਰੂਰ ਤੋਂ ਕਾਂਗਰਸੀ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ ਨੇ ਅਸੈਂਬਲੀ 'ਚ ਕੇਵਲ ਦੋ ਦੋ ਸੁਆਲ ਹੀ ਪੁੱਛੇ ਹਨ। ਫਰੀਦਕੋਟ ਦੇ ਪੰਜਗਰਾਈ ਹਲਕੇ ਤੋਂ ਵਿਧਾਇਕ ਜੋਗਿੰਦਰ ਸਿੰਘ ਅਤੇ ਮਾਨਸਾ ਦੇ ਬੁਢਲਾਡਾ ਹਲਕੇ ਤੋਂ ਕਾਂਗਰਸੀ ਵਿਧਾਇਕ ਮੰਗਤ ਰਾਏ ਬਾਂਸਲ ਨੇ ਵੀ ਸਿਰਫ਼ ਤਿੰਨ ਤਿੰਨ ਸੁਆਲ ਇਸ ਸਮੇਂ ਦੌਰਾਨ ਅਸੈਂਬਲੀ 'ਚ ਉਠਾਏ ਹਨ। ਦੂਸਰੀ ਤਰਫ਼ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਧਾਇਕਾਂ 'ਚ ਮਾਲਵਾ ਖਿੱਤਾ ਮੋਹਰੀ ਹੈ। ਸੁਆਲ ਪੁੱਛਣ ਦੇ ਮਾਮਲੇ 'ਚ ਪੰਜਾਬ ਭਰ ਦੇ ਵਿਧਾਇਕਾਂ ਚੋਂ ਬਠਿੰਡਾ ਜ਼ਿਲ੍ਹੇ ਦੇ ਹਲਕਾ ਪੱਕਾ ਕਲਾਂ ਦੇ ਕਾਂਗਰਸੀ ਵਿਧਾਇਕ ਮੱਖਣ ਸਿੰਘ ਜੋ ਕਿ ਪੁਰਾਣੇ ਕਾਮਰੇਡ ਹਨ, ਨੇ ਬਾਜੀ ਮਾਰ ਲਈ ਹੈ। ਉਹ ਇਸ ਮਾਮਲੇ 'ਚ ਪੰਜਾਬ ਭਰ ਚੋਂ ਪਹਿਲੇ ਨੰਬਰ 'ਤੇ ਹਨ ਜਿਨ੍ਹਾਂ ਨੇ ਕਿ 141 ਸੁਆਲ ਪੁੱਛੇ ਹਨ। ਇਨ੍ਹਾਂ 'ਚ 120 ਸਟਾਰਡ ਸੁਆਲ ਹਨ ਜਦੋਂ ਕਿ 21 ਅਣਸਟਾਰਡ ਹਨ।
           ਪੰਜਾਬ ਭਰ ਚੋਂ ਸੁਆਲ ਪੁੱਛਣ 'ਚ ਦੂਸਰੇ ਨੰਬਰ 'ਤੇ ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਤੋਂ ਆਜ਼ਾਦ ਵਿਧਾਇਕ ਅਜੀਤ ਸਿੰਘ ਸ਼ਾਂਤ ਹਨ ਜਿਨ੍ਹਾਂ ਨੇ 125 ਸੁਆਲ ਪੁੱਛੇ ਹਨ। ਤੀਸਰੇ ਨੰਬਰ 'ਤੇ ਸਰਦੂਲਗੜ ਹਲਕੇ ਤੋਂ ਕਾਂਗਰਸੀ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਅਤੇ ਤਰਨਤਾਰਨ ਦੇ ਵਲਟੋਹਾ ਹਲਕੇ ਤੋਂ ਵਿਰਸਾ ਸਿੰਘ ਵਲਟੋਹਾ ਹਨ ਜਿਨ੍ਹਾਂ ਨੇ ਅਸੈਂਬਲੀ 'ਚ 125-125 ਸੁਆਲ ਪੁੱਛੇ ਹਨ। ਕਾਂਗਰਸ ਦੇ ਤੇਜ ਤਰਾਰ ਅਤੇ ਹਲਕਾ ਭਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਚੌਥੇ ਨੰਬਰ 'ਤੇ ਹਨ ਜਿਨ੍ਹਾਂ ਦੇ ਸੁਆਲਾਂ ਦੀ ਗਿਣਤੀ 121 ਹੈ। 118 ਸੁਆਲ ਪੁੱਛ ਕੇ ਖਰੜ ਤੋਂ ਕਾਂਗਰਸੀ ਵਿਧਾਇਕ ਬਲਵੀਰ ਸਿੰਘ ਸਿੱਧੂ ਪੰਜਵੇਂ ਨੰਬਰ 'ਤੇ ਰਹੇ ਹਨ। ਚੰਗੀ ਕਾਰਗੁਜ਼ਾਰੀ ਵਾਲੇ 14 ਵਿਧਾਇਕਾਂ ਚੋਂ ਅਕਾਲੀ ਦਲ ਦੇ ਚਾਰ ਵਿਧਾਇਕ,ਕਾਂਗਰਸ ਦੇ ਪੰਜ ,ਆਜ਼ਾਦ ਵਿਧਾਇਕ ਚਾਰ ਅਤੇ ਭਾਜਪਾ ਦਾ ਇੱਕ ਵਿਧਾਇਕ ਹੈ। ਭਾਜਪਾ ਦੇ ਦਸੂਹਾ ਤੋਂ ਵਿਧਾਇਕ ਅਮਰਜੀਤ ਸਿੰਘ ਸ਼ਾਹੀ ਨੇ ਅਸੈਂਬਲੀ 'ਚ 94 ਸੁਆਲ ਪੁੱਛੇ ਹਨ ਜਦੋਂ ਕਿ ਧੂਰੀ ਤੋਂ ਆਜ਼ਾਦ ਵਿਧਾਇਕ ਇਕਬਾਲ ਸਿੰਘ ਝੂੰਦਾ ਨੇ 81 ਸੁਆਲ ਕੀਤੇ ਹਨ। ਸ੍ਰੀ ਹਰਗੋਬਿੰਦ ਸਾਹਿਬ ਹਲਕੇ ਤੋਂ ਅਕਾਲੀ ਵਿਧਾਇਕ ਕੈਪਟਨ ਬਲਵੀਰ ਸਿੰਘ ਬਾਠ ਨੇ 85 ਸੁਆਲ ਕੀਤੇ ਹਨ। ਸੂਤਰ ਆਖਦੇ ਹਨ ਕਿ ਵਿਧਾਇਕ ਹੁਣ ਆਪਣੇ ਫਰਜ਼ਾਂ ਨੂੰ ਭੁੱਲ ਬੈਠੇ ਹਨ ਜਿਸ ਕਰਕੇ ਉਹ ਲੋਕ ਹਿੱਤ ਨੂੰ ਭੁੱਲ ਬੈਠੇ ਹਨ। ਬਹੁਤੇ ਵਿਧਾਇਕ ਤਾਂ ਅਸੈਂਬਲੀ ਸੈਸ਼ਨ ਤੋਂ ਪਹਿਲਾਂ ਤਿਆਰੀ ਨਾਲ ਵੀ ਨਹੀਂ ਆਉਂਦੇ ਜਦੋਂ ਕਿ ਕਾਫੀ ਵਿਧਾਇਕ ਇਸ ਮਾਮਲੇ ਨੂੰ ਸੰਜੀਦਗੀ ਨਾਲ ਲੈਂਦੇ ਹਨ।
ਅੰਗਰੇਜ਼ਾਂ ਦੇ ਹਥਿਆਰਾਂ ਨਾਲ ਪਹਿਰੇਦਾਰੀ
     
ਬਠਿੰਡਾ : ਪੰਜਾਬ ਦੀਆਂ ਜੇਲ੍ਹਾਂ 'ਚ ਰਾਖੀ  ਅੰਗਰੇਜ਼ਾਂ ਦੇ ਜ਼ਮਾਨੇ ਦੇ ਹਥਿਆਰਾਂ ਨਾਲ ਹੋ ਰਹੀ ਹੈ। ਜੇਲ੍ਹਾਂ 'ਚ ਇਕੱਲਾ ਕਾਨੂੰਨ ਹੀ ਅੰਗਰੇਜ਼ਾਂ ਵਾਲਾ ਨਹੀਂ ਹੈ ਬਲਕਿ ਹਥਿਆਰ ਵੀ ਉਨ੍ਹਾਂ ਦੇ ਵੇਲੇ ਦੇ ਹੀ ਹਨ। ਬਹੁਤੀਆਂ ਜੇਲ੍ਹਾਂ ਤਾਂ ਬਣੀਆਂ ਵੀ ਅੰਗਰੇਜ਼ਾਂ ਦੇ ਜ਼ਮਾਨੇ ਦੀਆਂ ਹਨ। ਜ਼ਮਾਨਾ ਬਦਲ ਗਿਆ ਹੈ ਅਤੇ ਅਪਰਾਧੀਆਂ ਦੇ ਅਪਰਾਧ ਕਰਨ ਦੇ ਤੌਰ ਤਰੀਕੇ ਵੀ ਬਦਲ ਗਏ ਹਨ। ਆਧੁਨਿਕ ਜ਼ਮਾਨੇ 'ਚ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਇਨ੍ਹਾਂ ਜੇਲ੍ਹਾਂ 'ਚ ਆਧੁਨਿਕ ਹਥਿਆਰ ਮੁਹੱਈਆ ਨਹੀਂ ਕਰਵਾਏ ਗਏ ਹਨ। ਜੇਲ੍ਹਾਂ ਦੇ ਪ੍ਰਬੰਧਕ ਸਰਕਾਰ ਨੂੰ ਚਿੱਠੀਆਂ ਲਿਖ ਲਿਖ ਥੱਕ ਗਏ ਹਨ ਪਰ ਕਿਧਰੋਂ ਕੋਈ ਖੈਰ ਨਹੀਂ ਪਈ। ਜੇਲ੍ਹਾਂ 'ਚ ਜੋ ਏ.ਕੇ-47 ਰਾਈਫਲਾਂ ਹਨ, ਉਹ ਵੀ ਜੇਲ੍ਹ ਵਿਭਾਗ ਨੇ ਪੰਜਾਬ ਪੁਲੀਸ ਤੋਂ ਉਧਾਰ ਲਈਆਂ ਹਨ।
          ਪੰਜਾਬ ਦੀਆਂ ਕਈ ਜੇਲ੍ਹਾਂ ਨੂੰ ਏ.ਕੇ-47 ਵੀ ਨਸੀਬ ਨਹੀਂ ਹੋਈ ਹੈ। ਜੇਲ੍ਹਾਂ 'ਚ ਜੋ ਬਾਕੀ ਹਥਿਆਰ ਹਨ, ਉਹ ਵੀ 26 ਸਾਲ ਪੁਰਾਣੇ ਹਨ। ਇਕੱਲੇ ਰਿਵਾਲਵਰ ਹਨ ਜੋ ਕਿ ਚੰਗੀ ਹਾਲਤ 'ਚ ਹਨ ਅਤੇ ਯੂ.ਐਸ.ਏ. ਦੇ ਬਣੇ ਹੋਏ ਹਨ। ਜੇਲ੍ਹਾਂ 'ਚ ਪਹਿਲਾਂ ਨਾਲੋਂ ਕੈਦੀਆਂ ਦੀ ਗਿਣਤੀ ਕਈ ਗੁਣਾ ਵੱਧ ਗਈ ਹੈ ਪ੍ਰੰਤੂ ਇਸ ਦੇ ਬਾਵਜੂਦ ਸਰਕਾਰ ਸੁਰੱਖਿਆ ਵੱਲ ਧਿਆਨ ਨਹੀਂ ਦਿੰਦੀ। ਜੇਲ੍ਹ ਗਾਰਦ ਪੁਰਾਣੇ ਹਥਿਆਰਾਂ ਨਾਲ ਹੀ ਜੇਲ੍ਹ ਦੀ ਰੱਖਿਆ ਕਰਦੀ ਹੈ। ਹੁਣ ਤਾਂ ਜੇਲ੍ਹ ਗਾਰਦ ਵੀ ਪੁਰਾਣੇ ਹੀ ਹਨ ਕਿਉਂਕਿ ਲੰਮੇ ਸਮੇਂ ਤੋਂ ਸਰਕਾਰ ਨੇ ਜੇਲ੍ਹ ਗਾਰਦਾਂ ਦੀ ਭਰਤੀ ਹੀ ਨਹੀਂ ਕੀਤੀ। ਅੱਧੀ ਦਰਜਨ ਜੇਲ੍ਹਾਂ 'ਚ ਮਾਸਕਟ ਰਾਈਫਲਾਂ ਹਨ। ਇਨ੍ਹਾਂ ਦੀ ਵਰਤੋਂ ਹਾਲੇ ਵੀ ਕੀਤੀ ਜਾ ਰਹੀ ਹੈ। ਇਹ ਮਾਸਕਟ ਰਾਈਫਲਾਂ ਅੰਗਰੇਜ਼ਾਂ ਦੇ ਜ਼ਮਾਨੇ ਦੀਆਂ ਹਨ। ਕਈ ਜੇਲ੍ਹਾਂ ਨੇ ਤਾਂ ਇਹ ਮਾਸਕਟ ਰਾਈਫਲਾਂ ਵਾਪਸ ਜਮ੍ਹਾਂ ਵੀ ਕਰਵਾ ਦਿੱਤੀਆਂ ਹਨ।
           ਸਬ ਜੇਲ੍ਹ ਫਾਜ਼ਿਲਕਾ ਨੇ ਸੂਚਨਾ ਦੇ ਅਧਿਕਾਰ ਤਹਿਤ ਦੱਸਿਆ ਹੈ ਕਿ ਉਨ੍ਹਾਂ ਕੋਲ 10 ਮਾਸਕਟ ਰਾਈਫਲਾਂ ਹਨ ਜਿਨ੍ਹਾਂ ਨੂੰ ਜੇਲ੍ਹ ਦੀ ਸੁਰੱਖਿਆ ਲਈ ਵਰਤਿਆ ਜਾ ਰਿਹਾ ਹੈ। ਇਸ ਜੇਲ੍ਹ ਕੋਲ 25 ਸਾਲ ਪੁਰਾਣੀਆਂ 303 ਰਾਈਫਲਾਂ ਵੀ ਚਾਰ ਹਨ ਅਤੇ ਦੋ ਐਸ.ਐਲ.ਆਰ. ਹਨ। 38 ਬੋਰ ਦਾ ਇੱਕ ਰਿਵਾਲਵਰ ਵੀ ਹੈ। ਫਾਜ਼ਿਲਕਾ ਜੇਲ੍ਹ ਨੇ ਸਰਕਾਰ ਤੋਂ 10 ਐਸ.ਐਲ.ਆਰ. ਰਾਈਫਲਾਂ ਦੀ ਮੰਗ ਕੀਤੀ ਹੈ। ਪਠਾਨਕੋਟ ਦੀ ਸਬ ਜੇਲ੍ਹ 'ਚ 7 ਮਾਸਕਟ ਰਾਈਫਲਾਂ ਹਨ। ਜੇਲ੍ਹ ਪ੍ਰਬੰਧਕਾਂ ਨੇ ਦੱਸਿਆ ਕਿ ਮਾਸਕਟ ਰਾਈਫਲਾਂ ਪੁਰਾਣੀਆਂ ਹਨ ਅਤੇ ਟੁੱਟੀਆਂ ਹੋਈਆਂ ਹਨ। ਸੰਗਰੂਰ ਜੇਲ੍ਹ ਕੋਲ ਵੀ ਮਾਸਕਟ ਰਾਈਫਲਾਂ ਸਨ ਪਰ ਉਹ ਹੁਣ ਜਮ੍ਹਾਂ ਕਰਾ ਦਿੱਤੀਆਂ ਗਈਆਂ ਹਨ। ਬਠਿੰਡਾ ਜੇਲ੍ਹ, ਫਿਰੋਜ਼ਪੁਰ ਅਤੇ ਪਟਿਆਲਾ ਜੇਲ੍ਹ 'ਚ ਤਾਂ ਮਾਸਕਟ ਰਾਈਫਲਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਇਨ੍ਹਾਂ 'ਚੋਂ ਬਹੁਤੀਆਂ ਰਾਈਫਲਾਂ ਦੀ ਹਾਲਤ ਖਸਤਾ ਹੀ ਹੈ। ਜੋ 303 ਰਾਈਫਲਾਂ ਹਨ, ਉਨ੍ਹਾਂ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ ਹੈ।
ਬਠਿੰਡਾ ਜੇਲ੍ਹ ਦੇ ਸੁਪਰਡੈਂਟ ਪ੍ਰੇਮ ਗਰਗ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਤੋਂ ਹਥਿਆਰਾਂ ਦੀ ਮੰਗ ਕੀਤੀ ਹੈ। ਕਈ ਜੇਲ੍ਹਾਂ ਨੇ ਸੂਚਨਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਬਠਿੰਡਾ ਜੇਲ੍ਹ ਕੋਲ 25 ਦੇ ਕਰੀਬ 303 ਰਾਈਫਲਾਂ ਹਨ ਅਤੇ 2 ਸਟੇਨਗੰਨਾਂ ਹਨ। ਇਸ ਜੇਲ੍ਹ ਕੋਲ ਤਾਂ ਏ.ਕੇ.-47 ਰਾਈਫਲ ਵੀ ਨਹੀਂ ਹੈ।
           ਹਰੇਕ ਜੇਲ੍ਹ ਵੱਲੋਂ ਆਪੋ ਆਪਣੇ ਜ਼ਿਲ੍ਹੇ ਦੇ ਜ਼ਿਲ੍ਹਾ ਪੁਲੀਸ ਕਪਤਾਨ ਤੋਂ ਉਧਾਰੀ ਏ.ਕੇ.-47 ਲਈ ਜਾਂਦੀ ਹੈ। ਬਠਿੰਡਾ ਜੇਲ੍ਹ ਵੱਲੋਂ ਵੀ ਜ਼ਿਲ੍ਹਾ ਪੁਲੀਸ ਤੋਂ ਏ.ਕੇ.-47 ਦੀ ਮੰਗ ਕੀਤੀ ਹੋਈ ਹੈ। ਫਿਰੋਜ਼ਪੁਰ ਜੇਲ੍ਹ ਨੇ ਜ਼ਿਲ੍ਹਾ ਪੁਲੀਸ ਤੋਂ ਦੋ ਏ.ਕੇ.-47 ਅਤੇ ਪਟਿਆਲਾ ਜੇਲ੍ਹ ਨੇ ਜ਼ਿਲ੍ਹਾ ਪੁਲੀਸ ਤੋਂ ਇੱਕ ਏ.ਕੇ.-47 ਉਧਾਰੀ ਲਈ ਹੋਈ ਹੈ। ਇਸੇ ਤਰ੍ਹਾਂ ਸੰਗਰੂਰ ਜੇਲ੍ਹ ਨੇ ਦੋ, ਨਾਭਾ ਜੇਲ੍ਹ ਨੇ ਇੱਕ ਅਤੇ ਬਰਨਾਲਾ ਜੇਲ੍ਹ ਨੇ ਵੀ ਇੱਕ ਏ.ਕੇ.-47 ਜ਼ਿਲ੍ਹਾ ਪੁਲੀਸ ਤੋਂ ਉਧਾਰੀ ਲਈ ਹੋਈ ਹੈ। ਪਟਿਆਲਾ ਜੇਲ੍ਹ ਦੇ ਸੁਪਰਡੈਂਟ ਲਖਵਿੰਦਰ ਸਿੰਘ ਜਾਖੜ ਦਾ ਕਹਿਣਾ ਹੈ ਕਿ ਛੋਟਾ ਹਥਿਆਰ ਹੋਣ ਕਰਕੇ ਜੇਲ੍ਹਾਂ 'ਚ ਏ.ਕੇ.-47 ਦੀ ਵੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਲ੍ਹਾਂ ਨੂੰ ਆਧੁਨਿਕ ਹਥਿਆਰਾਂ ਦੀ ਲੋੜ ਹੈ।
         ਪ੍ਰਾਪਤ ਜਾਣਕਾਰੀ ਅਨੁਸਾਰ ਜੇਲ੍ਹਾਂ ਦੀ ਇਸ ਵੇਲੇ ਬੰਦੀ ਰੱਖਣ ਦੀ ਸਮਰੱਥਾਂ ਤਾਂ ਘੱਟ ਹੈ ਪਰ ਜੇਲ੍ਹਾਂ 'ਚ ਸਮਰੱਥਾਂ ਤੋਂ ਕਈ ਗੁਣਾ ਜ਼ਿਆਦਾ ਬੰਦੀ ਰੱਖੇ ਹੋਏ ਹਨ। ਜੇਲ੍ਹਾਂ 'ਚ ਕੈਦੀਆਂ ਦਾ ਘੜਮੱਸ ਪਿਆ ਹੋਇਆ ਹੈ। ਜੇਲ੍ਹਾਂ ਵਿੱਚ ਸਭ ਕੁਝ ਪੁਰਾਣਾ ਹੀ ਚੱਲ ਰਿਹਾ ਹੈ ਅਤੇ ਬੱਸ ਕੇਵਲ ਅਪਰਾਧੀ ਹੀ ਨਵੇਂ ਹਨ ਜਾਂ ਉਨ੍ਹਾਂ ਦੇ ਅਪਰਾਧ ਕਰਨ ਦੇ ਢੰਗ ਤਰੀਕੇ ਨਵੇਂ ਹਨ। ਜਨਾਨਾ ਜੇਲ੍ਹ ਲੁਧਿਆਣਾ ਤਾਂ ਇਸ ਵੇਲੇ ਸੁਰੱਖਿਆ ਤੋਂ ਬਿਨ੍ਹਾਂ ਹੀ ਹੈ। ਜੇਲ ਪ੍ਰਬੰਧਕਾਂ ਨੇ ਸਰਕਾਰ ਨੂੰ ਕਈ ਵਾਰ ਲਿਖਿਆ ਹੈ ਕਿ ਜੇਲ੍ਹ 'ਚ ਪੁਰਸ਼ ਸੰਤਰੀ ਲਗਾ ਦਿੱਤਾ ਜਾਵੇ ਪਰ ਹਾਲੇ ਤੱਕ ਜੇਲ੍ਹ 'ਚ ਪੁਰਸ਼ ਸੰਤਰੀ ਨਹੀਂ ਤਾਇਨਾਤ ਕੀਤਾ ਗਿਆ। ਜੇਲ੍ਹ 'ਚ ਗਾਰਦ ਲਗਾਉਣ ਬਾਰੇ ਵੀ ਲਿਖਿਆ ਗਿਆ ਹੈ।
                                                      ਜਿਪਸੀਆਂ ਵੀ ਕੰਡਮ ਹੋਈਆਂ
    ਜੇਲ੍ਹਾਂ ਕੋਲ ਤਾਂ ਸਰਕਾਰੀ ਗੱਡੀ ਵੀ ਨਹੀਂ ਹੈ। ਜੇਲ੍ਹ ਅਧਿਕਾਰੀ ਪ੍ਰਾਈਵੇਟ ਵਾਹਨ ਹੀ ਵਰਤਦੇ ਹਨ। ਪੰਜਾਬ ਸਰਕਾਰ ਵੱਲੋਂ ਜੇਲ੍ਹਾਂ ਨੂੰ 1986 ਵਿੱਚ 15 ਦੇ ਕਰੀਬ ਜਿਪਸੀਆਂ ਦਿੱਤੀਆਂ ਗਈਆਂ ਸਨ। ਇਹ ਜਿਪਸੀਆਂ ਹੁਣ ਕੰਡਮ ਹੋ ਚੁੱਕੀਆਂ ਹਨ। ਕਰੀਬ ਪੰਜ ਵਰ੍ਹਿਆਂ ਤੋਂ ਇਹ ਜਿਪਸੀਆਂ ਕੰਡਮ ਹਾਲਤ ਵਿੱਚ ਜੇਲ੍ਹਾਂ 'ਚ ਖੜ੍ਹੀਆਂ ਹਨ। ਕਿਸੇ ਵੀ ਜੇਲ੍ਹ ਵੱਲੋਂ ਸਰਕਾਰੀ ਜਿਪਸੀ ਕੰਡਮ ਹੋਣ ਕਰਕੇ ਵਰਤੀ ਨਹੀਂ ਜਾ ਰਹੀ। ਬਠਿੰਡਾ, ਸੰਗਰੂਰ, ਪਟਿਆਲਾ, ਫਿਰੋਜ਼ਪੁਰ ਤੇ ਨਾਭਾ ਸਮੇਤ ਸਾਰੀਆਂ ਜੇਲ੍ਹਾਂ 'ਚ ਇਹ ਜਿਪਸੀਆਂ ਕੰਡਮ ਹਾਲਤ ਵਿੱਚ ਖੜ੍ਹੀਆਂ ਹਨ। ਜੇਲ੍ਹ ਸੁਪਰਡੈਂਟਾਂ ਵੱਲੋਂ 9 ਨਵੰਬਰ ਨੂੰ ਡੀ.ਜੀ.ਪੀ. ਜੇਲ੍ਹਾਂ ਕੋਲ ਮੀਟਿੰਗ ਦੌਰਾਨ ਇਹ ਮੁੱਦਾ ਵੀ ਉਠਾਇਆ ਸੀ ਕਿ ਉਨ੍ਹਾਂ ਨੂੰ ਸਰਕਾਰੀ ਗੱਡੀਆਂ ਦਿੱਤੀਆਂ ਜਾਣ। ਸੁਪਰਡੈਂਟਾਂ ਨੇ ਕਿਹਾ ਕਿ ਉਹ ਜਦੋਂ ਮੀਟਿੰਗਾਂ ਜਾਂ ਅਦਾਲਤਾਂ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਪ੍ਰਾਈਵੇਟ ਵਾਹਨ ਵਰਤਣੇ ਪੈਂਦੇ ਹਨ।
ਚੋਣਾਂ ਤੋਂ ਪਹਿਲਾਂ ਲੋਕਾਂ ਦਾ ਹੇਜ
    
ਬਠਿੰਡਾ : ਚੋਣਾਂ ਦਾ ਮੌਸਮ ਹੁੰਦਾ ਹੀ ਐਸਾ ਹੈ। ਇਸ ਰੁੱਤ 'ਚ ਗਰੀਬਾਂ ਦਾ ਹੇਜ ਜਾਗਦਾ ਹੈ। ਰਾਤੋਂ ਰਾਤ ਦੁੱਖ ਕੱਟਣ ਦੀ ਗੱਲ ਹੁੰਦੀ ਹੈ। ਪੰਜ ਵਰਿ•ਆਂ ਮਗਰੋਂ ਮੁੜ ਹੱਥ ਜੁੜਨ ਲੱਗਦੇ ਹਨ। ਵਿਹੜਿਆਂ 'ਚ ਵੀ ਲਾਲ ਬੱਤੀ ਦਾ ਚਾਨਣ ਹੁੰਦਾ ਹੈ। ਕਿਸੇ ਦਾ ਮਿੰਨਤ ਤਰਲਾ ਹੁੰਦਾ ਹੈ। ਕਿਸੇ ਨੂੰ ਨੋਟ ਦਿਖਾਏ ਜਾਂਦੇ ਹਨ। ਬੋਤਲ ਵੀ ਵਿਖਾਈ ਜਾਂਦੀ ਹੈ। ਜੋ ਅੜਦਾ ਹੈ, ਉਸ ਨੂੰ ਹਵਾਲਾਤ ਵੀ ਦਿਖਾ ਦਿੱਤੀ ਜਾਂਦੀ ਹੈ। ਮੌਸਮ ਦਾ ਰੰਗ ਹੀ ਕੁਝ ਏਦਾ ਦਾ ਹੈ। ਕਿਸੇ ਨੂੰ ਘਰ ਦਾ ਰਾਹ ਦਿਖਾ ਦਿੱਤਾ ਜਾਂਦਾ ਹੈ। ਕਿਸੇ ਨੂੰ ਕੁਰਸੀ 'ਤੇ ਬਿਠਾ ਦਿੱਤਾ ਜਾਂਦਾ ਹੈ। ਇਸ ਰੁੱਤ 'ਚ ਹਰ ਨੇਤਾ ਚੋਂ ਗਿਰਗਟ ਦਾ ਝਉਲਾ ਪੈਂਦਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਸਿਰ 'ਤੇ ਹਨ। ਇਹ ਮੌਸਮ ਨਿੱਖਰਨ ਲੱਗਾ ਹੈ। ਲੋੜ ਤਾਂ  ਹੈ ਕਿ ਪੰਜਾਬ ਦੇ ਲੋਕਾਂ ਦੇ ਦੁੱਖ ਵੰਡੇ ਜਾਣ। ਅਕਾਲੀ ਭਾਜਪਾ ਸਰਕਾਰ ਸਾਈਕਲ ਵੰਡ ਰਹੀ ਹੈ। ਪੂਰੇ 34 ਕਰੋੜ ਦੇ ਸਾਈਕਲ ਵੰਡੇ ਜਾਣੇ ਹਨ। ਉਹ ਵੀ ਮੁੱਖ ਮੰਤਰੀ ਦੀ ਫੋਟੋ ਵਾਲੇ ਸਾਈਕਲ। ਸਕੂਲੀ ਬੱਚੇ ਪੁੱਛਦੇ ਹਨ ਕਿ ਸਾਈਕਲ ਚਲਾਈਏ ਕਿਥੇ ? ਵੰਡਣ ਤੋਂ ਪਹਿਲਾਂ ਸੜਕਾਂ ਤਾਂ ਬਣਾ ਦਿੰਦੇ। ਪੰਜਾਬ ਮੰਡੀ ਬੋਰਡ ਆਖਦਾ ਹੈ, ਬੱਚਿਓ ਧੀਰਜ ਰੱਖੋ ,ਸੜਕਾਂ ਵਾਸਤੇ ਹੀ ਤਾਂ 263 ਕਰੋੜ ਦਾ ਕਰਜ਼ਾ ਚੁੱਕਿਐ ਹੈ। ਕਿਸਾਨ ਪ੍ਰੇਸਾਨ ਹਨ ਕਿ ਸੜਕਾਂ ਵਾਸਤੇ ਕਰਜ਼ਾ ਕਿਉਂ? ਉਨ•ਾਂ ਵਲੋਂ ਤਾਰੀ ਕਰੋੜਾਂ ਦੀ ਮੰਡੀ ਫੀਸ ਕਿਥੇ ਗਈ ? ਕਿਤੇ ਨਹੀਂ ਗਈ, ਅਗਲਿਆਂ ਨੇ ਸੰਗਤ ਦਰਸ਼ਨ 'ਚ ਵੰਡ ਦਿੱਤੀ ਹੈ।
          ਆਉਂਦੇ ਦਿਨਾਂ 'ਚ ਪੰਜਾਹ ਕਰੋੜ ਦੇ ਭਾਂਡੇ ਵੰਡੇ ਜਾਣੇ ਹਨ। ਭਾਂਡਿਆਂ ਦੀਆਂ ਕਿੱਟਾਂ 'ਤੇ ਮੁੱਖ ਮੰਤਰੀ ਦੀ ਫੋਟੋ ਦਿਖੇਗੀ। ਫੁੱਟ ਪਾਥ 'ਤੇ ਸੌਣ ਵਾਲਿਆਂ ਨੂੰ ਇਹ ਭਾਂਡੇ ਨਹੀਂ ਮਿਲਨੇ। ਉਨ•ਾਂ ਦੀ ਵੋਟ ਹੁੰਦੀ ਤਾਂ ਗੱਲ ਵਿਚਾਰੀ ਜਾ ਸਕਦੀ ਸੀ। ਜਿਨ•ਾਂ ਨੂੰ ਭਾਂਡੇ ਮਿਲਨੇ ਹਨ, ਉਹ ਸੋਚਾਂ 'ਚ ਹੁਣੇ ਤੋਂ ਪੈ ਗਏ ਹਨ। ਖਾਲੀ ਭਾਂਡਿਆਂ ਦਾ ਉਹ ਕੀ ਕਰਨਗੇ ? ਚੰਗਾ ਹੁੰਦਾ,ਸਰਕਾਰ ਪਹਿਲਾਂ ਇਨ•ਾਂ ਭਾਂਡਿਆਂ 'ਚ ਲੋਕਾਂ ਨੂੰ ਕੁਝ ਪਾਉਣ ਜੋਗਾ ਕਰ ਦਿੰਦੀ। ਗਰੀਬ ਦੇ ਘਰ ਖਾਲੀ ਪਏ ਪੀਪੇ ਦਾ ਜੋ ਹਾਲ ਹੈ, ਉਹੀ ਇਨ•ਾਂ ਭਾਂਡਿਆਂ ਦਾ ਹੋਵੇਗਾ। ਦੇਖਦੇ ਜਾਓ,ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਬਹੁਤ ਵੰਡਾਰਾ ਹੋਣਾ ਹੈ। ਨੌਜਵਾਨਾਂ ਨੂੰ ਡੰਬਲ ਵੰਡੇ ਜਾਣੇ ਹਨ। ਲੁਧਿਆਣਾ ਤੇ ਫਿਰੋਜ਼ਪੁਰ ਜ਼ਿਲ•ੇ 'ਚ ਤਾਂ ਦਰਜਨਾਂ ਪਿੰਡਾਂ 'ਚ ਡੰਬਲ ਪੁੱਜ ਗਏ ਹਨ। ਸਮਝਣ ਵਾਲੀ ਗੱਲ ਹੈ ਕਿ ਡੰਬਲ ਫੇਰੂ ਕੌਣ। ਲੰਘੇ ਵਰਿ•ਆਂ 'ਚ ਜੋ ਨਸ਼ੇ ਵੰਡੇ ਗਏ। ਉਨ•ਾਂ ਨੇ ਮੁੰਡੇ ਡੰਬਲ ਫੇਰਨ ਜੋਗੇ ਛੱਡੇ ਹੀ ਨਹੀਂ। ਮੁੱਖ ਮੰਤਰੀ ਪੰਜਾਬ ਦੇ ਆਪਣੇ ਜੱਦੀ ਹਲਕੇ ਲੰਬੀ 'ਚ ਦਰਜਨਾਂ ਮੈਡੀਕਲ ਸਟੋਰ ਜਾਅਲੀ ਚੱਲ ਰਹੇ ਹਨ। ਇਨ•ਾਂ ਤੋਂ ਥੋੜੀ ਬਹੁਤੀ ਦਵਾਈ ਵੀ ਮਿਲਦੀ ਹੈ। ਕੰਦੂਖੇੜਾ ਦੇ ਪਰਲੇ ਪਾਸੇ ਰਾਜਸਥਾਨ ਦੇ ਹਰੀਪੁਰਾ ਦੇ ਭੁੱਕੀ ਦੇ ਸਰਕਾਰੀ ਠੇਕੇ 'ਤੇ ਪੂਰਾ ਮੇਲਾ ਭਰਦਾ ਹੈ। ਇੱਥੇ ਮਲਵਈ ਰੌਣਕ ਨਹੀਂ ਘਟਣ ਦਿੰਦੇ। ਨਸ਼ਿਆਂ ਦੀ ਸਪਲਾਈ ਲਾਈਨ ਏਨੇ ਵਰਿ•ਆਂ ਮਗਰੋਂ ਵੀ ਕਿਉਂ ਨਹੀਂ ਕੱਟੀ ਜਾ ਸਕੀ। ਜਿਨ•ਾਂ ਦੇ ਘਰਾਂ 'ਚ ਨਸ਼ਿਆਂ ਨੇ ਸੱਥਰ ਵਿਛਾ ਦਿੱਤੇ ਹਨ,ਉਨ•ਾਂ ਦਾ ਇਹ ਸੁਆਲ ਹੈ। ਹੋਰ ਤਾਂ ਹੋਰ, ਹਾਕਮ ਧਿਰ ਨੇ ਤਾਂ ਐਤਕੀਂ ਗਰੀਬ ਘਰਾਂ 'ਚ ਬਣਾਏ ਪਖਾਨਿਆਂ ਦੇ ਤਖਤਿਆਂ 'ਤੇ ਵੀ 'ਰਾਜ ਨਹੀਂ ਸੇਵਾ' ਦਾ ਠੱਪਾ ਲਗਾ ਦਿਤਾ ਹੈ ਤਾਂ ਜੋ ਪਖਾਨੇ 'ਚ ਬੈਠਾ ਵਿਅਕਤੀ ਆਪਣਾ ਵੋਟਾਂ ਲਈ ਆਪਣਾ ਮਨ ਬਣਾ ਸਕੇ। 
             ਖਾਂਦੇ ਪੀਂਦੇ ਪੰਜਾਬ ਨੂੰ ਅੰਗਹੀਣ ਕਰ ਦਿੱਤਾ ਹੈ ਵੰਡਾਰਾ ਕਰਨ ਵਾਲਿਆਂ ਨੇ। ਇਸ ਤੋਂ ਵੱਡਾ ਵੰਡਾਰਾ ਫਿਰ ਇਨ•ਾਂ ਨੇ ਕਰਨਾ ਹੈ। ਮੌਕਾ ਸੰਭਲਣ ਦਾ ਹੈ। ਹੁਣ ਤਾਂ ਅੰਗਰੇਜ਼ਾਂ ਨੂੰ ਵੀ ਮੁੜ ਸੱਦਣ ਦੀ ਲੋੜ ਨਹੀਂ ਰਹੀ। ਪਿੰਡਾਂ ਦਾ ਭਾਈਚਾਰਾ ਵੰਡ ਦਿੱਤਾ ਗਿਆ ਹੈ। ਭਾਈ ਭਾਈ ਵੰਡ ਦਿੱਤੇ ਹਨ। ਅੱਜ ਇੱਕ ਭਰਾ ਕਾਂਗਰਸੀ ਹੈ ਤਾਂ ਦੂਸਰਾ ਅਕਾਲੀ ਹੈ। ਬਾਪ ਅਕਾਲੀ ਹੈ ਤਾਂ ਬੱਚੇ ਕਾਂਗਰਸੀ ਨੇ। ਦਾਦਾ ਦਾਦੀ ਵੀ ਵੰਡ ਦਿੱਤੇ ਹਨ। ਉਹ ਪੁੱਤਾਂ ਦੀ ਮੰਨਣ ਜਾਂ ਫਿਰ ਪੋਤਿਆਂ ਦੀ। ਮੰਨਣ ਉਹ ਕਿਸੇ ਦੀ ਵੀ, ਏਨਾ ਉਹ ਜ਼ਰੂਰ ਮੰਨਦੇ ਹਨ ਕਿ ਹੁਣ ਬਾਹਰਲੇ ਧਾੜਵੀਆਂ ਦੀ ਲੋੜ ਨਹੀਂ। 'ਆਪਣੇ' ਹੀ ਕਾਫੀ ਹਨ। ਜੋ ਆਪਣੀ ਵੋਟ ਖਾਤਰ ਦੁਸ਼ਮਣੀ ਵੰਡ ਰਹੇ ਹਨ।  ਹੁਣ ਸਾਢੇ ਚਾਰ ਵਰਿ•ਆਂ ਮਗਰੋਂ ਕਾਂਗਰਸੀ ਵਿਧਾਇਕ ਵੀ ਨਿਕਲੇ ਹਨ। ਆਖਦੇ ਹਨ ਕਿ 'ਵਰਕਰਾਂ ਨਾਲ ਹੋਈ ਧੱਕੇਸ਼ਾਹੀ ਦਾ ਹਿਸਾਬ ਲਿਆ ਜਾਏਗਾ'। ਉਧਰ ਅਕਾਲੀ ਆਖਦੇ ਹਨ ਕਿ 'ਵਰਕਰਾਂ ਦਾ ਵਾਲ ਵਿੰਗਾ ਨਹੀਂ ਹੋਣ ਦਿਆਂਗੇ।' ਵੋਟਾਂ ਖਾਤਰ ਫਿਰ ਲਲਕਾਰੇ ਵੱਜਣ ਲੱਗੇ ਹਨ। ਆਮ ਲੋਕ ਫਿਰ ਕਿਥੇ ਜਾਣ ਜਿਨ•ਾਂ ਦੀ ਕੋਈ ਗੱਲ ਨਹੀਂ ਕਰ ਰਿਹਾ। ਸਭ ਆਪੋ ਆਪਣੇ ਵਰਕਰਾਂ ਦੀ ਗੱਲ ਕਰ ਰਹੇ ਹਨ। ਬਠਿੰਡਾ ਜ਼ਿਲ•ੇ ਦੇ ਪਿੰਡ ਮਹਿਤਾ ਦੇ ਲੋਕਾਂ ਨੇ ਐਤਕੀਂ ਚੰਗੀ ਸਕੀਮ ਬਣਾਈ ਹੈ। ਹਰਤੇਜ ਮਹਿਤਾ ਹੋਰਾਂ ਦੀ ਸਕੀਮ ਹੈ ਕਿ ਵਿਧਾਨ ਸਭਾ ਚੋਣਾਂ ਵੇਲੇ ਇੱਕ ਸਟੇਜ ਤੋਂ ਹਰ ਸਿਆਸੀ ਧਿਰ ਨੂੰ ਪਿੰਡ 'ਚ ਬੋਲਣ ਦਾ ਮੌਕਾ ਦਿੱਤਾ ਜਾਏਗਾ। ਲੋਕਾਂ ਨੇ ਧਾਰ ਲਈ ਹੈ ਕਿ ਭਾਈਚਾਰਾ ਨਹੀਂ ਵੰਡਣ ਦੇਣਾ।
            ਜਦੋਂ ਕੈਪਟਨ ਦਾ ਰਾਜ ਭਾਗ ਸੀ। ਵੰਡਾਰਾ ਉਦੋਂ ਵੀ ਏਵੇਂ ਹੀ ਹੋਇਆ ਸੀ। ਹੱਥੋਂ ਹੱਥ ਪਹਿਲਾਂ ਕਲੱਬ ਬਣਾਏ ਗਏ, ਫਿਰ ਉਨ•ਾਂ ਨੂੰ ਗੱਫੇ ਵੰਡ ਦਿੱਤੇ ਗਏ। ਪ੍ਰਸ਼ਾਸਨ ਹੁਣ ਤੱਕ ਇਨ•ਾਂ ਕਲੱਬਾਂ ਨੂੰ ਲੱਭੀ ਜਾ ਰਿਹਾ ਹੈ। ਲੱਖ ਵਖਰੇਵੇਂ ਹੋਣ,ਅਕਾਲੀ ਤੇ ਕਾਂਗਰਸੀ ਇੱਕ ਗੱਲੋਂ ਇੱਕੋ ਜੇਹੇ ਹਨ। ਬੇਰੁਜ਼ਗਾਰਾਂ ਨੂੰ ਡਾਂਗਾਂ ਵੰਡਣ ਅਤੇ ਵਿਧਾਨ ਸਭਾ 'ਚ ਆਪਣੇ ਭੱਤਿਆਂ 'ਚ ਵਾਧਾ ਕਰਾਉਣ 'ਚ ਇੱਕੋ ਮੋਰੀ ਲੰਘੇ ਹਨ। ਸਰਕਾਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਨੌਜਵਾਨ ਧੀਆਂ ਨੂੰ ਮਾਪਿਆਂ ਨੇ ਹਵਾਲਾਤ ਭੇਜਣ ਲਈ ਤਾਂ ਨਹੀਂ ਪੜਾਇਆ ਹੈ। ਜ਼ਿੰਦਗੀ ਦੇ ਆਖਰੀ ਮੋੜ ਤੇ ਖੜ•ੇ ਬਜ਼ੁਰਗਾਂ ਨੂੰ ਵੀ ਮਰਨ ਵਰਤ ਤੇ ਬੈਠਣਾ ਪੈ ਰਿਹੈ ਹੈ। ਹੁਣ ਤਾਂ ਪੰਜਾਬ ਵੀ ਨਾਜ਼ਕ ਮੋੜ 'ਤੇ ਖੜ•ਾ ਹੈ। ਕਾਂਗਰਸੀ ਨੇਤਾ ਹਾਕਮ ਧਿਰ ਤੋਂ ਵੀ ਅੱਗੇ ਨਿਕਲ ਗਏ ਹਨ। ਮਾਲਵਾ ਪੱਟੀ 'ਚ ਕਈ ਕਾਂਗਰਸੀ ਨੇਤਾ ਤਾਂ ਪਹਿਲਾਂ ਮਰੀਜ਼ਾਂ ਦਾ ਕੈਂਸਰ ਟੈਸਟ ਕਰਾਉਂਦੇ ਹਨ। ਟੈਸਟ ਮਗਰੋਂ ਰਿਪੋਰਟਾਂ ਮਰੀਜ਼ਾਂ ਨੂੰ ਵੰਡਦੇ ਹਨ। ਅਕਾਲੀ ਦਲ ਦਾ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਬਰਨਾਲਾ ਜ਼ਿਲ•ੇ 'ਚ ਐਤਕੀਂ ਪਿੰਡੋਂ ਪਿੰਡ ਗਰੀਬ ਲੋਕਾਂ ਨੂੰ ਆਟੇ ਦੀਆਂ ਥੈਲੀਆਂ ਵੰਡ ਰਿਹਾ ਹੈ। ਗਰੀਬ ਪੁੱਛਦੇ ਹਨ ਕਿ ਚੋਣਾਂ ਮਗਰੋਂ ਉਹ ਆਟਾ ਕਿਥੋਂ ਲਿਆਉਣ ?ਚੋਣਾਂ ਵੇਲੇ ਤਾਂ ਸਭ ਰਾਜਾਂ 'ਚ ਏਦਾ ਹੀ ਚੱਲਦਾ ਹੈ। ਤਾਮਿਲਨਾਡੂ 'ਚ ਪਿਛਲੀ ਚੋਣ 'ਚ ਜਦੋਂ ਕਰੁਨਾਨਿਧੀ ਨੇ ਘਰ ਘਰ ਟੀ.ਵੀ ਵੰਡ ਦਿੱਤੇ ਤਾਂ ਕੁਮਾਰੀ ਜੈਜਲਿਤਾ ਨੇ ਟੀ.ਵੀ ਦੇ ਨਾਲ ਮਿਕਸਰ ਵੀ ਵੰਡੇ ਸਨ। ਜਦੋਂ ਵੋਟਰਾਂ ਨੇ ਮੋਟਰ ਸਾਇਕਲ ਦੀ ਮੰਗ ਰੱਖ ਦਿੱਤੀ ਤਾਂ ਉਹ ਵੀ ਪੂਰੀ ਕੀਤੀ ਗਈ। ਕੁਮਾਰੀ ਜੈਜਲਿਤਾ ਪਹਿਲਾਂ ਸਾੜੀਆਂ ਵੀ ਵੰਡ ਚੁੱਕੀ ਹੈ। ਆਂਧਰਾ ਪ੍ਰਦੇਸ਼ 'ਚ ਢਾਈ ਰੁਪਏ ਕਿਲੋ ਚੌਲ ਵੰਡੇ ਗਏ ਸਨ। ਛਤੀਸਗੜ 'ਚ ਤਾਂ ਭਾਜਪਾ ਨੇ ਕਾਫੀ ਸਾਲ ਪਹਿਲਾਂ ਚੋਣਾਂ ਤੋਂ ਪਹਿਲਾਂ ਗਰੀਬ ਪ੍ਰਵਾਰਾਂ ਨੂੰ ਇੱਕ ਇੱਕ ਗਾਂ ਦੇਣ ਦਾ ਐਲਾਨ ਵੀ ਕੀਤਾ ਸੀ।
           ਚੋਣਾਂ ਵੇਲੇ ਹੀ ਨਹੀਂ, ਬਲਕਿ ਭਾਜਪਾ ਨੂੰ ਐਲ.ਕੇ.ਅਡਵਾਨੀ ਦੀ ਰੱਥ ਯਾਤਰਾ ਨੂੰ ਖਬਰਾਂ 'ਚ ਘੱਟ ਥਾਂ ਮਿਲਦੀ ਦਿਖੀ ਤਾਂ ਮੱਧ ਪ੍ਰਦੇਸ਼ 'ਚ ਭਾਜਪਾ ਨੇ ਲਿਫਾਫਿਆਂ 'ਚ ਪਾ ਕੇ ਪੱਤਰਕਾਰਾਂ ਨੂੰ ਨੋਟ ਵੰਡ ਦਿੱਤੇ। ਸਿਆਸੀ ਧਿਰਾਂ ਕੁਰਸੀ ਖਾਤਰ ਸਭ ਕੁਝ ਕਰਦੀਆਂ ਹਨ। ਇਹੋ ਰੰਗ ਪੰਜਾਬ ਨੂੰ ਚੜਿਆ ਹੋਇਆ ਹੈ। ਹਰ ਕੋਈ ਆਪਣੀ ਡਫਲੀ ਵਜਾ ਰਿਹਾ ਹੈ। ਇੰਝ ਵੀ ਲੱਗਦਾ ਹੈ ਕਿ ਜਿਵੇਂ ਇਕੱਲੇ ਮਨਪ੍ਰੀਤ ਸਿੰਘ ਬਾਦਲ ਨੂੰ ਹੀ ਪੰਜਾਬ ਦਾ ਫਿਕਰ ਹੈ। ਇਹੋ ਚਿੰਤਾ ਉਹ ਪਹਿਲਾਂ ਕਰਦੇ ਤਾਂ ਸ਼ਾਇਦ ਲੋਕ ਵਧੇਰੇ ਭਰੋਸਾ ਕਰਦੇ। ਮਨਪ੍ਰੀਤ 16 ਸਾਲ  ਵਿਧਾਇਕ ਰਹੇ ਹਨ। ਖ਼ਜ਼ਾਨਾ ਮੰਤਰੀ ਵੀ ਰਹੇ ਹਨ ਤੇ ਇਹ ਕੋਈ ਸਮਾਂ ਵੀ ਘੱਟ ਨਹੀਂ ਸੀ। ਸਮੇਂ ਦੀ ਤੋਟ ਤਾਂ ਕੈਪਟਨ ਅਮਰਿੰਦਰ ਸਿੰਘ ਕੋਲ ਹੈ। ਥੋੜਾ ਸਮਾਂ ਪਹਿਲਾਂ ਹੀ ਉਨ•ਾਂ ਨੇ ਮਹਿਲਾ ਚੋਂ ਨਿਕਲਣਾ ਸ਼ੁਰੂ ਕੀਤਾ ਹੈ।
         ਲੋਕ ਭੰਬਲਭੂਸੇ 'ਚ ਹਨ ਕਿ ਇੱਕ ਤਾਂ ਮਹਿਲਾਂ ਚੋਂ ਨਹੀਂ ਨਿਕਲਦਾ। ਦੂਸਰਾ ਘਰੋਂ ਘਰੀ ਤੁਰਿਆ ਫਿਰਦਾ ਹੈ। ਆਖਦੇ ਹਨ ਕਿ ਬਾਦਲ ਸਾਹਿਬ ਲਈ ਪਿੰਡ ਦੀ ਸਹਿਕਾਰੀ ਸਭਾ ਦੀ ਚੋਣ ਅਤੇ ਸੰਸਦੀ ਚੋਣ ਦਾ ਇੱਕੋ ਜਿਨ•ਾਂ ਮਹੱਤਵ ਹੁੰਦਾ ਹੈ। ਤਕੜੇ  ਚੋਣ ਮੈਨੇਜਰ ਨੇ ਬਾਦਲ ਸਾਹਿਬ, ਲੋਕ ਇਹ ਗੱਲ ਜਾਣਦੇ ਹਨ। ਜਾਣਦੇ ਤਾਂ ਉਨ•ਾਂ ਕਾਂਗਰਸੀ ਵਿਧਾਇਕਾਂ ਨੂੰ ਵੀ ਹਨ,ਜੋ ਸਰਕਾਰ ਤੋਂ ਹਲਕਾ ਭੱਤਾ ਤਾਂ ਲੈਣਾ ਭੁੱਲੇ ਨਹੀਂ,ਹਲਕਾ ਜ਼ਰੂਰ ਭੁੱਲੇ ਰਹੇ ਹਨ। ਕਾਂਗਰਸੀ ਵਿਧਾਇਕ ਮਤ ਸਮਝਣ ਕਿ ਲੋਕ ਏਨੇ ਹਲਕੇ ਹਨ,ਜਦੋਂ ਦਿਲ ਕੀਤਾ ਛੱਤਰੀ ਤਾਣ ਲਈ। ਵੋਟਰ ਕਿਸ ਦੀ ਛੱਤਰੀ 'ਤੇ ਬੈਠਦਾ,ਇਹ ਤਾਂ ਸਮਾਂ ਦੱਸੂ। ਇਹ ਦੱਸ ਦਿੰਦੇ ਹਾਂ ਕਿ ਜੋ ਲੋਕਾਂ ਦੀ ਤੰਗੀ ਤੁਰਸ਼ੀ ਅਤੇ ਦੁੱਖ ਦਰਦ ਕੱਟਣ ਵਾਸਤੇ ਵੰਡਿਆ ਜਾਣਾ ਸੀ। ਉਹ ਤਾਂ ਅੰਦਰੋਂ ਅੰਦਰੀਂ ਵੱਡਿਆ ਨੂੰ ਵੰਡ ਦਿੱਤਾ ਗਿਆ ਹੈ। ਏਡੀ ਵੱਡੀ ਰਿਫਾਈਨਰੀ ਆਉਂਦੇ ਦਿਨਾਂ 'ਚ ਚੱਲਣੀ ਹੈ। 15 ਸਾਲਾਂ ਲਈ ਟੈਕਸਾਂ ਤੋਂ ਛੋਟ ਦੇ ਦਿੱਤੀ ਗਈ ਹੈ। ਏਡੀ ਵੱਡੀ ਰਿਆਇਤ ਵੀ ਦਿੱਤੀ ਲੇਕਿਨ ਫਿਰ ਵੀ ਪ੍ਰਬੰਧਕਾਂ ਨਾਲ ਪੰਜਾਬੀ ਮੁੰਡਿਆਂ ਨੂੰ ਰੁਜ਼ਗਾਰ ਦੇਣ ਦੀ ਗੱਲ ਨਹੀਂ ਕੀਤੀ ਗਈ। ਮਾਨਸਾ ਦੇ ਗੋਬਿੰਦਪੁਰਾ 'ਚ ਤਾਪ ਬਿਜਲੀ ਘਰ ਲਾਉਣ ਵਾਲੀ ਪਿਓਨਾ ਕੰਪਨੀ ਨਾਲ ਵੀ ਇਹ ਗੱਲ ਕਰਨੀ ਵੀ ਸਰਕਾਰ ਭੁੱਲ ਗਈ ਹੈ। ਪਿਉਨਾ ਕੰਪਨੀ ਉਸ ਅਫਸਰ ਦੇ ਪੁੱਤ ਨੂੰ 50 ਹਜ਼ਾਰ ਪ੍ਰਤੀ ਮਹੀਨਾ ਰੁਪਏ ਵਾਲੀ ਨੌਕਰੀ ਦੇਣਾ ਨਹੀਂ ਭੁੱਲੀ ਜਿਸ ਨੇ ਜ਼ਮੀਨ ਐਕਵਾਇਰ ਕਰਨ 'ਚ ਦਿਨ ਰਾਤ ਮਦਦ ਕੀਤੀ। ਲੋਕਾਂ ਦੇ ਪੁੱਤਾਂ ਬਾਰੇ ਕੌਣ ਸੋਚੂ ? ਆਖਰ ਕਿਸਾਨ ਤੇ ਮਜ਼ਦੂਰਾਂ ਨੇ ਇਨ•ਾਂ ਦੇ ਖੇਤ ਬਚਾਉਣ ਲਈ ਝੰਡੇ ਚੁੱਕੇ ਹਨ। ਲੰਘੇ ਇੱਕ ਦਹਾਕੇ 'ਚ ਲੋਕ ਸੰਘਰਸ਼ਾਂ 'ਚ 16 ਕਿਸਾਨ ਤੇ ਮਜ਼ਦੂਰ ਸ਼ਹੀਦ ਹੋਏ ਹਨ। 
           ਇਹ ਮੌਸਮ ਨੇਤਾਵਾਂ ਲਈ ਚੋਣਾਂ ਦਾ ਹੋ ਸਕਦਾ ਹੈ ਲੇਕਿਨ ਆਮ ਲੋਕਾਂ ਲਈ ਜਾਗਣ ਵਾਲੇ ਦਿਨ ਹਨ। ਚਾਰ ਦਿਨਾਂ ਦਾ ਲਾਲਚ ਛੱਡ ਕੇ ਲੋਕਾਂ ਨੂੰ ਆਪਣੀ ਚਾਲ ਬਦਲਣੀ ਪਏਗੀ ਜਿਸ ਤੋਂ ਇਨ•ਾਂ ਲੀਡਰਾਂ ਨੂੰ ਅੰਦਾਜ਼ਾ ਹੋ ਸਕੇ। ਗੱਲ ਸਮਝਣੀ ਪਏਗੀ ਕਿ ਗਰੀਬ ਦੇ ਪੀਪੇ 'ਚ ਉਨ•ਾਂ ਆਟਾ ਨਹੀਂ ਹੁੰਦਾ ਜਿਨ•ਾਂ ਇਨ•ਾਂ ਲੀਡਰਾਂ ਦੇ ਘਰਾਂ 'ਚ ਸੋਨਾ ਹੈ। ਲੀਡਰਾਂ ਨੂੰ ਜਨਤਕ ਤੌਰ 'ਤੇ ਖੜ•ੇ ਕਰਕੇ ਪੁੱਛਣ ਦੀ ਲੋੜ ਹੈ। ਲਾਮਬੰਦੀ ਦੀ ਲੋੜ ਹੈ। ਚੰਗੀ ਸੋਚ ਰੱਖਣ ਦੀ ਲੋੜ ਹੈ। ਚੇਤੰਨ ਹੋਣ ਦੀ ਲੋੜ ਹੈ। ਇਨ•ਾਂ ਤੋਂ ਭਾਂਡੇ ਲੈਣ ਦੀ ਲੋੜ ਨਹੀਂ, ਦੋ ਵਕਤ ਦੀ ਰੋਟੀ ਮੰਗੀ ਜਾਵੇ। ਉਨ•ਾਂ ਤੋਂ ਹੱਕ ਮੰਗੇ ਜਾਣ। ਸਾਈਕਲ ਨਹੀਂ,ਸਾਈਕਲ ਖੁਦ ਰੱਖਣ ਦੀ ਪਹੁੰਚ ਮੰਗੀ ਜਾਵੇ। ਆਰਜ਼ੀ ਨਹੀਂ, ਚੰਗੇਰੇ ਭਵਿੱਖ ਵਾਲੀ ਟਿਕਾਊ ਨੀਤੀ ਦੀ ਮੰਗ ਕੀਤੀ ਜਾਵੇ। ਏਦਾ ਹੀ ਭਟਕੇ ਰਹੇ ਤਾਂ ਇਨ•ਾਂ ਮੌਸਮੀ ਲੋਕਾਂ ਨੇ ਇਵੇਂ ਹੀ ਲੋਕਾਂ ਨੂੰ ਚੁਰਾਸੀ ਤੇ ਗੇੜ 'ਚ ਪਾਈ ਰੱਖਣਾ ਹੈ। ਪੰਜਾਬ ਦਾ ਤਾਂ ਫਿਰ ਰੱਬ ਹੀ ਰਾਖਾ ਹੈ। 

  ਭਾਜਪਾ ਭੱਤੇ ਛਕਣ 'ਚ  'ਨੰਬਰ ਵਨ'

ਬਠਿੰਡਾ : ਭਾਜਪਾ ਵਿਧਾਇਕ ਸਰਕਾਰੀ ਖ਼ਜ਼ਾਨੇ ਚੋਂ ਭੱਤੇ ਲੈਣ 'ਚ 'ਨੰਬਰ ਵਨ' ਹਨ। ਦੂਸਰੇ ਨੰਬਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਮਝੈਲ ਵਿਧਾਇਕ ਆਏ ਹਨ। ਉਂਝ ਤਾਂ ਵਿਰੋਧੀ ਧਿਰ ਦੇ ਵਿਧਾਇਕ ਵੀ ਭੱਤੇ ਲੈਣ 'ਚ ਪਿਛੇ ਨਹੀਂ ਰਹੇ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਸਰਕਾਰ ਦੇ ਖ਼ਜ਼ਾਨੇ ਚੋਂ ਭੱਤਿਆਂ ਦੇ ਰੂਪ ਵਿੱਚ ਧੇਲਾ ਵੀ ਨਹੀਂ ਲਿਆ ਹੈ। ਦਿਲਚਸਪ ਗੱਲ ਇਹ ਹੈ ਕਿ ਵੱਧ ਭੱਤੇ ਲੈਣ 'ਚ ਵੀ ਕਾਂਗਰਸ ਅੱਗੇ ਹੈ। ਘੱਟ ਭੱਤੇ ਲੈਣ ਵਾਲਿਆਂ ਵਿੱਚ ਵੀ ਕਾਂਗਰਸੀ ਵਿਧਾਇਕ ਮੋਹਰੀ ਹਨ। ਮੌਜੂਦਾ ਰਾਜ ਭਾਗ ਦੇ ਸਵਾ ਚਾਰ ਵਰਿ•ਆਂ 'ਚ ਭੱਤਿਆਂ ਦੇ ਗੱਫੇ ਲੈਣ ਵਾਲੇ ਵਿਧਾਇਕਾਂ ਦਾ ਜਦੋਂ ਲੇਖਾ ਜੋਖਾ ਕੀਤਾ ਗਿਆ ਤਾਂ ਬਾਜੀ ਭਾਜਪਾ ਵਿਧਾਇਕ ਮਾਰ ਗਏ। ਪੰਜਾਬ ਵਿਧਾਨ  ਸਭਾ ਵਲੋਂ ਸੂਚਨਾ ਦੇ ਅਧਿਕਾਰ ਤਹਿਤ ਜੋ ਭੱਤੇ ਲੈਣ ਵਾਲੇ ਪੰਜਾਬ ਦੇ 'ਟੌਪ ਟੈਨ' ਵਿਧਾਇਕਾਂ ਦੀ ਸੂਚੀ ਦਿੱਤੀ ਗਈ ਹੈ, ਉਸ 'ਚ ਭਾਜਪਾ ਵਿਧਾਇਕ ਸੀਤਾ ਰਾਮ ਕਸ਼ਯਪ ਪੰਜਾਬ ਚੋਂ 'ਨੰਬਰ ਵਨ' ਆਏ ਹਨ ਜਿਨ•ਾਂ ਨੇ ਇਨ•ਾਂ ਵਰਿ•ਆਂ 'ਚ 17.96 ਲੱਖ ਰੁਪਏ ਇਕੱਲੇ ਟੀ.ਏ/ਡੀ.ਏ ਵਜੋਂ ਵਸੂਲ ਪਾਏ ਹਨ। ਜ਼ਿਲ•ਾ ਗੁਰਦਾਸਪੁਰ ਦੇ ਹਲਕਾ ਦੀਨਾ ਨਗਰ ਤੋਂ ਸ੍ਰੀ ਸੀਤਾ ਰਾਮ ਕਸ਼ਯਪ ਭਾਜਪਾ ਵਿਧਾਇਕ ਹਨ। ਭੱਤੇ ਲੈਣ 'ਚ ਤਾਂ ਉਹ ਬਾਜੀ ਮਾਰ ਗਏ ਹਨ ਲੇਕਿਨ ਵਿਧਾਨ ਸਭਾ 'ਚ ਸੁਆਲ ਪੁੱਛਣ 'ਚ ਉਹ ਪਿਛੇ  ਰਹਿ ਗਏ ਹਨ। ਉਨ•ਾਂ ਵਲੋਂ ਮਾਰਚ 2011 ਤੱਕ ਸਿਰਫ਼ ਚਾਰ ਸੁਆਲ ਹੀ ਪੰਜਾਬ ਅਸੈਂਬਲੀ 'ਚ ਪੁੱਛੇ ਗਏ ਹਨ। ਵਿਧਾਇਕ ਸੀਤਾ ਰਾਮ ਦਾ ਕਹਿਣਾ ਸੀ ਕਿ ਉਸ ਨੇ ਹਰ ਮੀਟਿੰਗ ਅਟੈਂਡ ਕੀਤੀ ਹੈ ਅਤੇ ਚੰਗੀ ਕਾਰਗੁਜ਼ਾਰੀ ਦਿਖਾਈ ਹੈ ਜਿਸ ਵਜੋਂ ਉਸ ਦੇ ਭੱਤੇ ਜਿਆਦਾ ਬਣੇ ਹਨ। ਉਨ•ਾਂ ਆਖਿਆ ਕਿ ਇਹ ਚੰਗਾ ਕੰਮ ਕਰਨ ਦਾ ਨਤੀਜਾ ਹੈ। 
           ਪੰਜਾਬ ਦੇ 'ਟੌਪ ਟੈਨ' ਵਿਧਾਇਕਾਂ ਨੇ ਸਵਾ ਚਾਰ ਸਾਲਾਂ 'ਚ 1,46,45,076 ਰੁਪਏ ਟੀ.ਏ/ਡੀ.ਏ ਲਿਆ ਹੈ। ਪੰਜਾਬ ਸਰਕਾਰ ਵਲੋਂ ਹੁਣ ਤਾਂ ਇਨ•ਾਂ ਭੱਤਿਆਂ 'ਚ ਵੀ ਵਾਧਾ ਕਰ ਦਿੱਤਾ ਗਿਆ ਹੈ। ਵਾਧੇ ਮਗਰੋਂ ਵਿਧਾਇਕਾਂ ਨੂੰ ਹੁਣ 15 ਰੁਪਏ ਪ੍ਰਤੀ ਕਿਲੋਮੀਟਰ ਦਾ ਤੇਲ ਖਰਚ ਮਿਲੇਗਾ ਜਦੋਂ ਕਿ ਪਹਿਲਾਂ ਇਹ 12 ਰੁਪਏ ਪ੍ਰਤੀ ਕਿਲੋਮੀਟਰ ਸੀ। ਪਿਛਲੇ ਵਰੇ• ਤਾਂ ਇਹ ਸਿਰਫ਼ 6 ਰੁਪਏ ਪ੍ਰਤੀ ਕਿਲੋਮੀਟਰ ਹੀ ਹੁੰਦਾ ਸੀ। ਏਦਾ ਹੀ 1000 ਰੁਪਏ ਡੀ.ਏ ਮਿਲੇਗਾ ਜਦੋਂ ਕਿ ਵਾਧੇ ਤੋਂ ਪਹਿਲਾਂ ਇਹ ਡੀ.ਏ ਕੇਵਲ 500 ਰੁਪਏ ਸੀ। ਆਉਂਦੇ ਸਮੇਂ ਤਾਂ ਵਿਧਾਇਕਾਂ ਨੂੰ ਹੋਰ ਵੀ ਗੱਫਾ ਮਿਲ ਜਾਏਗਾ। ਸਰਕਾਰੀ ਸੂਚਨਾ ਅਨੁਸਾਰ ਟੀ.ਏ/ਡੀ.ਏ ਲੈਣ 'ਚ ਦੂਸਰਾ ਨੰਬਰ ਹਲਕਾ ਵਲਟੋਹਾ ਤੋਂ ਅਕਾਲੀ ਵਿਧਾਇਕ ਵਿਰਸਾ ਸਿੰਘ ਦਾ ਹੈ ਜਿਨ•ਾਂ ਨੇ ਸਵਾ ਚਾਰ ਸਾਲਾਂ 'ਚ 17.78 ਲੱਖ ਰੁਪਏ ਦਾ ਟੀ.ਏ/ਡੀ.ਏ ਵਸੂਲ ਕੀਤਾ ਹੈ। ਤੀਸਰਾ ਨੰਬਰ ਹਲਕਾ ਵੇਰਕਾ ਦੇ ਵਿਧਾਇਕ ਡਾ.ਦਲਬੀਰ ਸਿੰਘ ਦਾ ਹੈ ਜਿਨ•ਾਂ ਨੇ 15.60 ਲੱਖ ਰੁਪਏ ਟੀ.ਏ/ਡੀ.ਏ ਵਸੂਲਿਆ ਹੈ। ਚੌਥੇ ਨੰਬਰ 'ਤੇ ਬਠਿੰਡਾ ਜ਼ਿਲ•ੇ ਦੇ ਹਲਕਾ ਪੱਕਾ ਕਲਾਂ ਤੋਂ ਵਿਧਾਇਕ ਮੱਖਣ ਸਿੰਘ ਦਾ ਹੈ ਜਿਨ•ਾਂ ਨੇ ਖ਼ਜ਼ਾਨੇ ਚੋਂ 14.58 ਲੱਖ ਰੁਪਏ ਟੀ.ਏ/ਡੀ.ਏ ਪ੍ਰਾਪਤ ਕੀਤਾ ਹੈ। ਵਿਧਾਇਕ ਮੱਖਣ ਸਿੰਘ ਤਾਂ ਪੰਜਾਬ ਅਸੈਂਬਲੀ 'ਚ ਸੁਆਲ ਪੁੱਛਣ 'ਚ ਵੀ ਮੋਹਰੀ ਹਨ ਤੇ ਇੱਧਰ ਭੱਤੇ ਲੈਣ 'ਚ ਪਿਛੇ ਨਹੀਂ ਹਨ। ਪੰਜਾਬ ਭਰ ਦੇ ਵਿਧਾਇਕਾਂ ਚੋਂ ਸਭ ਤੋਂ ਵੱਧ ਟੀ.ਏ/ਡੀ.ਏ ਲੈਣ ਵਾਲੇ ਪਹਿਲੇ 10 ਵਿਧਾਇਕਾਂ 'ਚ ਭਾਜਪਾ ਦੇ ਚਾਰ ਵਿਧਾਇਕ ਸ਼ਾਮਲ ਹਨ ਜਦੋਂ ਕਿ ਅਕਾਲੀ ਦਲ ਤੇ ਕਾਂਗਰਸ ਦੇ ਤਿੰਨ ਤਿੰਨ ਵਿਧਾਇਕ ਹਨ। ਭਾਜਪਾ ਦੇ ਅੰਮ੍ਰਿਤਸਰ (ਉੱਤਰੀ) ਤੋਂ ਵਿਧਾਇਕ ਅਨਿਲ ਜੋਸ਼ੀ ਟੀ.ਏ/ਡੀ.ਏ ਲੈਣ 'ਚ ਪੰਜਾਬ ਚੋਂ ਸੱਤਵੇਂ ਨੰਬਰ ਹਨ ਜਿਨ•ਾਂ ਨੇ 13.59 ਲੱਖ ਰੁਪਏ ਦੇ ਭੱਤੇ ਵਸੂਲੇ ਹਨ। ਭਾਜਪਾ ਦੇ ਹਲਕਾ ਦਸੂਹਾ ਤੋਂ ਵਿਧਾਇਕ ਅਮਰਜੀਤ ਸਿੰਘ ਸਾਹੀ ਨੇ 12.51 ਲੱਖ ਰੁਪਏ ਅਤੇ ਭਾਜਪਾ ਦੇ ਹਲਕਾ ਨਿਰੋਟ ਮਹਿਰਾ ਤੋਂ ਵਿਧਾਇਕ ਸ੍ਰੀ ਬਿਸ਼ੰਬਰ ਦਾਸ ਨੇ 12.64 ਲੱਖ ਰੁਪਏ ਦਾ ਟੀ.ਏ/ਡੀ.ਏ ਪ੍ਰਾਪਤ ਕੀਤਾ ਹੈ। ਅਕਾਲੀ ਦਲ ਦੇ ਹਲਕਾ ਜੰਡਿਆਲਾ ਤੋਂ ਵਿਧਾਇਕ ਮਲਕੀਅਤ ਸਿੰਘ ਪੰਜਵੇਂ ਨੰਬਰ 'ਤੇ ਹਨ ਜਿਨ•ਾਂ ਨੇ 14.45 ਲੱਖ ਰੁਪਏ ਟੀ.ਏ/ਡੀ.ਏ ਵਜੋਂ ਪ੍ਰਾਪਤ ਕੀਤੇ ਹਨ। ਕਾਂਗਰਸ ਪਾਰਟੀ ਦੇ ਹਲਕਾ ਰਾਮਪੁਰਾ ਫੂਲ ਤੋਂ ਗੁਰਪ੍ਰੀਤ ਸਿੰਘ ਕਾਂਗੜ ਇਕਲੌਤੇ ਵਿਧਾਇਕ ਹਨ ਜਿਨ•ਾਂ ਨੇ ਟੀ.ਏ/ਡੀ.ਏ ਲੈਣ 'ਚ ਵੀ ਕਸਰ ਕੱਢ ਦਿੱਤੀ ਅਤੇ ਉਲਟਾ ਵਿਧਾਨ ਸਭਾ 'ਚ ਸੁਆਲ ਪੁੱਛਣ 'ਚ ਵੀ ਹਿੰਮਤ ਨਹੀਂ ਦਿਖਾਈ। ਕਾਂਗਰਸੀ ਵਿਧਾਇਕ ਸ੍ਰੀ ਕਾਂਗੜ ਪੰਜਾਬ ਚੋਂ ਅੱਠਵੇਂ ਨੰਬਰ ਹਨ ਜਿਨ•ਾਂ ਨੇ 12.94 ਲੱਖ ਰੁਪਏ ਟੀ.ਏ/ਡੀ.ਏ ਵਸੂਲ ਕੀਤਾ ਹੈ। ਇਸ ਦੇ ਉਲਟ ਪੰਜਾਬ ਅਸੈਂਬਲੀ 'ਚ 31 ਮਾਰਚ 2011 ਤੱਕ ਸਿਰਫ਼ 11 ਸੁਆਲ ਹੀ ਪੁੱਛੇ ਹਨ। 
          ਜ਼ਿਲ•ਾ ਮਾਨਸਾ ਦੇ ਕਾਂਗਰਸੀ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨੇ ਅਸੈਂਬਲੀ 'ਚ ਸੁਆਲ ਵੀ 125 ਦੇ ਕਰੀਬ ਪੁੱਛੇ ਹਨ। ਉਨ•ਾਂ ਟੀ.ਏ/ਡੀ.ਏ  ਵੀ 14.35 ਲੱਖ ਰੁਪਏ ਵਸੂਲਿਆ ਹੈ। ਉਹ ਪੰਜਾਬ ਭਰ ਚੋਂ ਛੇਵੇਂ ਨੰਬਰ 'ਤੇ ਆਏ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟੀ.ਏ/ਡੀ.ਏ ਵਜੋਂ ਕੋਈ ਪੈਸਾ ਨਹੀਂ ਲਿਆ ਹੈ। ਜਿਨ•ਾਂ ਵਿਧਾਇਕਾਂ ਨੇ ਸਭ ਤੋਂ ਘੱਟ ਟੀ.ਏ/ਡੀ.ਏ ਲਿਆ ਹੈ, ਉਨ•ਾਂ 'ਚ ਕੈਪਟਨ ਅਮਰਿੰਦਰ ਸਿੰਘ ਤੋਂ ਮਗਰੋਂ ਹਲਕਾ ਮੁਕਤਸਰ ਦੇ ਕਾਂਗਰਸੀ ਵਿਧਾਇਕ ਕੰਵਰਜੀਤ ਸਿੰਘ ਬਰਾੜ ਦਾ ਨੰਬਰ ਆਉਂਦਾ ਹੈ ਜਿਨ•ਾਂ ਨੇ ਕੇਵਲ 77,700 ਰੁਪਏ ਟੀ.ਏ/ਡੀ.ਏ ਵਜੋਂ ਲਏ ਹਨ। ਹਲਕਾ ਬਨੂੜ ਤੋਂ ਅਕਾਲੀ ਵਿਧਾਇਕ ਜਸਜੀਤ ਸਿੰਘ ਬਨੀ ਨੇ 79540 ਰੁਪਏ,ਅਕਾਲੀ ਵਿਧਾਇਕ ਮਨਜਿੰਦਰ ਸਿੰਘ ਕੰਗ ਨੇ 79,964 ਰੁਪਏ ਅਤੇ ਹਲਕਾ ਕਿਲਾ ਰਾਏਪੁਰ ਤੋਂ ਕਾਂਗਰਸੀ ਵਿਧਾਇਕ ਜਸਬੀਰ ਸਿੰਘ ਖੰਗੂੜਾ ਨੇ ਟੀ.ਏ/ਡੀ.ਏ ਵਜੋਂ 1.20 ਲੱਖ ਰੁਪਏ ਹੀ ਵਸੂਲੇ ਹਨ। ਪੰਜਾਬ ਵਿਧਾਨ ਸਭਾ ਦੇ ਸਕੱਤਰ ਸ੍ਰੀ ਵੇਦ ਪ੍ਰਕਾਸ਼ ਦਾ ਕਹਿਣਾ ਸੀ ਕਿ ਜਿਨ•ਾਂ ਵਿਧਾਇਕਾਂ ਦੇ ਹਲਕੇ ਦੂਰ ਪੈਂਦੇ ਹਨ,ਉਨ•ਾਂ ਦਾ ਟੀ.ਏ ਜਿਆਦਾ ਬਣ ਜਾਂਦਾ ਹੈ। ਉਨ•ਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਮੀਟਿੰਗ ਅਟੈਂਡ ਨਹੀਂ ਕੀਤੀ ਜਿਸ ਕਰਕੇ ਉਨ•ਾਂ ਦੇ ਕੋਈ ਭੱਤੇ ਵੀ ਨਹੀਂ ਬਣੇ ਹਨ। ਉਨ•ਾਂ ਦੱਸਿਆ ਕਿ ਟੀ.ਏ/ਡੀ.ਏ ਸਿਰਫ਼ ਸਰਕਾਰੀ ਮੀਟਿੰਗ ਜਾਂ ਪੰਜਾਬ ਵਿਧਾਨ ਸਭਾ ਦੀ ਕਮੇਟੀ ਦੀ ਮੀਟਿੰਗ ਅਟੈਂਡ ਕੀਤੇ ਜਾਣ ਦਾ ਹੀ ਮਿਲਦਾ ਹੈ। 
               

                                 ਵਿਸ਼ੇਸ਼ ਮੁਲਾਕਾਤ 
     ਪਾਸ਼ ਲੰਬੀ ਹਲਕਾ ਛੱਡ ਦੇਵੇ- ਦਾਸ਼
                                           
ਸਾਬਕਾ ਸੰਸਦ ਮੈਂਬਰ ਗੁਰਦਾਸ ਸਿੰਘ ਬਾਦਲ ਨੇ ਆਖਿਆ ਹੈ ਕਿ ਪ੍ਰਕਾਸ਼ ਸਿੰਘ ਬਾਦਲ ਲੰਬੀ ਹਲਕਾ ਛੱਡ ਦੇਣ ਤਾਂ ਉਨ੍ਹਾਂ ਨੂੰ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਹੋਵੇਗੀ। ਉਨ੍ਹਾਂ ਕਿਹਾ ਕਿ ਜਿਸ ਭਰਾ ਦੀ ਖਾਤਰ ਉਨ੍ਹਾਂ ਨੇ ਸਾਰੀ ਉਮਰ ਲਗਾ ਦਿੱਤੀ,ਉਸ ਖਿਲਾਫ ਚੋਣ ਲੜਨ ਵਿਚ ਉਨ੍ਹਾਂ ਨੂੰ ਕੋਈ ਖੁਸ਼ੀ ਨਹੀਂ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਚੰਗਾ ਹੋਵੇਗਾ ਜੇਕਰ ਪ੍ਰਕਾਸ਼ ਸਿੰਘ ਬਾਦਲ ਖੁਦ ਹੀ ਲੰਬੀ ਹਲਕਾ ਛੱਡ ਜਾਣ ਤੇ ਕਿਤੋਂ ਹੋਰੋਂ ਚੋਣ ਲੜ ਲੈਣ। ਇਸ ਨਾਲ ਭਰਾਵਾਂ ਦੀ ਆਹਮੋ ਸਾਹਮਣੀ ਟੱਕਰ ਟਲ ਜਾਵੇਗੀ ਅਤੇ ਜਗ ਹਸਾਈ ਵੀ ਨਹੀਂ ਹੋਵੇਗੀ। ਿੰਡ ਬਾਦਲ ਵਿਖੇ ਵਿਸ਼ੇਸ਼ ਗੱਲਬਾਤ ਦੌਰਾਨ ਸ੍ਰੀ ਗੁਰਦਾਸ ਸਿੰਘ ਬਾਦਲ  ਦ੍ਰਿੜਤਾ ਨਾਲ ਆਖਿਆ ਕਿ ਉਹ ਲੰਬੀ ਹਲਕੇ ਤੋਂ ਹੀ ਚੋਣ ਲੜਨਗੇ। ਲੰਬੀ ਉਨ੍ਹਾਂ ਦੀ ਕਰਮ ਭੂਮੀ ਹੈ ਅਤੇ ਇਸ ਨੂੰ ਹੀ ਉਹ ਆਪਣੀ ਰਣ-ਭੂਮੀ ਵਜੋਂ ਵਰਤਣਗੇ। ਉਨ੍ਹਾਂ ਇਹ ਵੀ ਆਖਿਆ, 'ਬਾਦਲ ਸਾਹਿਬ ਦੇ ਹੁਣ ਵੱਸ ਦਾ ਰੋਗ ਨਹੀਂ ਰਿਹਾ ਹੈ, ਉਹ ਸਿਰਫ ਰਬੜ ਦੀ ਮੋਹਰ ਬਣ ਗਏ ਹਨ। 'ਬਾਹਰਲੇ ਪਰਿਵਾਰ' ਦਾ ਪ੍ਰਭਾਵ ਵੱਧਣ ਕਰਕੇ ਮੁੱਖ ਮੰਤਰੀ ਮਜਬੂਰ ਹੋ ਗਏ ਹਨ।' ਉਨ੍ਹਾਂ ਨੇ ਟੇਢੇ ਢੰਗ ਨਾਲ ਮਜੀਠੀਆ ਪਰਿਵਾਰ ਦੀ ਗੱਲ ਕਰਦਿਆਂ ਆਖਿਆ ਕਿ ਇਸ ਪਰਿਵਾਰ ਨੇ ਬਾਦਲ ਪਰਿਵਾਰ ਲਈ ਚੰਗੀ ਭੂਮਿਕਾ ਨਹੀਂ ਨਿਭਾਈ।ਸ੍ਰੀ ਗੁਰਦਾਸ ਸਿੰਘ ਬਾਦਲ ਨੇ ਦਾਅਵੇ ਨਾਲ ਕਿਹਾ ਕਿ ਸੁਖਬੀਰ ਸਿੰਘ ਬਾਦਲ ਸਾਰੀ ਉਮਰ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣ ਸਕਦਾ ਕਿਉਂਕਿ ''ਉਸ ਕੋਲ ਸਭਨਾਂ ਨੂੰ ਨਾਲ ਰੱਖਣ ਦੀ ਸਮਰੱਥਾ ਨਹੀਂ ਹੈ। ਨੇਤਾ ਉਹੋ ਹੀ ਬਣਦਾ ਹੈ ਜੋ ਪਾਰਟੀਬਾਜ਼ੀ ਨੂੰ ਰੋਕੇ। ਸੁਖਬੀਰ ਸਿੰਘ ਬਾਦਲ ਨੂੰ ਡਰ ਸੀ ਕਿ ਮਨਪ੍ਰੀਤ ਦੇ ਹੁੰਦੇ ਉਸ ਨੂੰ ਮੁੱਖ ਮੰਤਰੀ ਦਾ ਮੌਕਾ ਨਹੀਂ ਮਿਲ ਸਕਦਾ ਕਿਉਂਕਿ ਮਨਪ੍ਰੀਤ ਸੀਨੀਅਰ ਸੀ ਅਤੇ ਚੌਥੀ ਦਫਾ ਵਿਧਾਇਕ ਬਣ ਚੁੱਕਾ ਹੈ।
            ਅਸਲੀਅਤ ਇਹ ਸੀ ਕਿ ਮਨਪ੍ਰੀਤ ਮੁੱਖ ਮੰਤਰੀ ਬਣਨ ਦੀ ਦੌੜ ਵਿੱਚ ਨਹੀਂ ਸੀ ਬਲਕਿ ਉਹ ਤਾਂ ਮੁੱਖ ਮੰਤਰੀ ਦਾ ਪੀ.ਏ. ਬਣਨ ਦਾ ਇੱਛੁਕ ਸੀ।'' ਉਨ੍ਹਾਂ ਪੇਸ਼ੀਨਗੋਈ ਕੀਤੀ ਕਿ ਅਗਾਮੀ ਅਸੈਂਬਲੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਬੁਰੀ ਤਰ੍ਹਾਂ ਹਾਰੇਗਾ ਅਤੇ ਇਸ ਹਾਰ ਦੀ ਵਜ੍ਹਾ ਸੁਖਬੀਰ ਸਿੰਘ ਬਾਦਲ ਹੀ ਹੋਵੇਗਾ। ਇਹ ਗੱਲ ਤੈਅ ਹੈ ਕਿ ਅਗਲੀ ਵਜ਼ਾਰਤ ਮਨਪ੍ਰੀਤ ਦੀ ਮਦਦ ਬਿਨਾਂ ਨਹੀਂ ਬਣੇਗੀ।
           ਸ੍ਰੀ ਗੁਰਦਾਸ ਸਿੰਘ ਬਾਦਲ ਨੇ ਇਹ ਦਾਅਵਾ ਵੀ ਕੀਤਾ ਕਿ ਭਾਵੇਂ ਹੁਣ ਤਾਂ ਗਿੱਦੜਬਾਹਾ 'ਚ ਸਾਰੇ ਮਨਪ੍ਰੀਤ ਨੂੰ ਕਮਜ਼ੋਰ ਕਰਨ ਵਿੱਚ ਜੁਟੇ ਹੋਏ ਹਨ ਪ੍ਰੰਤੂ ਹਲਕੇ ਦੇ ਲੋਕਾਂ ਦਾ ਮਨਪ੍ਰੀਤ ਨਾਲ ਪਿਆਰ ਸਭ ਯਤਨਾਂ ਨੂੰ ਫੇਲ੍ਹ ਕਰ ਦੇਵੇਗਾ। ਉਨ੍ਹਾਂ ਇਹ ਗੱਲ ਸਾਫ ਆਖੀ ਕਿ ਉਹ ਆਪਣੇ ਵੱਡੇ ਭਰਾ ਨਾਲ ਸਿਆਸੀ ਤੌਰ 'ਤੇ ਹੁਣ ਕਦੇ ਇਕੱਠੇ ਨਹੀਂ ਹੋ ਸਕਦੇ ਹਨ ਕਿਉਂਕਿ ਮਨਪ੍ਰੀਤ ਨੂੰ ਬਿਨਾਂ ਕਸੂਰ ਤੋਂ ਸਾਜ਼ਿਸ਼ ਤਹਿਤ ਜਿਸ ਤਰ੍ਹਾਂ ਪਾਰਟੀ ਵਿਚੋਂ ਕੱਢਿਆ ਗਿਆ,ਉਸ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਮੰਨਿਆ ਕਿ ਦੋਵਾਂ ਬਾਦਲ ਭਰਾਵਾਂ ਦਾ ਪਿਆਰ ਹੀ ਏਨਾ ਹੈ ਕਿ ਅੱਜ ਵੀ ਮੁੱਖ ਮੰਤਰੀ ਲੋਕਾਂ ਕੋਲੋਂ ਉਸ ਦਾ ਹਾਲ-ਚਾਲ ਪੁੱਛਦੇ ਹਨ। ਉਨ੍ਹਾਂ ਆਖਿਆ ਕਿ  ਮੁੱਖ ਮੰਤਰੀ ਨੇ ਪੂਰੀ ਜ਼ਿੰਦਗੀ 'ਚ ਉਨ੍ਹਾਂ (ਗੁਰਦਾਸ) ਦੀ ਕੋਈ ਗੱਲ ਨਹੀਂ ਮੋੜੀ ਅਤੇ ''ਮੈਂ ਭਰਾ ਦੀ ਖੁਸ਼ੀ ਲਈ ਆਪਣੇ ਆਪ ਨੂੰ ਹਮੇਸ਼ਾਂ ਪਿਛੇ ਰੱਖਿਆ।'' ਉਨ੍ਹਾਂ ਦੱਸਿਆ ਕਿ ਪਿੰਡ ਬਾਦਲ ਵਿਚਲਾ ਉਨ੍ਹਾਂ ਦਾ ਪੁਰਾਣਾ ਘਰ ਅਸਲ ਵਿਚ 'ਬਰਕਤਾਂ ਵਾਲਾ ਘਰ' ਸੀ ਜਿਸ ਨੂੰ ਛੱਡਣ ਮਗਰੋਂ ਹੀ ਪਰਿਵਾਰ 'ਚ ਤਰੇੜਾਂ ਬਣੀਆਂ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪਿੰਡ ਬਾਦਲ ਵਿਚਲੇ ਪੁਰਾਣੇ ਘਰ ਵਿੱਚ ਰਹਿਣਾ ਚਾਹੁੰਦੇ ਸਨ ਜਿਸ ਕਰਕੇ ਉਨ੍ਹਾਂ ਨੇ ਥੋੜ੍ਹੀ ਬਹੁਤ ਮੁਰੰਮਤ ਵੀ ਪੁਰਾਣੇ ਘਰ ਦੀ ਕਰਾਈ ਸੀ, ਪ੍ਰੰਤੂ ਸੁਖਬੀਰ ਉਨ੍ਹਾਂ ਨੂੰ ਨਵੇਂ ਘਰ ਵਿੱਚ ਲਿਜਾਣਾ ਚਾਹੁੰਦਾ ਸੀ। ਉਨ੍ਹਾਂ ਆਖਿਆ ਕਿ ਪੁਰਾਣਾ ਘਰ ਛੱਡਣ ਮਗਰੋਂ ਮੁੱਖ ਮੰਤਰੀ ਨੇ ਉਨ੍ਹਾਂ (ਗੁਰਦਾਸ) ਕੋਲ ਇਹ ਗੱਲ ਬੜੀ ਭਾਵੁਕਤਾ ਨਾਲ ਕੀਤੀ ਸੀ, ' ਤੇਰੇ ਬਿਨਾਂ ਜ਼ਿੰਦਗੀ 'ਚ ਜੀਅ ਨਹੀਂ ਲੱਗਦਾ ਹੈ।'
           ਸ੍ਰੀ ਗੁਰਦਾਸ ਸਿੰਘ ਬਾਦਲ ਨੇ ਦੱਸਿਆ ਕਿ ਮਨਪ੍ਰੀਤ ਵੀ ਉਨ੍ਹਾਂ ਨੂੰ ਢਾਣੀ 'ਚ ਲਿਜਾਣਾ ਚਾਹੁੰਦਾ ਸੀ, ਪ੍ਰੰਤੂ ਉਨ੍ਹਾਂ ਨੇ ਸਾਫ ਨਾਂਹ ਕਰ ਦਿੱਤੀ। ਉਨ੍ਹਾਂ ਆਖਿਆ, 'ਇਸ ਪੁਰਾਣੇ ਘਰ 'ਚੋਂ ਹੀ ਬਾਦਲ ਪਰਿਵਾਰ ਨੂੰ ਬਰਕਤ ਮਿਲੀ ਹੈ।' ਰਿਸ਼ਤੇ ਦੀਆਂ ਤਰੇੜਾਂ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਭਰਾ ਦੀ ਤਾਰੀਫ ਕਰਦਿਆਂ ਆਖਿਆ,'ਮੁੱਖ ਮੰਤਰੀ ਵਰਗਾ ਸਿਆਣਾ ਕੋਈ ਜੱਗ 'ਤੇ ਨਹੀਂ ਹੈ। ਉਹ ਮੁਸ਼ਕਲ ਸਮੇਂ ਵੀ ਬਾਗੋ-ਬਾਗ ਰਹਿੰਦਾ ਹੈ।' ਉਨ੍ਹਾਂ ਆਖਿਆ ਕਿ ਉਹ ਤਾਂ ਹਾਲੇ ਵੀ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲਾਂ ਵਰਗੀ ਇੱਜ਼ਤ ਕਰਦੇ ਹਨ। ਕੁਝ ਦਿਨ ਪਹਿਲਾਂ ਉਹ ਕਾਂਗਰਸ ਦੀ ਰੈਲੀ ਕੋਲੋਂ ਲੰਘ ਰਹੇ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਉੱਚੀ-ਉੱਚੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਬੋਲ ਰਿਹਾ ਸੀ। ਜਜ਼ਬਾਤੀ ਰੌਂਅ 'ਚ ਉਨ੍ਹਾਂ ਕਿਹਾ, ''ਉਹਦੇ ਕੁਬੋਲ ਸੁਣ ਕੇ ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ।''
                ਬਾਦਲ ਖਾਨ ! ਹੁਣ ਦੇਖ ਬਾਦਲ
                                 
 ਆਓ, ਪੁਰਾਣੇ ਪਿੰਡ ਬਾਦਲ ਚੱਲੀਏ ਜੋ ਕਦੇ ਜੰਗਲ ਦੇਸ਼ ਵਿੱਚ ਸੀ। ਇਹ ਪਿੰਡ ਬਾਦਲ ਖਾਨ ਦਾ ਸੀ। ਚਾਰ ਚੁਫੇਰੇ ਟਿੱਬੇ ਹੀ ਟਿੱਬੇ ਸਨ। ਕੱਚੇ ਰਾਹ ਅਤੇ ਇਨ•ਾਂ ਰਾਹਾਂ ਤੇ ਚੱਲਦੇ ਊਠ ਘੋੜੇ ਹੀ ਪਿੰਡ ਦਾ ਨਸੀਬ ਸਨ। ਪਿੰਡ ਦਾ ਕੱਚਾ ਖੂਹ ਤਾਂ ਬਾਦਲ ਖਾਨ ਦੇ ਪਿੰਡ ਦੀ ਪੁਰਾਣੀ ਨਿਸ਼ਾਨੀ ਸੀ। ਜਿਥੋਂ ਮਗਰੋਂ ਗਹਿਣਾ ਮੁਸਲਮਾਨ ਮਸ਼ਕਾਂ ਨਾਲ ਪਾਣੀ ਢੋਂਹਦਾ ਰਿਹਾ ਹੈ। ਮਾਲਵੇ ਦੇ ਕਾਫੀ ਹਿੱਸੇ ਨੂੰ 16ਵੀਂ ਤੇ 17ਵੀਂ ਸਦੀ 'ਚ ਜੰਗਲ ਦੇਸ ਜਾਂ ਲੱਖੀ ਜੰਗਲ ਦੇ ਇਲਾਕੇ ਵਜੋਂ ਜਾਣਿਆ ਜਾਂਦਾ ਸੀ। ਬਾਦਲ ਖਾਨ ਦਾ ਪਿੰਡ ਬਾਦਲ ਵੀ ਇਸੇ ਦਾ ਹਿੱਸਾ ਸੀ। ਬਾਦਲ ਖਾਨ ਨੇ ਪਿੰਡ ਬਾਦਲ ਬੰਨਿ•ਆ ਜਦੋਂ ਕਿ ਉਸ ਦੀ ਭੈਣ ਬੀਦੋ ਨੇ ਗੁਆਂਢੀ ਪਿੰਡ ਬੀਦੋਵਾਲੀ। ਵੇਲਾ ਬਹੁਤਾ ਦੂਰ ਨਹੀਂ ਲੰਘਿਆ ਜਦੋਂ ਦਾਸ਼ ਤੇ ਪਾਸ ਵੀ ਇੱਕੋ ਊਠ 'ਤੇ ਬੈਠ ਕੇ ਜਾਂਦੇ ਹੁੰਦੇ ਸਨ। ਊਠ ਦੀ ਮੁਹਾਰ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਹੁੰਦੀ ਸੀ। ਸਰੋਤਾਂ ਅਨੁਸਾਰ 1830 ਦੇ ਨੇੜੇ ਤੇੜੇ ਬਾਬੇ ਘੁੱਦੇ ਦੀ ਔਲਾਦ ਨੇ ਪਿੰਡ ਬਾਦਲ ਖ਼ਰੀਦਿਆ ਸੀ। ਪਿੰਡ ਘੁੱਦਾ ਤੋਂ ਬਾਬੇ ਘੁੱਦੇ ਦੀ ਚੌਥੀ ਪੀੜ•ੀ ਵਿਚੋਂ ਮਹਾਂ ਸਿੰਘ ਪਿੰਡ ਬਾਦਲ ਜਾ ਵਸੇ। ਜਿਆਦਾ ਪਰਿਵਾਰ ਢਿਲੋਂ ਗੋਤ ਦੇ ਸਨ। ਉਹ ਆਪਣੇ ਨਾਲ ਹਰ ਜਾਤ ਤੇ ਮਜ਼ਹਬ ਦਾ ਇੱਕ ਇੱਕ ਪਰਿਵਾਰ ਨਾਲ ਲੈ ਕੇ ਗਏ ਸਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਾਬੇ ਘੁੱਦੇ ਦੀ ਅੱਠਵੀਂ ਪੀੜ•ੀ ਵਿਚੋਂ ਹਨ ਜਦੋਂ ਕਿ ਨੌਵੀਂ ਪੀੜ•ੀ ਚੋਂ ਸੁਖਬੀਰ ਸਿੰਘ ਬਾਦਲ। ਤਾਹੀਓਂ ਪਿੰਡ ਘੁੱਦਾ ਨੂੰ ਬਾਦਲ ਪਰਿਵਾਰ ਦੇ ਪੁਰਖਿਆਂ ਦਾ ਪਿੰਡ ਆਖਿਆ ਜਾਂਦਾ ਹੈ ਜਿਥੇ ਹੁਣ ਲਹਿਰ ਬਹਿਰ ਹੈ। 1900 ਦੇ ਆਸ ਪਾਸ ਪ੍ਰਕਾਸ਼ ਸਿੰਘ ਬਾਦਲ ਦੇ ਦਾਦੇ ਰਣਜੀਤ ਸਿੰਘ ਤੇ ਉਸਦੇ ਭਰਾ ਜਗਜੀਤ ਸਿੰਘ ਨੇ ਪਿੰਡ 'ਚ ਦੋ ਹਵੇਲੀਆਂ ਪਾਈਆਂ ਸਨ ਜਿਥੇ ਮਗਰੋਂ 9 ਢਿਲੋਂ ਪਰਿਵਾਰ ਇਕੱਠੇ ਰਹਿੰਦੇ ਰਹੇ ਹਨ। ਦਾਸ ਤੇ ਪਾਸ ਅੱਜ ਕੱਲ ਇਸੇ ਘਰ ਨੂੰ 'ਬਰਕਤਾਂ ਵਾਲਾ ਘਰ' ਆਖਦੇ ਹਨ।
            ਬਾਦਲ ਖਾਨ ਦਾ ਪਿੰਡ ਬਾਦਲ ਉਦੋਂ ਤਕਲੀਫ਼ਾਂ ਵੰਡਦਾ ਸੀ। ਮਿਹਨਤਾਂ ਦੇ ਗੁਰ ਵੰਡਦਾ ਸੀ। ਮੁਸੀਬਤਾਂ ਸਮੇਂ ਲੋਕਾਂ ਨੂੰ ਹੌਸਲਾ ਤੇ ਦ੍ਰਿੜ•ਤਾ ਵੰਡਦਾ ਸੀ। ਕਬਰਾਂ ਚੋਂ ਉਠ ਕੇ ਕਿਤੇ ਹੁਣ ਬਾਦਲ ਖਾਨ ਪਿੰਡ ਬਾਦਲ ਆਵੇ। ਉਸ ਨੂੰ ਦਿਨ ਦੇ ਚਾਣਨ 'ਚ ਵੀ ਸਭ ਕੁਝ ਸੁਪਨਾ ਲੱਗੇਗਾ। ਜਦੋਂ ਸੁਣੇਗਾ ਕਿ ਉਸ ਦਾ ਪਿੰਡ ਹੁਣ ਮੁੱਖ ਮੰਤਰੀ ਬਣਾਉਂਦਾ ਹੈ। ਉਸਨੂੰ ਪਿੰਡ ਬਾਦਲ ਤੋਂ ਬਠਿੰਡਾ ਨੂੰ ਜਾਂਦਾ ਕੱਚਾ ਰਾਹ ਨਹੀਂ ਲੱਭੇਗਾ। ਛੱਲਾਂ ਮਾਰਦੀ ਨਹਿਰ ਉਸ ਦੀ ਭੁੱਖ ਮਿਟਾਉਣ ਵਾਂਗ ਹੋਵੇਗੀ। ਬਾਦਲ ਖਾਨ ਮਾਣ 'ਚ ਗਦ ਗਦ ਹੋ ਉਠੇਗਾ। ਪਰ ਏਨਾ ਵੀ ਜ਼ਰੂਰ ਸੋਚੇਗਾ ਕਿ ਕਾਸ਼! ਪੰਜਾਬ ਦਾ ਹਰ ਪਿੰਡ ਮੇਰੇ ਬਾਦਲ ਵਰਗਾ ਹੁੰਦਾ। ਸਭ ਕੁਝ ਰਾਤੋਂ ਰਾਤ ਨਹੀਂ ਹੋਇਆ ਹੈ। ਬੜਾ ਪੈਂਡਾ ਤੈਅ ਕਰਨਾ ਪਿਆ ਇਸ ਪਿੰਡ ਨੂੰ। ਸਾਬਕਾ ਐਮ.ਪੀ ਗੁਰਦਾਸ ਸਿੰਘ ਬਾਦਲ ਇਸ਼ਾਰਾ ਕਰਕੇ ਦੱਸਦੇ ਹਨ ਕਿ ਔਹ ਜੋ ਪਿੰਡ ਬਾਦਲ ਖਿਉਵਾਲੀ ਸੜਕ ਹੈ। ਇੱਥੇ ਕੱਚਾ ਰਾਹ ਸੀ। 'ਮੈਂ ਤੇ ਬਾਦਲ ਸਾਹਿਬ ਇੱਕੋ ਉੂਠ 'ਤੇ ਜਾਂਦੇ ਹੁੰਦੇ ਸੀ।' ਜਦੋਂ ਕੈਰੋਂ ਦੀ ਵਜ਼ਾਰਤ ਸੀ, ਉਦੋਂ ਸਭ ਤੋਂ ਪਹਿਲਾਂ ਇਹੋ ਸੜਕ ਬਣੀ। ਅੰਗਰੇਜ਼ਾਂ ਵੇਲੇ ਨਹਿਰਾਂ ਆ ਗਈਆਂ ਸਨ। ਸਾਲ 1957 ਮਗਰੋਂ ਜਲ ਘਰ ਪਿੰਡ ਬਾਦਲ 'ਚ ਬਣਿਆ ਸੀ। ਤੱਥਾਂ ਅਨੁਸਾਰ ਪਿੰਡ ਬਾਦਲ 'ਚ ਹੁਣ ਹਰ ਮਜ਼ਹਬ ਤੇ ਜਾਤ ਦਾ ਪ੍ਰਵਾਰ ਵਸਦਾ ਹੈ। ਢਿੱਲੋਂ ਪਰਿਵਾਰ ਜੋ ਕਿ ਸਰਦਾਰਾਂ ਦੇ ਪਰਿਵਾਰ ਵਜੋਂ ਜਾਣੇ ਜਾਂਦੇ ਹਨ,ਪਿੰਡ ਉਨ•ਾਂ ਦੀ ਮਰਜ਼ੀ 'ਤੇ ਸੌਂਦਾ ਜਾਗਦਾ ਹੈ। ਅਮੀਰਾਂ ਤੇ ਗਰੀਬਾਂ ਦਾ ਸੰਸਾਰ ਵੀ ਪਿੰਡ ਬਾਦਲ ਚੋਂ ਦਿੱਖਦਾ ਹੈ। ਕੋਈ ਤਾਂ ਊਠ ਘੋੜਿਆਂ ਤੋਂ ਜਹਾਜ਼ਾਂ ਤੱਕ ਪੁੱਜ ਗਿਆ ਹੈ। ਕੋਈ ਅੱਜ ਵੀ ਫਿਕਰਾਂ 'ਚ ਹੀ ਸੌਂਦਾ ਹੈ। ਹੁਣ ਏਨਾ ਮਸ਼ਹੂਰ ਹੈ ਕਿ ਇਹ ਪਿੰਡ ਦੁਨੀਆਂ ਦੇ ਨਕਸ਼ੇ 'ਤੇ ਛਾ ਗਿਆ ਹੈ।
             ਪਿੰਡ ਬਾਦਲ 'ਚ 19 ਸਾਲ ਮੁੱਖ ਅਧਿਆਪਕ ਰਹੇ ਬਲਜੀਤ ਸਿੰਘ ਦੱਸਦੇ ਹਨ ਕਿ ਇਸ 'ਚ ਸਭ ਤੋਂ ਪਹਿਲਾਂ ਜ਼ਿਲ•ਾ ਬੋਰਡ ਦਾ ਚਾਰ ਜਮਾਤਾਂ ਵਾਲਾ ਪ੍ਰਾਇਮਰੀ ਸਕੂਲ ਖੁੱਲਿਆ ਸੀ ਜਿਸ 'ਚ ਪ੍ਰਕਾਸ਼ ਸਿੰਘ ਬਾਦਲ ਪੜ•ਦੇ ਰਹੇ ਹਨ। ਜਾਣਕਾਰੀ ਅਨੁਸਾਰ ਲਾਹੌਰ ਤੋਂ ਪੜ ਕੇ ਜਦੋਂ ਪ੍ਰਕਾਸ਼ ਸਿੰਘ ਬਾਦਲ ਪਿੰਡ ਆਏ ਤਾਂ ਲੋਕਾਂ ਨੇ 'ਪੜਿ•ਆ ਲਿਖਿਆ' ਹੋਣ ਕਰਕੇ ਸਰਬ ਸੰਮਤੀ ਨਾਲ ਉਨ•ਾਂ ਨੂੰ ਪਿੰਡ ਬਾਦਲ ਦਾ ਸਰਪੰਚ ਬਣਾ ਦਿੱਤਾ ਸੀ। ਮਗਰੋਂ ਪਿੰਡ ਦੀ ਸਰਪੰਚੀ ਸਰਦਾਰਾਂ ਦੇ ਘਰਾਂ ਚੋਂ ਹੀ ਬਾਹਰ ਨਾ ਨਿਕਲ ਸਕੀ। ਆਖਰ ਸਾਲ 2007 'ਚ ਕਾਨੂੰਨ ਨੇ ਇਹ ਸਰਪੰਚੀ ਦਲਿਤ ਪ੍ਰਵਾਰਾਂ ਕੋਲ ਪਹੁੰਚਾ ਦਿੱਤੀ। ਪਿੰਡ ਦਾ ਪਹਿਲਾ ਦਲਿਤ ਸਰਪੰਚ ਹੁਣ ਦੁਰਗਾ ਸਿੰਘ ਹੈ। ਪਿੰਡ ਦਾ 90 ਵਰਿ•ਆਂ ਦਾ ਜਰਨੈਲ ਸਿੰਘ ਦੱਸਦਾ ਹੈ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਪਹਿਲੀ ਅਤੇ ਦੂਸਰੀ ਦਫ਼ਾ ਮੁੱਖ ਮੰਤਰੀ ਬਣੇ ਸਨ, ਤਾਂ ਉਦੋਂ ਕੋਈ ਬਹੁਤੀ ਤਰੱਕੀ ਪਿੰਡ ਨੇ ਨਹੀਂ ਕੀਤੀ ਸੀ। ਸਾਲ 1997-2002 ਦੌਰਾਨ ਪਿੰਡ ਬਾਦਲ ਦੇ ਦਿਨ ਫਿਰੇ ਹਨ। ਹੁਣ ਵਾਲੀ ਵਜ਼ਾਰਤ ਨੇ ਤਾਂ ਕਸਰਾਂ ਹੀ ਕੱਢ ਦਿੱਤੀਆਂ ਹਨ। ਅੱਜ ਦਾ ਪਿੰਡ ਬਾਦਲ ਤਾਂ ਕਿਸੇ ਪੇਂਡੂ ਪੰਜਾਬ ਦੀ ਰਾਜਧਾਨੀ ਦਾ ਭੁਲੇਖਾ ਪਾਉਂਦਾ ਹੈ। ਪਿੰਡ ਬਾਦਲ 'ਚ ਸਭ ਕੁਝ ਹੈ। ਸੁੱਖ ਸਹੂਲਤਾਂ ਅਤੇ ਉਨ•ਾਂ ਨੂੰ ਮਾਣਨ ਵਾਲੇ ਲੋਕ ਵੀ। ਬਠਿੰਡਾ ਬਾਦਲ ਵਾਲਾ ਕੱਚਾ ਰਾਹ ਹੁਣ ਚਹੁੰ ਮਾਰਗੀ ਸੜਕ 'ਚ ਬਦਲ ਗਿਆ ਹੈ। ਹੁਣ ਪਿੰਡ ਬਾਦਲ 'ਚ ਊਠ ਘੋੜੇ ਨਹੀਂ ਦਿਖਦੇ ਬਲਕਿ ਹੈਲੀਕਾਪਟਰ ਦਿੱਖਦੇ ਹਨ। ਦਿਨ ਰਾਤ ਵੱਜਦੇ ਹੂਟਰ ਅਤੇ ਲਾਲ ਬੱਤੀਆਂ ਦਾ ਹੜ• ਪਿੰਡ ਦੇ ਮਾਹੌਲ ਨੂੰ ਰਾਜਧਾਨੀ ਵਰਗਾ ਬਣਾ ਦਿੰਦਾ ਹੈ।
            ਪਿੰਡ ਬਾਦਲ ਨੇ ਬਹੁਤ ਧੁੱਪਾਂ ਛਾਂਵਾਂ ਦੇਖੀਆਂ ਹਨ। ਅਕਾਲੀ ਹਕੂਮਤ ਦੀ ਚੌਧਰ ਵੀ ਦੇਖੀ ਹੈ ਅਤੇ ਕਾਂਗਰਸੀ ਰਾਜ ਭਾਗ ਵੇਲੇ ਵਿਜੀਲੈਂਸ ਅਫਸਰਾਂ ਦੇ ਦਬਕੇ ਵੀ ਸੁਣੇ ਹਨ। ਬਾਦਲ ਪਰਿਵਾਰ ਦਾ 50 ਸਾਲ ਪੁਰਾਣਾ ਲਾਂਗਰੀ ਮਿੱਡਾ ਸਿੰਘ ਦੱਸਦਾ ਹੈ ਕਿ ਉਸ ਨੇ ਦਾਸ ਤੇ ਪਾਸ ਵਰਗਾ ਇਸ ਯੁੱਗ 'ਚ ਕਦੇ ਪਿਆਰ ਨਹੀਂ ਦੇਖਿਆ। ਨਾਲੋਂ ਨਾਲ ਉਸ ਨੇ ਸੁਖਬੀਰ ਤੇ ਮਨਪ੍ਰੀਤ ਦੀ ਦੁਸ਼ਮਣੀ ਦੀ ਵੀ ਗੱਲ ਵੀ ਕੀਤੀ। ਉਹ ਦੱਸਦਾ ਹੈ ਕਿ ਜਦੋਂ ਸੁਖਬੀਰ ਤੇ ਮਨਪ੍ਰੀਤ ਨਿੱਕੇ ਹੁੰਦੇ ਸਨ ਤਾਂ ਉਹ ਸਾਇਕਲ 'ਤੇ ਉਨ•ਾਂ ਨੂੰ ਡਬਵਾਲੀ ਲੈ ਕੇ ਜਾਂਦਾ ਰਿਹਾ ਹੈ। ਦੇਖਿਆ ਜਾਵੇ ਤਾਂ ਹੁਣ ਤੱਕ ਪਿੰਡ ਬਾਦਲ ਇੱਕ ਮੁੱਖ ਮੰਤਰੀ,ਉਪ ਮੁੱਖ ਮੰਤਰੀ,ਤਿੰਨ ਐਮ.ਪੀ ਬਣਾ ਚੁੱਕਾ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਚਾਚਾ ਗੁਰਰਾਜ ਸਿੰਘ ਪਹਿਲੇ ਐਮ.ਪੀ ਬਣੇ ਸਨ। ਉਸ ਮਗਰੋਂ ਪ੍ਰਕਾਸ਼ ਸਿੰਘ ਬਾਦਲ ਸਰਪੰਚ ਬਣਨ ਮਗਰੋਂ ਵਿਧਾਇਕ ਬਣੇ। ਹੁਣ ਚੌਥੀ ਦਫ਼ਾ ਮੁੱਖ ਮੰਤਰੀ ਹਨ। ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਅਤੇ ਹਰਸਿਮਰਤ ਕੌਰ ਬਾਦਲ ਨੂੰ ਐਮ.ਪੀ ਵੀ ਇਸ ਪਿੰਡ ਦੇ ਅਸ਼ੀਰਵਾਦ ਨੇ ਬਣਾਇਆ ਹੈ। ਬਜ਼ੁਰਗ ਜਰਨੈਲ ਸਿੰਘ ਦੱਸਦੇ ਹਨ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਦਾ ਵਿਆਹ ਹੋਇਆ ਸੀ ਤਾਂ ਉਦੋਂ ਪਿੰਡ ਦੇ ਹਰ ਘਰ ਖੰਡ ਦਾ ਪ੍ਰਸ਼ਾਦ ਵੰਡਿਆ ਗਿਆ ਸੀ। ਹੁਣ ਵੱਡੇ ਅਹੁਦੇ ਮਿਲਣ 'ਤੇ ਇਹ ਪ੍ਰਵਾਰ ਇਸ ਤਰੀਕੇ ਨਾਲ ਪਿੰਡ 'ਚ ਖੁਸ਼ੀ ਸਾਂਝੀ ਨਹੀਂ ਕਰਦਾ। ਪਿੰਡ ਵਾਲਿਆਂ ਨੂੰ ਚਾਅ ਜ਼ਰੂਰ ਹੁੰਦਾ ਹੈ। ਐਤਕੀਂ ਦੀ ਵਜ਼ਾਰਤ ਤੋਂ ਤਾਂ ਪਿੰਡ ਦੇ ਚਾਰ ਚੁਫੇਰੇ ਪੁਲੀਸ ਦਾ ਪਹਿਰਾ ਵੀ ਲੱਗ ਗਿਆ ਹੈ। ਬੇਰੁਜ਼ਗਾਰ ਮੁੰਡੇ ਅਤੇ ਮੁਲਾਜ਼ਮ ਧਿਰਾਂ ਦੇ ਨਿਸ਼ਾਨੇ 'ਤੇ ਪਿੰਡ ਬਾਦਲ ਹੈ। ਪਿੰਡ ਬਾਦਲ ਤਾਂ ਹੁਣ ਪੁਲੀਸ ਹੱਥੋਂ ਜਲੀਲ ਹੁੰਦੇ ਹੱਕ ਮੰਗਣ ਵਾਲਿਆਂ ਨੂੰ ਵੀ ਦੇਖ ਰਿਹਾ ਹੈ।
            ਪਿੰਡ ਬਾਦਲ 'ਚ ਸਰਕਾਰੀ ਸਕੂਲ ਤੋਂ ਇਲਾਵਾ ਦਸ਼ਮੇਸ਼ ਪਬਲਿਕ ਸਕੂਲ ਹੈ ਜੋ ਕਿ ਸਾਲ 1981 ਵਿੱਚ ਬਣਿਆ। ਮਗਰੋਂ ਦਸਮੇਸ਼ ਡਿਗਰੀ ਕਾਲਜ, ਦਸਮੇਸ਼ ਬੀ.ਐਡ ਕਾਲਜ ਬਣਿਆ। ਸ਼ਾਨਦਾਰ ਹੋਸਟਲ ਵੀ ਪਿੰਡ 'ਚ ਬਣੇ ਹੋਏ ਹਨ। ਸਪੋਰਟਸ ਅਥਾਰਟੀ ਆਫ਼ ਇੰਡੀਆਂ ਦਾ ਸੈਂਟਰ ਵੀ ਪਿੰਡ ਬਾਦਲ ਵਿੱਚ ਹੈ। ਕਰੋੜਾਂ ਰੁਪਏ ਦੀ ਲਾਗਤ ਵਾਲੀ ਕੌਮਾਂਤਰੀ ਮਿਆਰ ਦੀ ਸ਼ੂਟਿੰਗ ਰੇਂਜ ਵੀ ਇੱਥੇ ਹੀ ਬਣੀ ਹੋਈ ਹੈ। ਹਾਕੀ ਦਾ ਐਸਟ੍ਰੋਟਰਫ ਵੀ ਇੱਥੇ ਹੈ। ਸਭ ਤੋਂ ਪਹਿਲਾਂ ਬਣਿਆ ਗੁਰੂ ਗੋਬਿੰਦ ਸਿੰਘ ਸਟੇਡੀਅਮ ਵੀ ਹੈ। ਪੰਜ ਕਰੋੜ ਦੀ ਲਾਗਤ ਨਾਲ ਬਣਿਆ 100 ਬਿਸਤਰਿਆਂ ਦਾ ਹਸਪਤਾਲ ਹੈ ਅਤੇ ਪਿੰਡ 'ਚ ਨਰਸਿੰਗ ਇੰਸਟੀਚੂਟ ਵੀ ਹੈ। ਦੋ ਨਵੇਂ ਸਕੂਲ ਬਣੇ ਹਨ ਜੋ ਕਿ ਮਾਤਾ ਜਸਵੰਤ ਕੌਰ ਦੇ ਨਾਮ 'ਤੇ ਹਨ ਜਿਨ•ਾਂ 'ਚ ਗਰੀਬ ਬੱਚਿਆਂ ਨੂੰ ਅੰਗਰੇਜ਼ੀ ਮੀਡੀਅਮ  ਪੜਾਇਆ ਜਾਂਦਾ ਹੈ। ਇੱਕ ਬਿਰਧ ਆਸ਼ਰਮ ਵੀ ਆਲੀਸ਼ਾਨ ਬਣਿਆ ਹੋਇਆ ਹੈ। ਬਿਜਲੀ ਬੋਰਡ ਦਾ ਮਹਿਲ ਵਰਗਾ ਰੈਸਟ ਹਾਊਸ ਵੀ ਹੈ। ਪੂਰੇ ਪਿੰਡ 'ਚ ਹੁਣ ਸੀਵਰੇਜ ਪੈ ਰਿਹਾ ਹੈ ਅਤੇ ਅੰਡਰ ਗਰਾਊਂਡ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਪਿੰਡ 'ਚ ਸੋਲਰ ਲਾਈਟਾਂ ਵੀ ਲੱਗੀਆਂ ਹੋਈਆਂ ਹਨ।  ਪਿੰਡ ਦੇ ਘਰਾਂ ਦੇ 100 ਫੀਸਦੀ ਮੀਟਰ ਬਾਹਰ ਕੱਢੇ ਜਾ ਚੁੱਕੇ ਹਨ। ਅੱਗੇ ਚੱਲੀਏ ਤਾਂ ਪਿੰਡ 'ਚ ਮਿਲਕ ਚਿਲਿੰਗ ਸੈਂਟਰ, ਕਿੰਨੂ ਵੈਕਸਿੰਗ ਪਲਾਂਟ, ਵੱਡੀ ਟੈਲੀਫੂਨ ਐਕਸਚੇਂਜ ਅਤੇ ਵੱਡਾ ਪੰਚਾਇਤ ਘਰ ਵੀ ਹੈ।  ਵੱਡਾ ਜਲ ਘਰ ਵੀ ਹੈ ਤੇ ਆਰ.ਓ ਸਿਸਟਮ ਵੀ ਲੱਗਾ ਹੋਇਆ ਹੈ।
           ਜ਼ਿਲ•ੇ ਪੱਧਰ ਦਾ ਵੈਟਰਨਰੀ ਹਸਪਤਾਲ ਵੀ ਪਿੰਡ ਬਾਦਲ ਵਿੱਚ ਹੀ ਹੈ ਜਦੋਂ ਕਿ ਬਾਕੀ ਪੰਜਾਬ ਵਿੱਚ ਇਹ ਹਸਪਤਾਲ ਜ਼ਿਲ•ਾ ਹੈੱਡਕੁਆਟਰ 'ਤੇ ਹੁੰਦੇ ਹਨ। ਹੁਣ ਤਾਂ ਪਿੰਡ ਵਿੱਚ ਘੋੜਿਆਂ ਦਾ ਹਸਪਤਾਲ ਵੀ ਬਣ ਗਿਆ ਹੈ। ਪਿੰਡ ਬਾਦਲ 'ਚ ਅੱਜ ਕੱਲ ਸਭ ਤੋਂ ਵੱਧ ਬਾਦਲ ਪਰਿਵਾਰ ਵਲੋਂ ਬਣਾਇਆ ਮਹਿਲ ਨੁਮਾ ਆਲੀਸ਼ਾਨ ਘਰ ਜਿਸ ਨੂੰ ਪਿੰਡ ਦੇ ਲੋਕ 'ਲਾਲ ਕਿਲਾ' ਵੀ ਆਖਦੇ ਹਨ। ਪਿੰਡ ਬਾਦਲ ਨੂੰ ਆਉਂਦੀ ਜਾਂਦੀ ਹਰ ਸੜਕ ਪੱਕੀ ਹੈ। ਬਠਿੰਡਾ ਤੋਂ ਚੰਡੀਗੜ• ਵਾਲੀ ਸੜਕ ਚਹੁੰਮਾਰਗੀ ਨਹੀਂ ਬਣ ਸਕੀ ਹੈ। ਲੇਕਿਨ ਬਠਿੰਡਾ ਤੋਂ ਬਾਦਲ ਵਾਲੀ ਸੜਕ ਚਹੁੰ ਮਾਰਗੀ ਬਣ ਗਈ ਹੈ। ਪਿੰਡ ਬਾਦਲ ਨੂੰ ਜਾਣ ਵਾਲੀ ਟਰੈਫ਼ਿਕ ਦੀ ਸੁਵਿਧਾ ਲਈ ਬਠਿੰਡਾ ਵਿਖੇ 23 ਕਰੋੜ ਰੁਪਏ ਦੀ ਲਾਗਤ ਨਾਲ ਓਵਰ ਬਰਿੱਜ ਵੀ ਬਣਿਆ ਹੈ। ਇੱਕ ਹੋਰ ਓਵਰ ਬਰਿੱਜ ਬਣਾਇਆ ਜਾ ਰਿਹਾ ਹੈ। ਕਿੰਨੂਆਂ ਦੇ ਬਾਗ ਵੀ ਪਿੰਡ ਦੇ ਰਕਬੇ ਵਿੱਚ ਕਾਫੀ ਹਨ ਅਤੇ ਨਹਿਰੀ ਦੀ ਤਾਂ ਕੋਈ ਕਮੀ ਹੀ ਨਹੀਂ ਹੈ। ਕਮੀ ਤਾਂ ਪਿੰਡ ਨੂੰ ਬਿਜਲੀ ਦੀ ਵੀ ਨਹੀਂ ਕਿਉਂਕਿ ਪਿੰਡ ਨੂੰ 24 ਘੰਟੇ ਸਪਲਾਈ ਹੈ। ਕੌਮੀ ਅਤੇ ਕੌਮਾਂਤਰੀ ਸ਼ਖਸੀਅਤਾਂ ਵੀ ਇਸ ਪਿੰਡ 'ਚ ਫੇਰਾ ਪਾ ਚੁੱਕੀਆਂ ਹਨ। ਦਰਜਨਾਂ ਕੌਮਾਂਤਰੀ ਪੱਧਰ ਦੇ ਖਿਡਾਰੀ ਵੀ ਇਸੇ ਪਿੰਡ ਦੀ ਦੇਣ ਹੈ। ਪਿੰਡ ਬਾਦਲ ਦਾ ਸਰਪੰਚ ਦੁਰਗਾ ਸਿੰਘ ਆਖਦਾ ਹੈ ਕਿ ਬਾਦਲ ਸਾਹਿਬ, ਲੋੜ ਮੁਤਾਬਿਕ ਪਿੰਡ ਨੂੰ ਗਰਾਂਟਾਂ ਦਿੰਦੇ ਹਨ ਅਤੇ ਉਨ•ਾਂ ਨੂੰ ਤਾਂ ਪਿੰਡ ਬਾਦਲ ਵਾਂਗ ਪੰਜਾਬ ਦੇ ਹਰ ਪਿੰਡ ਦਾ ਹੀ ਫਿਕਰ ਹੈ।
                                                     ਬਾਦਲ 'ਚ ਗਰੀਬਾਂ ਦਾ ਸੰਸਾਰ
ਪਿੰਡ ਬਾਦਲ 'ਚ ਇੱਕ ਗਰੀਬਾਂ ਦਾ ਸੰਸਾਰ ਹੈ। ਜਿਥੋਂ ਦਲਿਤ ਵਿਹੜਾ ਸ਼ੁਰੂ ਹੁੰਦਾ ਹੈ, ਉਥੇ ਹੀ ਇੱਕ ਗੰਦੇ ਪਾਣੀ ਵਾਲਾ ਛੱਪੜ ਹੈ ਜੋ ਕਿ ਵਰਿ•ਆਂ ਤੋਂ ਉਵੇਂ ਹੀ ਹੈ। ਜਦੋਂ ਮੀਂਹ ਆਉਂਦੇ ਹਨ ਤਾਂ ਛੱਪੜ ਭਰ ਜਾਂਦਾ ਹੈ। ਦਲਿਤ ਵਿਹੜੇ ਦੀ ਗਲੀ ਦੇ ਇੱਕ ਪਾਸੇ ਰੂੜੀਆਂ ਅਤੇ ਛਟੀਆਂ ਪਈਆਂ ਹਨ ਜੋ ਕਿ ਇਨ•ਾਂ ਦੇ ਸੰਸਾਰ ਸ਼ੁਰੂ ਹੋਣ ਦੀ ਨਿਸ਼ਾਨੀ ਹਨ। ਦਲਿਤ ਪਰਿਵਾਰਾਂ ਨੂੰ ਰੂੜੀਆਂ ਵਾਸਤੇ ਥਾਂ ਨਹੀਂ ਮਿਲ ਸਕੀ ਹੈ। ਇਨ•ਾਂ ਰੂੜੀਆਂ ਤੋਂ ਹੀ ਮੱਖੀ ਮੱਛਰ ਪੈਦਾ ਹੋ ਜਾਂਦਾ ਹੈ। ਬਹੁਤੇ ਦਲਿਤ ਪਰਿਵਾਰ ਪਿੰਡ ਦੇ ਢਿੱਲੋਂ ਸਰਦਾਰਾਂ ਨਾਲ ਜੁੜੇ ਹੋਏ ਹਨ। ਕਾਫੀ ਪਰਿਵਾਰ ਤਾਂ ਮਹੇਸ਼ਇੰਦਰ ਸਿੰਘ ਬਾਦਲ ਦਾ ਆਸਰਾ ਤੱਕਦੇ ਹਨ। ਪਿੰਡ ਦਾ ਜੋ ਸਰਕਾਰੀ ਸਕੂਲ ਹੈ, ਉਸ 'ਚ ਜਿਆਦਾ ਬੱਸੇ ਗਰੀਬਾਂ ਦੇ ਹੀ ਪੜ•ਦੇ ਹਨ। ਜੋ ਅੰਗਰੇਜ਼ੀ ਮੀਡੀਅਮ ਵਾਲਾ ਪਿੰਡ ਵਿੱਚ ਪ੍ਰਾਈਵੇਟ ਸਕੂਲ ਬਣਿਆ ਹੈ, ਉਸ ਵਿੱਚ ਪਿੰਡ ਦੇ ਗਰੀਬ ਬੱਚਿਆਂ ਦੀ ਗਿਣਤੀ ਘੱਟ ਹੈ। ਭਾਵੇਂ ਪਿੰਡ ਬਾਦਲ 'ਚ ਗਰੀਬ ਲੋਕਾਂ ਲਈ ਇੱਕ ਕਲੋਨੀ ਵੀ ਬਣਾਈ ਗਈ ਹੈ ਪ੍ਰੰਤੂ ਉਥੇ ਜਿਆਦਾ ਵੱਡੇ ਪਰਿਵਾਰਾਂ ਨਾਲ ਸਬੰਧਿਤ ਲੋਕ ਹੀ ਰਹਿੰਦੇ ਹਨ। ਪਿੰਡ 'ਚ ਹਰਿਆਣਾ ਅਤੇ ਰਾਜਸਥਾਨ ਚੋਂ ਕਾਫੀ ਲੋਕ ਪਿੰਡ ਬਾਦਲ ਵਿੱਚ ਵਸਦੇ ਹਨ। ਵਿਹੜੇ ਵਾਲੇ ਹਿੱਸੇ 'ਚ ਤਾਂ ਸੋਲਰ ਲਾਈਟਾਂ ਵੀ ਘੱਟ ਹੀ ਹਨ ਜਦੋਂ ਕਿ ਬਾਕੀ ਪਿੰਡ ਵਿੱਚ ਸੋਲਰ ਲਾਈਟਾਂ ਦੀ ਕੋਈ ਕਮੀ ਨਹੀਂ ਹੈ। ਗਰੀਬ ਲੋਕਾਂ ਦਾ ਸ਼ਿਕਵਾ ਹੈ ਕਿ ਉਨ•ਾਂ ਵੱਲ ਪੂਰਾ ਧਿਆਨ ਨਹੀਂ ਦਿੱਤਾ ਜਾਂਦਾ ਹੈ। ਕਈ ਆਖਦੇ ਹਨ ਕਿ ਵਿਹੜੇ ਨੂੰ ਵੀ ਸਿਆਸਤ ਵਿੱਚ ਵੰਡ ਦਿੱਤਾ ਗਿਆ ਹੈ। ਜੋ ਅਕਾਲੀ ਪੱਖੀ ਲੋਕ ਹਨ, ਉਨ•ਾਂ ਦੀ ਬੁਢਾਪਾ ਪੈਨਸ਼ਨ ਲਗਾ ਦਿੱਤੀ ਜਾਂਦੀ ਹੈ। ਪਿੰਡ ਦਾ ਸਰਪੰਚ ਦੁਰਗਾ ਸਿੰਘ ਵੀ ਦਲਿਤ ਪਰਿਵਾਰ ਚੋਂ ਹੈ। ਉਸ ਦਾ ਕਹਿਣਾ ਸੀ ਕਿ ਸਰਕਾਰ ਨੇ ਗਰੀਬਾਂ ਨੂੰ ਮਕਾਨਾਂ ਵਾਸਤੇ ਪੈਸੇ ਦਿੱਤੇ ਹਨ ਅਤੇ ਇਨ•ਾਂ ਪਰਿਵਾਰਾਂ ਦੀ ਹਰ ਸਮੱਸਿਆ ਹੱਲ ਕੀਤੀ ਜਾਂਦੀ ਹੈ।  ਉਨ•ਾਂ ਦੱਸਿਆ ਕਿ ਸਰਕਾਰ ਵਲੋਂ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਹੈ।
                                                  ਖ਼ਜ਼ਾਨੇ ਦੀ 'ਮਿਹਰ' ਪਿੰਡ ਬਾਦਲ 'ਤੇ। 
ਸਰਕਾਰੀ ਖ਼ਜ਼ਾਨੇ ਦੀ 'ਮਿਹਰ' ਹਮੇਸ਼ਾ ਪਿੰਡ ਬਾਦਲ 'ਤੇ ਰਹੀ ਹੈ। ਜੋ ਵੱਡੇ ਪ੍ਰੋਜੈਕਟ ਅਤੇ ਵੱਡੀਆਂ ਗਰਾਂਟਾਂ ਹਨ, ਉਨ•ਾਂ ਤੋਂ ਵੱਖਰੇ ਜੋ ਫੰਡ ਪਿਛਲੇ ਸਮੇਂ 'ਚ ਟੁੱਟਵੇਂ ਰੂਪ ਵਿੱਚ ਪਿੰਡ ਬਾਦਲ ਨੂੰ ਮਿਲੇ ਹਨ, ਉਹ 9.73 ਕਰੋੜ ਰੁਪਏ ਦੇ ਹਨ। ਪਿੰਡ ਬਾਦਲ ਵਿੱਚ ਜੋ ਕੌਮਾਂਤਰੀ ਪੱਧਰ ਦੀ ਸ਼ੂਟਿੰਗ ਰੇਂਜ ਹੈ, ਉਸ ਨੂੰ 9 ਅਪਰੈਲ 2007 ਤੋਂ 24 ਦਸੰਬਰ 2010 ਤੱਕ ਅੱਠ ਗਰਾਂਟਾਂ ਦੇ ਰੂਪ ਵਿੱਚ 3.53 ਕਰੋੜ ਰੁਪਏ ਦਿੱਤੇ ਗਏ ਹਨ। ਲੋਕ ਸਭ ਤੇ ਰਾਜ ਸਭਾ ਦੇ ਮੈਂਬਰਾਂ ਵਲੋਂ ਆਪਣੇ ਅਖ਼ਤਿਆਰੀ ਕੋਟੇ ਚੋਂ ਪਿੰਡ  ਬਾਦਲ ਲਈ ਸਾਲ 1999 ਤੋਂ 2008 ਤੱਕ 1.76 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਹਨ। ਸੰਸਦ ਮੈਂਬਰਾਂ ਨੇ ਇਸ ਸਮੇਂ ਦੌਰਾਨ ਵੱਖ ਵੱਖ ਸਮੇਂ 'ਤੇ ਪਿੰਡ ਬਾਦਲ ਨੂੰ 27 ਗਰਾਂਟਾਂ ਦਿੱਤੀਆਂ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਪਿੰਡ ਬਾਦਲ ਨੂੰ ਸੰਗਤ ਦਰਸ਼ਨਾਂ 'ਚ ਸਾਲ 2007 ਤੋਂ 2011 ਦੌਰਾਨ 3.69 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਹਨ। ਚਾਰ ਸੰਗਤ ਦਰਸ਼ਨਾਂ ਪ੍ਰੋਗਰਾਮਾਂ ਵਿੱਚ ਪਿੰਡ ਬਾਦਲ ਦੇ 40 ਕੰਮਾਂ ਵਾਸਤੇ ਫੰਡ ਦਿੱਤੇ ਗਏ ਹਨ।  ਪੰਜਾਬ ਸਰਕਾਰ ਵਲੋਂ 33 ਹੋਰ ਗਰਾਂਟਾਂ ਦੇ ਰੂਪ ਵਿੱਚ 50 ਲੱਖ ਰੁਪਏ ਜਾਰੀ ਕੀਤੇ ਗਏ ਹਨ। ਦਿਹਾਤੀ ਵਿਕਾਸ ਫੰਡ ਅਤੇ ਸੀ.ਡੀ 2.32 ਫੰਡਾਂ ਚੋਂ ਤਿੰਨ ਸਾਲਾਂ ਦੌਰਾਨ 25 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਹੈ। ਇਹ ਫੰਡ ਸਰਕਾਰ ਵਲੋਂ ਧਰਮਸਾਲਾਵਾਂ,ਛੱਪੜਾਂ ਅਤੇ ਸ਼ਮਸ਼ਾਨ ਘਾਟ ਆਦਿ ਲਈ ਦਿੱਤੇ ਗਏ ਹਨ। ਇਨ•ਾਂ 'ਚ ਵੱਡੇ ਫੰਡ ਅਤੇ ਪ੍ਰੋਜੈਕਟ ਸ਼ਾਮਲ ਨਹੀਂ ਹਨ। ਪਿੰਡ ਬਾਦਲ ਲਈ ਕਦੇ ਵੀ ਫੰਡਾਂ ਦੀ ਤੋਟ ਨਹੀਂ ਰਹੀ ਹੈ। ਜਦੋਂ ਕਾਂਗਰਸ ਦੀ ਵਜ਼ਾਰਤ ਹੁੰਦੀ ਹੈ,ਉਦੋਂ ਅਕਾਲੀ ਸੰਸਦ ਮੈਂਬਰ ਪਿੰਡ ਬਾਦਲ 'ਤੇ ਮਿਹਰ ਕਰਦੇ ਹਨ।
                                                      ਇੱਕ ਝਾਤ : ਪਿੰਡ ਬਾਦਲ
ਪਿੰਡ ਬਾਦਲ ਦੀ ਆਬਾਦੀ ਪਿਛਲੀ ਜਨਗਣਨਾ ਸਮੇਂ 2816 ਸੀ। ਪਿੰਡ ਦਾ ਰਕਬਾ 1495 ਹੈਕਟੇਅਰ ਹੈ ਜਿਸ ਚੋਂ ਤਕਰੀਬਨ ਰਕਬਾ ਨਹਿਰੀ ਸਿੰਜਾਈ ਹੇਠ ਹੈ। ਪਿੰਡ ਦਾ ਕਾਫੀ ਰਕਬਾ ਬਾਗਾਂ ਹੇਠ ਹੈ। ਪਿੰਡ ਬਾਦਲ ਦੇ ਖੇਤਾਂ ਵਿੱਚ 153 ਮੋਟਰਾਂ ਦੇ ਕੁਨੈਕਸ਼ਨ ਹਨ ਜਦੋਂ ਕਿ ਘਰੇਲੂ ਬਿਜਲੀ ਦੇ ਕੁਨੈਕਸ਼ਨ ਇਸ ਪਿੰਡ 'ਚ 705 ਹਨ। ਇਸ ਪਿੰਡ ਵਿੱਚ 75 ਵਪਾਰਿਕ ਕੁਨੈਕਸ਼ਨ ਵੀ ਹਨ।
      

                               ਪੈਂਤੀ ਸਾਬਕਾ ਐਮ.ਐਲ.ਏ 'ਡਿਫਾਲਟਰ' 
                                                                  
ਪੰਜਾਬ ਦੇ ਡਿਫਾਲਟਰ ਹੋਏ ਸਾਬਕਾ ਐਮ.ਐਲ.ਏ ਹੁਣ ਪੈਨਸ਼ਨ ਤੋਂ ਹੱਥ ਧੋ ਬੈਠੇ ਹਨ। ਦਰਜਨਾਂ ਸਾਬਕਾ ਵਿਧਾਇਕ ਹਨ ਜੋ ਵਿਧਾਨ ਸਭਾ ਤੋਂ ਲਏ ਕਰਜ਼ੇ ਮੋੜ ਨਹੀਂ ਸਕੇ ਹਨ। ਜਦੋਂ ਕੋਈ ਹੋਰ ਰਾਹ ਨਾ ਦਿੱਖਿਆ ਤਾਂ ਵਿਧਾਨ ਸਭਾ ਨੇ ਇਨ•ਾਂ ਡਿਫਾਲਟਰ ਸਾਬਕਾ ਵਿਧਾਇਕਾਂ ਨੂੰ ਪੈਨਸ਼ਨ ਨਾ ਲਾਉਣ ਦਾ ਹੀ ਫੈਸਲਾ ਕਰ ਲਿਆ। ਦਰਜਨਾਂ ਸਾਬਕਾ ਵਿਧਾਇਕ ਹਨ ਜਿਨ•ਾਂ ਵਲੋਂ ਮਕਾਨ ਉਸਾਰੀ ਅਤੇ ਮੋਟਰ ਕਾਰ ਖਰੀਦਣ ਲਈ ਕਰਜ਼ੇ ਚੁੱਕੇ ਗਏ ਸਨ। ਜਦੋਂ ਪੰਜ ਸਾਬਕਾ ਵਿਧਾਇਕਾਂ ਤੋਂ ਕਰਜ਼ੇ ਨਾ ਮੋੜੇ ਗਏ ਤਾਂ ਪੰਜਾਬ ਵਿਧਾਨ ਸਭਾ ਨੇ ਉਨ•ਾਂ ਦੀ ਪੈਨਸ਼ਨ ਨਾ ਲਾਉਣ ਦਾ ਫੈਸਲਾ ਕਰ ਲਿਆ। ਡਿਫਾਲਟਰਾਂ 'ਚ ਅਕਾਲੀ ਦਲ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ਸ਼ਾਮਲ ਹਨ। ਚਾਰ ਸਾਬਕਾ ਵਿਧਾਇਕ ਤਾਂ ਕਰਜ਼ਾ ਮੋੜਨ ਤੋਂ ਪਹਿਲਾਂ ਹੀ ਰੱਬ ਨੂੰ ਪਿਆਰੇ ਹੋ ਗਏ। ਏਦਾ ਦੇ 35 ਸਾਬਕਾ ਵਿਧਾਇਕ ਹਨ ਜਿਨ•ਾਂ ਵਲੋਂ ਕਰਜ਼ੇ ਦੀ ਰਾਸ਼ੀ ਬਕਾਇਆ ਖੜ•ੀ ਹੈ। ਇਨ•ਾਂ 'ਚ 17 ਸਾਬਕਾ ਵਿਧਾਇਕ ਤਾਂ ਉਹ ਹਨ ਜਿਨ•ਾਂ ਨੇ ਮਕਾਨ ਉਸਾਰੀ ਲਈ ਕਰਜ਼ਾ ਚੁੱਕਿਆ ਸੀ। ਜਦੋਂ ਕਿ 13 ਸਾਬਕਾ ਵਿਧਾਇਕਾਂ ਨੇ ਗੱਡੀ ਲੈਣ ਲਈ ਕਰਜ਼ਾ ਚੁੱਕਿਆ ਸੀ। ਪੰਜ ਸਾਬਕਾ ਵਿਧਾਇਕ ਤਾਂ ਡਿਫਾਲਟਰ ਹੋਣ ਕਰਕੇ ਆਪਣੀ ਪੈਨਸ਼ਨ ਖੁਆ ਬੈਠੇ ਹਨ। ਇਨ•ਾਂ ਸਾਬਕਾ ਵਿਧਾਇਕਾਂ 'ਚ ਜਿਆਦਾ ਅਕਾਲੀ ਦਲ ਨਾਲ ਸਬੰਧਿਤ ਹਨ। ਪੰਜਾਬ ਵਿਧਾਨ ਸਭਾ ਵਲੋਂ ਸੂਚਨਾ ਦੇ ਅਧਿਕਾਰ ਤਹਿਤ ਜੋ ਸੂਚਨਾ ਦਿੱਤੀ ਗਈ ਹੈ,ਉਸ 'ਚ ਇਹ ਤੱਥ ਸਾਹਮਣੇ ਆਏ ਹਨ।
          ਸਰਕਾਰੀ ਸੂਚਨਾ ਅਨੁਸਾਰ ਜਿਨ•ਾਂ ਸਾਬਕਾ ਵਿਧਾਇਕਾਂ ਨੂੰ ਡਿਫਾਲਟਰ ਹੋਣ ਕਰਕੇ ਪੈਨਸ਼ਨ ਨਹੀਂ ਲਗਾਈ ਗਈ ਹੈ,ਉਨ•ਾਂ 'ਚ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ,ਸਾਬਕਾ ਵਿਧਾਇਕ ਗੋਬਿੰਦ ਸਿੰਘ ਕਾਂਝਲਾ,ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ,ਸਾਬਕਾ ਵਿਧਾਇਕ ਜਸਬੀਰ ਸਿੰਘ ਗਿੱਲ ਅਤੇ ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਸ਼ਾਮਲ ਹਨ। ਇਨ•ਾਂ ਪੰਜ ਸਾਬਕਾ ਵਿਧਾਇਕਾਂ ਵਲੋਂ ਕਰਜ਼ਾ ਨਹੀਂ ਮੋੜਿਆ ਗਿਆ ਜਿਸ ਕਰਕੇ ਇਨ•ਾਂ ਦੀ ਪੈਨਸ਼ਨ ਨਹੀਂ ਲਗਾਈ ਗਈ ਹੈ। ਜੋ ਸਾਬਕਾ ਵਿਧਾਇਕ ਕਰਜ਼ਾ ਮੋੜਨ ਤੋਂ ਪਹਿਲਾਂ ਹੀ ਇਸ ਜਹਾਨੋਂ ਚਲੇ ਗਏ ਹਨ ,ਉਨ•ਾਂ 'ਚ ਪ੍ਰੋ.ਜਗੀਰ ਸਿੰਘ ਭੁੱਲਰ,ਉਜਾਗਰ ਸਿੰਘ ਰੰਗਰੇਟਾ,ਸ੍ਰੀਮਤੀ ਰੂਪ ਰਾਣੀ ਅਤੇ ਕ੍ਰਿਸ਼ਨ ਕੁਮਾਰ ਕੌਸ਼ਲ ਸ਼ਾਮਲ ਹਨ। ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਵਲੋਂ ਇਨ•ਾਂ ਸਾਬਕਾ ਵਿਧਾਇਕਾਂ ਨੂੰ ਮਕਾਨ ਉਸਾਰੀ ਲਈ 10 ਲੱਖ ਰੁਪਏ ਦਾ ਕਰਜ਼ਾ ਅਤੇ ਮੋਟਰ ਕਾਰ ਲਈ 6 ਲੱਖ ਰੁਪਏ ਦਾ ਕਰਜ਼ਾ ਦਿੱਤਾ ਗਿਆ ਸੀ। ਜਿਨ•ਾਂ ਵਲੋਂ ਕਰਜ਼ਾ ਮੋੜਿਆ ਨਹੀਂ ਗਿਆ,ਉਨ•ਾਂ ਨੂੰ ਵਿਧਾਨ ਸਭਾ ਨੇ ਡਿਫਾਲਟਰ ਐਲਾਨ ਦਿੱਤਾ।
           ਜਿਨ•ਾਂ ਸਾਬਕਾ ਵਿਧਾਇਕਾਂ ਸਿਰ ਮਕਾਨ ਉਸਾਰੀ ਦਾ ਕਰਜ਼ਾ ਬਕਾਇਆ ਖੜ•ਾ ਹੈ, ਉਨ•ਾਂ 'ਚ ਰਣਜੀਤ ਸਿੰਘ ਮਜੀਠਾ,ਰਵਿੰਦਰ ਸਿੰਘ ਸੰਧੂ,ਬਾਬੂ ਰਾਮ ਚਾਵਲਾ,ਜਸਜੀਤ ਸਿੰਘ ਰੰਧਾਵਾ,ਮਲਕੀਤ ਸਿੰਘ ਕੀਤੂ,ਸ਼ੇਰ ਸਿੰਘ ਜਲਾਲਾਬਾਦ,ਰਣਜੀਤ ਸਿੰਘ ਬਾਲੀਆ,ਅਜੈਪਾਲ ਸਿਘੰ ਮੀਰਾਂਕੋਟ,ਬਲਵੰਤ ਸਿੰਘ ਅਮਲੋਹ,ਉਜਾਗਰ ਸਿੰਘ ਰੰਗਰੇਟਾ,ਪ੍ਰਕਾਸ਼ ਸਿੰਘ ਭੱਟੀ,ਜਗੀਰ ਸਿੰਘ ਭੁੱਲਰ,ਸ੍ਰੀਮਤੀ ਮਹਿੰਦਰ ਕੌਰ ਜੋਸ਼,ਸ੍ਰੀਮਤੀ ਰੂਪ ਰਾਣੀ,ਕ੍ਰਿਸ਼ਨ ਕੁਮਾਰ ਕੌਸ਼ਲ ਅਤੇ ਕਰਮ ਸਿੰਘ ਗਿੱਲ ਸ਼ਾਮਲ ਹਨ। ਇਸੇ ਤਰ•ਾਂ ਜਿਨ•ਾਂ ਸਾਬਕਾ ਵਿਧਾਇਕਾਂ ਵੱਲ ਮੋਟਰ ਕਾਰ ਦਾ ਕਰਜ਼ਾ ਬਕਾਇਆ ਖੜ•ਾ ਹੈ,ਉਨ•ਾਂ 'ਚ ਬਲਵੰਤ ਸਿੰਘ ਅਮਲੋਹ,ਮਲਕੀਤ ਸਿੰਘ ਕੀਤੂ,ਜਗੀਰ ਸਿੰਘ ਭੁੱਲਰ,ਨੱਥਾ ਸਿੰਘ ਦਾਲਮ,ਇੰਦਰਜੀਤ ਸਿੰਘ ਜੀਰਾ,ਮਨਜੀਤ ਸਿੰਘ ਕਲਕੱਤਾ,ਜਗਤਾਰ ਸਿੰਘ ਰਾਜਲਾ,ਉਜਾਗਰ ਸਿੰਘ ਰੰਗਰੇਟਾ,ਰਾਜ ਕੁਮਾਰ ਗੁਪਤਾ,ਗੋਬਿੰਦ ਸਿੰਘ ਕਾਂਝਲਾ,ਰਾਜ ਕੁਮਾਰ ਵੇਰਕਾ,ਰਾਮ ਕੁਮਾਰ ਗੋਇਲ ਅਤੇ ਬਲਵੀਰ ਸਿੰਘ ਚੌਧਰੀ ਸ਼ਾਮਲ ਹਨ। ਦਰਜਨ ਕੁ ਸਾਬਕਾ ਵਿਧਾਇਕ ਉਹ ਹਨ ਜਿਨ•ਾਂ ਵੱਲ ਮਕਾਨ ਉਸਾਰੀ ਅਤੇ ਮੋਟਰ ਕਾਰ ਦਾ ਕਰਜ਼ਾ ਬਕਾਇਆ ਖੜ•ਾ ਹੈ। ਇਨ•ਾਂ ਤੋਂ ਇਲਾਵਾ ਕਾਫੀ ਸਾਬਕਾ ਵਿਧਾਇਕ ਉਹ ਵੀ ਹਨ ਜੋ ਪੰਜਾਬ ਵਿਧਾਨ ਸਭਾ ਤੋਂ ਲਏ ਕਰਜ਼ਾ ਦਾ ਵਿਆਜ ਮੋੜਦੇ ਰਹਿੰਦੇ ਹਨ ਪ੍ਰੰਤੂ ਮੂਲ ਨਹੀਂ ਮੋੜਦੇ ਹਨ। ਵਿਧਾਨ ਸਭਾ ਵਲੋਂ ਕਰਜ਼ਾ ਨਾ ਮੋੜਨ ਵਾਲੇ ਸਾਬਕਾ ਵਿਧਾਇਕਾਂ ਖਿਲਾਫ ਬਕਾਏ ਵਸੂਲਣ ਲਈ ਅਦਾਲਤਾਂ ਵਿੱਚ ਕੇਸ ਵੀ ਕੀਤੇ ਜਾਂਦੇ ਹਨ। ਉਸ ਤੋਂ ਪਹਿਲਾਂ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਵੀ ਲਿਖੇ ਜਾਂਦੇ ਹਨ ਕਿ ਡਿਫਾਲਟਰ ਸਾਬਕਾ ਵਿਧਾਇਕਾਂ ਖ਼ਿਲਾਫ਼ ਭੌ ਮਾਲੀਆ ਤਹਿਤ ਕਾਰਵਾਈ ਕੀਤੀ ਜਾਵੇ।
            ਸੂਤਰ ਆਖਦੇ ਹਨ ਕਿ ਡਿਫਾਲਟਰ ਹੋਏ ਸਾਬਕਾ ਵਿਧਾਇਕਾਂ ਦਾ ਵਾਲ ਵਿੰਗ ਨਹੀਂ ਹੁੰਦਾ ਜਦੋਂ ਕਿ ਡਿਫਾਲਟਰ ਕਿਸਾਨ ਤੇ ਮਜ਼ਦੂਰ ਨੂੰ ਤਾਂ ਸਰਕਾਰ ਬਿਨ•ਾਂ ਦੇਰੀ ਤੋਂ ਜੇਲ• ਭੇਜ ਦਿੰਦੀ ਹੈ। ਕਿਸਾਨਾਂ ਮਜ਼ਦੂਰਾਂ ਦੀ ਜ਼ਮੀਨ ਕੁਰਕੀ ਦੇ ਹੁਕਮ ਵੀ ਸਰਕਾਰ ਹੱਥੋਂ ਹੱਥ ਦੇ ਦਿੰਦੀ ਹੈ। ਸਾਬਕਾ ਵਿਧਾਇਕਾਂ ਨੂੰ ਇਸ ਮਾਮਲੇ 'ਚ ਕਾਫੀ ਰਿਆਇਤ ਮਿਲ ਜਾਂਦੀ ਹੈ। ਸਰਕਾਰੀ ਸੂਚਨਾ 'ਚ ਦੱਸਿਆ ਗਿਆ ਹੈ ਜੋ ਸਾਬਕਾ ਵਿਧਾਇਕ ਕਰਜ਼ਾ ਮੋੜੇ ਜਾਣ ਤੋਂ ਪਹਿਲਾਂ ਹੀ ਰੱਬ ਨੂੰ ਪਿਆਰੇ ਹੋ ਜਾਂਦੇ ਹਨ,ਉਨ•ਾਂ ਸਾਬਕਾ ਵਿਧਾਇਕਾਂ ਦਾ ਕਰਜ਼ਾ ਸਬੰਧਿਤ ਅਥਾਰਟੀ ਤੋਂ ਪ੍ਰਵਾਨਗੀ ਲੈ ਕੇ ਵੱਟੇ ਖਾਤੇ ਪਾ ਦਿੱਤਾ ਜਾਂਦਾ ਹੈ। ਵੱਟੇ ਖਾਤੇ ਪਾਏ ਜਾਣ ਵਾਲੇ ਕਰਜ਼ੇ ਵਿੱਚ ਮੂਲ ਅਤੇ ਵਿਆਜ ਦੋਹੇ ਸ਼ਾਮਲ ਹੁੰਦੇ ਹਨ। ਸਾਬਕਾ ਵਿਧਾਇਕਾਂ ਨੇ ਵਿਧਾਇਕ ਹੁੰਦੇ ਹੀ ਇਹ ਕਰਜ਼ੇ ਚੁੱਕੇ ਹੋਏ ਹਨ।
                                        ਵਿਧਾਇਕਾਂ ਨੂੰ ਕਰਜ਼ੇ ਦੇਣ ਤੋਂ ਹੱਥ ਖੜ•ੇ ਕੀਤੇ। 
ਪੰਜਾਬ ਵਿਧਾਨ ਸਭਾ ਵਲੋਂ ਹੁਣ ਵਿਧਾਇਕਾਂ ਨੂੰ ਕਰਜ਼ੇ ਦੇਣੇ ਬੰਦ ਕਰ ਦਿੱਤੇ ਹਨ। ਦੋ ਢਾਈ ਵਰਿ•ਆਂ ਤੋਂ ਵਿਧਾਇਕਾਂ ਨੂੰ ਕਰਜ਼ਾ ਨਹੀਂ ਦਿੱਤਾ ਜਾ ਰਿਹਾ ਹੈ। ਵਿਧਾਨ ਸਭਾ ਨੇ ਵਿਧਾਇਕਾਂ ਨੂੰ ਇਹ ਆਖ ਦਿੱਤਾ ਸੀ ਕਿ ਉਹ ਬੈਂਕਾਂ ਤੋਂ ਕਰਜ਼ਾ ਚੁੱਕ ਲੈਣ। ਜਦੋਂ ਬੈਂਕਾਂ ਨੇ ਇਨ•ਾਂ ਵਿਧਾਇਕਾਂ ਦੀ ਵਿਧਾਨ ਸਭਾ ਤੋਂ ਗਰੰਟੀ ਮੰਗੀ ਤਾਂ ਵਿਧਾਨ ਸਭਾ ਸਕੱਤਰੇਤ ਨੇ ਹੱਥ ਪਿਛਾਂਹ ਖਿੱਚ ਲਏ। ਹੁਣ ਵਿਧਾਇਕਾਂ ਨੂੰ ਨਾ ਵਿਧਾਨ ਸਭਾ ਅਤੇ ਨਾ ਹੀ ਬੈਂਕ ਬਿਨ•ਾਂ ਗਰੰਟੀ ਤੋਂ ਕੋਈ ਕਰਜ਼ਾ ਦਿੰਦੇ ਹਨ। ਵਿਧਾਇਕਾਂ ਨੂੰ ਜੋ ਕਰਜ਼ਾ ਦਿੱਤਾ ਜਾਂਦਾ ਹੈ,ਉਸ 'ਚ ਸਰਕਾਰ ਵਲੋਂ ਵਾਧਾ ਵੀ ਕੀਤਾ ਗਿਆ ਹੈ। ਹੁਣ ਵਾਧੇ ਮਗਰੋਂ ਵਿਧਾਇਕਾਂ ਨੂੰ ਮੋਟਰ ਕਾਰ ਲਈ 15 ਲੱਖ ਤੱਕ ਦਾ ਕਰਜ਼ਾ ਦਿੱਤਾ ਜਾਂਦਾ ਹੈ ਜਦੋਂ ਕਿ ਮਕਾਨ ਉਸਾਰੀ ਲਈ 50 ਲੱਖ ਤੱਕ ਦਾ ਕਰਜ਼ਾ ਦੇਣ ਦੀ ਵਿਵਸਥਾ ਕਰ ਦਿੱਤੀ ਗਈ ਹੈ। ਪਹਿਲਾਂ ਮਕਾਨ ਉਸਾਰੀ ਲਈ 10 ਲੱਖ ਅਤੇ ਮੋਟਰ ਕਾਰ ਲਈ ਕਰਜ਼ਾ 6 ਲੱਖ ਰੁਪਏ ਦਾ ਮਿਲਦਾ ਸੀ।

Monday, December 26, 2011


                               ਅੰਦਰਲੀ ਗੱਲ
         ਖੁੱਲੇ ਗੱਫੇ ਛਕਦੇ ਨੇ ਐਮ.ਐਲ.ਏ       
                            
  : ਪੰਜਾਬ ਦੇ ਵਿਧਾਇਕਾਂ ਦੇ ਭੱਤੇ ਬਿਨ•ਾਂ ਰੌਲ਼ੇ ਰੱਪੇ ਤੋਂ ਛੜੱਪੇ ਮਾਰ ਮਾਰ ਕੇ ਵੱਧ ਰਹੇ ਹਨ। ਸਰਕਾਰੀ ਖ਼ਜ਼ਾਨੇ ਚੋਂ ਕਰੀਬ 55 ਲੱਖ ਰੁਪਏ ਇੱਕ ਵਿਧਾਇਕ ਦੀ ਜੇਬ 'ਚ ਪੰਜ ਵਰਿ•ਆਂ 'ਚ ਚਲੇ ਜਾਂਦੇ ਹਨ। ਲੰਘੇ 20 ਵਰਿ•ਆਂ 'ਚ ਵਿਧਾਇਕਾਂ ਦੀ ਫਿਕਸ ਤਨਖਾਹ ਤੇ ਭੱਤਿਆਂ 'ਚ ਕਰੀਬ 30 ਗੁਣਾ ਦਾ ਵਾਧਾ ਹੋਇਆ ਹੈ। ਸਾਲ 1992 'ਚ ਵਿਧਾਇਕਾਂ ਨੂੰ ਫਿਕਸ ਭੱਤੇ ਸਿਰਫ਼ ਦੋ ਹਜ਼ਾਰ ਰੁਪਏ ਮਿਲਦੇ ਸਨ ਜਦੋਂ ਕਿ ਹੁਣ 59,000 ਰੁਪਏ ਪ੍ਰਤੀ ਮਹੀਨਾ ਮਿਲਦੇ ਹਨ। ਵਿਧਾਇਕਾਂ ਦੀ ਸੁੱਖ ਸਹੂਲਤਾਂ ਵਿੱਚ ਵਾਧੇ ਕਰਨ ਵਿੱਚ ਸਰਕਾਰ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਉਲਟਾ ਵਿਧਾਨ ਸਭਾ 'ਚ ਵਿਧਾਇਕਾਂ ਦੀ ਕਾਰਗੁਜ਼ਾਰੀ ਦਿਨੋਂ ਦਿਨ ਮਨਫ਼ੀ ਹੁੰਦੀ ਜਾ ਰਹੀ ਹੈ। ਵਿਧਾਇਕਾਂ ਦੇ ਭੱਤਿਆਂ 'ਚ ਵਾਧੇ ਦੇ ਮਾਮਲੇ 'ਤੇ ਵਿਧਾਨ ਸਭਾ 'ਚ ਕਦੇ ਕੋਈ ਰੌਲਾ ਨਹੀਂ ਪਿਆ ਹੈ। ਫਿਕਸ ਭੱਤਿਆਂ ਤੋਂ ਇਲਾਵਾ ਇੱਕ ਵਿਧਾਇਕ ਨੂੰ ਹੁਣ ਦੋ ਲੱਖ ਰੁਪਏ ਸਲਾਨਾ ਪ੍ਰਾਈਵੇਟ ਸਫ਼ਰ ਦਾ ਖਰਚਾ ਵੀ ਮਿਲਦਾ ਹੈ ਅਤੇ ਇੱਕ ਵਿਧਾਇਕ ਔਸਤਨ 1.50 ਲੱਖ ਰੁਪਏ ਟੀ.ਏ/ਡੀ.ਏ ਤੋਂ ਇਲਾਵਾ ਔਸਤਨ 30 ਹਜ਼ਾਰ ਰੁਪਏ ਹਾਲਟਿੰਗ ਅਲਾਊਂਸ ਵੀ ਲੈ ਲੈਂਦਾ ਹੈ। ਸਭ ਨੂੰ ਮਿਲਾ ਲਈਏ ਤਾਂ ਇੱਕ ਵਿਧਾਇਕ ਨੂੰ ਕਰੀਬ 10.88 ਲੱਖ ਰੁਪਏ ਸਲਾਨਾ ਦੀ ਤਨਖਾਹ ਤੇ ਭੱਤੇ ਮਿਲਦੇ ਹਨ। ਪੰਜ ਵਰਿ•ਆਂ ਦੀ ਗੱਲ ਕਰੀਏ ਤਾਂ ਇੱਕ ਵਿਧਾਇਕ ਖ਼ਜ਼ਾਨੇ ਚੋਂ 54.40 ਲੱਖ ਰੁਪਏ ਲੈ ਜਾਂਦਾ ਹੈ। ਤੇਲ ਖਰਚ, ਸੁਰੱਖਿਆ ਦਾ ਖਰਚ ਅਤੇ ਵਿਸ਼ੇਸ਼ ਕਮੇਟੀਆਂ ਦੇ ਮੈਂਬਰ ਹੋਣ ਦੇ ਨਾਤੇ ਲਏ ਜਾਣ ਵਾਲੇ ਭੱਤੇ ਇਸ ਤੋਂ ਵੱਖਰੇ ਹਨ। ਆਖਰੀ ਸਮੇਂ ਪੰਜਾਬ ਵਿਧਾਨ ਸਭਾ ਵਲੋਂ 27 ਅਕਤੂਬਰ 2010 ਨੂੰ ਵਿਧਾਇਕਾਂ ਦੇ ਭੱਤਿਆਂ ਵਿੱਚ ਵਾਧਾ ਕੀਤਾ ਗਿਆ ਸੀ। ਉਸ ਮਗਰੋਂ 23 ਸਤੰਬਰ 2011 ਨੂੰ ਟੀ.ਏ 12 ਰੁਪਏ ਤੋਂ ਵਧਾ ਕੇ 15 ਰੁਪਏ ਪ੍ਰਤੀ ਕਿਲੋਮੀਟਰ ਕੀਤਾ ਗਿਆ ਸੀ।
           ਪੰਜਾਬ ਵਿਧਾਨ ਸਭਾ ਸਕੱਤਰੇਤ ਤੋਂ ਸੂਚਨਾ ਦੇ ਅਧਿਕਾਰ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਵਿਧਾਇਕਾਂ ਨੂੰ 28 ਜੁਲਾਈ 1992 ਤੱਕ ਕੰਪਨਸੈਂਟਰੀ ਅਲਾਊਂਸ ਸਿਰਫ਼ 900 ਰੁਪਏ ਪ੍ਰਤੀ ਮਹੀਨਾ ਮਿਲਦਾ ਸੀ ਜੋ ਕਿ ਹੁਣ 5000 ਰੁਪਏ ਪ੍ਰਤੀ ਮਹੀਨਾ ਮਿਲਦਾ ਹੈ। 22 ਅਪਰੈਲ 2003 ਤੱਕ ਇਹ ਅਲਾਊਂਸ 2500 ਰੁਪਏ ਸੀ। 1992 'ਚ ਜੋ ਹਲਕਾ ਸਕੱਤਰੇਤ ਅਤੇ ਪੋਸਟਲ ਖਰਚਾ 1100 ਰੁਪਏ ਪ੍ਰਤੀ ਮਹੀਨਾ ਮਿਲਦਾ ਸੀ, ਉਹ ਹੁਣ ਵੱਧ ਕੇ 15 ਹਜ਼ਾਰ ਰੁਪਏ ਹੋ ਗਿਆ ਹੈ। ਵਿਧਾਇਕਾਂ ਦਾ ਹਾਲਟਿੰਗ ਅਲਾਊਸ ਚੋਂ ਸਾਲ 1992 ਵਿੱਚ ਇੱਕ ਸੌ ਰੁਪਏ ਪ੍ਰਤੀ ਦਿਨ ਸੀ, ਉਹ ਹੁਣ ਵੱਧ ਕੇ 1000 ਰੁਪਏ ਪ੍ਰਤੀ ਦਿਨ ਹੋ ਗਿਆ ਹੈ। 20 ਸਾਲ ਪਹਿਲਾਂ ਜੋ ਟੀ.ਏ 2 ਰੁਪਏ ਪ੍ਰਤੀ ਕਿਲੋਮੀਟਰ ਮਿਲਦਾ ਸੀ, ਉਹ ਹੁਣ ਵੱਧ ਕੇ 15 ਰੁਪਏ ਪ੍ਰਤੀ ਕਿਲੋਮੀਟਰ ਹੋ ਗਿਆ ਹੈ। ਵਿਧਾਇਕਾਂ ਨੂੰ ਪ੍ਰਾਈਵੇਟ ਸਫ਼ਰ ਦੀ ਸਹੂਲਤ 29 ਜੁਲਾਈ 1992 ਨੂੰ ਦਿੱਤੀ ਗਈ ਜਿਸ ਤਹਿਤ ਵਿਧਾਇਕਾਂ ਨੂੰ ਸਲਾਨਾ 40 ਹਜ਼ਾਰ ਰੁਪਏ ਦਿੱਤੇ ਜਾਂਦੇ ਸਨ, ਹੁਣ ਇਸ ਸਹੂਲਤ ਤਹਿਤ ਰਾਸ਼ੀ ਦੋ ਲੱਖ ਰੁਪਏ ਸਲਾਨਾ ਦੀ ਕਰ ਦਿੱਤੀ ਗਈ ਹੈ। ਸਾਲ 2003 ਤੱਕ ਇਹ ਅਲਾਊਂਸ 50 ਹਜ਼ਾਰ ਰੁਪਏ ਸਲਾਨਾ ਤੱਕ ਸਨ। ਪੰਜਾਬ ਸਰਕਾਰ ਵਲੋਂ 23 ਅਪਰੈਲ 2003 ਤੋਂ ਵਿਧਾਇਕਾਂ ਨੂੰ ਚਾਰ ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦੇਣੀ ਵੀ ਸ਼ੁਰੂ ਕਰ ਦਿੱਤੀ ਗਈ। ਇਸ ਦੇ ਨਾਲ ਪੰਜ ਹਜ਼ਾਰ ਰੁਪਏ ਦਫ਼ਤਰੀ ਖਰਚਾ, 2000 ਰੁਪਏ ਚਾਹ ਪਾਣੀ ਲਈ ਅਲਾਊਂਸ ਅਤੇ ਇੱਕ ਹਜ਼ਾਰ ਰੁਪਏ ਬਿਜਲੀ ਪਾਣੀ ਦਾ ਬਿੱਲ ਦੇਣਾ ਸ਼ੁਰੂ ਕਰ ਦਿੱਤਾ ਸੀ। ਮੌਜੂਦਾ ਸਰਕਾਰ ਨੇ 27 ਅਕਤੂਬਰ 2010 ਤੋਂ ਵਿਧਾਇਕਾਂ ਨੂੰ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਸਕੱਤਰੇਤ ਭੱਤਾ ਅਤੇ 10 ਹਜ਼ਾਰ ਰੁਪਏ ਟੈਲੀਫੂਨ ਅਲਾਊਂਸ ਵੀ ਦੇਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਨੇ ਟੀ.ਏ 'ਚ ਦੋ ਵਰਿ•ਆਂ 'ਚ ਹੀ ਕਰੀਬ ਢਾਈ ਗੁਣਾ ਵਾਧਾ ਕਰ ਦਿੱਤਾ ਹੈ। 31 ਦਸੰਬਰ 2009 ਤੱਕ ਟੀ.ਏ ਪ੍ਰਤੀ ਕਿਲੋਮੀਟਰ 6 ਰੁਪਏ ਦਿੱਤਾ ਜਾਂਦਾ ਸੀ ਜੋ ਕਿ ਹੁਣ 15 ਰੁਪਏ ਪ੍ਰਤੀ ਕਿਲੋਮੀਟਰ ਹੋ ਗਿਆ ਹੈ।
          ਵਿਧਾਇਕਾਂ ਨੂੰ ਜੋ ਪੈਨਸ਼ਨ ਮਿਲਦੀ ਹੈ,ਉਹ ਵੀ ਵੱਖਰੀ ਹੈ। ਇੱਕ ਦਫ਼ਾ ਜੋ ਵਿਧਾਇਕ ਬਣ ਜਾਂਦਾ ਹੈ, ਉਸ ਨੂੰ 7500 ਰੁਪਏ ਪੈਨਸ਼ਨ ਮਿਲਦੀ ਹੈ। ਉਸ ਮਗਰੋਂ ਉਹ ਜਿੰਨੀ ਦਫ਼ਾ ਵਿਧਾਇਕ ਬਣੇਗਾ,ਉਸ ਦੀ ਪੈਨਸ਼ਨ 'ਚ ਪੰਜ ਪੰਜ ਹਜ਼ਾਰ ਰੁਪਏ ਦਾ ਵਾਧਾ ਹੁੰਦਾ ਜਾਵੇਗਾ। ਸੂਤਰ ਆਖਦੇ ਹਨ ਕਿ ਜਦੋਂ ਵਿਧਾਇਕ ਖ਼ਜ਼ਾਨੇ ਚੋਂ ਮੋਟੀ ਤਨਖਾਹ ਤੇ ਭੱਤੇ ਲੈਂਦੇ ਹਨ ਤਾਂ ਉਹ ਵਿਧਾਨ ਸਭਾ 'ਚ ਆਪਣੀ ਕਾਰਗੁਜ਼ਾਰੀ ਕਿਉਂ ਨਹੀਂ ਦਿਖਾਉਂਦੇ। ਵਿਰੋਧੀ ਧਿਰ ਦੇ ਬਹੁਤੇ ਵਿਧਾਇਕ ਹਲਕਿਆਂ 'ਚ ਚੋਣਾਂ ਵੇਲੇ ਹੀ ਦਿਖਦੇ ਹਨ ਪ੍ਰੰਤੂ ਉਹ ਪੂਰੇ ਪੰਜ ਸਾਲ ਹਲਕਾ ਭੱਤਾ ਵੀ ਲੈਂਦੇ ਰਹਿੰਦੇ ਹਨ ਤੇ ਬਾਕੀ ਭੱਤੇ ਵੀ। ਮੋਟੇ ਅੰਦਾਜ਼ੇ ਅਨੁਸਾਰ ਪੰਜਾਬ ਦੇ ਵਿਧਾਇਕਾਂ ਦੇ ਸਾਰੇ ਭੱਤੇ ਅਤੇ ਖ਼ਰਚਿਆਂ ਦਾ ਭਾਰ ਪੰਜ ਵਰਿ•ਆਂ 'ਚ 100 ਕਰੋੜ ਰੁਪਏ ਤੋਂ ਟੱਪ ਜਾਂਦਾ ਹੈ। ਵਿਰੋਧੀ ਧਿਰ ਵਲੋਂ ਖ਼ਜ਼ਾਨਾ ਖਾਲੀ ਹੋਣ ਦੀ ਰੱਟ ਤਾਂ ਲਾਈ ਜਾਂਦੀ ਹੈ ਪ੍ਰੰਤੂ ਕੋਈ ਵਿਧਾਇਕ ਪੰਜਾਬ ਦੇ ਭਲੇ ਖਾਤਰ ਭੱਤੇ ਲੈਣ ਤੋਂ ਇਨਕਾਰ ਨਹੀਂ ਕਰਦਾ। ਦੂਸਰੀ ਤਰਫ਼ ਬੇਰੁਜ਼ਗਾਰ ਤੇ ਮੁਲਾਜ਼ਮ ਧਿਰਾਂ ਨੂੰ ਆਪਣੇ ਹੱਕ ਖਾਤਰ ਕਦੇ ਟੈਂਕੀ 'ਤੇ ਚੜ•ਨਾ ਪੈਂਦਾ ਹੈ ਅਤੇ ਕਦੇ ਥੱਪੜ ਤੱਕ ਖਾਣੇ ਪੈਂਦੇ ਹਨ। ਫਿਰ ਵੀ ਉਨ•ਾਂ ਦੀ ਕੋਈ ਨਹੀਂ ਸੁਣਦਾ।      
                                                              ਵਿਧਾਇਕਾਂ ਨੂੰ ਮਿਲਦੇ ਭੱਤੇ
ਤਨਖਾਹ   : 15,000 ਰੁਪਏ ਪ੍ਰਤੀ ਮਹੀਨਾ
ਕੰਪਨਸੈਂਟਰੀ ਅਲਾਊਂਸ  : 5,000 ਰੁਪਏ ਪ੍ਰਤੀ ਮਹੀਨਾ
ਹਲਕਾ ਸਕੱਤਰੇਤ ਤੇ ਪੋਸਟਲ ਖਰਚ : 15,000 ਰੁਪਏ ਪ੍ਰਤੀ ਮਹੀਨਾ
ਆਫਿਸ ਅਲਾਊਂਸ  : 5,000 ਰੁਪਏ ਪ੍ਰਤੀ ਮਹੀਨਾ
ਚਾਹ ਪਾਣੀ ਖਰਚ  : 3,000 ਰੁਪਏ ਪ੍ਰਤੀ ਮਹੀਨਾ
ਵਾਟਰ ਐਂਡ ਇਲੈਕਟ੍ਰੀਸਿਟੀ : 1,000 ਰੁਪਏ ਪ੍ਰਤੀ ਮਹੀਨਾ
ਹਾਲਟਿੰਗ ਅਲਾਊਂਸ  : 1,000 ਰੁਪਏ ਪ੍ਰਤੀ ਦਿਨ
ਸਕੱਤਰੇਤ ਭੱਤਾ  : 5,000 ਰੁਪਏ ਪ੍ਰਤੀ ਮਹੀਨਾ
ਟੈਲੀਫੂਨ ਅਲਾਊਂਸ  : 10,000 ਰੁਪਏ ਪ੍ਰਤੀ ਮਹੀਨਾ
ਪ੍ਰਾਈਵੇਟ ਸਫ਼ਰ ਭੱਤਾ  : 2,00,000 ਰੁਪਏ ਸਲਾਨਾ
ਟੀ.ਏ   : 15 ਰੁਪਏ ਪ੍ਰਤੀ ਕਿਲੋਮੀਟਰ
ਮੈਡੀਕਲ ਭੱਤਾ  (ਵਿਧਾਇਕ ਅਤੇ ਉਸ ਦੇ ਪਰਿਵਾਰ ਨੂੰ ਦੇਸ਼ ਵਿਦੇਸ਼ ਤੋਂ ਇਲਾਜ ਕਰਾਉਣ ਵਾਸਤੇ ਮੈਡੀਕਲ ਭੱਤਾ ਦੇਣ ਦੀ ਕੋਈ ਸੀਮਾ ਨਹੀਂ ਹੈ)           

Friday, December 23, 2011


       ਬਾਦਲ ਦਾ ਤੇਲ ਖਰਚ ਪੌਣੇ ਛੇ ਕਰੋੜ !
                               
ਪੰਜਾਬ ਕੈਬਨਿਟ ਵਲੋਂ ਢਾਈ ਵਰਿ•ਆਂ 'ਚ 18.54 ਕਰੋੜ ਦਾ ਤੇਲ ਫੂਕ ਦਿੱਤਾ ਗਿਆ ਹੈ। ਸਰਕਾਰੀ ਖ਼ਜ਼ਾਨੇ ਨੂੰ ਇਕੱਲੇ ਮੁੱਖ ਮੰਤਰੀ ਪੰਜਾਬ ਦੀਆਂ ਕਾਰਾਂ ਦਾ ਕਾਫਲਾ ਪੌਣੇ ਛੇ ਕਰੋੜ ਰੁਪਏ 'ਚ ਪਿਆ ਹੈ। ਮੁੱਖ ਮੰਤਰੀ ਕੋਲ 33 ਗੱਡੀਆਂ ਦਾ ਕਾਫਲਾ ਹੈ ਜਿਨ•ਾਂ ਦਾ ਤੇਲ ਖਰਚ 13 ਵਜ਼ੀਰਾਂ ਦੀਆਂ ਗੱਡੀਆਂ ਦੇ ਬਰਾਬਰ ਦਾ ਹੈ। ਬਿਨ•ਾਂ ਰੋਕ ਹੋਏ ਸੰਗਤ ਦਰਸ਼ਨ ਪ੍ਰੋਗਰਾਮ ਇਸ ਤੇਲ ਖਰਚੇ 'ਚ ਇਜਾਫੇ ਦਾ ਮੁੱਖ ਕਾਰਨ ਦੱਸੇ ਜਾ ਰਹੇ ਹਨ। ਜੋ ਹੈਲੀਕਾਪਟਰ ਦਾ ਖਰਚਾ ਹੈ, ਉਹ ਵੱਖਰਾ ਹੈ। ਤੇਲ ਮਹਿੰਗਾ ਹੋਵੇ ਤੇ ਚਾਹੇ ਸਸਤਾ, ਸਰਕਾਰ ਨੂੰ ਇਸ ਦੀ ਖਪਤ ਤੇ ਕੀਮਤ ਦਾ ਕੋਈ ਫਿਕਰ ਨਹੀਂ ਹੈ। ਨਾ ਕਦੇ ਸਰਕਾਰ ਦਾ ਊਰਜਾ ਬਚਾਓ ਦਾ ਕੋਈ ਏਜੰਡਾ ਹੈ। ਪੂਰੀ ਕੈਬਨਿਟ ਦੀ ਗੱਲ ਕਰੀਏ ਤਾਂ ਇਨ•ਾਂ ਢਾਈ ਵਰਿ•ਆਂ 'ਚ ਉਨ•ਾਂ ਦੀਆਂ ਗੱਡੀਆਂ 18.54 ਕਰੋੜ ਦਾ ਤੇਲ ਛੱਕ ਗਈਆਂ ਹਨ। ਨਿਯਮਾਂ 'ਚ ਤੇਲ ਖਰਚ ਦੀ ਕੋਈ ਬੰਦਿਸ਼ ਨਹੀਂ ਹੈ। ਨਤੀਜਾ ਇਹ ਹੈ ਕਿ ਗੱਡੀਆਂ ਦੇ ਕਾਫਲੇ ਖ਼ਜ਼ਾਨੇ ਨੂੰ ਰੋਜ਼ਾਨਾ 2.03 ਲੱਖ ਰੁਪਏ ਦੀ ਸੱਟ ਮਾਰ ਦਿੰਦੇ ਹਨ। ਖ਼ਰਚਿਆਂ ਨੂੰ ਠੱਲ•ਣ ਦੀ ਥਾਂ ਏਦਾ ਦਾ ਖਰਚਾ ਵੱਧਦਾ ਹੀ ਜਾ ਰਿਹਾ ਹੈ। ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਵਲੋਂ ਸੂਚਨਾ ਦੇ ਅਧਿਕਾਰ ਤਹਿਤ ਜੋ ਵੇਰਵੇ ਪੱਤਰ ਨੰਬਰ 1146/52163 ਮਿਤੀ 18 ਨਵੰਬਰ 2011 ਰਾਹੀਂ ਦਿੱਤੇ ਹਨ, ਉਨ•ਾਂ ਤੋਂ ਇਹ ਗੱਲ ਉਭਰੀ ਹੈ ਕਿ 17 ਵਜ਼ੀਰਾਂ ਦੇ ਝੂਟੇ ਖ਼ਜ਼ਾਨੇ ਨੂੰ 7.46 ਕਰੋੜ ਰੁਪਏ ਵਿੱਚ ਪਏ ਹਨ।
             ਮੁੱਖ ਮੰਤਰੀ ਪੰਜਾਬ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦਾ ਪਹਿਲੀ ਅਪਰੈਲ 2009 ਤੋਂ 30 ਸਤੰਬਰ 2011 ਤੱਕ 5,72,62,301 ਰੁਪਏ ਦਾ ਤੇਲ ਖਰਚ ਹੈ ਜਦੋਂ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਤੇਲ ਖਰਚ 1,02,84,784 ਰੁਪਏ ਹਨ। ਹਾਲਾਂਕਿ ਦੂਰ ਦਾ ਸਫ਼ਰ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵਲੋਂ ਹੈਲੀਕਾਪਟਰ 'ਚ ਤੈਅ ਕੀਤਾ ਜਾਂਦਾ ਹੈ। ਖਾਲੀ ਗੱਡੀਆਂ ਦੇ ਕਾਫਲੇ ਨੇ ਜਿਆਦਾ ਤੇਲ ਛਕਿਆ ਹੈ। ਪੰਜਾਬ ਸਰਕਾਰ ਏਡੀ ਵੱਡੀ ਰਾਸ਼ੀ ਤਾਂ 'ਕੈਂਸਰ ਫੰਡ' ਲਈ ਵੀ ਨਹੀਂ ਜੁਟਾ ਸਕੀ ਹੈ। ਮੁਲਾਂਕਣ ਕਰੀਏ ਤਾਂ ਮੁੱਖ ਮੰਤਰੀ ਪੰਜਾਬ ਦਾ ਤੇਲ ਖਰਚ ਸਲਾਨਾ ਔਸਤਨ ਸਵਾ ਦੋ ਕਰੋੜ ਰੁਪਏ ਤੋਂ ਉਪਰ ਦਾ ਹੈ। ਉਨ•ਾਂ ਵਲੋਂ ਔਸਤਨ 19 ਲੱਖ ਰੁਪਏ ਦਾ ਤੇਲ ਖਰਚ ਪ੍ਰਤੀ ਮਹੀਨਾ ਕੀਤਾ ਜਾਂਦਾ ਹੈ। ਮੁੱਖ ਮੰਤਰੀ ਦੀਆਂ ਗੱਡੀਆਂ ਦਾ ਕਾਫਲਾ ਰੋਜ਼ਾਨਾ ਸਰਕਾਰ ਨੂੰ ਔਸਤਨ 63 ਹਜ਼ਾਰ ਰੁਪਏ ਵਿੱਚ ਪੈਂਦਾ ਹੈ। ਮੁੱਖ ਮੰਤਰੀ,ਉਪ ਮੁੱਖ ਮੰਤਰੀ,ਵਜ਼ੀਰ ਅਤੇ ਮੁੱਖ ਸੰਸਦੀ ਸਕੱਤਰਾਂ ਦਾ ਤੇਲ ਖਰਚ ਦੇਖੀਏ ਤਾਂ ਪੰਜਾਬ ਸਰਕਾਰ ਵਲੋਂ ਰੋਜ਼ਾਨਾ 2.03 ਲੱਖ ਰੁਪਏ ਇਨ•ਾਂ 'ਤੇ ਖਰਚ ਕੀਤੇ ਜਾਂਦੇ ਹਨ। 17 ਵਜ਼ੀਰਾਂ ਦਾ ਪ੍ਰਤੀ ਮਹੀਨਾ ਤੇਲ ਖਰਚ 24.88 ਲੱਖ ਰੁਪਏ ਹੈ ਜਦੋਂ ਕਿ ਰੋਜ਼ਾਨਾ ਦਾ ਤੇਲ ਖਰਚ 81 ਹਜ਼ਾਰ ਰੁਪਏ ਬਣਦਾ ਹੈ। ਪੰਜਾਬ ਸਰਕਾਰ ਵਲੋਂ 16 ਮੁੱਖ ਸੰਸਦੀ ਸਕੱਤਰ ਬਣਾਏ ਹੋਏ ਹਨ ਜਿਨ•ਾਂ ਵਲੋਂ ਢਾਈ ਵਰਿ•ਆਂ 'ਚ 4.32 ਕਰੋੜ ਰੁਪਏ ਦਾ ਤੇਲ ਖਰਚ ਕੀਤਾ ਗਿਆ ਹੈ।
          ਮੁੱਖ ਸੰਸਦੀ ਸਕੱਤਰਾਂ ਦਾ ਪ੍ਰਤੀ ਦਿਨ ਦਾ 47 ਹਜ਼ਾਰ ਰੁਪਏ ਔਸਤਨ ਤੇਲ ਖਰਚ ਹੈ ਅਤੇ ਉਨ•ਾਂ ਦਾ ਪ੍ਰਤੀ ਮਹੀਨਾ ਤੇਲ ਖਰਚ ਸਰਕਾਰ ਨੂੰ 14.41 ਲੱਖ ਰੁਪਏ ਵਿੱਚ ਪੈਂਦਾ ਹੈ। ਤੇਲ ਖਰਚ ਦੇ ਮਾਮਲੇ 'ਚ ਮਾਲ ਮੰਤਰੀ ਅਜੀਤ ਸਿੰਘ ਕੁਹਾੜ ਸਭ ਵਜ਼ੀਰਾਂ ਨੂੰ ਪਿਛੇ ਛੱਡ ਗਏ ਹਨ। ਉਨ•ਾਂ ਨੇ ਢਾਈ ਵਰਿ•ਆਂ 'ਚ 67.33 ਲੱਖ ਰੁਪਏ ਦਾ ਤੇਲ ਫੂਕਿਆ ਹੈ। ਦੂਸਰੇ ਨੰਬਰ 'ਤੇ ਵਜ਼ੀਰ ਗੁਲਜ਼ਾਰ ਸਿੰਘ ਰਣੀਕੇ ਹਨ ਜਿਨ•ਾਂ ਦਾ ਤੇਲ ਖਰਚ 67.08 ਲੱਖ ਰੁਪਏ ਹੈ। ਮਾਸਟਰ ਮੋਹਨ ਲਾਲ ਦਾ ਵਜ਼ੀਰੀ ਸਮੇਂ ਤੇਲ ਖਰਚ 62.04 ਲੱਖ ਰੁਪਏ ਹੈ। ਸਭ ਤੋਂ ਘੱਟ ਤੇਲ ਖਰਚ ਵਜ਼ੀਰ ਬਲਵੀਰ ਸਿੰਘ ਬਾਠ ਦਾ ਹੈ ਜੋ ਕਿ 6.89 ਲੱਖ ਰੁਪਏ ਹੈ। ਸ੍ਰੀ ਬਾਠ ਕੁਝ ਸਮਾਂ ਪਹਿਲਾਂ ਹੀ ਵਜ਼ੀਰ ਬਣੇ ਹਨ। ਮੁੱਖ ਸੰਸਦੀ ਸਕੱਤਰਾਂ ਚੋਂ ਸ੍ਰੀ ਬਿਕਰਮਜੀਤ ਸਿੰਘ ਖਾਲਸਾ ਤੇਲ ਖਰਚ ਦੇ ਮਾਮਲੇ 'ਚ ਬਾਜੀ ਮਾਰ ਗਏ ਹਨ। ਉਨ•ਾਂ ਦਾ ਢਾਈ ਵਰਿ•ਆਂ ਦਾ ਤੇਲ ਖਰਚ 48.10 ਲੱਖ ਰੁਪਏ ਰਿਹਾ ਹੈ ਜਦੋਂ ਕਿ ਦੂਸਰੇ ਨੰਬਰ 'ਤੇ ਮਹਿੰਦਰ ਕੌਰ ਜੋਸ਼ ਦਾ ਤੇਲ ਖਰਚ 45.39 ਲੱਖ ਰੁਪਏ ਰਿਹਾ ਹੈ। ਤੀਸਰਾ ਨੰਬਰ ਮੁੱਖ ਸੰਸਦੀ ਸਕੱਤਰ ਰਾਜ ਖੁਰਾਣਾ ਦਾ ਹੈ ਜਿਨ•ਾਂ ਨੇ 36.34 ਲੱਖ ਰੁਪਏ ਦਾ ਤੇਲ ਖਰਚ ਕੀਤਾ ਹੈ।
                                              ਕੈਬਨਿਟ ਕੋਲ 119 ਗੱਡੀਆਂ ਦਾ ਕਾਫਲਾ
ਪੰਜਾਬ ਕੈਬਨਿਟ ਕੋਲ 119 ਗੱਡੀਆਂ ਦਾ ਕਾਫਲਾ ਹੈ। ਮੁੱਖ ਮੰਤਰੀ ਪੰਜਾਬ ਕੋਲ 33 ਗੱਡੀਆਂ ਹਨ ਜਦੋਂ ਕਿ ਉਪ ਮੁੱਖ ਮੰਤਰੀ ਪੰਜਾਬ ਕੋਲ 20 ਗੱਡੀਆਂ ਦਾ ਕਾਫਲਾ ਹੈ। 17 ਕੈਬਨਿਟ ਵਜ਼ੀਰਾਂ ਕੋਲ 34 ਗੱਡੀਆਂ ਹਨ ਜਿਨ•ਾਂ 'ਚ ਸਰਕਾਰੀ ਖ਼ਜ਼ਾਨੇ ਚੋਂ ਤੇਲ ਪੈਂਦਾ ਹੈ। ਇਵੇਂ ਹਰ ਮੁੱਖ ਸੰਸਦੀ ਸਕੱਤਰ ਨੂੰ ਦੋ ਦੋ ਗੱਡੀਆਂ ਦਿੱਤੀਆਂ ਹੋਈਆਂ ਹਨ ਜਿਨ•ਾਂ ਕੋਲ 32 ਗੱਡੀਆਂ ਦਾ ਕਾਫਲਾ ਹੈ। ਵਿਧਾਨ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ ਨੂੰ ਇੱਕ ਇੱਕ ਗੱਡੀ ਦਿੱਤੀ ਹੋਈ ਹੈ। ਵਿਰੋਧੀ ਧਿਰ ਦੀ ਨੇਤਾ ਨੂੰ ਦੋ ਗੱਡੀਆਂ ਦਿੱਤੀਆਂ ਹੋਈਆਂ ਹਨ। ਇਸੇ ਤਰ•ਾਂ ਹਰ ਐਮ.ਐਲ.ਏ ਨੂੰ ਵੀ ਇੱਕ ਇੱਕ ਗੱਡੀ ਦਿੱਤੀ ਹੋਈ ਹੈ। ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਪੰਜਾਬ ਲਈ ਇੱਕ ਹੈਲੀਕਾਪਟਰ ਵੀ ਕਿਰਾਏ 'ਤੇ ਲਿਆ ਹੋਇਆ ਹੈ। ਲੋੜ ਪੈਣ 'ਤੇ ਸਰਕਾਰ ਨੇ ਇੱਕ ਹੋਰ ਹੈਲੀਕਾਪਟਰ ਵੀ ਕਿਰਾਏ 'ਤੇ ਸਮੇਂ ਸਮੇਂ 'ਤੇ ਲਿਆ ਹੈ।
               

Saturday, December 17, 2011


                                  ਸ਼ੌਕ ਦਾ ਮੁੱਲ
        ਬਾਦਲਾਂ ਦੀ ਫੋਟੋ 34 ਲੱਖ 'ਚ ਪਈ
                           
: ਮੁੱਖ ਮੰਤਰੀ ਪੰਜਾਬ ਦੀ ਫੋਟੋ ਸਰਕਾਰੀ ਖਜ਼ਾਨੇ ਨੂੰ 34 ਲੱਖ ਰੁਪਏ 'ਚ ਪਈ ਹੈ। ਖੇਡ ਮਹਿਕਮੇ ਵਲੋਂ ਇਹ ਫੋਟੋ ਉਨ•ਾਂ ਮਲਟੀ ਜਿੰਮਾਂ 'ਤੇ ਲਗਾਈ ਜਾਣੀ ਹੈ ਜੋ ਕਿ ਪੰਜਾਬ ਵਿੱਚ ਵੰਡੇ ਜਾ ਚੁੱਕੇ ਹਨ। ਪੰਜਾਬ 'ਚ ਦੋ ਫਰਮਾਂ ਵਲੋਂ ਮਲਟੀ ਜਿੰਮ ਸਪਲਾਈ ਕੀਤੇ ਗਏ ਹਨ। ਫਰਮਾਂ ਵਲੋਂ ਕੇਵਲ ਜਿੰਮਾਂ 'ਤੇ ਖੇਡ ਵਿਭਾਗ ਪੰਜਾਬ ਦਾ ਠੱਪਾ ਹੀ ਲਗਾਇਆ ਗਿਆ ਹੈ। ਮਾਮਲਾ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਫੋਟੋ ਮਲਟੀ ਜਿੰਮਾਂ 'ਤੇ ਲਗਾਏ ਜਾਣ ਦਾ ਉਠਿਆ ਤਾਂ ਖੇਡ ਵਿਭਾਗ ਨੇ ਨਵੀਂ ਤਰਕੀਬ ਕੱਢ ਲਈ। ਖੇਡ ਵਿਭਾਗ ਪੰਜਾਬ ਨੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੀ ਫੋਟੋ ਵਾਲੀ ਪਲੇਟ ਵੱਖਰੀ ਬਣਾਉਣ ਦਾ ਟੈਂਡਰ ਕਰ ਦਿੱਤੇ। ਭਾਵੇਂ ਇਨ•ਾਂ ਪਲੇਟਾਂ 'ਤੇ ਨਸ਼ਾ ਸਬੰਧੀ ਜਾਗਰੂਕ ਕਰਨ ਵਾਲੇ ਮਾਟੋ ਵੀ ਲਿਖੇ ਗਏ ਹਨ ਪ੍ਰੰਤੂ ਪਲੇਟ 'ਤੇ ਵੱਡਾ ਥਾਂ ਦੋਹਾਂ ਬਾਦਲਾਂ ਦੀ ਫੋਟੋ ਹੀ ਘੇਰਦੀ ਹੈ। ਸਿਆਸੀ ਲਾਹੇ ਖਾਤਰ ਇਨ•ਾਂ ਪਲੇਟਾਂ ਨੂੰ ਤਿਆਰ ਕਰਾਉਣ 'ਤੇ ਪੰਜਾਬ ਸਰਕਾਰ ਨੇ 34.06 ਲੱਖ ਰੁਪਏ ਖਰਚ ਦਿੱਤੇ ਹਨ। ਮਲਟੀ ਜਿੰਮ ਸਪਲਾਈ ਕਰਨ ਵਾਲੀਆਂ ਫਰਮਾਂ ਵਲੋਂ ਬਿਨ•ਾਂ ਫੋਟੌ ਤੋਂ ਹੀ ਮਾਲ ਸਪਲਾਈ ਕੀਤਾ ਗਿਆ ਹੈ। ਖੇਡ ਵਿਭਾਗ ਵਲੋਂ ਹੁਣ ਜ਼ਿਲਿ•ਆਂ 'ਚ ਹਜ਼ਾਰਾਂ ਫੋਟੋ ਵਾਲੀਆਂ ਪਲੇਟਾਂ ਸਪਲਾਈ ਕੀਤੀ ਜਾ ਰਹੀਆਂ ਹਨ। ਇਹ ਫੋਟੋ ਵਾਲੀਆਂ ਪਲੇਟਾਂ ਮਲਟੀ ਜਿੰਮਾਂ 'ਤੇ ਲਗਾਈਆਂ ਜਾਣੀਆਂ ਹਨ। ਪੰਜਾਬ ਭਰ ਵਿੱਚ ਮਲਟੀ ਜਿੰਮ ਸਪਲਾਈ ਹੋ ਚੁੱਕੇ ਹਨ।
            ਸਰਕਾਰੀ ਸੂਤਰਾਂ ਅਨੁਸਾਰ ਇੱਕ ਫੋਟੋ ਵਾਲੀ ਪਲੇਟ ਦੀ ਕੀਮਤ 545 ਰੁਪਏ ਆਈ ਹੈ। ਚੰਡੀਗੜ• ਦੀ ਕੈਨਵਸ ਫਰਮ ਤੋਂ ਇਹ ਪਲੇਟ ਤਿਆਰ ਕਰਾਈ ਗਈ ਹੈ। ਇਸ ਫਰਮ ਵਲੋਂ ਵੱਖਰੇ ਤੌਰ 'ਤੇ ਪਲੇਟਾਂ ਦੀ ਸਪਲਾਈ ਕੀਤੀ ਗਈ ਹੈ। ਪੰਜਾਬ ਭਰ ਵਿੱਚ 6250 ਮਲਟੀ ਜਿੰਮ ਵੰਡੇ  ਹਨ ਅਤੇ ਏਡੀ ਗਿਣਤੀ ਵਿੱਚ ਪਲੇਟਾਂ ਸਪਲਾਈ ਕੀਤੀਆਂ ਗਈਆਂ ਹਨ। ਇਸ ਹਿਸਾਬ ਨਾਲ ਸਰਕਾਰ ਨੂੰ ਫੋਟੋ ਵਾਲੀਆਂ ਪਲੇਟਾਂ ਦੀ ਕੀਮਤ 34 ਲੱਖ ਦੇ ਕਰੀਬ ਤਾਰਨੀ ਪਈ ਹੈ। ਜਿਨ•ਾਂ ਜ਼ਿਲਿ•ਆਂ 'ਚ ਸਮੇਂ ਸਿਰ ਪਲੇਟਾਂ ਪੁੱਜ ਗਈਆਂ ਹਨ, ਉਥੇ ਮਲਟੀ ਜਿੰਮ ਵੰਡਦੇ ਸਮੇਂ ਹੀ ਇਹ ਪਲੇਟਾਂ ਵੀ ਨਾਲੋਂ ਨਾਲ ਦੇ ਦਿੱਤੀਆਂ ਗਈਆਂ ਹਨ। ਜਿਥੇ ਪਲੇਟਾਂ ਦੀ ਸਪਲਾਈ ਲੇਟ ਹੋਈ ਹੈ, ਉਥੇ ਪਲੇਟਾਂ ਮਗਰੋਂ ਮਲਟੀ ਜਿੰਮ ਲੈਣ ਵਾਲਿਆਂ ਕੋਲ ਭੇਜੀਆਂ ਗਈਆਂ ਹਨ। ਬਠਿੰਡਾ ਜ਼ਿਲ•ੇ 'ਚ 153 ਮਲਟੀ ਜਿੰਮ ਵੰਡੇ ਗਏ ਹਨ। ਪਿੰਡਾਂ ਵਿੱਚ ਇਹ ਜਿੰਮ ਪੰਚਾਇਤਾਂ ਅਤੇ ਨੌਜਵਾਨ ਕਲੱਬਾਂ ਨੂੰ ਦਿੱਤੇ ਗਏ ਹਨ ਜਦੋਂ ਕਿ ਸ਼ਹਿਰੀ ਖੇਤਰ ਵਿੱਚ ਨਗਰ ਕੌਂਸਲਰਾਂ ਨੂੰ ਦਿੱਤੇ ਗਏ ਹਨ। ਖੇਡ ਵਿਭਾਗ ਵਲੋਂ ਬਹਾਨਾ ਇਹੋ ਬਣਾਇਆ ਗਿਆ ਹੈ ਕਿ ਨੌਜਵਾਨਾਂ ਨਸ਼ਿਆਂ ਤੋਂ ਜਾਗਰੂਕ ਕਰਨ ਵਾਸਤੇ ਇਹ ਪਲੇਟਾਂ ਤਿਆਰ ਕਰਾਈਆਂ ਗਈਆਂ ਹਨ। ਦੱਸਣਯੋਗ ਹੈ ਕਿ ਤਸਵੀਰਾਂ ਤੋਂ ਪਹਿਲਾਂ ਹੀ ਕਾਫੀ ਰੌਲਾ ਰੱਪਾ ਪੈ ਚੁੱਕਾ ਹੈ। ਪੰਜਾਬ ਸਰਕਾਰ ਵਲੋਂ ਜੋ ਸਾਇਕਲ ਵੰਡੇ ਗਏ ਹਨ, ਉਨ•ਾਂ 'ਤੇ ਵੀ ਮੁੱਖ ਮੰਤਰੀ ਪੰਜਾਬ ਦੀ ਤਸਵੀਰ ਲਗਾਈ ਹੋਈ ਹੈ।
        ਜ਼ਿਲ•ਾ ਲੁਧਿਆਣਾ 'ਚ ਇੱਕ ਸਕੂਲੀ ਲੜਕੀ ਨੇ ਮੁੱਖ ਮੰਤਰੀ ਦੀ ਫੋਟੋ ਵਾਲਾ ਸਾਇਕਲ ਲੈਣ ਤੋਂ ਇਨਕਾਰ ਵੀ ਕਰ ਦਿੱਤਾ ਹੈ। ਸਿਹਤ ਵਿਭਾਗ ਵਲੋਂ ਐਬੂਲੈਂਸ ਸੇਵਾ ਸ਼ੁਰੂ ਕੀਤੀ ਗਈ ਹੈ,ਉਸ 'ਤੇ ਵੀ ਮੁੱਖ ਮੰਤਰੀ ਦੀ ਫੋਟੋ ਲੱਗੀ ਹੈ ਜਿਸ 'ਤੇ ਇਤਰਾਜ ਉਠਿਆ ਹੈ। ਮਾਲਵਾ ਖਿੱਤੇ 'ਚ ਜੋ ਆਰ.ਓ ਸਿਸਟਮ ਲਗਾਏ ਗਏ ਹਨ, ਉਥੇ ਵੀ ਬਕਾਇਦਾ ਫੋਟੋ ਵਾਲੇ ਬੋਰਡ ਲਗਾਏ ਗਏ ਹਨ। ਆਟਾ ਦਾਲ ਸਕੀਮ ਵਾਲੇ ਰਾਸ਼ਨ ਕਾਰਡਾਂ 'ਤੇ ਵੀ ਮੁੱਖ ਮੰਤਰੀ ਦੀ ਫੋਟੋ ਲੱਗੀ ਹੋਈ ਹੈ। ਸਾਇਕਲਾਂ 'ਤੇ ਲਗਾਈ ਮੁੱਖ ਮੰਤਰੀ ਦੀ ਫੋਟੋ ਦਾ ਕਿੰਨਾ ਖਰਚਾ ਆਇਆ ਹੈ, ਉਸ ਦਾ ਪਤਾ ਨਹੀਂ ਲੱਗ ਸਕਿਆ ਪ੍ਰੰਤੂ ਮਲਟੀ ਜਿੰਮਾਂ 'ਤੇ ਲੱਗਣ ਵਾਲੀ ਫੋਟੋ ਲੱਖਾਂ ਰੁਪਏ ਵਿੱਚ ਪਈ ਹੈ। ਜਦੋਂ ਕਿ ਦੂਸਰੀ ਤਰਫ ਸਹਾਇਤਾ ਪ੍ਰਾਪਤ ਸਕੂਲਾਂ ਦੇ ਅਧਿਆਪਕਾਂ ਨੂੰ ਪਿਛਲੇ 9 ਮਹੀਨਿਆਂ ਤੋਂ ਸਰਕਾਰ ਤਨਖਾਹ ਨਹੀਂ ਦੇ ਸਕੀ ਹੈ। ਇੱਥੋਂ ਤੱਕ ਕਿ ਪਿੰਡਾਂ ਵਿੱਚ ਵੰਡੇ ਮਲਟੀ ਜਿੰਮਾਂ ਦੀ ਰਾਸ਼ੀ ਵੀ ਸਰਕਾਰ ਵਲੋਂ ਖਜ਼ਾਨਾ ਖਾਲੀ ਹੋਣ ਕਰਕੇ ਦਿੱਤੀ ਨਹੀਂ ਜਾ ਸਕੀ ਹੈ। 15 ਕਰੋੜ ਰੁਪਏ ਦੇ ਮਲਟੀ ਜਿੰਮ ਵੰਡੇ ਗਏ ਹਨ ਪ੍ਰੰਤੂ ਫਰਮਾਂ ਨੂੰ ਸਿਰਫ ਦੋ ਕੁ ਕਰੋੜ ਰੁਪਏ ਹੀ ਜਾਰੀ ਕੀਤੇ ਗਏ ਹਨ। ਬਾਕੀ ਜਿੰਮ ਉਧਾਰ ਵਿੱਚ ਚੁੱਕੇ ਗਏ ਹਨ। ਸੂਤਰ ਦੱਸਦੇ ਹਨ ਕਿ ਜੋ ਪਲੇਟ ਦੀ ਕੀਮਤ ਹੈ, ਉਹ ਵੀ ਕਾਫੀ ਜਿਆਦਾ ਹੈ ਜਦੋਂ ਕਿ ਏਦਾ ਦੀ ਪਲੇਟ ਮਾਰਕੀਟ ਚੋਂ ਸਸਤੇ ਦਾਮ 'ਤੇ ਬਣਾਈ ਜਾ ਸਕਦੀ ਸੀ। ਮਲਟੀ ਜਿੰਮ ਦਾ ਖਰਚਾ 23500 ਪ੍ਰਤੀ ਜਿੰਮ ਹੈ। ਉਪਰੋਂ ਫੋਟੋ ਵਾਲਾ ਖਰਚਾ ਵੱਖਰਾ ਕੀਤਾ ਗਿਆ ਹੈ।
      

Thursday, December 15, 2011


                             ਸ਼ਹੀਦਾਂ ਦੇ ਬੁੱਤ ਲਾਉਂਦੇ ਨੇ ਪੁੱਤ ਦਿਹਾੜੀ ਕਰ ਕਰ ਕੇ..
                                                                 
  ਵਿਧਵਾ ਮਾਂ ਰੂਪ ਕੌਰ ਕੋਲ ਹੁਣ ਇੱਕੋ ਯਾਦ ਬਚੀ ਹੈ। ਸ਼ਹੀਦ ਪਤੀ ਦੀ ਆਖਰੀ ਚਿੱਠੀ ਤੇ ਫੌਜੀ ਵਰਦੀ। ਉਂਝ ਤਾਂ ਰਾਸ਼ਟਰਪਤੀ ਵਲੋਂ ਦਿੱਤੇ ਮੈਡਲ ਵੀ ਹਨ। ਕਾਸ਼ ! ਮੈਡਲ ਰੋਟੀ ਬਣ ਜਾਂਦੇ ਤਾਂ ਇਸ ਵਿਧਵਾ ਨੂੰ ਧਰਵਾਸ ਬੱਝ ਜਾਂਦਾ। ਨੇਤਾ ਆਪਣੇ ਬਣ ਜਾਂਦੇ,ਕੋਈ ਗਿਲਾ ਨਹੀਂ ਹੋਣਾ ਸੀ। ਸੈਨਿਕ ਪ੍ਰਸ਼ਾਸਨ ਬਾਂਹ ਫੜ ਲੈਂਦਾ ਤਾਂ ਦੁੱਖ ਭੁੱਲ ਜਾਂਦੇ।  ਕਿਧਰੋਂ ਵੀ ਕੋਈ ਠੰਢਾ ਬੁੱਲਾ ਨਾ ਆਇਆ। ਵਖਤਾਂ ਦੇ ਵਾ ਵਰੋਲੇ ਪੈਰ ਪੈਰ 'ਤੇ ਪ੍ਰੀਖਿਆ ਲੈਂਦੇ ਰਹੇ। ਸ਼ਹੀਦੀ ਦਾ ਮਾਣ ਵੀ ਵੱਡਾ ਹੈ ਜੋ ਵਿਧਵਾ ਮਾਂ ਦੇ ਪੈਰ ਉਖੜਨ ਨਹੀਂ ਦਿੰਦਾ। ਜਾਂ ਫਿਰ ਸ਼ਹੀਦ ਪਤੀ ਦਾ ਇੱਕੋ ਬੁੱਤ ਹੈ। ਜਿਸ ਚੋਂ ਉਹ ਜ਼ਿੰਦਗੀ ਦੇਖਦੀ ਹੈ। ਤਾਬੂਤਾਂ ਚੋਂ ਵੱਢੀ ਖਾਣ ਵਾਲੇ ਤਾਂ ਹੁਣ ਇਨ੍ਹਾਂ ਬੁੱਤਾਂ ਤੋਂ ਵੀ ਭੈਅ ਮੰਨਦੇ ਹਨ। ਸ਼ਾਇਦ ਇਹੋ ਵਜ੍ਹਾ ਹੈ ਕਿ ਵਿਧਵਾ ਮਾਂ ਨੂੰ ਇੱਕ ਬੁੱਤ ਖਾਤਰ ਦਰ ਦਰ ਜਾਣਾ ਪਿਆ। ਉਹ ਤਾਂ ਸੁਹਾਗ ਦਾ ਚੂੜਾ ਉੱਤਰਨ ਤੋਂ ਪਹਿਲਾਂ ਹੀ ਵਿਧਵਾ ਹੋ ਗਈ ਸੀ। Àੁਸ ਨੂੰ ਤਾਂ ਸ਼ਹੀਦ ਪਤੀ ਦਾ ਆਖਰੀ ਦਫ਼ਾ ਮੂੰਹ ਦੇਖਣਾ ਵੀ ਨਸੀਬ ਨਾ ਹੋ ਸਕਿਆ। ਕਿੰਨੇ ਬਦਨਸੀਬ ਸਨ ਉਹ ਪਲ ਜਦੋਂ ਪਤੀ ਦੀ ਥਾਂ ਉਸ ਦੀ ਵਰਦੀ ਤੇ ਬਿਸਤਰਾ ਘਰ ਪੁੱਜ ਗਏ ਸਨ। ਚੰਦਰੀ ਜੰਗ ਨੇ ਤਾਂ ਇਸ ਵਿਧਵਾ ਦੇ ਅਰਮਾਨਾਂ ਤੇ ਸੱਧਰਾਂ ਨੂੰ ਵੀ ਨਹੀਂ ਬਖਸ਼ਿਆ। ਨਾਇਕ ਗੁਰਬਚਨ ਸਿੰਘ ਨੂੰ ਸ਼ਹੀਦ ਹੋਏ ਨੂੰ 40 ਵਰ੍ਹੇ ਗੁਜ਼ਰ ਚੱਲੇ ਹਨ। ਵਿਧਵਾ ਪਤਨੀ ਦੀ ਕੁਰਬਾਨੀ ਵੀ ਕੋਈ ਘੱਟ ਨਹੀਂ ਹੈ। ਪੂਰੀ ਜ਼ਿੰਦਗੀ ਉਸ ਸ਼ਹੀਦ ਨੂੰ ਅਰਪਣ ਹੋਣ ਦੀ ਸਹੁੰ ਖਾ ਲਈ। ਮੁੜ ਵਿਆਹ ਕਰਾਉਣਾ ਉਸ ਨੂੰ ਸ਼ਹੀਦ ਦੀ ਤੌਹੀਨ ਲੱਗਿਆ। ਰਾਸ਼ਟਰਪਤੀ ਵਲੋਂ 1974 'ਚ ਵਿਧਵਾ ਰੂਪ ਕੌਰ ਨੂੰ ਨਵੀਂ ਦਿੱਲੀ 'ਚ ਸੈਨਾ ਮੈਡਲ ਦਿੱਤਾ ਗਿਆ।
          ਸੈਨਾ ਮੈਡਲ ਮਾਣ ਤਾਂ ਉੱਚਾ ਕਰਦਾ ਹੈ। ਇਹ ਮੈਡਲ ਗੁਜਾਰਾ ਨਹੀਂ ਬਣ ਸਕਿਆ ਹੈ। ਰੋਟੀ ਨੂੰ ਤਾਂ ਛੱਡੋ, ਸਰਕਾਰ ਨੇ ਤਾਂ ਇਸ ਸ਼ਹੀਦ ਨੂੰ ਬੁੱਤ ਜੋਗਾ ਵੀ ਨਹੀਂ ਸਮਝਿਆ ਹੈ। ਜਦੋਂ ਪੁੱਤ ਦੀ ਸੁਰਤ ਸੰਭਲੀ ਤਾਂ ਵਿਧਵਾ ਮਾਂ ਦਾ ਇੱਕੋ ਸੁਆਲ ਸੀ, 'ਪੁੱਤ ,ਸੁਣਿਐ ਕਿ ਜੋ ਦੇਸ਼ ਲਈ ਸ਼ਹੀਦ ਹੁੰਦੇ ਨੇ ,ਉਨ੍ਹਾਂ ਦੇ ਬੁੱਤ ਲੱਗਦੇ ਨੇ, ਫੇਰ ਤੇਰੇ ਬਾਪ ਦਾ ਬੁੱਤ ਕਿਉਂ ਨਹੀਂ ਲੱਗਿਐ।' ਗੋਦ ਲਏ ਪੁੱਤ ਟਹਿਲ ਸਿੰਘ ਦੀ ਉਮਰ ਛੋਟੀ ਤੇ ਮਾਂ ਦਾ ਇਹ ਸੁਆਲ ਵੱਡਾ ਸੀ। ਇਕੱਲਾ ਸੁਆਲ ਨਹੀਂ ਸੀ,ਮਾਂ ਦਾ ਇੱਕ ਸੁਪਨਾ ਵੀ ਸੀ। ਪੁੱਤ ਟਹਿਲ ਸਿੰਘ ਨੂੰ ਆਪਣੇ ਭਵਿੱਖ ਨਾਲੋਂ ਮਾਂ ਦਾ ਸੁਪਨਾ ਵੱਡਾ ਦਿਖਿਆ। ਫਿਰ ਇੱਥੋਂ ਹੀ ਸ਼ੁਰੂ ਹੁੰਦੀ ਹੈ ਬੁੱਤ ਲਾਏ ਜਾਣ ਦੀ ਜੰਗ। ਉਹ ਅਕਾਲੀਆਂ ਦੇ ਬੂਹੇ ਤੇ ਵੀ ਗਿਆ ਤੇ ਕਾਂਗਰਸੀ ਲੀਡਰਾਂ ਕੋਲ ਵੀ। ਥਾਂ ਥਾਂ ਸ਼ਹੀਦ ਬਾਪ ਦਾ ਇਕੱਲਾ ਇਕੱਲਾ ਮੈਡਲ ਵੀ ਦਿਖਾਇਆ। ਘਰ ਦੀ ਗੁਰਬਤ ਦੀ ਗੱਲ ਵੀ ਕੀਤੀ। ਉਸ ਨੇ ਤਾਂ ਵਿਧਵਾ ਮਾਂ ਦੀ ਆਖਰੀ ਇੱਛਾ ਦਾ ਵਾਸਤਾ ਵੀ ਪਾਇਆ। ਕੋਈ ਸਿਰ ਹਾਂ ਵਿਚ ਨਾ ਹਿੱਲਿਆ। ਇੱਥੋਂ ਤੱਕ ਕਿ ਸੈਨਿਕ ਭਲਾਈ ਮਹਿਕਮੇ ਤੇ ਫੌਜ ਪ੍ਰਸ਼ਾਸਨ ਦਾ ਵੀ। ਕਿਧਰੋਂ ਵੀ ਆਸ ਦੀ ਕੋਈ ਕਿਰਨ ਨਾ ਦਿਖੀ। ਟਹਿਲ ਸਿੰਘ ਦੱਸਦਾ ਹੈ ਕਿ ਉਦੋਂ ਹੀ ਉਸ ਦੀ ਦਿਨ ਰਾਤ ਦੀ ਚੈਨ  ਮੁੱਕ ਗਈ ਸੀ। ਬੱਸ ਇੱਕੋ ਇੱਕ ਖਿਆਲ ਘੁੰਮਦਾ ਸੀ ਕਿ ਸ਼ਹੀਦ ਬਾਪ ਦਾ ਬੁੱਤ ਲੱਗ ਜਾਏ। ਬਾਪ ਦਾ ਬੁੱਤ ਲਾਉਣ ਖਾਤਰ ਉਸ ਨੇ ਥੋੜੇ ਸਮੇਂ ਮਗਰੋਂ ਡਰਾਈਵਰੀ ਕਰਨੀ ਸ਼ੁਰੂ ਕਰ ਦਿੱਤੀ। ਤੰਗੀ ਤੁਰਸ਼ੀ ਤੇ ਉਪਰੋਂ ਮਸਲਾ ਵਿਧਵਾ ਦੀ ਇੱਕੋ ਇੱਕ ਚਾਹਤ ਨੂੰ ਪੂਰਾ ਕਰਨ ਦਾ ਬਣ ਗਿਆ। ਅੱਠ ਜਮਾਤਾਂ ਪਾਸ ਕਰਨ ਮਗਰੋਂ ਪੜਾਈ ਵਿਚਕਾਰੇ ਛੱਡਣੀ ਪਈ। ਡਰਾਈਵਰੀ ਚੋਂ ਕੁਝ ਪੈਸੇ ਨਾਲ ਘਰ ਦਾ ਖਰਚਾ ਕੱਢਦਾ। ਹਰ ਮਹੀਨੇ ਕੁਝ ਪੈਸਾ ਬਚਾ ਕੇ ਰੱਖਣੇ ਸ਼ੁਰੂ ਕਰ ਦਿੱਤੇ। ਕੁਝ ਅਰਸੇ 'ਚ ਉਸ ਕੋਲ ਕੁਝ ਬੱਚਤ ਪੂੰਜੀ ਇਕੱਠੀ ਹੋ ਗਈ। ਉਹ ਦੱਸਦਾ ਹੈ ਕਿ ਉਸ ਨੇ ਬਾਪ ਦਾ ਬੁੱਤ ਲਾਉਣ ਖਾਤਰ ਦਿਨ ਰਾਤ ਦਿਹਾੜੀ ਵੀ ਕੀਤੀ।
        ਜ਼ਿਲ੍ਹਾ ਸੰਗਰੂਰ ਦੇ ਪਿੰਡ ਡਸਕਾ ਦੇ ਸ਼ਹੀਦ ਨਾਇਕ ਗੁਰਬਚਨ ਸਿੰਘ ਦੇ ਬੁੱਤ ਲਈ ਗੋਦ ਲਏ ਪੁੱਤ ਨੂੰ ਬਹੁਤ ਪਾਪੜ ਵੇਲਣੇ ਪਏ। ਪਤੀ ਦੀ ਸ਼ਹੀਦੀ ਮਗਰੋਂ ਹੀ ਵਿਧਵਾ ਮਾਂ ਰੂਪ ਕੌਰ ਆਪਣੇ ਗੋਦ ਲਏ ਪੁੱਤ ਨੂੰ ਨਾਲ ਲੈ ਕੇ ਆਪਣੇ ਪੇਕੇ ਘਰ ਹੀਰੋ ਖੁਰਦ (ਜ਼ਿਲ੍ਹਾ ਮਾਨਸਾ) ਆ ਗਈ ਸੀ। ਹੀਰੋ ਖੁਰਦ ਦੇ ਇੱਕ ਡੇਰੇ ਵਾਲਿਆਂ ਨੇ ਟਹਿਲ ਸਿੰਘ ਨੂੰ ਜੈਪੁਰ ਬੁੱਤ ਬਣਦੇ ਹੋਣ ਦੀ ਦੱਸ ਪਾਈ।  ਫਿਰ ਕੀ ਸੀ ਕਿ ਉਹ ਸ਼ਹੀਦ ਬਾਪ ਦਾ ਬੁੱਤ ਬਣਾਉਣ ਖਾਤਰ ਜੈਪੁਰ ਦੇ ਕ੍ਰਿਸ਼ਨਾ ਮੂਰਤੀ ਬਾਜ਼ਾਰ ਪੁੱਜ ਗਿਆ। ਇੱਕ ਬੁੱਤਸਾਜ ਨੇ ਉਸ ਨੂੰ ਦੱਸਿਆ ਕਿ ਉਹ ਪਹਿਲਾ ਗ੍ਰਾਹਕ ਹੈ ਜੋ ਕਿ ਕਿਸੇ ਸ਼ਹੀਦ ਫੌਜੀ ਦਾ ਬੁੱਤ ਬਣਾਉਣ ਆਇਆ ਹੈ। ਜਦੋਂ ਟਹਿਲ ਸਿੰਘ ਨੇ ਆਪਣੀ ਰਾਮ ਕਹਾਣੀ ਦੱਸੀ ਤਾਂ ਦੁਕਾਨ ਮਾਲਕ ਨੇ ਉਸ ਨੂੰ ਪੰਜ ਹਜ਼ਾਰ ਰੁਪਏ ਦੀ ਛੋਟ ਦੇ ਦਿੱਤੀ। ਉਸ ਤੋਂ ਟਰਾਂਸਪੋਰਟ ਦਾ ਵੀ ਕੋਈ ਖਰਚਾ ਨਾ ਲਿਆ। ਪੂਰੇ 45 ਹਜ਼ਾਰ ਰੁਪਏ 'ਚ ਉਸ ਨੂੰ ਸ਼ਹੀਦ ਬਾਪ ਦਾ ਤਿਆਰ ਬੁੱਤ ਮਿਲ ਗਿਆ। ਬੁੱਤ ਲਗਾਉਣ ਖਾਤਰ ਫਿਰ ਜਗ੍ਹਾ ਦੀ ਲੋੜ ਪਈ। ਪਿੰਡ ਡਸਕਾ ਦੀ ਪੰਚਾਇਤ ਨੇ ਪਿੰਡ ਦੇ ਬੱਸ ਅੱਡੇ ਪਿਛੇ ਪਈ ਛੋਟੀ ਜੇਹੀ ਜਗ੍ਹਾ ਬੁੱਤ ਲਗਾਉਣ ਲਈ ਦੇ ਦਿੱਤੀ। ਟਹਿਲ ਸਿੰਘ ਦੇ ਦੋਸਤ ਨੇ ਬੁੱਤ ਖਾਤਰ 10 ਬੋਰੀਆਂ ਸੀਮਿੰਟ ਦਾਨ 'ਚ ਦੇ ਦਿੱਤੀਆਂ। ਜਦੋਂ ਜੈਪੁਰ ਤੋਂ ਸ਼ਹੀਦ ਫੌਜੀ ਦਾ ਬੁੱਤ ਘਰ ਪੁੱਜਾ ਤਾਂ ਵਿਧਵਾ ਮਾਂ ਨੂੰ ਸੱਚਮੁੱਚ ਆਪਣੇ ਪਤੀ ਦੇ ਘਰ ਆਉਣ ਦਾ ਅਹਿਸਾਸ ਹੋਇਆ ਜੋ ਜਲਦੀ ਮੁੜਨ ਦਾ ਵਾਅਦਾ ਕਰ ਸਿੱਧਾ ਜੰਗ ਦੇ ਮੈਦਾਨ ਚਲਾ ਗਿਆ ਸੀ। ਜਦੋਂ ਡਸਕਾ ਪਿੰਡ 'ਚ ਸ਼ਹੀਦ ਬੁੱਤ ਲੱਗ ਗਿਆ ਤਾਂ ਉਸ ਵੇਲੇ ਦਾ ਤਤਕਾਲੀ ਕਾਂਗਰਸੀ ਵਿਧਾਇਕ ਬੁੱਤ ਤੋਂ ਪਰਦਾ ਹਟਾਉਣ ਲਈ ਬਿਨਾਂ ਦੇਰੀ ਪੁੱਜ ਗਿਆ ਸੀ। ਪਰਦਾ ਹਟਾਉਣ ਮਗਰੋਂ ਵੀ ਉਸ ਨੂੰ ਕੋਈ ਸੰਗ ਸ਼ਰਮ ਨਾ ਆਈ।
           ਪੁੱਤ ਟਹਿਲ ਸਿੰਘ ਆਖਦਾ ਹੈ ਕਿ ਬੁੱਤ ਲਈ ਢੁਕਵੀਂ ਜਗ੍ਹਾ ਨਹੀਂ ਮਿਲ ਸਕੀ। ਬੁੱਤ ਦੇ ਅੱਗੇ ਜੋ ਬੱਸ ਅੱਡਾ ਹੈ, ਉਸ ਦੀ ਹਾਲਤ ਖਸਤਾ ਹੈ। ਸਾਲ 2004 'ਚ ਅਕਾਲੀ ਵਿਧਾਇਕ ਨੇ 50 ਹਜ਼ਾਰ ਦੀ ਗਰਾਂਟ ਐਲਾਨੀ, ਜੋ 7 ਵਰ੍ਹਿਆਂ ਮਗਰੋਂ ਵੀ ਪੁੱਜ ਨਹੀਂ ਸਕੀ ਹੈ। ਵਿਧਵਾ ਮਾਂ ਆਖਦੀ ਹੈ ਕਿ ਉਸ ਨੂੰ ਬੁੱਤ ਲਗਾਏ ਜਾਣ ਮਗਰੋਂ ਤਸੱਲੀ ਬਣੀ ਹੈ। ਉਹ ਆਖਦੀ ਹੈ ਕਿ ਉਹ ਵੀ ਤਾਂ 40 ਵਰ੍ਹਿਆਂ ਤੋਂ ਜ਼ਿੰਦਗੀ ਦੀ ਜੰਗ ਹੀ ਲੜ ਰਹੀ ਹੈ। ਸਿਰਫ਼ ਸ਼ਹੀਦ ਦਾ ਨਾਮ ਰਹਿੰਦੀ ਦੁਨੀਆਂ ਤੱਕ ਚੱਲਦਾ ਰਹੇ,ਇਹੋ ਉਸ ਦੀ ਆਖਰੀ ਇੱਛਾ ਹੈ। ਜਵਾਨ ਪੁੱਤ ਸਰਕਾਰੀ ਬੇਰੁਖੀ 'ਤੇ ਖਫ਼ਾ ਹੈ। ਉਹ ਆਖਦਾ ਹੈ ਕਿ ਲੀਡਰਾਂ 'ਤੇ ਹੁਣ ਕੋਈ ਭਰੋਸਾ ਨਹੀਂ ਰਿਹਾ ਹੈ। ਇਹ ਪਰਿਵਾਰ 11 ਵਰ੍ਹਿਆਂ ਤੋਂ ਪਿੰਡ ਡਸਕਾ 'ਚ ਹਰ ਸਾਲ ਸ਼ਹੀਦ ਦੀ ਬਰਸੀ ਮਨਾ ਰਿਹਾ ਹੈ।
           ਸਰਕਾਰ ਵਲੋਂ 10 ਏਕੜ ਜ਼ਮੀਨ ਐਲਾਨੀ ਗਈ ਜੋ ਕਿ ਚਾਰ ਦਹਾਕੇ ਮਗਰੋਂ ਵੀ ਮਿਲ ਨਹੀਂ ਸਕੀ ਸੀ। ਆਖਰ ਹੁਣ ਇਸ ਪ੍ਰਵਾਰ ਨੇ ਜ਼ਮੀਨ ਲੈਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਪਾਈ ਹੈ। ਵਿਧਵਾ ਮਾਂ ਨੂੰ ਸ਼ੂਗਰ ਦੀ ਬਿਮਾਰੀ ਹੈ ਤੇ ਉਹ ਆਪਣਾ ਪਰਿਵਾਰ ਪੈਨਸ਼ਨ ਸਹਾਰੇ ਪਾਲ ਰਹੀ ਹੈ। ਸਾਲ 2005 'ਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਲੱਖ ਰੁਪਏ ਦੀ ਮਾਲੀ ਮਦਦ ਦੇ ਦਿੱਤੀ ਸੀ ਜਿਸ ਨਾਲ ਉਨ੍ਹਾਂ ਨੇ ਪਿੰਡ 'ਚ ਇੱਕ ਮਕਾਨ ਖਰੀਦ ਲਿਆ ਸੀ। ਨਾਇਕ ਗੁਰਬਚਨ ਸਿੰਘ ਸਾਲ 1963 ਵਿੱਚ ਭਰਤੀ ਹੋਇਆ ਸੀ। ਉਸ ਨੇ ਪਹਿਲਾਂ ਭਾਰਤ ਚੀਨ ਜੰਗ ਲੜੀ। ਵਿਆਹ ਹੋਣ ਮਗਰੋਂ ਜਦੋਂ ਉਹ ਦੋ ਮਹੀਨੇ ਦੀ ਛੁੱਟੀ ਕੱਟਣ ਆਇਆ ਤਾਂ ਛੁੱਟੀ ਕੈਂਸਲ ਕਰਕੇ ਉਸ ਨੂੰ ਭਾਰਤ ਪਾਕਿ ਜੰਗ 'ਚ ਬੁਲਾ ਲਿਆ ਗਿਆ। ਇਸੇ ਜੰਗ 'ਚ ਉਹ ਸ਼ਹੀਦੀ ਜਾਮ ਪੀ ਗਿਆ। ਜਰਾ ਸੋਚੇ ਤੇ ਫਿਰ ਪੁੱਛੋ ਉਨ੍ਹਾਂ ਆਗੂਆਂ ਨੂੰ ਜੋ ਜੰਗਾਂ ਦੀ ਗੱਲ ਕਰਦੇ ਹਨ। ਆਪਣੇ ਪੁੱਤਾਂ ਨੂੰ ਤੱਤੀ ਵਾ ਨਹੀਂ ਲੱਗਣ ਦਿੰਦੇ। ਗਰੀਬਾਂ ਦੇ ਪੁੱਤਾਂ ਨੂੰ ਵਤਨ ਲਈ ਮਰ ਮਿਟਣ ਦਾ ਪਾਠ ਪੜਾਉਂਦੇ ਹਨ। ਕੋਈ ਬੋਫੋਰਜ਼ ਚੋਂ ਜੇਬਾਂ ਭਰ ਗਿਆ ਤੇ ਕੋਈ ਤਾਬੂਤਾਂ ਚੋਂ। ਗਰੀਬਾਂ ਦੇ ਹਿੱਸੇ ਤਾਂ ਸ਼ਹੀਦੀ ਹੀ ਆਈ ਹੈ। ਜੋ ਪਿਛੇ ਬਚ ਗਏ,ਉਨ੍ਹਾਂ ਦੇ ਪੱਲੇ ਗੁਰਬਤ ਬਚੀ ਹੈ। ਵਿਧਵਾ ਰੂਪ ਕੌਰ ਦਾ ਪ੍ਰਵਾਰ ਇਨ੍ਹਾਂ ਚੋਂ ਇੱਕ ਹੈ। ਇਹ ਕੇਹਾ ਵਤਨ ਹੈ ਜਿਸ 'ਚ ਪੁੱਤਾਂ ਨੂੰ ਦਿਹਾੜੀ ਕਰ ਕਰ ਕੇ ਬੁੱਤ ਲਾਉਣੇ ਪੈਂਦੇ ਹਨ। ਮੁੱਖ ਮੰਤਰੀ ਪੰਜਾਬ ਦੀਆਂ ਕਾਰਾਂ ਦਾ ਕਾਫਲਾ ਇੱਕੋ ਦਿਨ 'ਚ 65 ਹਜ਼ਾਰ ਦਾ ਤੇਲ ਪੀ ਜਾਂਦਾ ਹੈ ਜਦੋਂ ਕਿ ਬੁੱਤ ਦੀ ਕੀਮਤ ਇਸ ਤੋਂ ਕਿਤੇ ਘੱੱਟ ਹੁੰਦੀ ਹੈ।
           ਕਾਰਗਿਲ ਜੰਗ ਦੇ ਪਹਿਲੇ ਸ਼ਹੀਦ ਅਜੇ ਆਹੂਜਾ ਦਾ ਬੁੱਤ ਤਾਂ ਬਠਿੰਡਾ 'ਚ 12 ਵਰ੍ਹਿਆਂ ਮਗਰੋਂ ਵੀ ਨਹੀਂ ਲੱਗ ਸਕਿਆ ਹੈ। ਭਾਰਤੀ ਹਵਾਈ ਫੌਜ ਦਾ ਸਕੈਅਡਰਨ ਲੀਡਰ ਅਜੇ ਆਹੂਜਾ 27 ਮਈ 1999 ਨੂੰ ਕਾਰਗਿਲ ਜੰਗ ਦੌਰਾਨ ਸ਼ਹੀਦ ਹੋ ਗਿਆ ਸੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰੈਡ ਕਰਾਸ ਬਠਿੰਡਾ ਨੂੰ ਸ਼ਹੀਦ ਦੇ ਬੁੱਤ ਖਾਤਰ 50 ਹਜ਼ਾਰ ਰੁਪਏ ਦੇ ਫੰਡ ਦੇਣ ਲਈ ਆਖ ਦਿੱਤਾ। ਵਾਅਦਾ ਵੀ ਕੀਤਾ ਕਿ ਉਹ ਰੈਡ ਕਰਾਸ ਨੂੰ ਪੈਸੇ ਉਪਰੋਂ ਭੇਜ ਦੇਣਗੇ। ਰੈਡ ਕਰਾਸ ਬਠਿੰਡਾ ਨੇ ਗੂੰਗੇ ਬੋਲੇ ਬੱਚਿਆਂ ਦੇ ਸਕੂਲ ਦੇ ਫੰਡਾਂ ਚੋਂ ਮਿਤੀ 14 ਜੂਨ 1999 ਨੂੰ 50 ਹਜ਼ਾਰ ਦੇ ਫੰਡ ਬੁੱਤ ਲਈ ਪ੍ਰਵਾਨ ਕਰ ਦਿੱਤੇ ਸਨ। ਰੈਡ ਕਰਾਸ ਨੇ ਨਗਰ ਕੌਸ਼ਲ ਬਠਿੰਡਾ ਦੇ ਮਿਊਸਪਲ ਇੰਜੀਨੀਅਰ ਸ੍ਰੀ ਬੀ.ਡੀ.ਸਿੰਗਲਾ ਨੂੰ ਪੱਤਰ ਨੰਬਰ 1959 ਮਿਤੀ 15 ਜੂਨ 1999 ਰਾਹੀਂ ਨਵੀਂ ਦਿੱਲੀ ਦੀ ਫਰਮ ਮੈਸਰਜ਼ ਗੁਰੂ ਹੈਂਡੀਕਰਾਫਟਸ ਦੇ ਨਾਮ ਬੁੱਤ ਲਈ 50 ਹਜ਼ਾਰ ਦਾ ਡਰਾਫਟ ਬਣਾ ਕੇ ਦੇ ਦਿੱਤਾ ਸੀ। ਅੱਜ ਤੱਕ ਨਾ ਬੁੱਤ ਆਇਆ ਹੈ ਤੇ ਨਾ ਰੈਡ ਕਰਾਸ ਕੋਲ ਰਾਸ਼ੀ। ਅਖੀਰ ਰੈਡ ਕਰਾਸ ਬਠਿੰਡਾ ਨੇ ਨਗਰ ਕੌਸ਼ਲ ਨੂੰ ਪੱਤਰ ਨੰਬਰ 3169 ਮਿਤੀ 5 ਮਈ 2000 ਨੂੰ ਲਿਖ ਕੇ ਆਖਿਆ ਕਿ ਜੋ ਲੋਨ ਦੇ ਰੂਪ 'ਚ ਬੁੱਤ ਵਾਸਤੇ 50 ਹਜ਼ਾਰ ਦੀ ਰਾਸ਼ੀ ਲਈ ਗਈ ਹੈ,ਉਹ ਵਾਪਸ ਕੀਤੀ ਜਾਵੇ।
            ਮੁੱਖ ਮੰਤਰੀ ਨੇ ਅੱਜ ਤੱਕ ਬੁੱਤ ਲਈ ਰਾਸ਼ੀ ਨਹੀਂ ਭੇਜੀ। ਪਤਾ ਲੱਗਾ ਹੈ ਕਿ ਬੁੱਤ ਦੀ ਕੀਮਤ ਤਿੰਨ ਲੱਖ ਤੋਂ ਉਪਰ ਸੀ ਜਿਸ ਦਾ ਕੋਈ ਪ੍ਰਬੰਧ ਨਾ ਹੋ ਸਕਿਆ। ਕੁਝ ਰਾਸ਼ੀ ਤਾਂ ਦਿੱਲੀ ਦੀ ਫਰਮ ਨੂੰ ਬੁੱਤ ਤਿਆਰ ਕਰਨ ਵਾਸਤੇ ਦੇ ਦਿੱਤੀ ਗਈ ਸੀ ਅਤੇ ਬਕਾਇਆ ਰਕਮ ਦੇਣ ਮਗਰੋਂ ਹੀ ਬੁੱਤ ਤਿਆਰ ਹੋਣਾ ਸੀ। ਉਧਰ ਅਜੇ ਆਹੂਜਾ ਦੀ ਵਿਧਵਾ ਅਲਕਾ ਆਹੂਜਾ ਅਤੇ ਇਕਲੌਤੇ ਬੱਚੇ ਅੰਕੁਸ਼ ਆਹੂਜਾ ਨੂੰ ਆਪਣੇ ਬਾਪ ਦਾ ਬੁੱਤ ਲੱਗਣ ਦੀ 12 ਵਰ੍ਹਿਆਂ ਮਗਰੋਂ ਵੀ ਉਡੀਕ ਬਣੀ ਹੋਈ ਹੈ। ਇਹ ਤਾਂ ਇੱਕਾ ਦੁੱਕਾ ਮਿਸਾਲਾਂ ਹਨ। ਤਸਵੀਰ ਦਾ ਦੂਜਾ ਪਾਸਾ ਦੇਖੋ। ਪੰਜਾਬ ਹਰਿਆਣਾ ਸੀਮਾਂ 'ਤੇ ਕਿੱਲਿਆ ਵਾਲੀ 'ਚ ਚੌਧਰੀ ਦੇਵੀ ਲਾਲ ਦਾ ਬੁੱਤ ਲਾਉਣ ਲਈ ਸਰਕਾਰ ਨੇ ਕੋਈ ਢਿੱਲ ਨਹੀਂ ਦਿਖਾਈ। ਬਿਜਲੀ ਬੋਰਡ ਦਾ ਦਫ਼ਤਰ ਢਾਹ ਕੇ ਪਹਿਲਾਂ ਚੌਧਰੀ ਦੇਵੀ ਲਾਲ ਦਾ ਬੁੱਤ ਲਾਇਆ। ਹੁਣ ਇਸ ਸਮਾਰਕ ਦੇ ਸਾਰੇ ਖਰਚੇ ਸਰਕਾਰ ਚੁੱਕ ਰਹੀ ਹੈ। ਮੁੱਖ ਮੰਤਰੀ ਪੰਜਾਬ ਦੇ ਸਟਾਫ ਦੇ ਇੱਕ ਮੈਂਬਰ ਦਾ ਬਾਪ ਬਠਿੰਡਾ ਜ਼ਿਲੇ ਦਾ ਇੱਕ ਸਧਾਰਨ ਅਕਾਲੀ ਸੀ। ਉਸ ਦੀ ਮੌਤ ਮਗਰੋਂ ਸਰਕਾਰ ਨੇ ਹੱਥੋਂ ਹੱਥੀ ਉਸ ਅਕਾਲੀ ਵਰਕਰ ਦੇ ਨਾਮ 'ਤੇ ਪਿੰਡ ਦੇ ਸਕੂਲ ਦਾ ਨਾਮਕਰਨ ਕਰ ਦਿੱਤਾ। ਕੂਕਾ ਲਹਿਰ ਦੇ ਅੱਧੀ ਦਰਜਨ ਸ਼ਹੀਦਾਂ ਦੇ ਨਾਮ 'ਤੇ ਸਰਕਾਰੀ ਸਕੂਲਾਂ ਦਾ ਨਾਮਕਰਨ ਕੀਤੇ ਜਾਣ ਦੀ ਕਾਰਵਾਈ ਦੋ ਵਰ੍ਹਿਆਂ ਤੋਂ ਫਾਈਲਾਂ 'ਚ ਹੀ ਅਟਕੀ ਹੋਈ ਹੈ।
          ਦਿਨ ਫਿਰਨਗੇ। ਜਦੋਂ ਸ਼ਹੀਦਾਂ ਦੇ ਬੁੱਤ ਬੋਲਣਗੇ ਤਾਂ ਲੋਕ ਰਾਜ ਦੇ 'ਸੇਵਕਾਂ' ਨੂੰ ਥਾਂ ਨਹੀਂਓ ਲੱਭਣੀ। ਦੇਰ ਹੈ, ਅੰਧੇਰ ਨਹੀਂ। ਰਾਤ ਹੈ ਤਾਂ ਸਵੇਰ ਵੀ ਹੈ।      

Monday, December 12, 2011


                              ਖਜ਼ਾਨਾ ਖਾਲ੍ਹੀ
       ਬਾਦਲ ਸਰਕਾਰ ਦੇ  'ਭਾਂਡੇ' ਖੜ੍ਹਕੇ
                              ਪੰਜਾਬ ਸਰਕਾਰ ਕੋਲ ਮੁੱਖ ਮੰਤਰੀ ਦੀ ਫੋਟੋ ਵਾਲੇ ਭਾਂਡੇ ਵੰਡਣ ਲਈ ਪੈਸੇ ਨਹੀਂ ਹਨ। ਉਪਰੋਂ ਚੋਣ ਜ਼ਾਬਤਾ ਲੱਗਣ ਵਾਲਾ ਹੈ। ਖਜ਼ਾਨਾ ਵਿਭਾਗ ਨੇ ਭਾਂਡਿਆਂ ਲਈ 50 ਕਰੋੜ ਰੁਪਏ ਦੇਣ ਤੋਂ ਨਾਂਹ ਕਰ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਦਰਜਨ ਕੰਪਨੀਆਂ ਨੂੰ ਭਾਂਡਿਆਂ ਦਾ ਆਰਡਰ ਦੇਣ ਦੀ ਤਿਆਰੀ ਸੀ ਪ੍ਰੰਤੂ ਕੰਪਨੀਆਂ ਨੇ ਮੌਕਾ ਤਾੜ ਲਿਆ। ਇਨ੍ਹਾਂ ਕੰਪਨੀਆਂ ਨੇ ਉਧਾਰ 'ਚ ਭਾਂਡੇ ਸਪਲਾਈ ਕਰਨ ਤੋਂ ਹੱਥ ਪਿਛਾਂਹ ਖਿੱਚ ਲਿਆ। ਨਤੀਜੇ ਵਜੋਂ ਪੰਜਾਬ ਸਰਕਾਰ ਦੀ ਭਾਂਡੇ ਵੰਡਣ ਦੀ ਸਕੀਮ ਹੁਣ ਧਰੀ ਧਰਾਈ ਰਹਿ ਗਈ ਹੈ।ਪੰਜਾਬ ਭਰ ਵਿੱਚ ਭਾਂਡੇ ਵੰਡਣ ਵਾਸਤੇ ਪੰਚਾਇਤਾਂ ਅਤੇ ਪੇਂਡੂ ਸੰਸਥਾਵਾਂ ਦੀਆਂ ਸੂਚੀਆਂ ਤਿਆਰ ਹੋ ਗਈਆਂ ਸਨ। ਸਰਕਾਰ ਵਲੋਂ ਟੈਂਡਰ ਕੱਢ ਦਿੱਤੇ ਗਏ ਸਨ। ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਦਿੱਲੀ ਦੀਆਂ ਕਰੀਬ 14 ਕੰਪਨੀਆਂ ਨੇ ਭਾਂਡੇ ਸਪਲਾਈ ਕਰਨ ਵਿੱਚ ਦਿਲਚਸਪੀ ਦਿਖਾਈ ਸੀ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਇਹ ਸਕੀਮ ਤਿਆਰ ਕੀਤੀ ਗਈ ਸੀ। ਪੰਜਾਬ ਸਰਕਾਰ ਨੇ ਇਸ ਸਕੀਮ ਨੂੰ ਪ੍ਰਵਾਨਗੀ ਵੀ ਦੇ ਦਿਤੀ ਸੀ। ਜਦੋਂ ਪੈਸਾ ਲੈਣ ਵਾਸਤੇ ਕੇਸ ਵਿੱਤ ਵਿਭਾਗ ਕੋਲ ਭੇਜਿਆ ਗਿਆ ਤਾਂ ਵਿਭਾਗ ਨੇ ਕੇਸ ਪ੍ਰਵਾਨ ਨਹੀਂ ਕੀਤਾ। ਪਤਾ ਲੱਗਾ ਹੈ ਕਿ ਖਜ਼ਾਨਾ ਵਿਭਾਗ ਕੋਲ ਭਾਂਡਿਆਂ ਲਈ ਰਾਸ਼ੀ ਹੀ ਨਹੀਂ ਹੈ।
           ਪੰਜਾਬ ਸਰਕਾਰ ਨੇ ਚੋਣ ਜ਼ਾਬਤੇ ਤੋਂ ਪਹਿਲਾਂ ਪਹਿਲਾਂ ਭਾਂਡੇ ਵੰਡਣ ਖਾਤਰ ਡਿਪਟੀ ਕਮਿਸ਼ਨਰਾਂ ਨੂੰ ਸਖਤ ਹੁਕਮ ਕੀਤੇ ਹੋਏ ਸਨ। ਹੁਣ ਮਾਮਲਾ ਖਟਾਈ ਵਿੱਚ ਪੈ ਗਿਆ ਹੈ। ਸਰਕਾਰ ਵੱਲੋਂ ਬਰਤਨਾਂ ਦੀ ਇੱਕ ਕਿੱਟ ਤਿਆਰ ਕੀਤੀ ਜਾਣੀ ਸੀ ਅਤੇ ਕਿੱਟ ਉਪਰ ਮੁੱਖ ਮੰਤਰੀ ਦੀ ਫੋਟੋ ਵੀ ਲਗਾਈ ਜਾਣੀ ਸੀ। ਭਾਂਡਿਆਂ 'ਤੇ ਪੰਜਾਬ ਸਰਕਾਰ ਦਾ ਲੋਗੋ ਹੋਣਾ ਸੀ। ਪੰਜਾਬ ਭਰ ਵਿੱਚ 50 ਕਰੋੜ ਰੁਪਏ ਦੇ ਸਟੀਲ ਦੇ ਭਾਂਡੇ ਵੰਡਣ ਦੀ ਸਕੀਮ ਸੀ। ਇਨ੍ਹਾਂ 'ਚੋਂ ਮਾਲਵਾ ਇਲਾਕੇ 'ਚ 25 ਕਰੋੜ ਰੁਪਏ ਦੇ ਸਟੀਲ ਦੇ ਭਾਂਡੇ ਵੰਡੇ ਜਾਣੇ ਸਨ। ਇਹ ਭਾਂਡੇ ਪਿੰਡਾਂ ਵਿੱਚ 50 ਵਿਅਕਤੀਆਂ ਦੀ ਵਰਤੋਂ ਲਈ ਦਿੱਤੇ ਜਾਣੇ ਸਨ। ਸਟੀਲ ਦੇ ਭਾਂਡਿਆਂ ਦੀ ਹਰ ਕਿੱਟ 'ਤੇ 30 ਹਜ਼ਾਰ ਰੁਪਏ ਖਰਚ ਆਉਣੇ ਸਨ। ਮਾਲਵਾ ਖਿੱਤੇ ਦੇ 10 ਜ਼ਿਲ੍ਹਿਆਂ ਲਈ 8554 ਕਿੱਟਾਂ ਖਰੀਦਣ ਦੀ ਸਕੀਮ ਸੀ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਭਾਂਡੇ ਵੰਡਣ ਦਾ ਪ੍ਰੋਗਰਾਮ ਵੀ ਡਿਪਟੀ ਕਮਿਸ਼ਨਰਾਂ ਨੂੰ ਭੇਜ ਦਿੱਤਾ ਸੀ। ਵਧੀਕ ਡਿਪਟੀ ਕਮਿਸ਼ਨਰਾਂ ਨੇ ਪੇਂਡੂ ਆਬਾਦੀ ਦੇ ਆਧਾਰ 'ਤੇ ਭਾਂਡਿਆਂ ਦੀਆਂ ਕਿੱਟਾਂ ਵੰਡਣ ਲਈ ਲਾਭਪਾਤਰੀਆਂ ਦੀ ਸੂਚੀ ਵੀ ਤਿਆਰ ਕਰ ਲਈ ਸੀ।
           ਕੰਟਰੋਲਰ ਆਫ ਸਟੋਰਜ਼ ਵਿਭਾਗ ਵੱਲੋਂ ਸ਼ਾਰਟ ਟਰਮ ਟੈਂਡਰ ਨੋਟਿਸ ਲਗਾ ਕੇ ਖਰੀਦ ਨਾਲ ਸਬੰਧਿਤ ਵਿੱਤੀ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਇਹ ਸਕੀਮ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਤਿਆਰ ਕੀਤੀ ਗਈ ਸੀ। ਉਨ੍ਹਾਂ ਵੱਲੋਂ ਉਚ ਪੱਧਰੀ ਮੀਟਿੰਗ 'ਚ ਫੈਸਲਾ ਕੀਤਾ ਗਿਆ ਸੀ ਕਿ ਰਜਿਸਟਰਡ ਮਹਿਲਾ ਮੰਡਲਾਂ ਤੋਂ ਇਲਾਵਾ ਪੇਂਡੂ ਖੇਤਰ ਵਿੱਚ ਔਰਤਾਂ ਦੀ ਭਲਾਈ ਲਈ ਕੰਮ ਕਰ ਰਹੀਆਂ ਰਜਿਸਟਰਡ ਸੰਸਥਾਵਾਂ/ ਸੈਲਫ ਹੈਲਪ ਗਰੁੱਪਾਂ/ ਪੰਚਾਇਤਾਂ/ ਪਿੰਡਾਂ ਵਿੱਚ ਭਾਈਚਾਰਿਆਂ ਨਾਲ ਸਬੰਧ ਰੱਖਣ ਵਾਲੀਆਂ ਸੰਸਥਾਵਾਂ ਵਲੋਂ ਇਹ ਭਾਂਡੇ ਪਿੰਡ ਪੱਧਰ 'ਤੇ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਲਈ ਵਰਤੋਂ ਵਿੱਚ ਲਿਆਂਦੇ ਜਾਣਗੇ। ਜਿਨ੍ਹਾਂ ਸੰਸਥਾਵਾਂ ਨੂੰ ਇਹ ਸੈਟ ਦਿੱਤੇ ਜਾਣੇ ਸਨ, ਉਨ੍ਹਾਂ ਦੀ ਸ਼ਨਾਖਤ ਡਿਪਟੀ ਕਮਿਸ਼ਨਰ ਦੀ ਦੇਖ-ਰੇਖ ਹੇਠ ਬਣਨ ਵਾਲੀ ਕਮੇਟੀ ਵਲੋਂ ਕਰ ਲਈ ਗਈ ਸੀ। ਇਸ ਕਮੇਟੀ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਚੇਅਰਮੈਨ ਸਨ ਜਦੋਂ ਕਿ ਡੀ.ਡੀ.ਪੀ.ਓ. ਮੈਂਬਰ ਸਕੱਤਰ ਸਨ। ਕੰਟਰੋਲਰ ਆਫ ਸਟੋਰਜ਼ ਵੱਲੋਂ ਜ਼ਿਲ੍ਹੇ ਦੇ ਸਬੰਧਿਤ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੂੰ ਇਹ ਕਿੱਟਾਂ ਖਰੀਦ ਕੇ ਭੇਜੀਆਂ ਜਾਣੀਆਂ ਸਨ। ਪੰਜਾਬ ਸਰਕਾਰ ਵੱਲੋਂ ਭਾਂਡੇ ਵੰਡਣ ਦੀ ਪ੍ਰਕਿਰਿਆ 30 ਸਤੰਬਰ ਤੱਕ ਮੁਕੰਮਲ ਕਰਨ ਦੇ ਹੁਕਮ ਦਿੱਤੇ ਗਏ  ਸਨ।ਪਹਿਲਾਂ ਭਾਂਡੇ ਵੰਡਣ ਦਾ ਮਾਮਲਾ ਸ਼੍ਰੋਮਣੀ ਕਮੇਟੀ ਚੋਣਾਂ ਦਾ ਚੋਣ ਜ਼ਾਬਤਾ ਲੱਗਣ ਕਰਕੇ ਪਛੜ ਗਿਆ ਅਤੇ ਹੁਣ ਖਜ਼ਾਨਾ ਖਾਲੀ ਹੋਣ ਕਰਕੇ ਭਾਂਡੇ ਵੰਡਣ ਦਾ ਮਾਮਲਾ ਲਟਕ ਗਿਆ ਹੈ।  ਜ਼ਿਲ੍ਹਾ ਬਠਿੰਡਾ 'ਚ 2.56 ਕਰੋੜ ਰੁਪਏ ਦੇ ਬਰਤਨ ਵੰਡੇ ਜਾਣੇ ਸਨ ਅਤੇ 846 ਸੰਸਥਾਵਾਂ ਨੂੰ ਇਹ ਬਰਤਨ ਦਿੱਤੇ ਜਾਣੇ ਸਨ ਜਦੋਂ ਕਿ ਮਾਨਸਾ ਜ਼ਿਲ੍ਹੇ 'ਚ 583 ਸੰਸਥਾਵਾਂ ਨੂੰ ਇਹ ਭਾਂਡੇ ਵੰਡਣ ਦਾ ਫੈਸਲਾ ਕੀਤਾ ਗਿਆ ਸੀ।
                                          ਭਾਂਡਿਆਂ ਲਈ ਪੈਸੇ ਉਡੀਕ ਰਹੇ ਹਾਂ: ਡਾਇਰੈਕਟਰ
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਡਾਇਰੈਕਟਰ ਸ੍ਰੀ ਬਲਵਿੰਦਰ ਸਿੰਘ ਮੁਲਤਾਨੀ ਦਾ ਕਹਿਣਾ ਹੈ  ਕਿ ਉਹ ਵਿੱਤ ਵਿਭਾਗ ਤੋਂ ਪੈਸੇ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਭਾਂਡੇ ਵੰਡਣ ਦੀ ਸਕੀਮ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਸੀ। ਪ੍ਰਵਾਨਗੀ ਮਗਰੋਂ ਪੈਸਿਆਂ ਦੇ ਪ੍ਰਬੰਧ ਲਈ ਕੇਸ ਵਿੱਤ ਵਿਭਾਗ ਨੂੰ ਭੇਜਿਆ ਗਿਆ ਸੀ ਪ੍ਰੰਤੂ ਵਿੱਤ ਵਿਭਾਗ ਨੇ ਹਾਲੇ ਤੱਕ ਕੇਸ ਪਾਸ ਨਹੀਂ ਕੀਤਾ।

Sunday, December 11, 2011


                                               ਰੇਲ ਪਟੜੀ ਤੋਂ ਜ਼ਿੰਦਗੀ ਦੀ ਤਲਾਸ਼
                                                                 
 ਪੰਜਾਬ ਦੇ ਕਿਸਾਨ ਤੇ ਮਜ਼ਦੂਰ ਰੇਲ ਮਾਰਗਾਂ ਤੋਂ ਜ਼ਿੰਦਗੀ ਤਲਾਸ਼ ਰਹੇ ਹੈ। ਇਹੋ ਰੇਲ ਮਾਰਗ ਹਨ, ਜਿਨ੍ਹਾਂ 'ਤੇ ਕੁੱਦ ਕੇ ਸੈਂਕੜੇ ਕਿਸਾਨ ਖੁਦਕੁਸ਼ੀ ਕਰ ਗਏ ਹਨ। ਅੱਜ ਇਨ੍ਹਾਂ ਰੇਲ ਮਾਰਗਾਂ 'ਤੇ ਹੀ ਖ਼ੁਦਕੁਸ਼ੀ ਪੀੜਤ ਪਰਿਵਾਰ ਬੈਠੇ ਹਨ, ਜੋ ਸਰਕਾਰ ਤੋਂ ਆਪਣੇ ਕਮਾਊ ਜੀਅ ਦੇ ਚਲੇ ਜਾਣ ਦਾ ਮੁਆਵਜ਼ਾ ਮੰਗ ਰਹੇ ਹਨ। ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰ ਬਠਿੰਡਾ-ਅੰਬਾਲਾ ਰੇਲ ਮਾਰਗ 'ਤੇ ਪਿੰਡ ਜੇਠੂਕੇ ਕੋਲ ਪੰਜ ਦਸੰਬਰ ਤੋਂ ਬੈਠੇ ਹਨ। ਕਿਸਾਨ ਖੇਤਾਂ ਦੀ ਬਰਕਤ ਨੂੰ ਮੋੜਾ ਦੇਣ ਲਈ ਰੇਲ ਪਟੜੀ 'ਤੇ ਉਤਰੇ ਹਨ। ਜਿਨ੍ਹਾਂ ਕਿਸਾਨਾਂ ਦੇ ਖੇਤ ਰੁਸ ਗਏ ,ਉਨ੍ਹਾਂ ਕਿਸਾਨ ਪ੍ਰਵਾਰਾਂ ਨੂੰ ਸਰਕਾਰਾਂ ਨੇ ਵੀ ਕਦੇ ਢਾਰਸ ਨਾ ਦਿੱਤੀ। ਜਦੋਂ ਚਾਰ ਚੁਫੇਰਿਓ ਰਾਹ ਬੰਦ ਹੋ ਜਾਂਦੇ ਹਨ ਤਾਂ ਕਿਸਾਨਾਂ ਨੂੰ ਫਿਰ ਰੇਲ ਪਟੜੀ ਹੀ ਦਿੱਖਦੀ ਹੈ। ਇਹੋ ਰੇਲ ਪਟੜੀ ਸੰਘਰਸ਼ਾਂ ਨੂੰ ਕਿਸੇ ਤਣ ਪੱਤਣ ਲਾਉਂਦੀ ਹੈ। ਕਿਸਾਨ ਰੇਲ ਪਟੜੀ ਨੂੰ ਅਖੀਰਲਾ ਰਾਹ ਮੰਨਦੇ ਹਨ।
          ਸਰਕਾਰੀ ਸੂਚਨਾ ਹੈ ਕਿ ਬਠਿੰਡਾ ਜ਼ਿਲ੍ਹੇ ਵਿੱਚ ਹੁਣ ਤੱਕ ਸਿਰਫ ਪੰਜ ਕਿਸਾਨ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਗਿਆ ਹੈ। ਪੰਜਾਬ ਖੇਤੀਬਾੜੀ 'ਵਰਸਿਟੀ ਦੀ ਸਰਵੇਖਣ ਰਿਪੋਰਟ ਹੈ ਕਿ ਬਠਿੰਡਾ ਜ਼ਿਲ੍ਹੇ 'ਚ ਖੁਦਕੁਸ਼ੀ ਕਰਨ ਵਾਲੇ 1800 ਤੋਂ ਉਪਰ ਕਿਸਾਨ ਤੇ ਮਜ਼ਦੂਰ ਹਨ। ਸਾਲ 2001-02 ਦੇ ਬਜਟ ਵਿੱਚ ਸਰਕਾਰ ਨੇ ਇਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਦੋ ਦੋ ਲੱਖ ਰੁਪਏ ਦੀ ਮਾਲੀ ਮਦਦ ਦੇਣ ਦੀ ਵਿਵਸਥਾ ਕੀਤੀ ਸੀ। ਅਮਲੀ ਰੂਪ ਵਿੱਚ ਕਿਸੇ ਨੂੰ ਕੋਈ ਰਾਸ਼ੀ ਨਹੀਂ ਮਿਲੀ। ਪਿੰਡ ਮਾਈਸਰਖਾਨਾ ਦਾ ਇਕਬਾਲ ਸਿੰਘ ਠੰਢੀਆਂ ਰਾਤਾਂ ਵਿੱਚ ਰੇਲ ਮਾਰਗ 'ਤੇ ਬੈਠਣ ਲਈ ਮਜਬੂਰ ਹੈ। ਉਸ ਦਾ ਬਾਪ ਹਾਕਮ ਸਿੰਘ ਖੇਤੀਬਾੜੀ ਵਿੱਚ ਪਏ ਘਾਟੇ ਮਗਰੋਂ ਸਦਾ ਲਈ ਤੁਰ ਗਿਆ। ਉਸ ਦਾ ਲੜਕਾ ਇਕਬਾਲ ਸਿੰਘ ਹੁਣ ਮੁਆਵਜ਼ੇ ਲਈ ਰੇਲ ਮਾਰਗ 'ਤੇ ਰਾਤਾਂ ਕੱਟ ਰਿਹਾ ਹੈ। 61 ਵਰ੍ਹਿਆਂ ਦਾ ਬਜ਼ੁਰਗ ਸ਼ੇਰ ਸਿੰਘ ਜੋ ਸੰਗਰੂਰ ਦੇ ਪਿੰਡ ਰੋਗਲ ਤੋਂ ਹੈ, ਕਈ ਦਿਨਾਂ ਤੋਂ ਰੇਲ ਮਾਰਗ 'ਤੇ ਡਟਿਆ ਹੋਇਆ ਹੈ। ਇਸ ਬਜ਼ੁਰਗ ਦਾ ਨੌਜਵਾਨ ਪੁੱਤ ਜਗਦੇਵ ਸਿੰਘ ਖੁਦਕੁਸ਼ੀ ਕਰ ਗਿਆ ਸੀ। ਪਿੰਡ ਕੋਟੜਾ ਕੌੜਿਆ ਵਾਲਾ ਦਾ ਬੱਚਾ ਜਗਤ ਸਿੰਘ ਹੁਣ ਸਕੂਲ ਨਹੀਂ ਜਾਂਦਾ। ਉਹ ਸਕੂਲ ਦੀ ਥਾਂ ਕਈ ਦਿਨਾਂ ਤੋਂ ਰੇਲ ਮਾਰਗ 'ਤੇ ਬੈਠਾ ਹੈ। ਉਸ ਦਾ ਦਾਦਾ ਦਲੀਪ ਸਿੰਘ ਖੁਦਕੁਸ਼ੀ ਕਰ ਗਿਆ ਸੀ। ਮਾਨਸਾ ਦੇ ਪਿੰਡ ਬੁਰਜ ਹਰੀ ਦਾ ਮੱਖਣ ਸਿੰਘ ਵੀ ਰੇਲ ਮਾਰਗਾਂ 'ਤੇ ਬਿਸਤਰ ਵਿਛਾਈ ਬੈਠਾ ਹੈ, ਜਿਸ ਦਾ ਭਰਾ ਦਰਸ਼ਨ ਸਿੰਘ ਖੇਤੀ ਸੰਕਟ ਕਾਰਨ ਖੁਦਕੁਸ਼ੀ ਦੇ ਰਾਹ ਚਲਾ ਗਿਆ ਸੀ। ਏਦਾਂ ਦੇ ਸੈਂਕੜੇ ਪਰਿਵਾਰ ਹਨ, ਜਿਨ੍ਹਾਂ ਨੂੰ ਸਰਕਾਰ ਨੇ ਇਕ ਦਹਾਕੇ ਤੋਂ ਕੋਈ ਮੁਆਵਜ਼ਾ ਨਹੀਂ ਦਿੱਤਾ ਹੈ।
         ਬਜ਼ੁਰਗ ਸ਼ੇਰ ਸਿੰਘ ਆਖਦਾ ਹੈ ਕਿ ਉਸ ਕੋਲ ਕੋਈ ਰਾਹ ਨਹੀਂ ਬਚਿਆ, ਜਿਸ ਕਰਕੇ ਉਸ ਨੂੰ ਹੁਣ ਰੇਲ ਮਾਰਗ ਸਹਾਰਾ ਦਿੱਸਦੇ ਹਨ। ਪਿੰਡ ਗੋਬਿੰਦਪੁਰਾ ਦੀ 70 ਵਰ੍ਹਿਆਂ ਦੀ ਬੇਬੇ ਸੁਖਦੇਵ ਕੌਰ ਦਾ ਰੇਲ ਮਾਰਗ 'ਤੇ ਬੈਠਣਾ ਕੋਈ ਸ਼ੌਕ ਨਹੀਂ ਹੈ। ਜ਼ਿੰਦਗੀ ਦੇ ਆਖਰੀ ਮੋੜ 'ਤੇ ਪੁੱਜੀ ਮਾਂ ਹੁਣ ਬੱਚਿਆਂ ਲਈ ਸਰਕਾਰ ਤੋਂ ਮੁਆਵਜ਼ਾ ਮੰਗ ਰਹੀ ਹੈ। ਪਿੰਡ ਭੂੰਦੜ ਦੀ ਵਿਧਵਾ ਸ਼ਿੰਦਰ ਕੌਰ 5 ਦਿਨਾਂ ਤੋਂ ਰੇਲ ਮਾਰਗ 'ਤੇ ਬੈਠੀ ਹੈ। ਉਸ ਦਾ ਪਤੀ ਖੁਦਕੁਸ਼ੀ ਕਰ ਗਿਆ ਸੀ ਅਤੇ ਮਗਰੋਂ ਉਸ ਨੂੰ ਸਰਕਾਰ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ। ਮੁਕਤਸਰ ਦੇ ਪਿੰਡ ਖੁੰਨਣ ਖੁਰਦ ਦਾ ਸਿਕੰਦਰ ਸਿੰਘ ਅੱਜ ਵੀ ਬਿਜਲੀ ਬਿਨਾਂ ਖਾਲੀ ਹੱਥ ਹੈ। ਉਸ ਨੇ ਪੂਰੀ ਜ਼ਿੰਦਗੀ ਦੀਵੇ ਦੀ ਲੋਅ ਵਿੱਚ ਹੀ ਗੁਜ਼ਾਰ ਲਈ ਹੈ। ਉਹ ਆਪਣੇ ਘਰ ਰੋਸ਼ਨੀ ਦੇਖਣ ਵਾਸਤੇ ਰੇਲ ਮਾਰਗ 'ਤੇ ਬੈਠਾ ਸੀ। 15 ਵਰ੍ਹਿਆਂ ਦੀ ਮਜ਼ਦੂਰ ਬੱਚੀ ਸਿਮਰਜੀਤ ਕੌਰ ਅਤੇ 14 ਵਰ੍ਹਿਆਂ ਦੀ ਮਮਤਾ ਰਾਣੀ ਵੀ ਆਪਣੇ ਮਾਪਿਆਂ ਦਾ ਦੁੱਖ ਵੰਡਾਉਣ ਖਾਤਰ ਖ਼ੁਦ ਰੇਲ ਮਾਰਗ 'ਤੇ ਬੈਠੀਆਂ ਹਨ। ਪੜ੍ਹਨ ਲਿਖਣ ਦੀ ਉਮਰੇ ਇਹ ਬੱਚੇ ਰੇਲ ਮਾਰਗਾਂ 'ਤੇ ਉਤਰੇ ਹੋਏ ਹਨ। ਏਦਾਂ ਦੇ ਬਹੁਤੇ ਪਰਿਵਾਰ ਜੇਠੂਕੇ ਵਿਖੇ ਰੇਲ ਮਾਰਗ ਤੋਂ ਭਵਿੱਖ ਲੱਭ ਰਹੇ ਹਨ।ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਕਿਸਾਨਾਂ ਤੇ ਮਜ਼ਦੂਰਾਂ ਦੇ ਦੁੱਖਾਂ ਦਰਦਾਂ ਦੇ ਹੱਲ ਲਈ ਉਨ੍ਹਾਂ ਨੂੰ ਰੇਲ ਮਾਰਗਾਂ ਅਤੇ ਸੜਕਾਂ 'ਤੇ ਉਤਰਨਾ ਪਿਆ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਉਹ ਕਰੋ ਜਾਂ ਮਰੋ ਦਾ ਮਸਲਾ ਲੈ ਕੇ ਰੇਲ ਮਾਰਗ 'ਤੇ ਉਤਰੇ ਹਨ।

Saturday, December 10, 2011


         ਰੁਜ਼ਗਾਰ ਨਹੀਂ, ਜੇਲ੍ਹ ਮਿਲੀ
                   
 ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਹਰ ਜੇਲ੍ਹ ਦਿਖਾ ਦਿੱਤੀ ਗਈ ਹੈ। ਉਹ ਸਰਕਾਰ ਤੋਂ ਰੁਜ਼ਗਾਰ ਮੰਗਦੇ ਸਨ ਪਰ ਉਨ੍ਹਾਂ ਨੂੰ ਬਦਲੇ ਵਿੱਚ ਜੇਲ੍ਹ ਦਿਖਾ ਦਿੱਤੀ ਜਾਂਦੀ ਰਹੀ। ਇਹ ਹੋਣੀ ਉਨ੍ਹਾਂ ਦਰਜਨਾਂ ਬੇਰੁਜ਼ਗਾਰ ਲਾਈਨਮੈਨਾਂ ਦੀ ਹੈ, ਜੋ ਬਠਿੰਡਾ ਵਿੱਚ ਪੰਜ ਦਸੰਬਰ ਤੋਂ ਭੁੱਖ ਹੜਤਾਲ 'ਤੇ ਬੈਠੇ ਹਨ। ਉਨ੍ਹਾਂ ਨੇ ਆਪਣੇ ਹੱਕ ਬਦਲੇ ਥਾਂ ਥਾਂ ਭੁੱਖ ਹੜਤਾਲਾਂ ਕੀਤੀਆਂ। ਹਾਕਮ ਧਿਰ ਦੇ ਲੀਡਰਾਂ ਤੋਂ ਉਨ੍ਹਾਂ ਨੂੰ ਲਾਰੇ ਹੀ ਮਿਲੇ, ਜਿਸ ਕਰਕੇ ਅੱਜ ਉਨ੍ਹਾਂ ਨੂੰ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਲਈ ਬਠਿੰਡਾ ਦੇ ਮਿੰਨੀ ਸਕੱਤਰੇਤ ਅੱਗੇ ਮੁੜ ਕੁੱਦਣਾ ਪਿਆ। 32 ਵਰ੍ਹਿਆਂ ਦੇ ਬੇਰੁਜ਼ਗਾਰ ਲਾਈਨਮੈਨ ਵਿਪਨ ਨਾਮਧਾਰੀ ਨੇ ਚਾਰ ਜੇਲ੍ਹਾਂ ਵੇਖ ਲਈਆਂ ਹਨ। ਉਹ ਆਖਦਾ ਹੈ ਕਿ ਪਤਾ ਨਹੀਂ ਹੋਰ ਕਿੰਨੀਆਂ ਕੁ ਜੇਲ੍ਹਾਂ ਸਰਕਾਰ ਵਿਖਾਏਗੀ। ਉਸ ਨੇ ਦੱਸਿਆ ਕਿ ਉਸ ਨੂੰ ਸੰਘਰਸ਼ 'ਚ ਕੁੱਦਣ ਬਦਲੇ ਪਿਛਲੇ ਤਿੰਨ ਵਰ੍ਹਿਆਂ ਤੋਂ ਜੇਲ੍ਹੀਂ ਜਾਣਾ ਪਿਆ ਹੈ। ਉਹ ਸਾਲ 2008 ਵਿੱਚ ਬਰਨਾਲਾ ਜੇਲ੍ਹ, ਸਾਲ 2009 ਵਿੱਚ ਬਠਿੰਡਾ ਜੇਲ੍ਹ, ਸਾਲ 2010 ਵਿੱਚ ਪਟਿਆਲਾ ਜੇਲ੍ਹ ਅਤੇ ਸਾਲ 2011 ਵਿੱਚ ਫਿਰ ਬਠਿੰਡਾ ਜੇਲ੍ਹ ਜਾ ਚੁੱਕਾ ਹੈ। ਉਸ ਦਾ ਕਹਿਣਾ ਸੀ ਕਿ ਉਸ ਨੇ ਤਾਂ ਸਰਕਾਰ ਤੋਂ ਰੁਜ਼ਗਾਰ ਮੰਗਿਆ ਸੀ ਨਾ ਕਿ ਜੇਲ੍ਹ।ਵਿਪਨ ਨਾਮਧਾਰੀ ਦਾ ਕਹਿਣਾ ਸੀ ਕਿ ਉਸ ਦੇ ਪੁਰਖਿਆਂ ਦਾ ਇਤਿਹਾਸ ਤਾਂ ਹੱਕ ਸੱਚ ਲਈ ਮਰ ਮਿਟਣ ਵਾਲਾ ਰਿਹਾ ਹੈ, ਜਿਸ ਕਰਕੇ ਸਰਕਾਰ ਦੀ ਜੇਲ੍ਹ ਡੱਕਣ ਦੀ ਨੀਤੀ ਉਸ ਦਾ ਕੁਝ ਵਿਗਾੜ ਨਹੀਂ ਸਕਦੀ। ਉਸ ਨੇ ਦੱਸਿਆ ਕਿ ਜੇਲ੍ਹਾਂ ਦੇ ਚੱਕਰ ਵਿੱਚ ਉਸ ਦੀ ਬੱਚੀ ਦਾ ਬਚਪਨ ਵੀ ਰੁਲ ਗਿਆ ਹੈ।
          ਇਸ ਤਰ੍ਹਾਂ ਜਤਿੰਦਰ ਜਲੂਰ ਨੇ ਚਾਰ ਜੇਲ੍ਹਾਂ ਵੇਖ ਲਈਆਂ ਹਨ। ਉਸ ਨੇ ਆਖਿਆ ਹੈ ਕਿ ਉਨ੍ਹਾਂ ਦੇ ਦਾਦੇ ਪੜਦਾਦੇ ਨੇ ਤਾਂ ਕਦੇ ਥਾਣੇ ਦਾ ਮੂੰਹ ਨਹੀਂ ਵੇਖਿਆ ਸੀ ਪਰ ਸਰਕਾਰ ਨੇ ਚਾਰ ਜੇਲ੍ਹਾਂ ਵਿਖਾ ਦਿੱਤੀਆਂ ਹਨ। ਉਸ ਦਾ ਕਹਿਣਾ ਸੀ ਕਿ ਉਹ ਮਾਪਿਆਂ ਦਾ ਇਕਲੌਤਾ ਪੁੱਤ ਹੈ ਅਤੇ ਉਸ ਦੇ ਜੇਲ੍ਹ ਜਾਣ ਮਗਰੋਂ ਖੇਤੀ ਵੀ ਰੁਲਦੀ ਰਹੀ ਹੈ। ਨੌਜਵਾਨ ਜਤਿੰਦਰ ਜਲੂਰ ਮਰਨ ਵਰਤ 'ਤੇ ਵੀ ਬੈਠ ਚੁੱਕਾ ਹੈ। ਜੇਲ੍ਹ ਜਾਣ ਵਾਲਿਆਂ ਵਿੱਚ ਦਰਜਨਾਂ ਤਾਂ ਮਾਪਿਆਂ ਦੇ ਇਕਲੌਤੇ ਪੁੱਤ ਹੀ ਹਨ। ਫਾਜ਼ਿਲਕਾ ਦਾ ਰਾਕੇਸ਼ ਕੁਮਾਰ ਵੀ ਚਾਰ ਜੇਲ੍ਹਾਂ ਵੇਖ ਚੁੱਕਾ ਹੈ। ਉਹ ਬਠਿੰਡਾ ਜੇਲ੍ਹ ਤੋਂ ਇਲਾਵਾ ਲੁਧਿਆਣਾ ਜੇਲ੍ਹ ਵੀ ਵੇਖ ਚੁੱਕਾ ਹੈ। ਉਸ ਦਾ ਕਹਿਣਾ ਸੀ ਕਿ ਸਰਕਾਰ ਨੇ ਜੇਲ੍ਹ ਦਾ ਦਾਗ਼ ਉਸ ਦੇ ਮੱਥੇ 'ਤੇ ਹਮੇਸ਼ਾ ਲਈ ਲਾ ਦਿੱਤਾ ਹੈ। ਉਸ ਦਾ ਕਹਿਣਾ ਸੀ ਕਿ ਏਨੇ ਸੰਘਰਸ਼ ਮਗਰੋਂ ਵੀ ਉਹ ਸੜਕਾਂ 'ਤੇ ਹਨ। ਉਨ੍ਹਾਂ ਆਖਿਆ ਕਿ ਉਹ ਘਰ ਜਾ ਕੇ ਵੀ ਕੀ ਕਰਨਗੇ।  ਪਿੰਡ ਜਲੂਰ ਦੇ ਚੇਤ ਸਿੰਘ ਨੇ ਤਾਂ ਪੁਲੀਸ ਦੀ ਕੁੱਟ ਵੀ ਝੱਲੀ ਹੈ।
           ਨੌਜਵਾਨ ਚੇਤ ਸਿੰਘ ਹੁਣ ਤੱਕ ਪਟਿਆਲਾ, ਬਠਿੰਡਾ ਅਤੇ ਲੁਧਿਆਣਾ ਦੀ ਜੇਲ੍ਹ ਵੇਖ ਚੁੱਕਾ ਹੈ। ਜਦੋਂ ਵੀ ਬੇਰੁਜ਼ਗਾਰ ਲਾਈਨਮੈਨ ਸੰਘਰਸ਼ ਵਿੱਚ ਕੁੱਦਦੇ ਸਨ ਤਾਂ ਉਦੋਂ ਹੀ ਉਨ੍ਹਾਂ ਨੂੰ ਜੇਲ੍ਹੀ ਭੇਜ ਦਿੱਤਾ ਜਾਂਦਾ ਰਿਹਾ ਹੈ। ਚੇਤ ਸਿੰਘ ਤਾਂ ਲੇਬਰ ਕਰਕੇ ਆਪਣਾ ਪਰਿਵਾਰ ਪਾਲਦਾ ਹੈ। ਜੇਲ੍ਹ ਜਾਣ ਕਰਕੇ ਉਸ ਦੇ ਪਰਿਵਾਰ ਨੂੰ ਰੋਟੀ ਰੋਜ਼ੀ ਦੀ ਸਮੱਸਿਆ ਵੀ ਬਣਦੀ ਰਹੀ ਹੈ। ਇਸ ਤੋਂ ਇਲਾਵਾ ਪਿੰਡ ਸੰਘੇੜਾ ਦਾ ਅਮਨਦੀਪ ਸਿੰਘ ਵੀ ਬਠਿੰਡਾ ਅਤੇ ਪਟਿਆਲਾ ਦੀ ਜੇਲ੍ਹ ਵੇਖ ਚੁੱਕਾ ਹੈ। ਜਦੋਂ ਉਹ ਜੇਲ੍ਹ ਵਿੱਚ ਸੀ ਤਾਂ ਉਦੋਂ ਉਸ ਦਾ ਬੱਚਾ ਵੀ ਛੋਟਾ ਹੀ ਸੀ। ਅਮਨਦੀਪ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਹੈ। ਉਸ ਦਾ ਕਹਿਣਾ ਸੀ ਕਿ ਮਾਪਿਆਂ ਨੂੰ ਹੁਣ ਇਹੋ ਝੋਰਾ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਜੇਲ੍ਹ ਵੇਖਣੀ ਪੈ ਗਈ ਹੈ। ਇਸ ਤਰ੍ਹਾਂ ਦੇ ਸੈਂਕੜੇ ਨੌਜਵਾਨ ਹਨ, ਜਿਨ੍ਹਾਂ ਨੇ ਸੰਘਰਸ਼ ਵਿੱਚ ਕਈ ਕਈ ਜੇਲ੍ਹਾਂ ਵੇਖ ਲਈਆਂ ਹਨ ਪਰ ਉਹ ਡੋਲੇ ਨਹੀਂ ਹਨ। ਹਾਲੇ ਵੀ ਉਹ ਸਰਕਾਰ ਨਾਲ ਆਪਣੇ ਹੱਕਾਂ ਖਾਤਰ ਟੱਕਰ ਲੈਣ ਦੇ ਰੌਂਅ ਵਿੱਚ ਹਨ।
         ਬਠਿੰਡਾ ਦੇ ਮਿੰਨੀ ਸਕੱਤਰੇਤ ਅੱਗੇ ਇਹ ਨੌਜਵਾਨ ਆਪਣੇ ਹੱਕ ਲਈ ਸਰਦ ਰੁੱਤ ਵਿੱਚ ਵੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ 'ਤੇ ਬੈਠ ਗਏ ਹਨ। ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੀ ਅਗਵਾਈ ਵਿੱਚ ਇਹ ਨੌਜਵਾਨ ਸੰਘਰਸ਼ ਦੇ ਰਾਹ 'ਤੇ ਹਨ ਅਤੇ ਇਨ੍ਹਾਂ ਵਿੱਚੋਂ 700 ਦੇ ਕਰੀਬ ਬੇਰੁਜ਼ਗਾਰ ਨੌਜਵਾਨ ਜੇਲ੍ਹ ਜਾ ਚੁੱਕੇ ਹਨ। ਉਹ ਤਿੰਨ ਵਰ੍ਹਿਆਂ ਤੋਂ ਸੰਘਰਸ਼ ਕਰ ਰਹੇ ਹਨ।ਯੂਨੀਅਨ ਦੇ ਸੂਬਾਈ ਪ੍ਰਧਾਨ ਪਿਰਪਲ ਸਿੰਘ ਦਾ ਕਹਿਣਾ ਸੀ ਕਿ ਉਹ ਹੁਣ ਆਰ ਪਾਰ ਦੀ ਲੜਾਈ ਲੜਨਗੇ। ਉਨ੍ਹਾਂ ਦੱਸਿਆ ਕਿ ਸਰਕਾਰ ਨੇ 14 ਜਨਵਰੀ 2011 ਨੂੰ ਲਾਈਨਮੈਨਾਂ ਦੀਆਂ ਪੰਜ ਹਜ਼ਾਰ ਅਸਾਮੀਆਂ ਕੱਢੀਆਂ ਸਨ, ਜਿਨ੍ਹਾਂ ਦੀ ਸਾਰੀ ਪ੍ਰਕਿਰਿਆ ਮੁਕੰਮਲ ਹੋ ਗਈ ਹੈ।ਉਨ੍ਹਾਂ ਦੱਸਿਆ ਕਿ ਸਰਕਾਰ ਨੇ ਇਕ ਹਜ਼ਾਰ ਲਾਈਨਮੈਨਾਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਹਨ, ਜਦੋਂ ਕਿ ਚਾਰ ਹਜ਼ਾਰ ਲਾਈਨਮੈਨਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ ਹਨ। ਉਨ੍ਹਾਂ ਆਖਿਆ ਕਿ ਉਹ ਨਿਯੁਕਤੀ ਪੱਤਰ ਲੈਣ ਵਾਸਤੇ ਹੀ ਲੜਾਈ ਲੜ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਹੁਣ ਰੋਜ਼ਾਨਾ 40 ਲਾਈਨਮੈਨ ਭੁੱਖ ਹੜਤਾਲ 'ਤੇ ਬੈਠਦੇ ਹਨ।

Thursday, December 8, 2011


        ਜ਼ਿੰਦਗੀ ਭਰ ਨਹੀਂ ਭੁੱਲਾਂਗੀ ਥੱਪੜ
                           
 'ਆਪਣੇ ਘਰ ਦੀ ਗੁਰਬਤ ਭੁੱਲ ਸਕਦੀ ਹਾਂ ਪਰ ਅਕਾਲੀ ਸਰਪੰਚ ਵੱਲੋਂ ਮਾਰਿਆ ਥੱਪੜ ਜ਼ਿੰਦਗੀ ਭਰ ਨਹੀਂ ਭੁੱਲਾਂਗੀ।' ਬੇਰੁਜ਼ਗਾਰੀ ਦੀ ਜੰਗ ਲੜਣ ਵਾਲੀ ਬਰਿੰਦਰਪਾਲ ਕੌਰ ਦਾ ਕਹਿਣਾ ਹੈ ਕਿ ਉਸ ਦੇ ਜੋ ਥੱਪੜ ਪਿਆ ਹੈ, ਉਹ ਅਕਾਲੀ ਸਰਪੰਚ ਦਾ ਥੱਪੜ ਨਹੀਂ ਹੈ, ਅਸਲ ਵਿੱਚ ਉਹ ਹਕੂਮਤ ਵੱਲੋਂ ਹੱਕ ਸੱਚ ਲਈ ਲੜਣ ਵਾਲੇ ਕਿਰਤੀ ਲੋਕਾਂ ਦੇ ਮੂੰਹ 'ਤੇ ਮਾਰੀ ਚਪੇੜ ਹੈ।ਪਿੰਡ ਸੁਖਨਾ ਅਬਲੂ ਦੀ ਬਰਿੰਦਰਪਾਲ ਕੌਰ, ਜਿਸਨੂੰ ਪਿੰਡ ਦੌਲਾ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਦੇ ਸੰਗਤ ਦਰਸ਼ਨ ਪ੍ਰੋਗਰਾਮ ਮੌਕੇ  ਅਕਾਲੀ ਸਰਪੰਚ ਨੇ ਥੱਪੜ ਮਾਰਿਆ ਸੀ, ਦੀ ਬਚਪਨ ਤੋਂ ਹੀ ਗਰੀਬੀ ਨਾਲ ਸਾਂਝ ਰਹੀ ਹੈ। ਉਹ ਇਸ ਹਾਦਸੇ ਤੋਂ ਕਾਫੀ ਪ੍ਰੇਸ਼ਾਨ ਹੈ ਪਰ ਇਹ ਵੀ ਆਖਦੀ ਹੈ ਕਿ ਇਸ ਹਾਦਸੇ ਨੇ ਉਸ ਦੇ ਹੱਕਾਂ ਪ੍ਰਤੀ ਲੜਣ ਦੇ ਰੋਹ ਨੂੰ ਹੋਰ ਪ੍ਰਚੰਡ ਕਰ ਦਿੱਤਾ ਹੈ।
          ਬਰਿੰਦਰਪਾਲ ਕੌਰ ਦੇ ਪਿਤਾ ਕੁਲਵੰਤ ਸਿੰਘ ਕੋਲ ਇੱਕ ਏਕੜ ਤੋਂ ਵੀ ਘੱਟ ਜ਼ਮੀਨ ਹੈ। ਉਹ ਟੈਕਸੀ ਚਲਾ ਕੇ ਆਪਣਾ ਪਰਿਵਾਰ ਪਾਲਦਾ ਹੈ। ਉਸ ਦੀਆਂ ਤਿੰਨ ਧੀਆਂ 'ਚੋਂ ਇੱਕ ਧੀ ਦੀ ਮੌਤ ਹੋ ਚੁੱਕੀ ਹੈ ਜਦਕਿ ਵੱਡੀ ਧੀ ਵਿਆਹੀ ਹੋਈ ਹੈ। ਘਰ ਦੀ ਮਾਲੀ ਹਾਲਤ ਠੀਕ ਨਾ ਹੋਣ ਕਰਕੇ ਆਪਣੀਆਂ ਵੱਡੀਆਂ ਧੀਆਂ ਨੂੰ 10 ਜਮਾਤਾਂ ਤੋਂ ਅੱਗੇ ਨਾ ਪੜ੍ਹਾ ਸਕਿਆ। ਉਸ ਦੇ ਦੋ ਛੋਟੇ ਲੜਕੇ ਹਨ, ਜਿਨ੍ਹਾਂ ਨੂੰ ਗਰੀਬੀ ਕਾਰਨ ਸਕੂਲੋਂ ਹਟਾਉਣਾ ਪੈ ਗਿਆ ਹੈ। ਬਰਿੰਦਰਪਾਲ ਨੂੰ ਪੜ੍ਹਾਈ ਦਾ ਜਨੂੰਨ ਹੈ ਅਤੇ ਪੜ੍ਹਾਈ ਲਈ ਉਹ ਸਖ਼ਤ ਮਿਹਨਤ ਕਰਕੇ ਪੈਸੇ ਇਕੱਠੇ ਕਰਦੀ ਹੈ। ਬਰਿੰਦਰ ਪਾਲ ਦੀ ਮਾਂ ਜਸਵਿੰਦਰ ਕੌਰ ਰੀੜ ਦੀ ਹੱਡੀ ਦੀ ਬਿਮਾਰੀ ਤੋਂ ਪੀੜਤ ਹੈ ਜਦਕਿ ਉਸਦੇ ਪਿਤਾ ਦੀ ਨਿਗ੍ਹਾ ਕਮਜ਼ੋਰ ਹੋ ਗਈ ਹੈ। ਜਸਵਿੰਦਰ ਕੌਰ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਧੀ ਨੂੰ ਥੱਪੜ ਖਾਣ ਲਈ ਨਹੀਂ ਪੜ੍ਹਾਇਆ ਸੀ।
            ਬਰਿੰਦਰ ਕੌਰ ਨੇ ਗਰੈਜੂਏਸ਼ਨ ਕਰਨ ਮਗਰੋਂ ਈ.ਟੀ.ਟੀ. ਕੀਤੀ। ਉਸ ਨੇ ਪਿੰਡ ਦੇ ਹੀ ਈ.ਜੀ.ਐਸ ਸੈਂਟਰ ਵਿੱਚ ਪੌਣੇ ਦੋ ਸਾਲ ਇੱਕ ਹਜ਼ਾਰ ਰੁਪਏ ਮਹੀਨਾ 'ਤੇ ਪੜ੍ਹਾਇਆ। ਜਦੋਂ ਸਰਕਾਰ ਨੇ ਈ.ਜੀ.ਐਸ ਕੇਂਦਰ ਬੰਦ ਕਰ ਦਿੱਤਾ ਤਾਂ ਉਸ ਨੇ ਪਿੰਡ ਦੇ ਸਰਕਾਰੀ ਸਕੂਲ 'ਚ ਕੇਵਲ ਪੰਜ ਸੌ ਰੁਪਏ ਪ੍ਰਤੀ ਮਹੀਨਾ 'ਤੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਉਹ ਆਪਣੀ ਪੜ੍ਹਾਈ ਜਾਰੀ ਰੱਖਣ ਵਾਸਤੇ ਸ਼ਾਮ ਵੇਲੇ ਦੋ ਤਿੰਨ ਘੰਟੇ ਬੱਚਿਆਂ ਨੂੰ ਟਿਊਸ਼ਨਾਂ ਵੀ ਪੜ੍ਹਾਉਂਦੀ ਰਹੀ ਹੈ। ਜਦੋਂ ਪੰਜ ਸੌ ਰੁਪਏ ਵਾਲੀ ਨੌਕਰੀ ਵੀ ਹੱਥੋਂ ਨਿਕਲ ਗਈ ਤਾਂ ਉਸ ਨੇ ਇੱਕ ਕਾਲਜ ਲੈਕਚਰਾਰ ਵੱਲੋਂ ਕੀਤੀ ਮਾਲੀ ਮੱਦਦ ਨਾਲ ਅਬੋਹਰ ਦੇ ਕਾਲਜ ਵਿੱਚ ਪੜ੍ਹਾਈ ਕੀਤੀ। ਬਰਿੰਦਰ ਕੌਰ ਨੇ ਦੱਸਿਆ ਕਿ ਉਸਨੇ ਉਹ ਦਿਨ ਵੀ ਦੇਖੇ ਹਨ ਜਦੋਂ ਉਸਦੀ  ਵੱਡੀ ਭੈਣ ਆਖਰੀ ਸਾਹਾਂ 'ਤੇ ਸੀ ਅਤੇ ਘਰ ਵਿੱਚ ਸਿਰਫ 60 ਰੁਪਏ ਸਨ।ਉਸਦਾ ਕਹਿਣਾ ਹੈ ਕਿ ਉਸ ਦੇ ਮਾਪਿਆਂ ਜਾਂ ਅਧਿਆਪਕਾਂ ਨੇ ਕਦੇ ਉਸ 'ਤੇ ਹੱਥ ਨਹੀਂ ਚੁੱਕਿਆ ਸੀ ਪਰ ਉਸਨੇ ਕਦੇ ਨਹੀਂ ਸੋਚਿਆ ਸੀ ਕਿ ਬੇਰੁਜ਼ਗਾਰੀ ਅਜਿਹੇ ਦਿਨ ਵੀ ਦਿਖਾਏਗੀ।  ਬਰਿੰਦਰ ਪਾਲ ਕੌਰ ਐਮ.ਏ ਅੰਗਰੇਜ਼ੀ ਕਰਕੇ ਯੂ.ਜੀ.ਸੀ. ਪਾਸ ਕਰਨਾ ਚਾਹੁੰਦੀ ਹੈ ਤਾਂ ਜੋ ਕਾਲਜ ਲੈਕਚਰਾਰ ਬਣ ਸਕੇ ਪਰ ਉਸ ਲਈ ਏਨੀ ਮਾਲੀ ਤੰਗੀ ਵਿੱਚ ਰਹਿ ਕੇ ਪੜ੍ਹਾਈ ਜਾਰੀ ਰੱਖਣਾ ਹੀ ਕਿਸੇ ਜੰਗ ਨਾਲੋਂ ਘੱਟ ਨਹੀਂ ਹੈ

Wednesday, December 7, 2011


                                   'ਫਖਰੇ-ਏ-ਕੌਮ' ਕਾਹਲੀ 'ਚ ਦਿੱਤਾ-ਜਥੇਦਾਰ
                                                                 
  ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 'ਪੰਥ ਰਤਨ ਫ਼ਖ਼ਰ-ਏ-ਕੌਮ' ਦੀ ਉਪਾਧੀ ਦੇਣ ਦੇ ਢੰਗ ਤਰੀਕੇ 'ਤੇ ਇਤਰਾਜ਼ ਕੀਤਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਉਪਾਧੀ ਦੇਣ ਨੂੰ 'ਕਾਹਲੀ ਨਾਲ ਲਿਆ ਗਿਆ ਫੈਸਲਾ' ਦੱਸਿਆ ਹੈ। ਦੱਸਣਯੋਗ ਹੈ ਕਿ  ਕੱਲ੍ਹ ਸਿੰਘ ਸਾਹਿਬਾਨ ਵੱਲੋਂ ਸ੍ਰੀ ਅਕਾਲ ਤਖ਼ਤ 'ਤੇ ਸ੍ਰੀ ਬਾਦਲ ਨੂੰ 'ਪੰਥ ਰਤਨ ਫਖਰ-ਏ-ਕੌਮ' ਦੀ ਉਪਾਧੀ ਨਾਲ ਸਨਮਾਨਿਆ ਗਿਆ ਸੀ। ਸਨਮਾਨ ਕਰਨ ਮੌਕੇ ਚਾਰ ਤਖ਼ਤਾਂ ਦੇ ਜਥੇਦਾਰ ਹਾਜ਼ਰ ਸਨ ਜਦੋਂ ਕਿ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਹਾਜ਼ਰ ਨਹੀਂ ਸਨ। ਉਨ੍ਹਾਂ ਦੀ ਗੈਰਹਾਜ਼ਰੀ ਦੀ ਵਜ੍ਹਾ ਸਿਹਤ ਦਾ ਠੀਕ ਨਾ ਹੋਣਾ ਦੱਸੀ ਗਈ ਸੀ।
            ਅੱਜ ਇਕ ਵਿਸ਼ੇਸ਼ ਮੁਲਾਕਾਤ 'ਚ ਜਥੇਦਾਰ ਨੰਦਗੜ੍ਹ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਉਪਾਧੀ ਦੇਣ ਦਾ ਫੈਸਲਾ ਲੈਣ ਲਈ ਸਿੰਘ ਸਾਹਿਬਾਨ ਦੀ ਕੋਈ ਮੀਟਿੰਗ ਨਹੀਂ ਸੀ ਹੋਈ।  ਉਨ੍ਹਾਂ ਸਪਸ਼ਟ ਕੀਤਾ ਕਿ ਉਹ ਮੁੱਖ ਮੰਤਰੀ ਨੂੰ ਇਹ ਸਨਮਾਨ ਦਿੱਤੇ ਜਾਣ ਦੇ ਹੱਕ ਵਿੱਚ ਹਨ ਪਰ ਸਨਮਾਨ ਦੇਣ ਦਾ ਤਰੀਕਾ ਗਲਤ ਸੀ। ਮੁੱਖ ਮੰਤਰੀ ਵੱਲੋਂ ਸਿੱਖ ਇਤਿਹਾਸ ਨਾਲ ਜੁੜੀਆਂ ਉਨ੍ਹਾਂ ਯਾਦਗਾਰਾਂ ਦੀ ਉਸਾਰੀ ਕਰਾਈ ਗਈ ਹੈ ਜਿਨ੍ਹਾਂ ਦਾ ਕਿਸੇ ਸਰਕਾਰ ਨੂੰ ਪਹਿਲਾਂ ਚੇਤਾ ਹੀ ਨਹੀਂ ਸੀ। ਇਸ ਲਈ ਉਹ ਇਸ ਉਪਾਧੀ ਦੇ ਹੱਕਦਾਰ ਹਨ। ਉਂਜ ਮੁੱਖ ਮੰਤਰੀ ਨੂੰ ਇਹ ਉਪਾਧੀ ਦਿੱਤੇ ਜਾਣ ਤੋਂ  ਪਹਿਲਾਂ ਸਿੰਘ ਸਾਹਿਬਾਨ ਦੀ ਬਕਾਇਦਾ ਮੀਟਿੰਗ ਹੋਣੀ ਚਾਹੀਦੀ ਸੀ। ਮੀਟਿੰਗ ਵਿੱਚ ਪੂਰੇ ਮਾਮਲੇ 'ਤੇ ਢੁੱਕਵਾਂ ਵਿਚਾਰ-ਵਟਾਂਦਰਾ ਕੀਤਾ ਜਾਣਾ ਚਾਹੀਦਾ ਸੀ। ਸਾਰੇ ਪੱਖਾਂ 'ਤੇ ਸੋਚ-ਵਿਚਾਰ ਹੋਣੀ ਚਾਹੀਦੀ ਸੀ।
           ਜਥੇਦਾਰ ਨੰਦਗੜ੍ਹ ਨੇ ਆਖਿਆ ਕਿ ਸਾਰੇ ਸਿੰਘ ਸਾਹਿਬਾਨ ਆਨੰਦਪੁਰ ਸਮਾਗਮਾਂ ਤੋਂ ਪਹਿਲਾਂ ਆਨੰਦਪੁਰ ਸਾਹਿਬ ਵਿਖੇ ਇਕੱਠੇ ਹੋਏ ਸਨ। ਮੁੱਖ ਮੰਤਰੀ ਨਾਲ ਆਨੰਦਪੁਰ ਸਮਾਗਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਸੀ। ਜਦੋਂ ਆਨੰਦਪੁਰ ਸਾਹਿਬ ਵਿਖੇ ਮੀਟਿੰਗ ਖਤਮ ਹੋ ਗਈ ਤਾਂ ਮੁੱਖ ਮੰਤਰੀ ਦੇ ਜਾਣ ਮਗਰੋਂ ਸ੍ਰੀ ਬਾਦਲ ਨੂੰ 'ਫ਼ਖਰ-ਏ-ਕੌਮ ਦੀ ਉਪਾਧੀ ਨਾਲ ਸਨਮਾਨੇ ਜਾਣ ਦੀ ਗੱਲ ਤੋਰ ਦਿੱਤੀ ਗਈ। ਉਨ੍ਹਾਂ ਨੇ ਵੀ ਉਸ ਮੌਕੇ ਆਖ ਦਿੱਤਾ ਸੀ ਕਿ ਮੁੱਖ ਮੰਤਰੀ ਨੂੰ ਇਸ ਉਪਾਧੀ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ, ਪਰ ਚੰਗਾ ਹੁੰਦਾ ਜੇ ਇਸ ਬਾਰੇ ਰਸਮੀ ਮੀਟਿੰਗ ਰੱਖ ਕੇ ਐਲਾਨ ਕਰਨ ਸਬੰਧੀ ਸਾਰੀ ਰੂਪ-ਰੇਖਾ ਵੀ ਉਲੀਕ ਲਈ ਜਾਂਦੀ।
           ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਉਹ ਕੱਲ੍ਹ ਗ਼ੈਰਹਾਜ਼ਰ ਕਿਉਂ ਹੋਏ ਤਾਂ ਉਨ੍ਹਾਂ ਆਖਿਆ ਕਿ ਉਹ ਜਦੋਂ ਅੰਮ੍ਰਿਤਸਰ ਜਾਣ ਵਾਸਤੇ ਤਿਆਰ ਹੋਏ ਤਾਂ ਅਚਾਨਕ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵੱਧ ਗਿਆ। ਮੌਕੇ 'ਤੇ ਡਾਕਟਰ ਬੁਲਾਇਆ ਗਿਆ ਅਤੇ ਡਾਕਟਰ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦੇ ਦਿੱਤੀ ਜਿਸ ਕਰਕੇ ਉਹ ਅੰਮ੍ਰਿਤਸਰ ਨਹੀਂ ਜਾ ਸਕੇ। ਉਨ੍ਹਾਂ ਇਹ ਵੀ ਆਖਿਆ ਕਿ ਬਹੁਤ ਸਾਰੇ ਲੋਕ ਚਾਪਲੂਸ ਹਨ ਜਿਨ੍ਹਾਂ ਵੱਲੋਂ ਮੁੱਖ ਮੰਤਰੀ  ਨੂੰ ਵੀ ਕਸੂਤੀ ਸਥਿਤੀ ਵਿੱਚ ਫਸਾ ਦਿੱਤਾ ਜਾਂਦਾ ਹੈ। ਆਨੰਦਪੁਰ ਸਮਾਗਮਾਂ ਵਿੱਚ ਮੁੱਖ ਮੰਤਰੀ ਦੀ ਵੱਡੀ ਫੋਟੋ ਰੱਖੇ ਜਾਣ ਵਾਲਾ ਕੰਮ ਵੀ ਚਾਪਲੂਸਾਂ ਦਾ ਹੀ ਸੀ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>