| ਮਜੀਠੀਆ ਵਲੋਂ ਸਵਰਗੀ ਅਮਰਜੀਤ ਸਿੰਘ ਸਾਹੀ ਦੇ ਸੁਪਨੇ ਪੂਰੇ ਕਰਨ ਦਾ ਭਰੋਸਾ
ਚੰਡੀਗੜ੍ਹ, 14 ਜੁਲਾਈ (punj): ਪੰਜਾਬ ਦੇ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਦਸੂਹਾ ਉਪ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਉਮੀਦਵਾਰ ਬੀਬੀ ਸੁਖਜੀਤ ਕੌਰ ਦੀ ਰਿਰਾਕਡ ਜਿੱਤ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੇ ਮੋਹਰ ਹੈ| ਦਸੂਹਾ ਦੇ ਲੋਕਾਂ ਵੱਲੋਂ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਵਿੱਚ ਦੁਬਾਰਾ ਪਹਿਲਾਂ ਨਾਲੋਂ ਵੀ ਕਿਤੇ ਵੱਡੀ ਪੱਧਰ ਤੇ ਭਰੋਸਾ ਪ੍ਰਗਟਾਉਣ ਬਾਰੇ ਲੋਕਾਂ ਦਾ ਧੰਨਵਾਦ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਹੀ ਕਿਹਾ ਸੀ ਕਿ ਦਸੂਹਾ ਉਪ ਚੋਣ ਅਕਾਲੀ ਦਲ ਤੇ ਭਾਜਪਾ ਸਰਕਾਰ ਦੀਆਂ ਨੀਤੀਆਂ ਬਾਰੇ ਜਨਾਦੇਸ਼ ਹੋਵੇਗਾ ਤੇ ਦਸੂਹਾ ਦੇ ਲੋਕਾਂ ਨੇ ਬੀਬੀ ਸੁਖਜੀਤ ਕੌਰ ਨੂੰ ਇਤਿਹਾਸਕ ਜਿੱਤ ਦਿਵਾਕੇ ਕੈਪਟਨ ਨੂੰ ਕਰਾਰਾ ਜਵਾਬ ਦਿੱਤਾ ਹੈ| ਉਨ੍ਹਾਂ ਦਸੂਹਾ ਉਪ ਚੋਣ ਦੇ ਨਤੀਜੇ ਨੂੰ ਕਾਂਗਰਸ ਦੇ ਕਫਨ ਵਿਚ ਆਖਰੀ ਕਿੱਲ ਦੱਸਦਿਆਂ ਕਿਹਾ ਕਿ ਇਸ ਨਾਲ ਵਿਧਾਨ ਸਭਾ, ਨਗਰ ਨਿਗਮ ਚੋਣਾਂ ਪਿੱਛੋਂ ਫਿਰ ਸਾਬਿਤ ਹੋ ਗਿਆ ਹੈ ਕਿ ਕਾਂਗਰਸ ਦੇ ਪੰਜਾਬ ਵਿੱਚ ਦਿਨ ਪੁੱਗ ਗਏ ਹਨ| ਉਨ੍ਹਾਂ ਦਸੂਹਾ ਉਪ ਚੋਣ ਦੇ ਨਤੀਜੇ ਨੂੰ 2014 ਲੋਕ ਸਭਾ ਚੋਣਾਂ ਲਈ ਟ੍ਰੇਲਰ ਦੱਸਿਆ ਤੇ ਕਿਹਾ ਕਿ ਅਕਾਲੀ ਦਲ-ਭਾਜਪਾ ਗਠਜੋੜ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਜਿੱਤੇਗਾ| ਉਨ੍ਹਾਂ ਦਸੂਹਾ ਹਲਕੇ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸਵਰਗੀ ਸ. ਅਮਰਜੀਤ ਸਿੰਘ ਸਾਹੀ ਦੇ ਸੁਪਨੇ ਪੂਰੇ ਕਰਨ ਲਈ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਹਲਕੇ ਦੀ ਵਿਸ਼ੇਸ਼ ਤੌਰ ਤੇ ਦੇਖਭਾਲ ਕੀਤੀ ਜਾਵੇਗੀ ਤੇ ਪੰਜਾਬ ਸਰਕਾਰ ਚੱਲ ਰਹੇ ਸਾਰੇ ਪ੍ਰਾਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਵਚਨਬੱਧ ਹੈ| ਇਸੇ ਦੌਰਾਨ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਰਾਜ ਦੇ ਮਾਲ ਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਵੀ ਦਸੂਹਾ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਯੂਥ ਅਕਾਲੀ ਦਲ ਦੇ ਵਰਕਰਾਂ ਨੂੰ ਬੀਬੀ ਸੁਖਜੀਤ ਕੌਰ ਦੀ ਲਾਮਿਸਾਲ ਜਿੱਤ ਤੇ ਵਧਾਈ ਦਿੰਦਿਆਂ ਕਿਹਾ ਹੈ ਕਿ ਇਹ ਉਨ੍ਹਾਂ ਵੱਲੋਂ ਦਿਨ ਰਾਤ ਹਲਕੇ ਅੰਦਰ ਕੀਤੇ ਅਣਥੱਕ ਯਤਨ ਦਾ ਨਤੀਜਾ ਹੈ| ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਦੇ ਵਰਕਰਾਂ ਵੱਲੋਂ ਕੀਤੀ ਮਿਹਨਤ ਕਰਕੇ ਹੀ ਕਾਂਗਰਸੀ ਉਮੀਦਵਾਰ ਬੜੀ ਮੁਸ਼ਕਿਲ ਨਾਲ ਆਪਣੀ ਜ਼ਮਾਨਤ ਹੀ ਬਚਾ ਸਕਿਆ ਹੈ| ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਦਸੂਹਾ ਹਲਕੇ ਨੂੰ ਨੰਬਰ ਇਕ ਹਲਕਾ ਬਣਾਉਣ ਤੇ ਕੰਢੀ ਖੇਤਰ ਦੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਸਵਰਗੀ ਸ. ਸਾਹੀ ਵੱਲੋਂ ਲਏ ਸੁਪਨੇ ਨੂੰ ਪੰਜਾਬ ਸਰਕਾਰ ਪੂਰਾ ਕਰੇਗੀ| ਜ਼ਿਕਰਯੋਗ ਹੈ ਕਿ ਦਸੂਹਾ ਉਪ ਚੋਣ ਦੇ ਨਤੀਜੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਉਮੀਦਵਾਰ ਬੀਬੀ ਸੁਖਜੀਤ ਕੌਰ ਨੇ ਕਾਂਗਰਸੀ ਉਮੀਦਵਾਰ ਨੂੰ 47432 ਵੋਟਾਂ ਦੇ ਰਿਕਾਰਡ ਫਰਕ ਨਾਲ ਮਾਤ ਦਿੱਤੀ ਹੈ| |
|