| ਦੀਪਇੰਦਰ ਹੁਣ ਅਕਾਲੀ ਪਰਿਵਾਰ ਦਾ ਹਿਸਾ, ਬਣਦਾ ਮਾਣ ਸਤਕਾਰ ਮਿਲੇਗਾ: ਸੁਖਬੀਰ ਚੰਡੀਗੜ੍ਹ, 12 ਜੁਲਾਈ (punj) : ਡੇਰਾਬਸੀ ਹਲਕੇ ਦੇ ਬਾਗੀ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿਲੋਂ ਅੱਜ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਮਜੀਠੀਆ ਦੀ ਅਗਵਾਈ ਚ ਅਕਾਲੀ ਦਲ ਚ ਸ਼ਾਮਲ ਹੋ ਗਏ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਅਕਾਲੀ ਦਲ ਚ ਸ਼ਾਮਲ ਕੀਤਾ। ਦਿੱਲੋਂ ਨੇ ਇਸ ਮੌਕੇ ਬਾਕਾਇਦਾ ਨੀਲੀ ਪੱਗ ਬੰਨ੍ਹੀ ਹੋਈ ਸੀ. ਚੰਡੀਗੜ੍ਹ ਦੇ ਸੈਕਟਰ 9 ਵਿਚਲੇ ਢਿਲੋਂ ਦੇ ਘਰ ਹੋਈ ਪ੍ਰੈਸ ਕਾਨਫਰੰਸ ਚ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਉਹ ਢਿਲੋਂ ਦੇ ਪਾਰਟੀ ਚ ਸ਼ਾਮਲ ਹੋਣ 'ਤੇ ਬਹੁਤ ਖੁਸ਼ ਹਨ। ਢਿਲੋਂ ਪਰਿਵਾਰ ਨਾਲ ਅਕਾਲੀ ਦਲ ਦੀ ਪੁਰਾਣੀ ਸਾਂਝ ਹੈ। ਢਿਲੋਂ ਦੇ ਪਿਤਾ ਜਸਟਿਸ ਭੁਪਿੰਦਰ ਸਿੰਘ ਢਿਲੋਂ ਹਾਈਕੋਰਟ ਦੇ ਜੱਜ ਰਹੇ ਹਨ ਤੇ ਐਡਵੋਕੇਟ ਜਨਰਲ ਵੀ, ਜਿਨਾਂ ਨਾਲ ਮੇਰੀ ਕਾਫੀ ਸਾਂਝ ਸੀ। ਉਨ੍ਹਾਂ ਢਿਲੋਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਵਰਗੇ ਪੜ੍ਹੇ ਲਿਖੇ, ਸੂਝਵਾਨ ਤੇ ਲੋਕਾਂ ਦੀ ਸੇਵਾ ਕਰਨ ਵਾਲੇ ਆਗੂ ਦੇ ਅਕਾਲੀ ਦਲ ਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ। ਇਸ ਮੌਕੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਲਈ ਇਹ ਵੱਡੀ ਖੁਸ਼ੀ ਦਾ ਮੌਕਾ ਹੈ ਕਿਉਂਕਿ ਇਕ ਪੜਿਆ ਲਿਖਿਆ, ਨੌਜਵਾਨ ਤੇ ਲੋਕਾਂ ਦੀ ਸੇਵਾ ਕਰਨ ਵਾਲਾ ਆਗੂ ਪਾਰਟੀ ਨਾਲ ਰਲ ਰਿਹਾ ਹੈ। ਉਨ੍ਹਾਂ ਕਿਹਾ ਕਿ ਢਿਲੋਂ ਅਕਾਲੀ ਦਲ ਚ ਬਿਨਾ ਸ਼ਰਤ ਸ਼ਾਮਲ ਹੋ ਰਹੇ ਹਨ। ਸੁਖਬੀਰ ਨੇ ਕਿਹਾ ਕਿ ਮੇਰੀ ਢਿਲੋਂ ਨਾਲ ਪੁਰਾਣੀ ਜਾਣ ਪਛਾਣ ਹੈ। ਅਸੀਂ ਯੂਨੀਵਰਸਿਟੀ ਚ ਇਕੱਠੇ ਪੜਦੇ ਰਹੇ ਹਾਂ। ਇਸ ਤੋਂ ਇਲਾਵਾ ਸਾਡੇ ਪਰਿਵਾਰਾਂ ਦੀ ਵੀ ਆਪਸੀ ਸਾਂਝ ਬਹੁਤ ਪੁਰਾਣੀ ਹੈ। ਉਨ੍ਹਾਂ ਕਿਹਾ ਕਿ ਢਿਲੋਂ ਹੁਣ ਅਕਾਲੀ ਪਰਿਵਾਰ ਦਾ ਹਿਸਾ ਬਣ ਗਏ ਹਨ ਤੇ ਉਨ੍ਹਾਂ ਤੇ ਉਨ੍ਹਾਂ ਦੇ ਸਾਥੀਆਂ ਨੂੰ ਪਾਰਟੀ ਚ ਪੂਰਾ ਮਾਣ ਸਤਿਕਾਰ ਮਿਲੇਗਾ। ਜਦੋਂ ਸੁਖਬੀਰ ਤੋਂ ਪੁੱਛਿਆ ਗਿਆ ਕਿ ਢਿਲੋਂ ਦੇ ਕੈਪਟਨ ਪਰਿਵਾਰ ਨਾਲ ਕਾਫੀ ਨਜਦੀਕੀ ਸਬੰਧ ਰਹੇ ਹਨ, ਕੀ ਢਿਲੋਂ ਨੂੰ ਸ਼ਾਮਲ ਕਰਕੇ ਤੁਸੀਂ ਮਹਿਲਾਂ ਚ ਸੰਨ ਲਾ ਰਹੇ ਹੋ ਤਾਂ ਸੁਖਬੀਰ ਨੇ ਕੈਪਟਨ ਤੇ ਚੁਟਕੀ ਲੈਂਦਿਆਂ ਆਖਿਆ ਕਿ ਮੈਂ ਤਾਂ ਕੈਪਟਨ ਦੀ 2 3 ਸਾਲ ਤੋਂ ਗੱਲ ਹੀ ਨਹੀਂ ਕਰਦਾ, ਮੀਡੀਆ ਹੀ ਮੈਨੂੰ ਚੇਤੇ ਕਰਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਨਿਸ਼ਾਨਾ 25 ਸਾਲ ਰਾਜ ਕਰਨਾ ਹੈ, ਪੰਜ ਸਾਲ ਕਰ ਚੁੱਕੇ ਹਾਂ ਤੇ ਅਗਲੇ 25 ਸਾਲਾਂ ਲਈ ਅਸੀਂ ਕੰਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅੱਗੇ ਅਜੇ ਹੋਰ ਵੀ ਬਹੁਤ ਕੁਝ ਹੋਵੇਗਾ। ਦੀਪਇੰਦਰ ਢਿਲੋਂ ਨੇ ਇਸ ਮੌਕੇ ਕਿਹਾ ਕਿ ਉਹ ਮੁੱਖ ਮੰਤਰੀ ਬਾਦਲ ਦੀ ਰਹਿਨੁਮਾਈ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਦੀ ਅਗਵਾਈ ਹੇਠ ਅਕਾਲੀ ਦਲ ਚ ਸ਼ਾਮਲ ਹੋ ਰਹੇ ਹਨ। ਪਹਿਲੀ ਵਾਰ ਹੈ ਜਦੋਂ ਪੰਜਾਬ ਚ ਕਿਸੇ ਸਰਕਾਰ ਨੇ ਦੁਬਾਰਾ ਸਰਕਾਰ ਬਣਾਈ ਹੈ। ਇਹ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਤੇ ਸਮੁੱਚੀ ਅਕਾਲੀ ਭਾਜਪਾ ਸਰਕਾਰ ਦੀ ਵਧੀਆ ਕਾਰਗੁਜਾਰੀ ਸਦਕਾ ਹੀ ਸੰਭਵ ਹੋਇਆ ਹੈ। ਕਾਂਗਰਸ ਨਾਲ ਸ਼ਿਕਵਾ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ 20 ਸਾਲ ਮੈਂ ਇਮਾਨਦਾਰੀ ਨਾਲ ਬਿਨਾ ਕੁਝ ਮੰਗਿਆਂ ਕਾਂਗਰਸ ਦੀ ਸੇਵਾ ਕੀਤੀ। ਆਪਣੇ ਲਈ ਕਦੇ ਕੋਈ ਅਹੁਦਾ ਨਹੀਂ ਮੰਗਿਆ ਮੇਰਾ ਹਸ਼ਰ ਤੁਹਾਡੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਚ ਵਫਾਦਾਰਾਂ ਤੇ ਇਮਾਨਦਾਰਾਂ ਆਗੂਆਂ ਦੀ ਕੋਈ ਕਦਰ ਨਹੀਂ ਹੈ। ਹਲਕੇ ਦੇ ਲੋਕਾਂ ਦੇ ਪਿਆਰ ਸਦਕਾ ਮੈਂ ਇਥੇ ਤਕ ਪੁੱਜਿਆਂ ਹਾਂ ਤੇ ਹੁਣ ਲੋਕਾਂ ਦੇ ਹੁਕਮ ਅਨੁਸਾਰ ਹੀ ਅਕਾਲੀ ਦਲ ਨਾਲ ਰਲਿਆ ਹਾਂ। ਉਨ੍ਹਾਂ ਕਿਹਾ ਕਿ ਮੈਂ ਅੱਜ ਆਪਣੀ ਸੇਵਾ ਨੂੰ ਅਕਾਲੀ ਦਲ ਝੋਲੀ ਪਾ ਰਿਹਾ ਹਾਂ ਤੇ ਹੁਣ ਮੈਂ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਵਜੋਂ ਕੰਮ ਕਰਾਂਗਾ। 7 ਰਾਜਾਂ ਦੇ ਮੁੱਖ ਮੰਤਰੀਆਂ ਦੀ ਹੋਣ ਜਾ ਰਹੀ ਕਾਨਫਰੰਸ ਦੇ ਬਾਰੇ ਚ ਬਾਦਲ ਨੇ ਕਿਹਾ ਕਿ ਇਸ ਚ ਮੁੱਖ ਤੌਰ 'ਤੇ ਅੰਤਰਰਾਜੀ ਮਸਲਿਆਂ 'ਤੇ ਗੱਲਬਾਤ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੇ ਕੰਮ ਕਰਨ ਚ ਵਿਸ਼ਵਾਸ ਰੱਖਦੇ ਹਾਂ ਪਰ ਕਾਂਗਰਸ ਦੀ ਹਮੇਸ਼ਾ ਤੋਂ ਨੀਤੀ ਰਹੀ ਹੈ ਕਿ ਉਹ ਸਿਖਾਂ ਤੇ ਹਿੰਦੂਆਂ ਚ ਆਪਸੀ ਫਰਕ ਪੈਦਾ ਕਰ ਸਕੇ ਤਾਂ ਜੋ ਇਨ੍ਹਾਂ ਦੀ ਸਰਕਾਰ ਬਣ ਸਕੇ। ਪਰ ਅਕਾਲੀ ਦਲ ਨੇ ਹਮੇਸ਼ਾ ਲੋਕਾਂ ਦੀ ਭਲਾਈ ਲਈ ਕੰਮ ਕੀਤਾ ਹੈ ਤਾਂ ਹੀ ਲੋਕ ਸਾਡੇ ਨਾਲ ਖੜੇ ਹਨ। ਢਿਲੇਂ ਦੇ ਅਕਾਲੀ ਦਲ ਚ ਸ਼ਾਮਲ ਹੋਣ ਨਾਲ ਪ੍ਰਨੀਤ ਕੌਰ ਨੂੰ ਹੀ ਨਹੀਂ ਬਲਕਿ ਕਾਂਗਰਸ ਪਾਰਟੀ ਨੂੰ ਵੀ ਅਗਾਮੀ ਲੋਕ ਸਭਾ ਚ ਡੇਰਾਬਸੀ ਹਲਕੇ ਚ ਵੱਡਾ ਖਮਿਆਜਾ ਭੁਗਤਣਾ ਪੈ ਸਕਦਾ ਹੈ|ਇਸ ਮੌਕੇ ਮੰਚ ਤੇ ਡੇਰਾਬਸੀ ਹਲਕੇ ਦੇ ਵਿਧਾਇਕ ਐਨ. ਕੇ. ਸ਼ਰਮਾ, ਦਿੱਲੀ ਅਕਾਲੀ ਦਲ ਦੇ ਆਗੂ ਓਂਕਾਰ ਸਿੰਘ ਥਾਪਰ ਆਦਿ ਵੀ ਮੌਜੂਦ ਸਨ. |
|