ਸਵ. ਸ. ਬਲਬੀਰ ਸਿੰਘ ਸੰਧੂ
5 ਜੂਨ ਦੀ ਅੱਧੀ ਰਾਤ ਨੂੰ ਇਕ ਟੈਂਕ ਪਰਿਕਰਮਾਂ ਰਾਹੀਂ ਅੰਦਰ ਦਾਖਲ ਹੋਇਆ,ਇਸ ਟੈਂਕ ਵੱਲੋਂ ਕੀਤੀ ਜਾ ਰਹੀ ਇਸ ਭਿਆਨਕ ਤੇ ਤਬਾਹਕੁੰਨ ਕਾਰਵਾਈ ਦੇ ਸ਼ੁਰੂ ਹੋਣ ਤੋਂ ਕੋਈ ਪੰਜ ਮਿੰਟ ਪਿਛੋਂ ਹੀ ਦੋ ਹੋਰ ਟੈਂਕ ਅਗੜ ਪਿਛੜ ਰੂਪ ਵਿਚ ਕੰਪਲੈਕਸ ਅੰਦਰ ਆ ਦਾਖਲ ਹੋਏ ਜਿੰਨਾਂ ਚੋਂ ਇਕ ਟੈਂਕ ਤਾਂ ਗੁਰੂ ਨਾਨਕ ਨਿਵਾਸ ਤੇ ਸਮੁੰਦਰੀ ਹਾਲ ਵੱਲ ਮੋੜ ਕਟਦਾ ਹੋਇਆ ਮੰਜੀ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਜੋੜੇ ਘਰ ਅੱਗੇ ਪਰਕਰਮਾ ਵੱਲ ਨੂੰ ਮੂੰਹ ਕਰਕੇ ਖਲੋ ਗਿਆ ਅਤੇ ਇਸਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦੁਆਲੇ ਨੂੰ ਅਰਥਾਤ ਪਰਕਰਮਾ ਦੀ ਪੱਛਮੀ ਬਾਹੀ ਨੂੰ ਆਪਣਾ ਟਾਰਗੇਟ ਮਿਥਦਿਆਂ ਹੋਇਆਂ ਤੋਪੀ ਗੋਲਿਆਂ ਦੀ ਵਰਖਾ ਤੇ ਫਾਇਰਿੰਗ ਖੋਹਲ ਦਿੱਤੀ। ਪਰ ਇਸਦੇ ਪਿੱਛੇ ਪਿੱਛੇ ਆਉਣ ਵਾਲੇ ਟੈਂਕ ਨੇ ਗੁਰੂ ਰਾਮਦਾਸ ਸਰਾਂ ਦੇ ਵੱਡੇ ਦਰਵਾਜ਼ੇ ਪਾਸ ਆਉਂਦਿਆਂ ਹੀ ਆਪਣੀ ਪਿੱਠ ਦਰਬਾਰ ਸਾਹਿਬ ਵੱਲ ਨੂੰ ਕਰਕੇ ਆਪਣਾ ਮੂੰਹ ਸਰਾਂ ਵੱਲ ਨੂੰ ਕਰ ਲਿਆ ਸੀ। ਇਸੇ ਤਰਾਂ ਲਗਪਗ ਇਕ ਘੰਟੇ ਵਿਚ ਕੋਈ ਬਾਰਾਂ ਚੌਂਦਾਂ ਹੋਰ ਟੈਂਕ ਸਰਾਂ ਵਾਲੇ ਪਾਸਿਓਂ ਦੀ ਕੰਪਲੈਕਸ ਦੇ ਅੰਦਰ ਦਾਖਲ ਹੋਏ ਅਤੇ ਉਹ ਪੂਰਬੀ ਦਰਸ਼ਨੀ ਡਿਓੜੀ ਵਿੱਚੋਂ ਦੀ ਪਰਕਰਮਾ ਦੇ ਅੰਦਰ ਅੰਦਰ ਦਾਖਲ ਹੁੰਦੇ ਤੁਰੇ ਗਏ। ਜਿਸ ਕਰਕੇ ਕੁਝ ਸਮੇਂ ਦੇ ਵਿਚ ਵਿਚ ਹੀ ਪਰਕਰਮਾ ਦੇਅੰਦਰ ਟੈਂਕ ਦੀ ਭਰਮਾਰ ਅਰਥਾਤ ਉਂਤਰੀ ਪੂਰਬੀ ਤੇ ਦੱਖਣੀ ਬਾਹੀਆਂ ਨੂੰ ਪੂਰੀ ਤਰਾਂ ਨਾਲ ਮੱਲ ਲਿਆਂ ਸੀ ਤੇ ਇੰਨ੍ਰਾਂ ਨੇ ਆਪਣੇ ਆਪਣੇ (ਟਾਰਗੇਟ) ਨਿਸ਼ਾਨੇ ਸੇਧ ਲਏ ਸਨ। ਜਦ ਸ਼ੁਰੂ ਵਿਚ ਅਜੇ ਦੋ ਤਿੰਨ ਟੈਂਕ ਹੀ ਪਰਕਰਮਾ ਵਿਚ ਦਾਖਲ ਹੋਏ ਸਨ ਤਾਂ ਉਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘਾਂ ਨੇ ਇੰਨਾਂ ਦੀ ਰੌਸ਼ਨੀ ਤੋਂ ਇੰਨਾਂ ਨੂੰ ਬਖਤਰਬੰਦ ਗੱਡੀਆਂ ਹੀ ਸਮਝਿਆ ਸੀ। ਪਰ ਸੰਤਾਂ ਨੇ ਸਿੰਘਾਂ ਨੂੰ ਮੁਸਕਾਉਂਦਿਆ ਹੋਇਆਂ ਕਿਹਾ ਸੀ, ਸਿੰਘੋ! ਜ਼ਰਾ ਧਿਆਨ ਨਾਲ ਵੇਖੋ ਇਹ ਬਕਤਰਬੰਦ ਗੱਡੀਆਂ ਨਹੀਂ,ਟੈਂਕ ਹੋਣੇ ਜੇ। ਪਰਕਰਮਾ ਦੀ ਦੱਖਣ ਵੱਲ ਦੀ ਬਾਹੀ ਨਾਲ ਲਗਦੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਅਸਥਾਨ ਦੇ ਲਗਪਗ ਐਨ ਸਾਹਮਣੇ ਇਕ ਦੂਸਰੇ ਤੋਂ ਕੁਝ ਫਾਸਲਾ ਪਾਕੇ ਖਲੋਤੇ ਹੋਏ ਦੋਂਹ ਟੈਂਕ ਨੇ ਤਾਂ ਸਿੱਧੇ ਤੌਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇਸਦੇ ਆਲੇ ਦੁਆਲੇ ਨੂੰ ਹੀ ਨਿਸ਼ਾਨਾ ਬਣਾਇਆਂ ਹੋਇਆ ਸੀ। ਇਸੇ ਤਰਾਂ ਦੂਸਰੇ ਪਾਸਿਆਂ ਤੋਂ ਵੀ ਪਰਕਰਮਾ ਦੇ ਅੰਦਰ ਭਿਆਨਕ ਰੂਪ ਵਿਚ ਤਬਾਹੀ ਮਚਾਈ ਜਾ ਰਹੀ ਸੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੀੜਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦਰਬਾਰ ਸਾਹਿਬ ਦੇ ਤੋਸ਼ੇ ਖਾਨੇ ਵਿਚ ਸਾਂਭ ਸਾਂਭ ਕੇ ਰੱਖੀਆਂ ਹੋਇਆਂ ਪਵਿੱਤਰ ਬਹੁ-ਗੁਣੀਆਂ ਤੇ ਨਾਯਾਬ ਇਤਿਹਾਸਕ ਯਾਦਾਂ ਗੋਲਾ-ਬਾਰੀ ਦੇ ਝੱਖੜ ਵਿਚ ਉਂਡ ਪੁੱਡ ਰਹੀਆਂ ਸਨ,ਅਤੇ ਅੱਗ ਦੀ ਲਪੇਟ ਵਿਚ ਆ ਕੇ ਆਪਣਾ ਰੂਪ ਰੰਗ ਤੇ ਹੋਂਦ ਤੱਕ ਗਵਾ ਰਹੀਆਂ ਸਨ। ਸਭ ਪਾਸੇ ਅੱਗ ਤੇ ਮਿੱਟੀ ਘੱਟੇ ਇੱਟਾਂ ਰੋੜਿਆਂ ਦਾ ਝੱਖੜ ਹੀ ਝੱਖੜ ਸੀ। ਜਿਸ ਕਰਕੇ ਪਰਕਰਮਾ ਦੇ ਵੱਖ ਵੱਖ ਭਾਗਾਂ ਵਿਚ ਅੱਗ ਦੇ ਝਲਕਾਰੇ ਲਿਸ਼ਕਾਰੇ ਤੇ ਤਬਾਹੀ ਦੇ ਦ੍ਰਿਸ਼ ਸਾਫ ਦਿੱਸ ਰਹੇ ਸਨ, ਅਤੇ ਥਾਂ ਥਾਂ ਉਂਪਰ ਤੋਂਪਾਂ ਗੋਲਿਆਂ ਨਾਲ ਇਮਾਰਤਾਂ ਵਿਚ ਮਘੋਰੇ ਪੈ ਰਹੇ ਸਨ। ਤੋਸ਼ਾਖਾਨਾ ਢਠਵਾੜ ਤੇ ਅੱਗ ਦੀ ਲਪੇਟ ਵਿਚ ਆ ਚੁੱਕਾ ਸੀ ਅਤੇ ਉਸ ਅੰਦਰ ਪੁਸ਼ਤਾਂ ਤੋਂ ਸੰਭਾਲ ਸੰਭਾਲ ਕੇ ਰਖੀਆਂ ਵਸੂਤਆਂ ਅਰਥਾਤ ਸੋਨੇ ਦੇ ਪਤਰਿਆਂ ਤੇ ਛਤਰਾਂ ਵਾਲੀਆਂ ਪਾਲਕੀਆਂ ਸੋਨੇ ਦੇ ਪਤਰੀਆਂ ਨਾਲ ਜੁੜੇ ਹੋਏ ਖੂਬਸੂਰਤ ਕਵਾੜ (ਸ੍ਰੀ ਹਰਿਮੰਦਰ ਭਵਨ ਦੇ ਦਰਵਾਜੇ)ਨੀਲਮ ਤੋਂ ਬਣੇ ਕਰੋੜਾਂ ਰੁਪਏ ਦੀ ਮਾਲੀਅਤ ਦਾ ਮੋਰ, ਸੋਨੇ ਦੀਆਂ ਤਾਰਾਂ, ਕਹੀਆਂ ਤੇ ਬਾਲਟੇ, ਨੌ ਲੱਖਾ ਹਾਰ ਜੋ ਅੱਜ ਕਈ ਕਰੋੜ ਦੀ ਮਾਲੀਅਤ ਦਾ ਸੀ ਸੁਨਹਿਰੀ ਤਿੱਲੇ ਦੇ ਸੁੰਦਰ ਕੀਮਤੀ ਰੁਮਾਲੇ,ਦੁਸ਼ਾਲੇ, ਚੰਦੋਏ ਅਤੇ ਚੰਦਰ ਦੀਆਂ ਗੁਲੀਆਂ ਚੋਂ ਕੱਢੀਆਂ ਹੋਇਆ ਹਜ਼ਾਰਾਂ ਬਾਰੀਕ ਤਾਰਾਂ ਨਾਲ ਅੰਤਾਂ ਦੀ ਸ਼ਰਧਾਂ ਵਜੋਂ ਕਈ ਸਾਲਾਂ ਦੀ ਮੇਹਨਤ ਤੇ ਲਗਨ ਨਾਲ ਤਿਆਰ ਕਰਨ ਤੋਂ ਬਾਆਦ ਇਕ ਮੁਸਲਮਾਨ ਸ਼ਰਧਾਲੂ ਵਲੋਂ ਭੇਂਟ ਕੀਤਾ ਹੋਇਆਂ ਚਵਰ ਆਦਿ ਸਭ ਕੁਝ ਹੀ ਅੱਗ ਦੇ ਤੇ ਤਬਾਹੀ ਦੇ ਘੇਰੇ ਵਿਚ ਸੀ। ਇਸੇ ਤਰ੍ਰਾਂ ਤੋਸ਼ਾਖਾਨੇ ਦੇ ਨਾਲ ਹੀ ਸ੍ਰੀ ਹਰਿਮੰਦਰ ਸਾਹਿਬ ਭਵਨ ਵੱਲ ਨੂੰ ਜਾਂਦੇ ਸਰੋਵਰ ਪੁਲ ਦੇ ਸ਼ੁਰੂ ਵਿਚ ਕਲਾਤਮਕ ਛੋਹਾਂ ਦੀ ਪ੍ਰਤੀਕ ਖੂਬਸੂਰਤ ਦਰਸ਼ਨੀ ਡਿਓੜੀ ਦਾ ਉਪਰਲਾ ਭਾਗ ਤੋਪਾਂ ਦੇ ਗੋਲਿਆਂ ਤੇ ਮਸ਼ੀਨ ਗੰਨਾਂ ਦੀ ਲਪੇਟ ਵਿਚ ਆਇਆ। ਅੱਜ ਭਾਰਤ ਸਰਕਾਰ ਦੇ ਫੌਜੀ ਲਸ਼ਕਰ ਉਸ ਹਰਿਮੰਦਰ ਸਾਹਿਬ ਉਂਪਰ ਹਮਲਾਵਰ ਹੋਏ ਸਨ ਜਿਸਦੀ ਸਿਰਜਨਾ,ਸਥਾਪਨਾ ਤੇ ਹੋਂਦ ਹਸਤੀ ਆਪਣੇ ਆਪ ਵਿਚ ਇਕ ਆਦਰਸ਼ ਕਲਿਆਣਕਾਰੀ ਤੇ ਸਿਰਜਨਾਤਮਕ ਯੁੱਗ ਦੀ ਪ੍ਰਤੀਕ ਹੋਣ ਤੇ ਨਾਤੇ ਸਮੂਹ ਮਾਨਵ ਸਮਾਜ ਲਈ ਮਾਨਸਿਕ ਬੌਧਕ ਤੇ ਪ੍ਰਾਕਿਰਤਕ ਗਿਆਨ,ਈਸਵਰਯ ਸੱਚ ਅਤੇ ਸਮਾਜਕ ਤੇ ਪਦਾਰਥ ਪੱਖੋਂ ਉਂਤਮ ਤੇ ਸਚਿਆਰੀਆਂ ਕਦਰਾਂ ਕੀਮਤਾਂ ਦਾ ਪ੍ਰੇਰਨਾ ਸੋਮਾ ਸੀ। ਇਸ ਸਾਰੇ ਪ੍ਰਸੰਗ ਵਿਚ ਜੋ ਗੱਲ ਖਾਸ ਤੌਰ ਤੇ ਧਿਆਨ ਮੰਗਦੀ ਹੈ ਤੇ ਸਮਝਣ ਯੋਗ ਹੈ ਉਹ ਇਹ ਹੈ ਕਿ ਜਿਸ ਸਮੇਂ ਪਰਕਰਮਾ ਵਿਚ ਟੈਂਕ ਦਾਖਲ ਹੋਏ ਤਾਂ ਸਿੰਘ ਉਸ ਸਮੇਂ ਵੀ ਪੂਰੀ ਤਰਾਂ ਨਾਲ ਚੜ੍ਰਦੀ ਕਲਾ ਵਿਚ ਸਨ ਅਤੇ ਟੈਂਕਾਂ ਨਾਲ ਆਹਮੋਂ ਸਾਹਮਣੇ ਰੂਪ ਵਿਚ ਟਕਰਾਉਣ ਲਈ ਮਨੋਂ ਚਿਤੋਂ ਤਿਆਰ ਬਰ ਤਿਆਰ ਹੋਏ ਬੈਠੇ ਸਨ। ਇੰਨਾਂ ਸਿੰਘਾਂ ਤੇ ਫੈਡਰੇਸ਼ਨ ਦੇ ਜਵਾਨਾਂ ਵਿਚੋਂ ਅੱਜ ਤੱਕ ਕਿਸੇ ਇਕ ਨੇ ਵੀ ਆਪਣੇ ਆਪ ਵਿਚ ਪੰਥ ਰਤਨ,ਸਰਦਾਰ-ਏ-ਆਜ਼ਮ ਜਾਂ ਲੋਹ ਪੁਰਸ਼ ਹੋਣ ਦਾ ਦਾਅਵਾ ਨਹੀਂ ਸੀ ਕੀਤਾ ਤੇ ਨਾ ਹੀ ਇੰਨਾਂ ਵਿਚੋਂ ਕਿਸੇ ਨੇ ਕਦੀ ਦਰਬਾਰ ਸਾਹਿਬ ਉਂਪਰ ਫੌਜੀ ਹਮਲਾ ਹੋਣ ਸਮੇਂ ਕੰਪਲੈਕਸ ਦੀ ਚੱਪਾ ਚੱਪਾ ਧਰਤੀ ਨੂੰ ਚਮਕੌਰ ਦੀ ਗੜ੍ਰੀ ਬਣਾ ਦੇਣ ਦਾ ਦਮਗਜਾ ਹੀ ਮਾਰਿਆ ਸੀ,ਅਤੇ ਨਾ ਹੀ ਕਿਸੇ ਨੇ ਸਿੱਖ ਕੌਮ ਦੇ ਸਾਹਮਣੇ ਛਾਤੀ ਤਾਣ ਕੇ ਤੇ ਆਪਣੀ ਸੱਜੀ ਬਾਂਹ ਅਕਾਸ਼ ਵੱਲ ਉਲਾਰਦਿਆ ਹੋਇਆਂ ਅੱਜ ਤੱਕ ਇਹ ਹੀ ਕਿਹਾ ਸੀ ਕਿ ਜੇ ਫੌਜ ਨੇ ਦਰਬਾਰ ਸਾਹਿਬ ਕੰਪਲੈਕਸ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸਾਡੀਆਂ ਲਾਸ਼ਾਂ ਦੇ ਉਤੋਂ ਦੀ ਲੰਘ ਕੇ ਹੀ ਅਗਾਂਹ ਵਧ ਸਕੇਗੀ,ਪਰ ਇਸਦੇ ਬਾਵਜੂਦ ਇਹ ਸੂਰਮੇ ਮਰਜੀਵੜੇ ਤੇ ਬਲਵਾਨ ਯੋਧੇ ਅੱਜ ਅਮਲੀ ਰੂਪ ਵਿਚ ਤੇ ਪ੍ਰਤੱਖ ਤੌਰ ਉਂਪਰ ਪੰਥ ਰਤਨ ਵੀ ਸਾਬਤ ਹੋ ਰਹੇ ਸਨ,ਲੋਹ ਪੁਰਸ਼ ਵੀ ਬਣਕੇ ਵਖਾ ਰਹੇ ਸਨ। ਕੌਮ ਦੇ ਸਰਦਾਰ-ਏ-ਆਜ਼ਮ ਹੋਣ ਦਾ ਨਾਮਣਾ ਵੀ ਖੱਟ ਰਹੇ ਸਨ,ਕੰਪਲੈਕਸ ਦੀ ਚੱਪਾ-ਚੱਪਾ ਧਰਤੀ ਨੂੰ ਚਮਕੌਰ ਦੀ ਗੜ੍ਰੀ ਵੀ ਬਣਾ ਰਹੇ ਸਨ ਅਤੇ ਟੈਂਕ ਦੇ ਸਾਹਮਣੇ ਛਾਤੀਆਂ ਤਾਣ ਕੇ ਖਲੋਤੇ ਹੋਏ ਹੋਣ ਵਜੋਂ ਸਿੱਖ ਧਰਮ ਦੀ ਰਾਖੀ ਤੇ ਗੁਰੂ ਘਰ ਦੇ ਅਦਬ ਆਦਾਬ ਨੂੰ ਕਾਇਮ ਰੱਖਣ ਦੇ ਨਿਸ਼ਾਨੇ ਨਾਲ ਆਪਣੀਆਂ ਲਾਸ਼ਾਂ ਵਿਛਾਉਣ ਲਈ ਰਣ ਤੱਤੇ ਦੇ ਅੰਦਰ ਹਥਿਆਰ ਬੰਦ ਰੂਪ ਵਿਚ ਤੱਤਪਰ ਵੀ ਹੋਏ ਬੈਠੇ ਸਨ। ਇਥੋਂ ਤੱਕ ਕਿ ਸਿੰਘਾਂ ਨੇ ਸੰਤਾਂ ਪਾਸ ਇਸ ਗੱਲ ਦੀ ਇੱਛਾ ਵੀ ਪਰਗਟ ਕੀਤੀ ਕਿ ਕਿਉਂ ਨਾ ਫੌਜ ਨਾਲ ਗਲੀਆਂ ਬਾਜ਼ਾਰਾਂ ਵਿਚ ਨਿਕਲ ਕੇ ਆਹਮੋ ਸਾਹਮਣੇ ਰੂਪ ਵਿਚ ਦੋ-ਦੋ ਹੱਥ ਕਰ ਲਏ ਜਾਣ। ਇਸ ਕਾਰਜ ਨੂੰ ਨਿਭਾਉਣ ਲਈ ਪੰਜਾਂ ਸਿੰਘਾਂ ਦੀਆਂ ਟੋਲੀਆਂ ਬਣਾ ਲੈਂਦੇ ਹਾਂ ਤੇ ਦੁਸ਼ਟਾਂ ਦੇ ਨਾਸ਼ ਈ ਸਿੱਧੀ ਤਰ੍ਰਾਂ ਗਲੀਆਂ ਬਾਜ਼ਾਰਾਂ ਵਿਚ ਠਿੱਲ ਪੈਂਦੇ ਹਾਂ।ਸੰਤ ਜਥੇ ਦੇ ਸਿੰਘਾਂ ਤੇ ਫੈਡਰੇਸ਼ਨ ਦੇ ਜਵਾਨਾਂ ਅੰਦਰ ਪੰਥਕ ਜੋਸ਼ ਅਤੇ ਜਜ਼ਬਾ ਵੇਖਕੇ ਬਹੁਤ ਹੀ ਖੁਸ਼ ਹੋਏ ਤੇ ਅਗੋਂ ਬੜੇ ਹੀ ਠਰੰਮੇ ਨਾਲ ਉਂਤਰ ਦੇਂਦਿਆਂ ਹੋਇਆਂ ਕਹਿਣ ਲੱਗੇ,ਸਿੰਘੋ ਆਪਾਂ ਹੁਣ ਟੋਪੀ ਵਾਲਿਆਂ ਦੀ ਫੌਜ ਤੇ ਭਾਰਤ ਸਰਕਾਰ ਦੇ ਟੈਂਕਾਂ ਨਾਲ ਗੁਰੂ ਘਰ ਵਿਚ ਹੀ ਜੂਝਣਾ ਹੈ ਅਤੇ ਆਪਣੀਆਂ ਸ਼ਹੀਦੀਆਂ ਗੁਰੂ ਚਰਨਾਂ ਵਿਚ ਹੀ ਦੇਣੀਆਂ ਨੇ,ਤੁਸੀਂ ਐਹੋ ਜਿਹੇ ਹਾਲਾਤ ਤੇ ਰਾਤ ਦੇ ਹਨੇਰੇ ਵਿਚ ਫੌਜੀਆਂ ਨੂੰ ਕਿੱਥੇ-ਕਿੱਥੇ ਲੱਭਦੇ ਫਿਰੋਗੇ ਇਥੇ ਤਾਂ ਦੁਸ਼ਟ ਸਾਡੇ ਸਾਹਮਣੇ ਨੇ। ਇਸ ਕਰਕੇ ਗੁਰੂ ਘਰ ਤੇ ਸਿੱਖ ਧਰਮ ਦੀ ਰਾਖੀ,ਮੀਰੀ ਪੀਰੀ ਦੇ ਨਿਸ਼ਾਨ ਸਾਹਿਬਾਂ ਦੀ ਆਨ ਸ਼ਾਨ ਅਤੇ ਖਾਲਸਾ ਪੰਥ ਦੀ ਚੜ੍ਰਦੀ ਕਲਾ ਲਈ ਤੇ ਆਜ਼ਾਦੀ ਲਈ ਇਸ ਸਮੇਂ ਆਪਣੇ ਸੀਸ ਲੇਖੇ ਲਾਉਣ ਦਾ ਜੋ ਅਨੰਦ ਇਥੇ ਗੁਰੂ ਚਰਨਾਂ ਵਿਚ ਹੈ ਉਹ ਹੋਰ ਕਿਤੇ ਨਹੀ ਹੈ। ਸਿੰਘਾਂ ਨੇ ਸੰਤਾਂ ਦੀ ਇਹ ਗੱਲ ਸੁਣਕੇ ਫਿਰ ਜੈਕਾਰਾ ਛੱਡਿਆ ਤੇ ਖਾਲਿਸਤਾਨ ਜ਼ਿੰਦਾ ਬਾਦ ਦੇ ਨਾਅਰਿਆਂ ਅਤੇ ਰਾਜ ਕਰੇਗਾ ਖ਼ਾਲਸਾ ਦੇ ਬੋਲਿਆਂ ਨਾਲ ਆਕਾਸ਼ ਇਕ ਵਾਰ ਫਿਰ ਗੂੰਜ ਉਂਠਿਆਂ ਅਤੇ ਇਸ ਆਕਾਸ਼ ਗੂੰਜਾਉ ਗੂੰਜ ਤੋਂ ਇਸਤਰਾਂ ਭਾਸਣ ਲੱਗਾ ਕਿ ਜਿਵੇਂ ਇਹ ਤੋਪਾਂ ਦੇ ਗੋਲਿਆਂ ਦੀ ਗਰਜ ਗੜਕ ਦੇ ਮੁਕਾਬਲੇ ਕਿਤੇ ਵੱਧ ਭਾਰੂ ਹੂੰਦੀ ਹੈ।