ਕਾਹਨੂੰਵਾਨ/ ਗੁਰਦਾਸਪੁਰ, 7 ਜਨਵਰੀ (ਵਿਨੋਦ)-ਪਿਛਲੇ ਕਈ ਦਿਨਾਂ ਤੋਂ ਇਕ ਵਿਆਹੁਤਾ ਔਰਤ ਨਾਲ ਇਕ ਅਖੌਤੀ ਸਾਧ ਵਲੋਂ ਸਾਥੀਆਂ ਸਮੇਤ ਬੰਦੂਕ ਦੀ ਨੋਕ 'ਤੇ ਬਲਾਤਕਾਰ ਕਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਥਾਣਾ ਕਾਹਨੂੰਵਾਨ ਵਿਚ ਵਿਆਹੁਤਾ ਔਰਤ ਵਲੋਂ ਕੀਤੀ ਸ਼ਿਕਾਇਤ ਅਤੇ ਪੁਲਸ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਪਿੰਡ ਜ਼ਫਰਵਾਲ ਦੀ ਰਾਜਵਿੰਦਰ ਕੌਰ ਪਤਨੀ ਅਵਤਾਰ ਸਿੰਘ ਨੂੰ ਪਾਖੰਡੀ ਸਾਧ ਜਗੀਰ ਸਿੰਘ ਪੁੱਤਰ ਟਹਿਲ ਸਿੰਘ ਪਿੰਡ ਸੈਦਪੁਰ ਹਾਰਨੀ ਸੰਗਤ ਸਣੇ 25 ਦਸੰਬਰ ਨੂੰ ਗੁਰੂ-ਘਰ ਦੇ ਦਰਸ਼ਨਾਂ ਲਈ ਹਜ਼ੂਰ ਸਾਹਿਬ ਲੈ ਕੇ ਗਿਆ ਸੀ। ਪਾਖੰਡੀ ਸਾਧ ਜਗੀਰ ਸਿੰਘ ਅਤੇ ਉਸ ਦੇ ਗੰਨਮੈਨਾਂ ਨੇ ਹਥਿਆਰਾਂ ਨਾਲ ਡਰਾ-ਧਮਕਾ ਉਸ ਦੇ ਸਹੁਰੇ ਬਖਸ਼ੀਸ਼ ਸਿੰਘ ਨੂੰ ਉਥੋਂ ਕੱਢ ਦਿੱਤਾ। ਔਰਤ ਨੇ ਦੋਸ਼ ਲਾਇਆ ਕਿ ਉਕਤ ਬਾਬਾ ਉਸ ਨੂੰ ਕੋਈ ਨਸ਼ੀਲੀ ਚੀਜ ਖਵਾ ਕੇ ਉਸ ਨਾਲ ਕੋਝੀਆਂ ਹਰਕਤਾਂ ਕਰਦਾ ਰਿਹਾ। ਇਸ ਤੋਂ ਬਾਅਦ ਜਦੋਂ ਉਹ ਬਾਬਾ 6 ਜਨਵਰੀ ਨੂੰ ਵਾਪਸ ਆਪਣੇ ਪਿੰਡ ਸੈਦਪੁਰ ਹਾਰਨੀ ਪਹੁੰਚਿਆ ਤਾਂ ਬਾਬੇ ਨੇ ਫਿਰ ਉਸ ਨੂੰ ਨਸ਼ੇ ਦੀਆਂ ਗੋਲੀਆਂ ਦੇ ਕੇ ਅਤੇ ਆਪ ਵੀ ਨਸ਼ੇ ਵਿਚ ਧੁੱਤ ਹੋ ਕੇ ਉਸ ਨਾਲ ਜਬਰ ਜਿਨਾਹ ਕਰਦਾ ਰਿਹਾ। ਇਸ ਸਬੰਧੀ ਜਦੋਂ ਰਾਜਵਿੰਦਰ ਕੌਰ ਨੇ ਵਿਰੋਧ ਕੀਤਾ ਤਾਂ ਬਾਬੇ ਨੇ ਉਸ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਪਰ ਜਦੋਂ ਉਹ ਨਿਡਰ ਹੋ ਕੇ ਵਿਰੋਧ 'ਚ ਉਤਰ ਆਈ ਤਾਂ ਬਾਬੇ ਨੇ ਉਸ ਨੂੰ ਡਰਾਇਆ-ਧਮਕਾਇਆ ਵੀ। ਬਾਬੇ ਨੇ ਔਰਤ ਨੂੰ ਵਰਗਲਾਉਂਦਿਆਂ ਕਿਹਾ ਕਿ ਉਹ ਉਸ ਨੂੰ ਸੰਤਾਨ ਪ੍ਰਾਪਤੀ ਦਾ ਸੁੱਖ ਵੀ ਦੇਵੇਗਾ, ਕਿਉਂਕਿ ਔਰਤ ਦੇ ਵਿਆਹ ਤੋਂ ਕਾਫੀ ਸਾਲ ਬਾਅਦ ਵੀ ਕੋਈ ਬੱਚਾ ਨਹੀਂ ਸੀ ਹੋਇਆ, ਜਿਸਦਾ ਉਕਤ ਸਾਧ ਨੇ ਨਾਜਾਇਜ਼ ਫਾਇਦਾ ਚੁੱਕਿਆ। ਇਸ ਸਾਧ ਦੀ ਇਸ ਅਨੈਤਿਕ ਅਤੇ ਧੱਕੇ ਜੋਰੀ ਦੀ ਹਰਕਤ ਤੋਂ ਦੁਖੀ ਹੋ ਕੇ ਪੀੜਤ ਔਰਤ ਦੇ ਪਰਿਵਾਰ ਵਲੋਂ ਧਰਮ ਸਤਿਕਾਰ ਕਮੇਟੀ ਅਤੇ ਸਿੱਖ ਚੇਤਨਾ ਮੰਚ ਦੇ ਸੇਵਾਦਾਰਾਂ ਨਾਲ ਸੰਪਰਕ ਕੀਤਾ ਤਾਂ ਸਤਿਕਾਰ ਕਮੇਟੀ ਨੇ ਪੁਲਸ ਥਾਣਾ ਕਾਹਨੂੰਵਾਨ ਦੀ ਹਾਜ਼ਰੀ ਵਿਚ ਰਾਜਵਿੰਦਰ ਕੌਰ ਨੂੰ ਇਸ ਕਲਯੁੱਗੀ ਸਾਧ ਦੇ ਚੁੰਗਲ ਵਿਚੋਂ ਛੁਡਾਇਆ। ਇਸ ਮੌਕੇ ਸਤਿਕਾਰ ਕਮੇਟੀ ਦੇ ਭਾਈ ਗੁਰਮੀਤ ਸਿੰਘ ਮੁੱਛਲ, ਨਿਸ਼ਾਨ ਸਿੰਘ ਸਿਆਲਕਾ, ਸੁੱਖਪਾਲ ਸਿੰਘ ਈਨੋਕੋਟ, ਸਿੱਖ ਚੇਤਨਾ ਮੰਚ ਦੇ ਬਲਰਾਜ ਸਿੰਘ, ਮਨਿੰਦਰਪਾਲ ਸਿੰਘ ਘੁੰਮਣ, ਭਾਈ ਰਜਿੰਦਰ ਸਿੰਘ ਗੁਰਦਾਸਪੁਰ, ਗੁਰਿੰਦਰ ਸਿੰਘ ਕਾਲਾ ਬਾਲਾ ਅਤੇ ਸਾਥੀਆਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਗੈਰ-ਇਖਲਾਕੀ ਅਤੇ ਮੁਜਰਮਾਨਾ ਕਾਰਵਾਈਆਂ ਕਰਨ ਵਾਲੇ ਪਾਖੰਡੀ ਸਾਧ ਦੇ ਅਸਲਾ ਲਾਇਸੈਂਸ ਦੀ ਪੜਤਾਲ ਕਰਕੇ ਇਨ੍ਹਾਂ ਦੇ ਲਾਇਸੈਂਸ ਕੈਂਸਲ ਕੀਤੇ ਜਾਣ।
ਇਸ ਸਬੰਧੀ ਪੁਲਸ ਥਾਣਾ ਕਾਹਨੂੰਵਾਨ ਵਿਚ ਐੱਫ. ਆਈ. ਆਰ. ਦਰਜ ਕਰਦਿਆਂ ਆਈ. ਪੀ. ਸੀ. ਦੀ ਧਾਰਾ 376, 342 ਤਹਿਤ ਮੁਕੱਦਮਾ ਦਰਜ ਕਰਦਿਆਂ ਉਕਤ ਦੋਸ਼ੀਆਂ ਨੂੰ ਅਸਲਾ 315 ਬੋਰ ਬੰਦੂਕ, 12 ਬੋਰ ਰਾਈਫਲ ਅਤੇ 32 ਬੋਰ ਦਾ ਪਿਸਤੌਲ ਬਰਾਮਦ ਕਰਕੇ ਦੋਸ਼ੀਆਂ ਨੂੰ ਕਾਬੂ ਕਰਕੇ ਦੋਸ਼ਾਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।