ਭੋਜਨ ਦਾ ਸਵਾਦ ਅਤੇ ਖੁਸ਼ਬੋ ਵਧਾਉਣ ਲਈ ਮੇਥੀ ਦੀ ਵਰਤੋਂ ਹਰ ਘਰ ਵਿੱਚ ਕੀਤੀ ਜਾਂਦੀ ਹੈ।
ਮੇਥੀ ਦੀ ਵਰਤੋਂ ਸਬਜ਼ੀ ਅਤੇ ਇਸ ਦੇ ਦਾਣਿਆਂ ਦੀ ਵਰਤੋਂ ਮਸਾਲੇ ਦੇ ਰੂਪ ਵਿੱਚ ਕੀਤੀ
ਜਾਂਦੀ ਹੈ। ਲਗਪਗ ਹਰੇਕ ਇਲਾਕੇ ਵਿੱਚ ਮੇਥੀ ਦੀ ਖੇਤੀ ਕੀਤੀ ਜਾਂਦੀ ਹੈ। ਇਸ ਦਾ ਪੌਦਾ
ਇੱਕ ਤੋਂ ਦੋ ਫੁੱਟ ਲੰਬਾ ਹੁੰਦਾ ਹੈ ਜਿਸ ’ਤੇ ਜਨਵਰੀ ਤੋਂ ਮਾਰਚ ਮਹੀਨੇ ਤਕ ਫੁੱਲ ਲੱਗਦੇ
ਹਨ। ਵਿਗਿਆਨੀਆਂ ਅਨੁਸਾਰ ਮੇਥੀ ਦੇ ਪੱਤਿਆਂ ਵਿੱਚ 9.8 ਫ਼ੀਸਦੀ ਕਾਰਬੋਹਾਈਡਰੇਟਸ, 4.9
ਫ਼ੀਸਦੀ ਪ੍ਰੋਟੀਨ, 81.8 ਫ਼ੀਸਦੀ ਪਾਣੀ, 1.6 ਫ਼ੀਸਦੀ ਖਣਿਜ ਪਦਾਰਥ, 1.0 ਫ਼ੀਸਦੀ ਫਾਇਬਰ
(ਰੇਸ਼ੇ), 0.9 ਫ਼ੀਸਦੀ ਫੈਟ ਅਤੇ ਲੋਹਾ 16.19 ਮਿਲੀਗ੍ਰਾਮ ਪ੍ਰਤੀ ਸੌ ਗ੍ਰਾਮ ਵਿੱਚ ਪਾਇਆ
ਜਾਂਦਾ ਹੈ। ਮੇਥੀ ਦੇ ਦਾਣਿਆਂ ਵਿੱਚ 25 ਫ਼ੀਸਦੀ ਫਾਸਫੋਰਿਕ ਐਸਿਡ, ਗੂੰਦ, ਲੇਸੀਥਿਨ,
ਪ੍ਰੋਟੀਨ, ਕੋਲਾਇਨ ਅਤੇ ਟ੍ਰਾਇਗੋਨੇਲਿਨ ਐਲਕੇਹਾਲਇਡਸ ਪਾਏ ਜਾਂਦੇ ਹਨ। ਮੇਥੀ ਦੇ ਸੁੱਕੇ
ਪੱਤਿਆਂ ਵਿੱਚ ਪ੍ਰੋਟੀਨ ਦੀ ਮਾਤਰਾ ਲਗਪਗ 16 ਫ਼ੀਸਦੀ ਹੁੰਦੀ ਹੈ। ਇਸ ਤੋਂ ਇਲਾਵਾ ਮੇਥੀ
ਵਿੱਚ ਲਾਭਕਾਰੀ ਐਨਜ਼ਾਇਮ ਵੀ ਪਾਏ ਜਾਂਦੇ ਹਨ।ਮੇਥੀ ਦੀ ਤਾਸੀਰ
ਆਯੂਰਵੇਦ ਅਨੁਸਾਰ ਮੇਥੀ ਦੀ ਤਾਸੀਰ ਗਰਮ, ਸਵਾਦ ਕੌੜਾ ਹੁੰਦਾ ਹੈ ਅਤੇ ਇਹ ਗੁਣ ਵਿੱਚ
ਬਹੁਤ ਭਾਰੀ ਹੁੰਦੀ ਹੈ। ਇਹ ਵਾਤ, ਕਫ਼ ਅਤੇ ਤਾਪ ਨਾਸ਼ਕ ਹੁੰਦੀ ਹੈ। ਪੇਟ ਵਿੱਚ ਕੀੜੇ ਹੋਣ,
ਭੁੱਖ ਨਾ ਲੱਗਣ, ਕਬਜ਼, ਮੋਟਾਪਾ, ਸ਼ੱਕਰ ਰੋਗ (ਸ਼ੂਗਰ) ਅਤੇ ਗਠੀਆ ਰੋਗਾਂ ਵਿੱਚ ਮੇਥੀ
ਬਹੁਤ ਫ਼ਾਇਦੇਮੰਦ ਹੈ।
ਮੇਥੀ ਅਤੇ ਸਿਹਤ
ਮੇਥੀ ਸਿਹਤ ਲਈ ਲਾਭਕਾਰੀ ਹੁੰਦੀ ਹੈ। ਹਾਜ਼ਮੇ ਅਤੇ ਪੇਟ ਨਾਲ ਸਬੰਧਤ ਸਮੱਸਿਆਵਾਂ ਨੂੰ
ਦੂਰ ਕਰਨ ਲਈ ਮੇਥੀ ਬਹੁਤ ਵਧੀਆ ਹੈ। ਮੇਥੀ ਗੈਸ ਅਤੇ ਪੇਟ ਦਰਦ ਦੂਰ ਕਰਨ ਵਿੱਚ ਸਹਾਇਤਾ
ਕਰਦੀ ਹੈ। ਮੇਥੀ ਗੈਸ ਦੀ ਸ਼ਿਕਾਇਤ ਨੂੰ ਦੂਰ ਕਰਨ ਦੇ ਨਾਲ ਅਪੈਂਨਡਿਕਸ ਵਿਚਲੀ ਗੰਦਗੀ ਨੂੰ
ਵੀ ਦੂਰ ਕਰਦੀ ਹੈ। ਕਬਜ਼ ਨੂੰ ਦੂਰ ਕਰਨ ਲਈ ਮੌਸਮ ਮੁਤਾਬਕ ਸਵੇਰੇ-ਸ਼ਾਮ ਭੋਜਨ ਵਿੱਚ ਮੇਥੀ
ਦੀ ਸਬਜ਼ੀ ਦੀ ਵਰਤੋਂ ਕਰਨੀ ਚਾਹੀਦੀ ਹੈ। ਆਮਾਤਿਸਾਰ ਦੇ ਇਲਾਜ ਲਈ ਰੋਗੀ ਨੂੰ ਮੇਥੀ ਦੇ
ਪੱਤੇ ਘੀ ਵਿੱਚ ਮਿਲਾ ਕੇ ਖਾਣ ਲਈ ਦੇਣ ਦੇ ਨਾਲ ਚਾਰ ਚਮਚ ਮੇਥੀ ਦੇ ਰਸ ਨੂੰ ਮਿਸ਼ਰੀ ਦਾ
ਇੱਕ ਚਮਚ ਮਿਲਾ ਕੇ ਪੀਣ ਨਾਲ ਜਲਦੀ ਲਾਭ ਹੁੰਦਾ ਹੈ। ਮੇਥੀ ਦੇ ਪੱਤੇ ਦੇ ਅਰਕ ਨਾਲ ਗਰਾਰੇ
ਕਰਨ ਨਾਲ ਮੂੰਹ ਦੇ ਛਾਲੇ ਠੀਕ ਹੁੰਦੇ ਹਨ। ਮੇਥੀ ਦੇ ਪਾਣੀ ਨੂੰ ਦੰਦਾਂ ’ਤੇ ਰਗੜਣ ਨਾਲ
ਦੰਦ ਮਜ਼ਬੂਤ ਹੁੰਦੇ ਹਨ। ਮੇਥੀ ਦਾਣੇ ਦੇ ਕਾੜੇ ਨਾਲ ਦਿਨ ਵਿੱਚ ਤਿੰਨ ਜਾਂ ਚਾਰ ਵਾਰ
ਗਰਾਰੇ ਕਰਨ ਨਾਲ ਗਲੇ ਦੀ ਸੋਜ, ਦਰਦ ਅਤੇ ਟੌਂਸਲਜ ਦੀ ਬੀਮਾਰੀ ਦੂਰ ਹੋ ਜਾਂਦੀ ਹੈ।
ਖ਼ੂਨ ਦੀ ਘਾਟ ਅਤੇ ਮੇਥੀ
ਮੇਥੀ ਦੀ ਸਬਜ਼ੀ ਖਾਣ ਨਾਲ ਖ਼ੂਨ ਦੀ ਕਮੀ ਦੀ ਸ਼ਿਕਾਇਤ ਦੂਰ ਹੋ ਜਾਂਦੀ ਹੈ। ਪੇਚਿਸ਼,
ਪੱਥਰੀ, ਰਕਤਚਾਪ, ਜ਼ਿਆਦਾ ਪਿਸ਼ਾਬ ਅਤੇ ਮਾਨਸਿਕ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਮੇਥੀ ਦਾ
ਕਾੜਾ ਅਤੇ ਮੇਥੀ ਦਾ ਚੂਰਨ ਬਹੁਤ ਲਾਭਕਾਰੀ ਹੈ। ਔਰਤਾਂ ਵਿੱਚ ਚਿੱਟੇ ਪਾਣੀ ਦੀ ਸ਼ਿਕਾਇਤ
ਹੋ ਜਾਣ ’ਤੇ ਵੀ ਮੇਥੀ ਦਾ ਪ੍ਰਯੋਗ ਕੀਤਾ ਜਾਂਦਾ ਹੈ। ਕਿਸੀ ਪ੍ਰਕਾਰ ਦੀ ਅੰਦਰੂਨੀ ਸੱਟ
ਦੇ ਦਰਦ ਨੂੰ ਦੂਰ ਕਰਨ ਲਈ ਪ੍ਰਭਾਵਿਤ ਅੰਗ ਉੱਤੇ ਮੇਥੀ ਦੇ ਪੱਤਿਆਂ ਨੂੰ ਪੀਸ ਕੇ ਲੇਪ
ਕਰਨਾ ਚਾਹੀਦਾ ਹੈ। ਇਸ ਨਾਲ ਸੋਜ ਦੂਰ ਹੋ ਜਾਂਦੀ ਹੈ। ਮੇਥੀ ਦੇ ਦਾਣਿਆਂ ਦਾ ਚੂਰਨ ਇੱਕ
ਚਮਚ ਸਵੇਰੇ-ਸ਼ਾਮ ਨਿਸ਼ਚਿਤ ਰੂਪ ਨਾਲ ਲੈਣ ਨਾਲ ਗੋਡੇ, ਜੋੜਾਂ, ਆਮਵਾਤ ਲਕਵਾ ਅਤੇ ਗਠੀਏ
ਤੋਂ ਆਰਾਮ ਮਿਲਦਾ ਹੈ। ਮੇਥੀ ਦੇ ਦਾਣਿਆਂ ਦੇ ਲੱਡੂ ਬਣਾ ਕੇ ਤਿੰਨ ਹਫ਼ਤੇ ਤਕ ਸਵੇਰੇ-ਸ਼ਾਮ
ਖਾਣ ਨਾਲ ਲੱਕ ਦਰਦ ਵਿੱਚ ਆਰਾਮ ਮਿਲਦਾ ਹੈ, ਨਾਲ ਹੀ ਪ੍ਰਭਾਵਿਤ ਜਗ੍ਹਾ ’ਤੇ ਮੇਥੀ ਦੇ
ਤੇਲ ਦੀ ਮਾਲਿਸ਼ ਕੀਤੀ ਜਾਣੀ ਚਾਹੀਦੀ ਹੈ। ਸਰਦੀ-ਜ਼ੁਕਾਮ ਨੂੰ ਦੂਰ ਕਰਨ ਵਿੱਚ ਵੀ ਮੇਥੀ
ਬਹੁਤ ਉਪਯੋਗੀ ਹੁੰਦੀ ਹੈ। ਇਸ ਲਈ ਸਵੇਰੇ-ਸ਼ਾਮ ਮੇਥੀ ਦੀ ਸਬਜ਼ੀ ਖਾਣ ਦੇ ਨਾਲ-ਨਾਲ ਮੇਥੀ
ਦਾ ਇੱਕ ਚਮਚ ਦਾਣੇ ਗਰਮ ਦੁੱਧ ਦੇ ਨਾਲ ਖਾਣਾ ਚਾਹੀਦਾ ਹੈ। ਰਾਤ ਨੂੰ ਸੌਂਦੇ ਸਮੇਂ ਮੇਥੀ
ਦਾਣਿਆਂ ਦਾ ਲੇਪ ਵਾਲਾਂ ਵਿੱਚ ਲਗਾਉਣ ਨਾਲ ਵਾਲਾਂ ਦਾ ਰੋਗ ਦੂਰ ਹੋ ਜਾਂਦਾ ਹੈ ਅਤੇ
ਜੜ੍ਹਾਂ ਮਜ਼ਬੂਤ ਹੁੰਦੀਆਂ ਹਨ। ਜਲਣ ਜਾਂ ਦਾਹ ਨੂੰ ਸ਼ਾਂਤ ਕਰਨ ਦੇ ਲਈ ਮੇਥੀ ਦੇ ਪੱਤੇ ਦਾ
ਰਸ ਚਾਰ-ਚਮਚ ਦਿਨ ਵਿੱਚ ਲਗਪਗ ਤਿੰਨ ਵਾਰ ਰੋਗੀ ਨੂੰ ਦਿੱਤਾ ਜਾਣਾ ਚਾਹੀਦਾ ਹੈ, ਨਾਲ ਹੀ
ਮੇਥੀ ਦੇ ਪੱਤਿਆਂ ਦਾ ਲੇਪ ਵੀ ਲਗਾਉਣਾ ਚਾਹੀਦਾ ਹੈ।
ਸ਼ੂਗਰ ਰੋਗ ਲਈ ਰਾਮ ਬਾਣ ਮੇਥੀ
ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਮੇਥੀ ਦੇ ਲੱਡੂ ਜਾਂ ਮੇਥੀ ਦੀ ਸਬਜ਼ੀ ਅਤੇ ਮੇਥੀ ਦੇ
ਦਾਣਿਆਂ ਦੇ ਚੂਰਨ ਦਾ ਨਿਯਮਿਤ ਰੂਪ ਨਾਲ ਸਵੇਰੇ-ਸ਼ਾਮ ਪ੍ਰਯੋਗ ਕਰਨਾ ਚਾਹੀਦਾ ਹੈ। ਮੇਥੀ
ਵਿੱਚ ਖੂਨ ਅਤੇ ਪਿਸ਼ਾਬ ਵਿੱਚ ਗੁਲੂਕੋਜ਼ ਦੀ ਮਾਤਰਾ ਨੂੰ ਘੱਟ ਕਰਨ ਦਾ ਵਿਸ਼ੇਸ਼ ਗੁਣ ਹੁੰਦਾ
ਹੈ। ਇਸ ਕਾਰਨ ਸ਼ੂਗਰ ਦੇ ਰੋਗੀਆਂ ਲਈ ਮੇਥੀ ਦਾ ਬਹੁਤ ਮਹੱਤਵ ਹੈ। ਸ਼ੂਗਰ ਦੇ ਰੋਗੀਆਂ ਨੂੰ
ਰੋਜ਼ਾਨਾ ਦੋ ਚਮਚ ਮੇਥੀ ਦਾਣਿਆਂ ਦਾ ਚੂਰਨ ਦੁੱਧ ਵਿੱਚ ਮਿਲਾ ਕੇ ਲੈਣਾ ਚਾਹੀਦਾ ਹੈ। ਜੇ
ਸੰਭਵ ਹੋਵੇ ਤਾਂ ਦੋ ਚਮਚ ਮੇਥੀ ਦੇ ਦਾਣਿਆਂ ਨੂੰ ਪਾਣੀ ਦੇ ਨਾਲ ਹੀ ਨਿਗਲ ਲੈਣਾ ਚਾਹੀਦਾ
ਹੈ। ਜਾਮਨ ਦੇ ਸੁੱਕੇ ਬੀਜਾਂ ਵਿੱਚ ਮੇਥੀ ਮਿਲਾ ਕੇ ਪੀਸਣ ਅਤੇ ਰਾਤ ਨੂੰ ਸੌਣ ਤੋਂ
ਪਹਿਲਾਂ ਇਸ ਮਿਸ਼ਰਨ ਦੇ ਇੱਕ ਚਮਚ ਸੇਵਨ ਨਾਲ ਵੀ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਠੀਕ
ਰਹਿੰਦੀ ਹੈ। ਇਸ ਦੇ ਨਾਲ ਸਰੀਰ ਵਿੱਚ ਕੋਲੈਸਟਰੋਲ ਦੀ ਮਾਤਰਾ ਵੀ ਠੀਕ ਰਹਿੰਦੀ ਹੈ।
ਸ਼ਾਕਾਹਾਰੀਆਂ ਲਈ ਵਰਦਾਨ ਮੇਥੀ
‘ਟਰਾਂਸਮੇਥਾਇਮਿਲਮਿਨ’ ਨਾਮਕ ਤੱਤ ਮੇਥੀ ਵਿੱਚ ਪਾਇਆ ਜਾਂਦਾ ਹੈ। ਇਸ ਕਾਰਨ ਇਹ
ਸ਼ਾਕਾਹਾਰੀਆਂ ਦੇ ਲਈ ਮੱਛੀ ਦੇ ਤੇਲ ਦਾ ਵਧੀਆ ਬਦਲ ਹੈ। ਮੇਥੀ ਵਿੱਚ ਪਾਇਆ ਜਾਣ ਵਾਲਾ
ਲੇਸੀਥਿਨ ਨਾਮਕ ਤੱਤ ਦਿਮਾਗੀ ਕਮਜ਼ੋਰੀ ਨੂੰ ਦੂਰ ਕਰਦਾ ਹੈ। ਪਾਣੀ ਵਿੱਚ ਪੀਸ ਕੇ ਬਣੇ
ਮੇਥੀ ਦਾਣੇ ਦੇ ਪੇਸਟ ਨੂੰ ਜਲੇ ਹੋਏ ਥਾਂ ’ਤੇ ਲਗਾਉਣ ਨਾਲ ਦਰਦ ਅਤੇ ਜਲਣ ਤੋਂ ਰਾਹਤ
ਮਿਲਦੀ ਹੈ ਅਤੇ ਜ਼ਖ਼ਮ ਜਲਦੀ ਠੀਕ ਹੋ ਜਾਂਦਾ ਹੈ। ਇਸ ਤਰ੍ਹਾਂ ਦਿਨ ਵਿੱਚ ਲਗਪਗ ਤਿੰਨ ਵਾਰ
ਕਰਨਾ ਚਾਹੀਦਾ ਹੈ।
ਭੁੱਖ ਨਾ ਲੱਗਣਾ, ਜ਼ਿਆਦਾ ਪਿਸ਼ਾਬ ਆਉਣਾ, ਸਾਇਟਿਕਾ (ਲੰਗੜੀ ਦਰਦ), ਦਮਾ, ਪੇਟ ਅਤੇ
ਮਾਸਪੇਸ਼ੀਆਂ ਦੇ ਦਰਦ ਲਈ ਰੋਜ਼ਾਨਾ ਮੇਥੀ ਦਾਣਿਆਂ ਦੀ ਇੱਕ ਚਮਚ ਮਾਤਰਾ ਦਿਨ ਵਿੱਚ ਤਿੰਨ
ਵਾਰ ਲੈਣ ਨਾਲ ਲਾਭ ਹੁੰਦਾ ਹੈ। ਮੇਥੀ ਅਤੇ ਸਾਡੇ ਸਰੀਰ ਦਾ ਸਿੱਧਾ ਸਬੰਧ ਹੈ। ਇਸ ਲਈ
ਮੇਥੀ ਨੂੰ ਸਾਨੂੰ ਆਪਣੇ ਭੋਜਨ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।