ਬਰਨਾਲਾ,
23 ਫਰਵਰੀ -ਪਿਛਲੇ ਦੋ ਦਿਨਾਂ ਤੋਂ ਇਸ ਖ਼ਿੱਤੇ ਵਿਚ ਪੈ ਰਹੀ
ਬਾਰਸ਼ ਨੇ ਇਸ ਖ਼ਿੱਤੇ ਦੇ ਕਣਕ ਉਤਪਾਦਕਾਂ ਅਤੇ ਆਲੂ ਉਤਪਾਦਕਾਂ ਨੂੰ ਭਾਰੀ ਫ਼ਿਕਰਾਂ ਵਿਚ
ਪਾ ਦਿੱਤਾ ਹੈ। ਬਰਨਾਲਾ-ਬਠਿੰਡਾ , ਬਰਨਾਲਾ-ਬਾਜਾਖਾਨਾ , ਬਰਨਾਲਾ-ਸੰਗਰੂਰ ਤੇ
ਬਰਨਾਲਾ-ਰਾਏਕੋਟ, ਲੁਧਿਆਣਾ ਦੇ ਮੁੱਖ ਮਾਰਗਾਂ ਤੇ ਖੜ੍ਹੀਆਂ ਫ਼ਸਲਾਂ ਦਾ ਜਦੋਂ ਨਿਰੀਖਣ
ਕੀਤਾ ਤਾਂ ਇਸ ਬਾਰਸ਼ ਕਾਰਨ ਖੇਤਾਂ ਵਿਚ ਪਾਣੀ ਖੜ੍ਹ ਗਿਆ ਦਿਸਦਾ ਹੈ। ਜਿਸ ਕਾਰਨ ਪਿਛੇਤੀ
ਕਣਕ ਨੂੰ ਭਾਵੇਂ ਅਜੇ ਤੱਕ ਕੁੱਝ ਲਾਭ ਹੋ ਸਕਦਾ ਹੈ ਪ੍ਰੰਤੂ ਅਗੇਤੀ ਕਣਕ ਜਿਸ ਨੇ
ਬੱਲੀਆਂ ਕੱਢ ਲਈਆਂ ਹਨ। ਉਸ ਲਈ ਇਸ ਬਾਰਸ਼ ਨੂੰ ਹਾਨੀਕਾਰਕ ਹੀ ਸਮਝਿਆ ਜਾ ਰਿਹਾ ਹੈ।
ਜ਼ਿਲ੍ਹਾ ਬਰਨਾਲਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ: ਬਲਵਿੰਦਰ ਸਿੰਘ ਮਾਨ ਅਤੇ ਜ਼ਿਲ੍ਹਾ
ਸੰਗਰੂਰ ਦੇ ਖੇਤੀਬਾੜੀ ਅਫ਼ਸਰ ਡਾ: ਕਰਨੈਲ ਸਿੰਘ ਸੰਧੂ ਨੇ ਦੱਸਿਆਂ ਕਿ ਕਣਕ ਲਈ ਭਾਵੇਂ
ਲੰਮੇ ਸਮੇਂ ਦੀ ਠੰਢਕ ਲਾਭਦਾਇਕ ਹੈ ਪ੍ਰੰਤੂ ਹਾਲ ਦੀ ਘੜੀ ਜੋ ਬਾਰਸ਼ ਹੋ ਰਹੀ ਹੈ। ਇਸ
ਕਾਰਨ ਭਾਰੀਆਂ ਜ਼ਮੀਨਾਂ ਵਿਚ ਕਣਕ ਦੀ ਅਗੇਤੀ ਫ਼ਸਲ ਦੇ ਜਿੱਥੇ ਡਿਗ ਜਾਣ ਦਾ ਖ਼ਤਰਾ ਹੈ
ਉੱਥੇ ਇਸ ਬਾਰਸ਼ ਨਾਲ ਬਿਮਾਰੀਆਂ ਪੈਣ ਦਾ ਖ਼ਦਸ਼ਾ ਵੀ ਪੈਦਾ ਹੋ ਗਿਆ ਹੈ। ਪਹਾੜੀ ਖੇਤਰ
ਵਿਚ ਪੀਲੀ ਕੁੰਗੀ ਅਤੇ ਭੂਰੀ ਕੁੰਗੀ ਦਾ ਕਣਕ ਤੇ ਹਮਲਾ ਹੋ ਚੁੱਕਾ ਹੈ ਅਤੇ ਇਸ ਬਿਮਾਰੀ
ਦੇ ਜਵਾਣੂੰਆਂ ਦਾ ਹਮਲਾ ਮੈਦਾਨੀ ਇਲਾਕਿਆਂ ਵਿਚ ਵੀ ਹੋ ਸਕਦਾ ਹੈ ਕਿਉਂਕਿ 8 ਡਿਗਰੀ
ਸੈਂਟੀਗਰੇਡ ਤੋਂ 22 ਡਿਗਰੀ ਸੈਂਟੀਗਰੇਡ ਤਾਪਮਾਨ ਤੱਕ ਇਨ੍ਹਾਂ ਜਵਾਣੂੰਆਂ ਦੇ ਵਧਣ ਫੁੱਲਣ
ਦਾ ਅਨੁਕੂਲ ਵਾਤਾਵਰਨ ਹੈ। ਇਸ ਲਈ ਪੀ. ਬੀ. ਡਬਲਯੂ. 343, ਪੀ. ਬੀ. ਡਬਲਯੂ. 542, ਪੀ.
ਬੀ. ਡਬਲਯੂ. 502 ਨੂੰ ਪੀਲੀ ਕੁੰਗੀ ਅਤੇ ਭੂਰੀ ਕੁੰਗੀ ਦਾ ਖ਼ਤਰਾ ਵਧੇਰੇ ਹੈ ਅਤੇ
ਕਿਤੇ-ਕਿਤੇ ਇਹ ਹਮਲਾ ਦਿਖਾਈ ਵੀ ਦਿੰਦਾ ਹੈ ਪ੍ਰੰਤੂ ਜਿਨ੍ਹਾਂ ਕਿਸਾਨਾਂ ਨੇ ਐੱਚ.ਡੀ.
2967 ਅਤੇ ਪੀ.ਬੀ.ਡਬਲਯੂ. 621 ਕਿਸਮਾਂ ਦੀ ਬਿਜਾਂਦ ਕੀਤੀ ਹੈ। ਉਸ ਕਣਕ ਦੀ ਫ਼ਸਲ ਨੂੰ
ਇਸ ਬਿਮਾਰੀ ਤੋਂ ਘੱਟ ਖ਼ਤਰਾ ਹੈ ਕਿਉਂਕਿ ਇਨ੍ਹਾਂ ਦੋ ਕਿਸਮਾਂ ਵਿਚ ਪੀਲੀ ਅਤੇ ਭੂਰੀ
ਕੁੰਗੀ ਪ੍ਰਤੀ ਸਹਿਣਸ਼ੀਲਤਾ ਹੈ। ਇਸ ਦੇ ਬਾਵਜੂਦ ਕਿਸਾਨਾਂ ਨੂੰ ਆਪਣੇ ਖੇਤਾਂ ਦਾ ਲਗਾਤਾਰ
ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ। ਜੇ ਕਿਧਰੇ ਇਸ ਬਿਮਾਰੀ ਦਾ ਪੱਤਿਆਂ ਉੱਤੇ ਪੀਲੇ
ਹਲਦੀ ਰੰਗੇ ਰੰਗ ਦੇ ਧੱਬੇ ਦਿਖਾਈ ਦੇਣ ਤਾਂ ਟਿਲਟ-200 ਐਮ.ਐਲ. ਪ੍ਰਤੀ ਏਕੜ ਦੇ ਹਿਸਾਬ
ਨਾਲ ਲਗਭਗ 100 ਲੀਟਰ ਪਾਣੀ ਵਿਚ ਮਿਲਾ ਕੇ ਦਿਨ ਸਾਫ਼ ਹੋਣ ਮੌਕੇ ਸਪਰੇਅ ਕਰਨੀ ਚਾਹੀਦੀ
ਹੈ ਪ੍ਰੰਤੂ ਕਿਸਾਨਾਂ ਲਈ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਕਿ ਇਹ ਸਪਰੇਅ ਤਦ ਹੀ ਕਰਨੀ ਹੈ
ਜੇ ਬਿਮਾਰੀ ਦੀ ਪਹਿਚਾਣ ਹੋ ਜਾਵੇ। ਇਸੇ ਤਰ੍ਹਾਂ ਆਲੂ ਦੀ ਫ਼ਸਲ ਨੂੰ ਵੀ ਇਸ ਬਾਰਸ਼ ਨਾਲ
ਹਾਨੀ ਹੋ ਸਕਦੀ ਹੈ ਕਿਉਂਕਿ ਆਲੂ ਨੂੰ ਪੁੱਟਣ ਦਾ ਸਮਾਂ ਆ ਗਿਆ ਹੈ ਜੇ ਆਲੂ ਦੇ ਖੇਤਾਂ
ਵਿਚ ਪਾਣੀ ਖੜ੍ਹ ਜਾਵੇ ਤਾਂ ਫ਼ਸਲ ਦੇ ਗਲ ਜਾਣ ਦਾ ਖ਼ਤਰਾ ਹੈ। ਭਾਰੀ ਜ਼ਮੀਨਾਂ ਵਿਚ ਇਹ
ਖ਼ਤਰਾ ਹੋਰ ਵੀ ਜ਼ਿਆਦਾ ਹੈ। ਇਸ ਲਈ ਖੇਤੀ ਲਈ ਹੁਣ ਸਾਫ਼ ਅਤੇ ਚਮਕਦੇ ਦਿਨਾਂ ਦੀ ਜ਼ਰੂਰਤ
ਹੈ।