| ਚੰਡੀਗੜ੍ਹ ,15 ਜੁਲਾਈ (ਬਾਬੂਸ਼ਾਹੀ ਬਿਉਰੋ ):ਪ੍ਰਸਿੱਧ ਪੱਤਰਕਾਰ ਸ੍ਰੀ ਕੁਲਦੀਪ ਨਈਅਰ ਨੇ ਆਪਣੀ ਸਵੈ ਜੀਵਨੀ 'ਬਿਯਾਉੰਡ ਦੀ ਲਾਈਨਜ਼' ਬਾਰੇ ਪੈਦਾ ਹੋਏ ਵਿਵਾਦ ਦੇ ਮੱਦੇਨਜ਼ਰ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗੀ ਹੈ . ਉਨ੍ਹਾ ਆਪਣੀ ਪੁਸਤਕ ਵਿਚੋਂ ਇਹ ਇਤਰਾਜ਼ਯੋਗ ਹਿੱਸੇ ਹਟਾਉਣ ਦਾ ਐਲਾਨ ਕੀਤਾ ਹੈ। ਐਤਵਾਰ ਨੂੰ ਜਲੰਧਰ ਵਿਚ ਅਜੀਤ ਦੇ ਸਹਾਇਕ ਸੰਪਾਦਕ ਸਤਨਾਮ ਸਿੰਘ ਮਾਣਕ ਰਾਹੀਂ ਜਾਰੀ ਇਕ ਬਿਆਨ ਵਿਚ ਸ੍ਰੀ ਨਈਅਰ ਨੇ ਕਿਹਾ ਹੈ ਕਿ ਉਨ੍ਹਾਂ ਦੇ ਧਿਆਨ ਵਿਚ ਇਹ ਗੱਲ ਆਈ ਹੈ ਕਿ ਉਨ੍ਹਾਂ ਦੀ ਸਵੈ ਜੀਵਨੇ ਦੇ ਕੁੱਝ ਹਿੱਸਿਆਂ 'ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਸਖ਼ਤ ਇਤਰਾਜ਼ ਪ੍ਰਗਟ ਕੀਤਾ ਗਿਆ ਹੈ। ਨਈਅਰ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਸਿੱਖ ਪੰਥ ਦੇ ਹੱਕਾਂ-ਹਿੱਤਾਂ ਲਈ ਆਵਾਜ਼ ਉਠਾਈ ਹੈ ਅਤੇ ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮੁੱਦਈ ਰਹੇ ਹਨ ਅਤੇ ਇਸ ਸਬੰਧੀ ਉਨ੍ਹਾਂ ਦੀਆਂ ਸਰਗਰਮੀਆਂ ਅਤੇ ਲਿਖਤਾਂ ਦਾ ਇਕ ਲੰਮਾ ਇਤਿਹਾਸ ਹੈ। ਉਨ੍ਹਾਂ ਕਿਹਾ ਕਿ ਸਾਕਾ ਨੀਲਾ ਤਾਰਾ ਅਤੇ ਨਵੰਬਰ 1984 ਦੇ ਦੁਖਦਾਈ ਘਟਨਾਕ੍ਰਮ ਸਮੇਂ ਵੀ ਉਹ ਸ੍ਰੀ ਇੰਦਰ ਕੁਮਾਰ ਗੁਜਰਾਲ, ਜਨਰਲ ਜਗਜੀਤ ਸਿੰਘ ਅਰੋੜਾ, ਡਾ. ਮਹੀਪ ਸਿੰਘ, ਏਅਰ ਮਾਰਸ਼ਲ ਅਰਜਨ ਸਿੰਘ, ਜਸਟਿਸ ਰਾਜਿੰਦਰ ਸੱਚਰ, ਸ. ਤਰਲੋਚਨ ਸਿੰਘ ਅਤੇ ਹੋਰ ਬੁੱਧੀਜੀਵੀਆਂ ਨਾਲ ਮਿਲ ਕੇ ਸਿੱਖ ਭਾਈਚਾਰੇ ਨਾਲ ਕੀਤੀਆਂ ਗਈਆਂ ਜ਼ਿਆਦਤੀਆਂ ਵਿਰੁੱਧ ਆਵਾਜ਼ ਬੁਲੰਦ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਿੱਖ ਭਾਈਚਾਰੇ ਦੇ ਕਿਸੇ ਵੀ ਹਿੱਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਹੈ. ਇਸ ਲਈ ਆਪਣੀ ਸਵੈ-ਜੀਵਨੀ ਵਿਚਲੇ ਜਿਨ੍ਹਾਂ ਹਿਸਿਆਂ ਤੇ ਇਤਰਾਜ਼ ਪ੍ਰਗਟ ਕੀਤਾ ਗਿਆ ਹੈ, ਉਨ੍ਹਾਂ ਨੂੰ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ। ਕਿਤਾਬ ਦੇ ਅਗਲੇ ਐਡੀਸ਼ਨਾਂ ਵਿਚ ਇਹ ਹਿੱਸੇ ਪ੍ਰਕਾਸ਼ਿਤ ਨਹੀਂ ਹੋਣਗੇ। ਸ੍ਰੀ ਨਈਅਰ ਨੇ ਸਪਸ਼ਟ ਲਫਜ਼ਾਂ ਵਿਚ ਕਿਹਾ ਹੈ ਕਿ ਫਿਰ ਵੀ ਇਸ ਕਾਰਨ ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਨੂੰ ਇਸ ਦਾ ਅਫ਼ਸੋਸ ਹੈ ਅਤੇ ਮੈਂ ਇਸ ਲਈ ਮੁਆਫ਼ੀ ਮੰਗਦਾ ਹਾਂ। |
|