ਮੋਹਾਲੀ 30 NOV:- ਮੰਗਲਵਾਰ ਸਵੇਰੇ ਹਾਦਸੇ ਵਿਚ ਜ਼ਖ਼ਮੀ ਹੋਇਆ ਹਰਪ੍ਰੀਤ ਸਿੰਘ ਲਗਭਗ ਅੱਧੇ ਘੰਟੇ ਤੱਕ ਸੜਕ 'ਤੇ ਪਿਆ ਰਿਹਾ ਪਰੰਤੂ ਉਸ ਦੀ ਜਾਨ ਬਚਾਉਣ ਲਈ ਨਾ ਤਾਂ ਪੁਲਸ ਕੰਟਰੋਲ ਰੂਮ ਦਾ 100 ਨੰਬਰ ਹੀ ਕੰਮ ਆਇਆ ਅਤੇ ਨਾ ਹੀ ਸਿਹਤ ਵਿਭਾਗ ਦੀ 108 ਨੰਬਰ ਦੀ ਐਂਬੂਲੈਂਸ ਹੀ ਕੰਮ ਆਈ। ਲਗਭਗ ਅੱਧੇ ਘੰਟੇ ਤੱਕ ਜਦੋਂ ਉਸ ਨੂੰ ਚੁਕਣ ਲਈ ਕੋਈ ਨਹੀਂ ਆਇਆ ਤਾਂ ਗੁੱਸੇ ਵਿਚ ਆਏ ਲੋਕਾਂ ਨੇ ਕੋਲੋਂ ਲੰਘ ਰਹੀ ਪੁਲਸ ਵੈਨ ਨੂੰ ਰੋਕਿਆ, ਜਿਸ ਦੀ ਮਦਦ ਨਾਲ ਹਰਪ੍ਰੀਤ ਨੂੰ ਸਿਵਲ ਹਸਪਤਾਲ ਫੇਜ਼-6 ਵਿਖੇ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮੋਹਾਲੀ ਨਿਵਾਸੀ ਹਰਪ੍ਰੀਤ ਸਿੰਘ ਆਪਣੇ ਐਕਟਿਵਾ ਸਕੂਟਰ 'ਤੇ ਬਲੌਂਗੀ ਵੱਲ ਜਾ ਰਿਹਾ ਸੀ, ਜਿਸ ਨੂੰ ਪਿੱਛੋਂ ਆ ਰਹੀ ਇਕ ਲਿਬੜਾ ਕੰਪਨੀ ਦੀ ਪ੍ਰਾਈਵੇਟ ਬੱਸ ਨੇ ਟੱਕਰ ਮਾਰ ਦਿੱਤੀ। ਇਸ ਤੇਜ਼ ਰਫਤਾਰ ਬੱਸ ਦੀ ਟੱਕਰ ਕਾਰਨ ਹਰਪ੍ਰੀਤ ਜ਼ਖ਼ਮੀ ਹੋ ਕੇ ਸੜਕ 'ਤੇ ਡਿੱਗ ਪਿਆ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਇਸ ਘਟਨਾ ਦੀ ਜਾਣਕਾਰੀ ਤੁਰੰਤ ਪੁਲਸ ਕੰਟਰੋਲ ਰੂਮ ਦੇ 100 ਨੰਬਰ 'ਤੇ ਦਿੱਤੀ ਗਈ ਜਦੋਂ 20 ਮਿੰਟ ਤੱਕ ਕੋਈ ਮੌਕੇ 'ਤੇ ਨਹੀਂ ਪਹੁੰਚਿਆ ਤਾਂ ਆਸਪਾਸ ਦੇ ਲੋਕਾਂ ਨੇ ਸਿਹਤ ਵਿਭਾਗ ਦੀ ਐਂਬੂਲੈਂਸ ਸੇਵਾ ਮੰਗਵਾਉਣ ਲਈ 108 ਨੰਬਰ 'ਤੇ ਫੋਨ ਕੀਤਾ। 108 ਨੰਬਰ 'ਤੇ ਫੋਨ ਕਰਨ ਤੋਂ ਬਾਅਦ ਵੀ ਨਾ ਤਾਂ ਗੱਡੀ ਅਤੇ ਨਾ ਹੀ ਕੋਈ ਪੁਲਸ ਕਰਮਚਾਰੀ ਹੀ ਉਥੇ ਪਹੁੰਚਿਆ। ਜਦੋਂ ਅੱਧੇ ਘੰਟੇ ਤੱਕ ਹਰਪ੍ਰੀਤ ਜ਼ਖਮੀ ਹਾਲਤ 'ਚ ਉੱਥੇ ਹੀ ਪਿਆ ਰਿਹਾ ਤਾਂ ਉਥੇ ਇਕੱਠੇ ਹੋਏ ਲੋਕਾਂ ਵਿਚ ਰੋਸ ਫੈਲ ਗਿਆ। ਉਨ੍ਹਾਂ ਨੇ ਉਥੋਂ ਲੰਘ ਰਹੀ ਰੋਪੜ ਪੁਲਸ ਦੀ ਗੱਡੀ ਨੂੰ ਰੋਕ ਲਿਆ। ਪੁਲਸ ਵਾਲਿਆਂ ਨੇ ਇਕ ਵਾਰ ਹਰਪ੍ਰੀਤ ਨੂੰ ਹਸਪਤਾਲ ਵਿਚ ਲਿਜਾਣ ਤੋਂ ਇਨਕਾਰ ਕੀਤਾ ਪਰੰਤੂ ਲੋਕਾਂ ਦਾ ਗੁੱਸਾ ਭੜਕ ਗਿਆ। ਲੋਕਾਂ ਦੇ ਗੁੱਸੇ ਅੱਗੇ ਠੰਡੇ ਹੋਏ ਪੁਲਸ ਕਰਮਚਾਰੀ ਜ਼ਖ਼ਮੀ ਹਰਪ੍ਰੀਤ ਨੂੰ ਚੁਕ ਕੇ ਸਿਵਲ ਹਸਪਤਾਲ ਫੇਜ਼-6 'ਚ ਛੱਡ ਕੇ ਆਏ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਸਬੰਧੀ ਐੱਸ ਪੀ ਸਿਟੀ ਮੋਹਾਲੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅਜਿਹੀ ਕੋਈ ਗੱਲ ਨਹੀਂ ਕਿ ਪੁਲਸ ਘਟਨਾ ਵਾਲੀ ਜਗਾ 'ਤੇ ਸਮੇਂ ਸਿਰ ਨਹੀਂ ਪਹੁੰਚੀ,ਬਲਕਿ ਪੁਲਸ ਹਾਦਸੇ ਉਪਰੰਤ ਛੇਤੀ ਹੀ ਉੱਥੇ ਪਹੁੰਚ ਕੇ ਜਾਂਚ 'ਚ ਲੱਗ ਗਈ ਸੀ। |