ਚੰਡੀਗੜ੍ਹ, - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਪੀਪਲਜ਼ ਪਾਰਟੀ ਅਤੇ ਮਨਪ੍ਰੀਤ ਬਾਦਲ ਨੂੰ ਲੈ ਕੇ ਦਿਲਚਸਪ ਅਨੁਮਾਨ ਹੈ। ਡਿਪਟੀ ਸੀ. ਐੱਮ. ਜਾਣਦੇ ਹਨ ਕਿ ਮਨਪ੍ਰੀਤ ਅਸਲ ਵਿਚ ਕਾਂਗਰਸ ਨੂੰ ਨੁਕਸਾਨ ਪਹੁੰਚਾਉਣਗੇ। ਸੁਖਬੀਰ ਇਹ ਵਿਚਾਰ ਰੱਖਦੇ ਹਨ ਕਿ ਪੀਪਲਜ਼ ਪਾਰਟੀ ਨੂੰ ਖੱਬੇਪੱਖੀ ਪਾਰਟੀਆਂ ਦੀਆਂ 2 ਫੀਸਦੀ ਵੋਟਾਂ ਪਈਆਂ ਹਨ ਜੋ ਪਹਿਲਾਂ ਕਾਂਗਰਸ ਦੇ ਹੱਕ 'ਚ ਜਾਂਦੀਆਂ ਸਨ। ਇ ਸੇ ਤਰ੍ਹਾਂ ਮਨਪ੍ਰੀਤ ਦੀ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਾਰਾਜ਼ ਲੋਕਾਂ ਦੀਆਂ ਵੋਟਾਂ ਗਈਆਂ ਹੋਣਗੀਆਂ ਜੋ ਪਹਿਲਾਂ ਕਾਂਗਰਸ ਨੂੰ ਪੈਂਦੀਆਂ ਸਨ। ਡਿਪਟੀ ਸੀ. ਐੱਮ. ਇਹ ਵੀ ਕਹਿੰਦੇ ਹਨ ਕਿ ਮੌਜੂਦਾ ਚੋਣਾਂ 'ਚ ਮਨਪ੍ਰੀਤ ਦੀ ਪਾਰਟੀ ਸ਼ਾਇਦ ਹੀ ਕੋਈ ਸੀਟ ਜਿੱਤ ਸਕੇ। ਐੱਨ. ਆਰ. ਆਈ. ਕਾਂਗਰਸ ਪ੍ਰਵਾਸੀ ਨਵੀਂ ਪੀੜ੍ਹੀ ਨੂੰ ਜੋੜੇਗੀ ਦੇਸ਼ ਨਾਲ ਮੋਹਾਲੀ, -ਹਾਲ ਵਿਚ ਹੀ ਇਕ ਨਵਾਂ ਉੱਦਮ ਲੈ ਕੇ ਭਾਰਤ ਵਿਚ ਨਿੱਤਰੀ ਐੱਨ. ਆਰ. ਆਈ. ਕਾਂਗਰਸ ਨੇ ਪੰਜਾਬ ਸਮੇਤ ਬਾਕੀ ਸੂਬਿਆਂ ਦੇ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਵਿਦੇਸ਼ੀ ਧਰਤੀ 'ਤੇ ਪੁੱਜਣ ਲਈ ਗਲਤ ਢੰਗਾਂ ਦੀ ਬਜਾਏ ਆਪਣੇ-ਆਪ ਨੂੰ ਯੋਗ ਬਣਾਉਣ ਵੱਲ ਧਿਆਨ ਦੇਣ। ਅੱਜ ਇਥੇ ਕਾਂਗਰਸ ਦੇ ਆਗੂਆਂ ਡਾਕਟਰ ਬਲਦੇਵ ਸਿੰਘ ਕੰਦੋਲਾ, ਰਾਜਿੰਦਰ ਸਿੰਘ ਅਤੇ ਕੌਂਸਲਰ ਮੋਤਾ ਸਿੰਘ ਨੇ ਕਿਹਾ ਕਿ ਪਿਛਲੇ 10 ਸਾਲ ਤੋਂ ਯੂ. ਕੇ. ਵਿਚ ਕੰਮ ਕਰ ਰਹੀ ਇਹ ਕਾਂਗਰਸ ਗੈਰ ਸਿਆਸੀ ਸੰਸਥਾ ਹੈ, ਜਿਸ ਦਾ ਕਿਸੇ ਵੀ ਰਾਜਸੀ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸਦਾ ਮਿਸ਼ਨ ਸਾਂਝ, ਚੇਤਨਾ ਅਤੇ ਬਰਾਬਰਤਾ ਪੈਦਾ ਕਰਨਾ ਹੈ। ਉਨ੍ਹਾਂ ਮੁਤਾਬਕ ਵਿਦੇਸ਼ ਵਿਚਲੀ ਨਵੀਂ ਪੀੜ੍ਹੀ ਦੇ ਪ੍ਰਵਾਸੀ ਬੱਚੇ ਆਪਣੇ ਦੇਸ਼ ਨਾਲ ਸਾਂਝ ਪਕੇਰੀ ਕਰਨ ਦੇ ਇੱਛੁਕ ਹਨ ਪਰ ਉਨ੍ਹਾਂ ਨੂੰ ਚੰਗਾ ਹੁੰਗਾਰਾ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਇਕ ਮਕਸਦ ਲੈ ਕੇ ਹੀ ਭਾਰਤ ਵਿਚ ਨਿੱਤਰੇ ਹਨ ਤਾਂ ਕਿ ਇੱਥੇ ਇਹ ਚੇਤਨਾ ਪੈਦਾ ਕੀਤੀ ਜਾ ਸਕੇ ਕਿ ਭਾਰਤੀਆਂ ਨੇ ਵਿਦੇਸ਼ਾਂ ਦੀ ਧਰਤੀ 'ਤੇ ਜਿਸ ਤਰ੍ਹਾਂ ਸਫ਼ਲਤਾ ਦੇ ਝੰਡੇ ਗੱਡੇ ਹਨ, ਉਸ ਤਰਜ਼ 'ਤੇ ਹੀ ਉਹ ਆਪਣੇ ਦੇਸ਼ ਲਈ ਵੀ ਕੁਝ ਕਰਨ ਦੇ ਯੋਗ ਹੋਣ। ਉਨ੍ਹਾਂ ਕਿਹਾ ਕਿ ਦੂਜੇ ਦੇਸ਼ਾਂ ਤੋਂ ਚੰਗਾ ਸਿੱਖ ਕੇ ਅਪਨਾਉਣ ਵਿਚ ਕੋਈ ਹਰਜ਼ ਨਹੀਂ ਹੈ। ਇਸ ਲਈ ਭਾਰਤ ਨੂੰ ਵੀ ਵਿਦੇਸ਼ਾਂ ਦੇ ਚੰਗੇ ਉਪਰਾਲਿਆਂ ਤੋਂ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਜਾਣ ਦੀ ਚਾਹਤ ਵਿਚ ਭਾਰਤੀ ਖਾਸ ਕਰਕੇ ਪੰਜਾਬ ਅਤੇ ਹਰਿਆਣਾ ਦੇ ਨੌਜਵਾਨ ਆਪਣੀ ਯੋਗਤਾ ਬਣਾਉਣ ਦੀ ਬਜਾਏ ਗਲਤ ਢੰਗ ਅਪਣਾ ਲੈਂਦੇ ਹਨ, ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਵਿਦੇਸ਼ ਵਿਚ ਜਾ ਕੇ ਰੁਲਣ ਅਤੇ ਪ੍ਰੇਸ਼ਾਨ ਹੋਣ ਦੇ ਰੂਪ ਵਿਚ ਝੱਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਇਹ ਚੇਤਨਾ ਪੈਦਾ ਕਰਨ ਦੀ ਜ਼ਰੂਰਤ ਹੈ ਕਿ ਵਿਦੇਸ਼ ਵਿਚ ਨੌਕਰੀ ਹਾਸਲ ਕਰਨ ਲਈ ਸਹੀ ਯੋਗਤਾ ਹਾਸਲ ਕਰਨ ਤੋਂ ਬਾਅਦ ਹੀ ਇਹ ਸੁਪਨਾ ਸਜਾਉਣਾ ਚਾਹੀਦਾ ਹੈ ਤਾਂ ਜੋ ਇਕ ਸਨਮਾਨ ਭਰੀ ਨੌਕਰੀ ਹਾਸਲ ਕੀਤੀ ਜਾ ਸਕੇ। ਉਨ੍ਹਾਂ ਕਿਹਾ ਅਜਿਹੀ ਸਥਿਤੀ ਲਈ ਅਸਲ ਵਿਚ ਭਾਰਤ ਵਿਚ ਸਿੱਖਿਆ ਦਾ ਹੋ ਰਿਹਾ ਵਪਾਰੀਕਰਨ ਅਤੇ ਗੈਰ ਮਿਆਰੀ ਸਿੱਖਿਆ ਹੀ ਮੁੱਖ ਦੋਸ਼ੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੰਗਠਨ ਇਹ ਚੇਤਨਾ ਪੈਦਾ ਕਰਨ ਲਈ ਪੰਜਾਬ ਅਤੇ ਹਰਿਆਣਾ ਦੀਆਂ ਮੁੱਖ ਰਾਜਸੀ ਪਾਰਟੀਆਂ ਦੇ ਆਗੂਆਂ ਨੂੰ ਮਿਲ ਕੇ ਇਹ ਅਪੀਲ ਕਰੇਗਾ ਕਿ ਸਰਕਾਰ ਅਤੇ ਉਸ ਦੀਆਂ ਵਿਰੋਧੀ ਧਿਰਾਂ ਵਜੋਂ ਜ਼ਿੰਮੇਵਾਰੀ ਨਿਭਾਉਣ ਵਾਲੀਆਂ ਪਾਰਟੀਆਂ ਇਸ ਸਮੱਸਿਆ ਦੇ ਨਿਪਟਾਰੇ ਲਈ ਬਣਦੀ ਭੂਮਿਕਾ ਨਿਭਾਉਣ। ਇਸ ਲਈ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਤੋਂ ਸਮਾਂ ਮੰਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਪ੍ਰਸ਼ਾਸਨਿਕ ਸਿਸਟਮ ਵਿਚ ਵੀ ਵੱਡੇ ਪੱਧਰ 'ਤੇ ਤਬਦੀਲੀ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਇਥੇ ਕਾਨੂੰਨ ਹਰ ਤਰ੍ਹਾਂ ਦੇ ਮੌਜੂਦ ਹਨ ਪਰ ਉਨ੍ਹਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਥੇ ਰਾਜਸੀ ਖੇਤਰ ਵਿਚ ਧਰਮ ਦਾ ਬੋਲਬਾਲਾ ਹੀ ਦੇਸ਼ ਨੂੰ ਬਾਕੀ ਦੇਸ਼ਾਂ ਦੇ ਮੁਕਾਬਲੇ ਪਛਾੜ ਰਿਹਾ ਹੈ। ਇਸ ਕਾਰਨ ਹੀ ਇਥੇ ਇਕਸਾਰ ਵਿਕਾਸ ਦੇਖਣ ਨੂੰ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਭਾਰਤ ਵਿਚ ਬਣੀ ਐੱਨ. ਆਰ. ਆਈ. ਸਭਾ ਬੇਸ਼ੱਕ ਆਪਣੀ ਵਧੀਆ ਭੂਮਿਕਾ ਨਿਭਾ ਰਹੀ ਹੈ ਪਰ ਇਸ ਦਾ ਸਿਆਸੀਕਰਨ ਕਰਨਾ ਵਾਜਬ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਦੇਸ਼ਾਂ ਵਿਚ ਰਹਿ ਰਹੇ ਪ੍ਰਵਾਸੀਆਂ ਦੇ ਮਸਲੇ ਭਾਰਤੀ ਐੱਨ. ਆਰ. ਆਈ. ਸਭਾਵਾਂ ਵੱਲੋਂ ਬਹੁਤ ਘੱਟ ਵਿਚਾਰੇ ਜਾਂਦੇ ਹਨ। ਜਿਸ ਪ੍ਰਤੀ ਸਰਕਾਰਾਂ ਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।