Pages

Sunday, January 8, 2012

ਮਾਲਵਿੰਦਰ ਸਿੰਘ ਅਕਾਲੀ ਦਲ ’ਚ ਸ਼ਾਮਲ



ਚੰਡੀਗੜ੍ਹ, 7 ਜਨਵਰੀ  ਸ਼੍ਰੋਮਣੀ ਅਕਾਲੀ ਦਲ (ਬ) ਦੇ ਮੁਖੀ ਪ੍ਰਕਾਸ਼ ਸਿੰਘ ਬਾਦਲ ਵਿਰੁਧ ਉਨ੍ਹਾਂ ਦੇ ਪਰਵਾਰ ਵਿਚ ਤਾਂ ਕਾਫ਼ੀ ਸਮੇਂ ਤੋਂ ਬਗ਼ਾਵਤਾਂ ਹੁੰਦੀਆਂ ਆਈਆਂ ਹਨ ਪਰ ਕੈਪਟਨ ਅਮਰਿੰਦਰ ਸਿੰਘ ਦੇ ਪਰਵਾਰ ’ਚ ਪਹਿਲੀ ਵਾਰ ਬਗ਼ਾਵਤ ਹੋਈ ਹੈ। ਕੈਪਟਨ ਸਿੰਘ ਦੇ ਸਕੇ ਭਰਾ ਮਾਲਵਿੰਦਰ ਸਿੰਘ, ਟਿਕਟ ਨਾ ਮਿਲਣ ਕਾਰਨ ਕਾਂਗਰਸ ਛੱਡ ਕੇ ਅੱਜ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਸ਼ਾਮਲ ਹੋ ਗਏ। ਮਾਲਵਿੰਦਰ ਸਿੰਘ ਨਾਲ ਉੁਨ੍ਹਾਂ ਦਾ ਜਵਾਈ ਬਿਬਨ ਸਿੰਘ ਵੀ ਅਕਾਲੀ ਦਲ ਵਿਚ ਸ਼ਾਮਲ ਹੋ ਗਿਆ ਹੈ। ਮਾਲਵਿੰਦਰ ਸਿੰਘ ਵਲੋਂ ਕਾਂਗਰਸ ਛੱਡ ਕੇ ਅਕਾਲੀ ਦਲ ’ਚ ਸ਼ਾਮਲ ਹੋਣਾ, ਕੈਪਟਨ ਅਮਰਿੰਦਰ ਸਿੰਘ ਲਈ ਨਿਜੀ ਰੂਪ ’ਚ ਕਾਫ਼ੀ ਪ੍ਰੇਸ਼ਾਨੀ ਵਾਲੀ ਘਟਨਾ ਹੈ। ਇਸ ਤੋਂ ਦੋ ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਰਿਸ਼ਤੇਦਾਰ ਬੀਬੀ ਅਮਰਜੀਤ ਕੌਰ ਵੀ ਕਾਂਗਰਸ ਛੱਡ ਕੇ ਅਕਾਲੀ ਦਲ ’ਚ ਸ਼ਾਮਲ ਹੋ ਗਈ ਸੀ। ਅੱਜ ਇਥੇ ਅਕਾਲੀ ਦਲ ਦੇ ਮੁੱਖ ਦਫ਼ਤਰ ’ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਕ ਪ੍ਰੈ¤ਸ ਕਾਨਫ਼ਰੰਸ ’ਚ ਮਾਲਵਿੰਦਰ ਸਿੰਘ ਅਤੇ ਬਿਬਾਨ ਸਿੰਘ ਨੂੰ ਅਕਾਲੀ ਦਲ ’ਚ ਸ਼ਾਮਲ ਕੀਤਾ। ਮਾਲਵਿੰਦਰ ਸਿੰਘ ਨੂੰ ਸਮਾਣਾ ਹਲਕੇ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਦੇ ਮੁਕਾਬਲੇ ਅਕਾਲੀ ਦਲ ਵਲੋਂ ਟਿਕਟ ਦਿਤੇ ਜਾਣ ਦੀ ਸੰਭਾਵਨਾ ਹੈ। ਮਾਲਵਿੰਦਰ ਸਿੰਘ ਨੇ ਇਸ ਸਮੇਂ ਕਿਹਾ ਕਿ ਕਾਂਗਰਸ ਹਾਈ ਕਮਾਨ ਨੇ ਉਨ੍ਹਾਂ ਨਾਲ ਦੋ ਵਾਰ ਟਿਕਟ ਦੇਣ ਦਾ ਦਾਅਵਾ ਕਰ ਕੇ ਧੋਖਾ ਕੀਤਾ ਹੈ। ਉਹ ਬੜੇ ਦੁਖੀ ਮਨ ਨਾਲ ਕਾਂਗਰਸ ਛੱਡ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਈਮਾਨਦਾਰੀ ਨਾਲ ਕੰਮ ਕਰਨ ਵਾਲੇ ਵਰਕਰਾਂ ਦੀ ਕੋਈ ਕਦਰ ਨਹੀਂ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਨਾ ਤਾਂ ਅਪਣੇ ਭਰਾ ਕੈਪਟਨ ਅਮਰਿੰਦਰ ਸਿੰਘ ਵਿਰੁਧ ਚੋਣ ਲੜਨਗੇ ਅਤੇ ਨਾ ਹੀ ਉਨ੍ਹਾਂ ਵਿਰੁਧ ਕੁੱਝ ਬੋਲਣਗੇ। ਸਮਾਣਾ ਹਲਕੇ ਤੋਂ ਟਿਕਟ ਬਾਰੇ ਉਨ੍ਹਾਂ ਕਿਹਾ ਕਿ ਇਸ ਦਾ ਫ਼ੈਸਲਾ ਅਕਾਲੀ ਦਲ ਨੇ ਕਰਨਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਉਤੇ ਪੂਰਾ ਭਰੋਸਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮਾਲਵਿੰਦਰ ਸਿੰਘ ਨੂੰ ਟਿਕਟ ਦੇਣ ਬਾਰੇ ਪਾਰਟੀ ਵਿਚਾਰ ਕਰੇਗੀ। ਉਨ੍ਹਾਂ ਕਿਹਾ ਕਿ ਪਾਰਟੀ ਇਨ੍ਹਾਂ ਦੋਹਾਂ ਆਗੂਆਂ ਨੂੰ ਮਾਣ-ਸਨਮਾਨ ਦੇਵੇਗੀ ਅਤੇ ਪਾਰਟੀ ’ਚ ਉਨ੍ਹਾਂ ਦਾ ਵਿਸ਼ੇਸ਼ ਸਥਾਨ ਹੋਵੇਗਾ। ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਟਿਕਟਾਂ ਦੀ ਵੰਡ ਤੋਂ ਬਾਅਦ ਕਾਂਗਰਸ ’ਚ ਵੱਡੀ ਬਗ਼ਾਵਤ ਪੈਦਾ ਹੋ ਗਈ ਹੈ। ਇਸ ਸਮੇਂ 38 ਸੀਟਾਂ ਉਪਰ ਕਾਂਗਰਸੀ ਆਗੂਆਂ ਨੇ ਟਿਕਟ ਨਾ ਮਿਲਣ ਕਾਰਨ ਬਗ਼ਾਵਤ ਕੀਤੀ ਹੋਈ ਹੈ ਅਤੇ ਇਹ 50 ਤਕ ਪੁੱਜਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਹੀ ਹਥਿਆਰ ਸੁੱਟ ਦਿਤੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ’ਚ ਪੁਰਾਣੇ ਟਕਸਾਲੀ ਅਤੇ ਵਫ਼ਾਦਾਰ ਕਾਂਗਰਸੀ ਆਗੂਆਂ ਦਾ ਕੋਈ ਇੱਜ਼ਤ-ਮਾਣ ਨਹੀਂ ਰਿਹਾ। ਉਨ੍ਹਾਂ ਦੀ ਪਾਰਟੀ ਮਾਮਲਿਆਂ ’ਚ ਕੋਈ ਪੁੱਛ ਨਹੀਂ ਰਹੀ। ਇਥੋਂ ਤਕ ਕਿ ਸੀਨੀਅਰ ਅਤੇ ਪੁਰਾਣੇ ਵਫ਼ਾਦਾਰ ਆਗੂਆਂ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ ਦੇ ਨੇੜੇ ਵੀ ਫਟਕਣ ਨਹੀਂ ਦਿਤਾ ਜਾਂਦਾ। ਉਹ ਸੜਕਾਂ ’ਤੇ ਬੈਠੇ ਘੰਟਿਆਂ-ਬਧੀ ਇੰਤਜ਼ਾਰ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਟਿਕਟਾਂ ਦੀ ਵੰਡ ਤੋਂ ਪਹਿਲਾਂ ਦੋ ਹਫ਼ਤੇ ਤਕ ਟਿਕਟਾਂ ਲੈਣ ਵਾਲਿਆਂ ਨਾਲ ਭਿਖਾਰੀਆਂ ਵਾਲਾ ਵਰਤਾਉ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਥੈਲੀਆਂ ਅਤੇ ਚਾਪਲੂਸਾਂ ਦੀ ਹੀ ਪੁੱਛ ਹੈ, ਗ਼ੈਰਤ ਵਾਲੇ ਆਗੂਆਂ ਨੂੰ ਕੋਈ ਨਹੀਂ ਪੁਛਦਾ।