Pages

Friday, February 22, 2013

ਬੱਬਰ ਖਾਲਸਾ ਦੀ ਮੋਹਾਲੀ ਦੇ ਠੇਕੇਦਾਰ ਨੂੰ ਧਮਕੀ ਇਕ ਡਰਾਮਾ ਸਾਬਤ ਹੋਈ


ਲੈਣ-ਦੇਣ ਦੇ ਝਗੜੇ ਨੂੰ ਖਾੜਕੂ ਧਮਕੀ ਦਾ ਰੂਪ ਦੇਣ ਦਾ ਯਤਨ

    
ਕਥਿਤ ਧਮਕੀ ਦੇਣ ਵਾਲਾ ਵਿਨੋਦ ਕੁਮਾਰ ਪੱਟੀ ਤੋਂ ਗ੍ਰਿਫਤਾਰ; ਪੁਲਿਸ ਦੀ ਤਫਤੀਸ਼ ਜਾਰੀ : ਗੁਰਪ੍ਰੀਤ ਭੁੱਲਰ


 


ਚੰਡੀਗੜ੍ਹ, 21 ਫਰਵਰੀ : ਦੁਬਈ ਦੇ ਚਰਚਿਤ ਸ਼ਖਸ ਐਸ. ਪੀ. ਸਿੰਘ ਉਬਰਾਏ ਦੇ ਭਰਾ ਅਤੇ ਮੁਹਾਲੀ ਵਾਸੀ ਗੁਰਜੀਤ ਸਿੰਘ ਠੇਕੇਦਾਰ ਨੂੰ ਬੱਬਰ ਖਾਲਸਾ ਜਥੇਬੰਦੀ ਵਲੋਂ ਮਿਲੀ ਕਥਿਤ ਧਮਕੀ ਉਸ ਵੇਲੇ ਡਰਾਮਾ ਸਾਬਤ ਹੋਈ ਜਦੋਂ ਮੁਹਾਲੀ ਪੁਲਿਸ ਨੇ ਇਸ ਮਾਮਲੇ ਚ ਪੱਟੀ ਦੇ ਇਕ ਸਧਾਰਨ ਕਾਰੋਬਾਰੀ ਵਿਅਕਤੀ ਵਿਨੋਦ ਕੁਮਾਰ ਨੂੰ ਗ੍ਰਿਫਤਾਰ ਕੀਤਾ।


ਪੁਲਿਸ ਦੀ ਮੁਢਲੀ ਜਾਣਕਾਰੀ ਅਨੁਸਾਰ ਵਿਨੋਦ ਕੁਮਾਰ ਨਾ ਹੀ ਕਿਸੇ ਖਾੜਕੂ ਜਥੇਬੰਦੀ ਨਾਲ ਸਬੰਧ ਰੱਖਦਾ ਹੈ ਤੇ ਨਾ ਹੀ ਉਸ ਨੇ ਅਜਿਹੀ ਕਿਸੇ ਜਥੇਬੰਦੀ ਦਾ ਨਾਂ ਆਪਣੇ ਫੋਨ ਜਾਂ ਐਸ. ਐਮ. ਐਸ. ਚ ਵਰਤਿਆ। ਐਸ. ਐਸ. ਪੀ. ਮੋਹਾਲੀ ਗੁਰਪ੍ਰੀਤ ਸਿੰਘ ਭੁੱਲਰ ਨੇ ਬਾਬੂਸ਼ਾਹੀ ਡਾਟ ਕਾਮ ਨੂੰ ਦੱਸਿਆ ਕਿ ਇਹ ਮਾਮਲਾ ਕਿਸੇ ਤਰਾਂ ਵੀ ਬੱਬਰ ਖਾਲਸਾ ਜਥੇਬੰਦੀ ਦੀ ਧਮਕੀ ਦਾ ਨਹੀਂ ਸੀ ਅਤੇ ਇਸ ਚ ਪੈਸੇ ਦਾ ਹੀ ਲੈਣ-ਦੇਣ ਦਾ ਮਸਲਾ ਸੀ। ਉਨ੍ਹਾਂ ਦੱਸਿਆ ਕਿ ਹੋਰ ਤਫਤੀਸ਼ ਜਾਰੀ ਹੈ, ਜਿਸ ਤੋਂ ਬਾਦ ਪੂਰੀ ਕਹਾਣੀ ਸਾਹਮਣੇ ਆਵੇਗੀ। ਇਹ ਵੀ ਪਤਾ ਲੱਗਾ ਹੈ ਕਿ ਪੁਲਿਸ ਨੇ ਵਿਨੋਦ ਕੁਮਾਰ ਦੇ ਇਕ ਹੋਰ ਸਾਥੀ ਰਾਹੁਲ ਕੁਮਾਰ ਨੂੰ ਵੀ ਹਿਰਾਸਤ ਚ ਲਿਆ ਹੈ ਹਾਲਾਂਕਿ ਸਰਕਾਰੀ ਤੌਰ ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਇਹ ਵੀ ਪਤਾ ਲੱਗਾ ਹੈ ਕਿ ਇਸ ਕੇਸ ਚ ਇਕ ਸ਼ੋਅਰੂਮ ਦੀ ਖਰੀਦ-ਵੇਚ ਦਾ ਵੀ ਕੋਈ ਮਾਮਲਾ ਸ਼ਾਮਲ ਸੀ ਅਤੇ ਵਿਨੋਦ ਕੁਮਾਰ ਸ਼ਿਕਾਇਤਕਰਤਾ ਗੁਰਜੀਤ ਸਿੰਘ ਤੋਂ ਆਪਣੇ ਪੈਸੇ ਵਾਪਸ ਲੈਣਾ ਚਾਹੁੰਣ ਦੇ ਵੀ ਦਾਅਵੇ ਕਰ ਰਿਹਾ ਹੈ। 


ਪੁਲਿਸ ਇਹ ਵੀ ਤਫਤੀਸ਼ ਕਰ ਰਹੀ ਹੈ ਕਿ ਗੋਲੀ ਚੱਲਣ ਦੀ ਜੋ ਸ਼ਿਕਾਇਤ ਕੀਤੀ ਗਈ ਸੀ, ਇਸਦੀ ਅਸਲੀਅਤ ਕੀ ਹੈ। 


ਚੇਤੇ ਰਹੇ ਕਿ ਠੇਕੇਦਾਰ ਗੁਰਜੀਤ ਸਿੰਘ ਪਿਛਲੇ ਦਿਨੀ ਦੁਬਈ ਤੋਂ 17 ਭਾਰਤੀ ਨੌਜਵਾਨਾਂ ਨੂੰ ਰਿਹਾਅ ਕਰਵਾਉਣ ਵਾਲੇ ਚਰਚਿਤ ਕਾਰੋਬਾਰੀ ਐਸ. ਪੀ. ਸਿੰਘ ਉਬਰਾਏ ਦੇ ਭਰਾ ਹਨ।