ਗਾਜ਼ੀਆਬਾਦ,
25 ਫਰਵਰੀ (ਏਜੰਸੀ)-ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਵਕੀਲ ਤੇ ਸਮਾਜਵਾਦੀ ਪਾਰਟੀ ਦੇ
ਨੇਤਾ ਯਸ਼ਵੀਰ ਸਿੰਘ ਯਾਦਵ ਦੀ ਅੱਜ ਸਵੇਰੇ ਪਿੰਡ ਦੇ ਹੀ ਇਕ ਦਰਜਨ ਤੋਂ ਵੱਧ ਲੋਕਾਂ ਨੇ
ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਵਿਚ ਵਕੀਲ ਦਾ
ਨਿੱਜੀ ਗੰਨਮੈਨ ਅਤੇ ਭਰਾ ਵੀ ਜ਼ਖਮੀ ਹੋ ਗਏ। ਹੱਤਿਆਰੇ ਯਸ਼ਵੀਰ ਯਾਦਵ ਦੇ ਘਰੋਂ ਉਨ੍ਹਾਂ
ਦੀ ਰਾਈਫਲ ਤੇ ਰਿਵਾਲਵਰ ਵੀ ਲੁੱਟ ਕੇ ਲੈ ਗਏ। ਜ਼ਖ਼ਮੀਆਂ ਨੂੰ ਇਕ ਨਿੱਜੀ ਹਸਪਤਾਲ ਵਿਚ
ਦਾਖਲ ਕਰਵਾਇਆ ਗਿਆ ਹੈ। ਪੁਲਿਸ ਦੀ ਜਾਣਕਾਰੀ ਅਨੁਸਾਰ ਅੱਜ ਸਵੇਰੇ 11 ਵਜੇ ਦੇ ਕਰੀਬ
ਥਾਣਾ ਕਵੀਨਗਰ ਖੇਤਰ ਦੇ ਪਿੰਡ ਬਮਹੈਟਾ ਵਿਚ ਸਮਾਜਵਾਦੀ ਪਾਰਟੀ ਦੇ ਯਸ਼ਵੀਰ ਯਾਦਵ ਆਪਣੇ
ਘਰ ਵਿਚ ਹੀ ਸਨ। ਉਸ ਵੇਲੇ ਉਨ੍ਹਾਂ ਦੇ ਘਰ 'ਤੇ ਇਕ ਦਰਜਨ ਲੋਕਾਂ ਨੇ ਹਮਲਾ ਬੋਲ ਦਿੱਤਾ।
ਹਮਲਾਵਰਾਂ ਤੇ ਵਕੀਲ ਦੇ ਪਰਿਵਾਰ ਵਾਲਿਆਂ ਵਿਚ 15 ਮਿੰਟ ਤੱਕ ਗੋਲੀਆਂ ਚੱਲੀਆਂ।
ਜ਼ਖ਼ਮੀਆਂ ਦੇ ਘਰ ਵਾਲਿਆਂ ਅਨੁਸਾਰ ਹਮਲਾਵਰਾਂ ਵਿਚ ਉਨ੍ਹਾਂ ਦੇ ਘਰ ਦੇ ਕਰੀਬ ਰਹਿਣ
ਵਾਲੇ ਬਦਮਾਸ਼ ਮਿਠੁਨ ਆਪਣੇ ਦੋਸਤਾਂ ਨਾਲ ਸੀ। ਉਨ੍ਹਾਂ ਕੋਲ ਕਈ ਤਰ੍ਹਾਂ ਦੇ ਹਥਿਆਰ ਸਨ।
ਐਸ. ਐਸ. ਪੀ. ਪ੍ਰਸ਼ਾਤ ਕੁਮਾਰ ਨੇ ਦੱਸਿਆ ਕਿ ਸਮਾਜਵਾਦੀ ਪਾਰਟੀ ਦੇ ਨੇਤਾ ਨੂੰ ਤਿੰਨ
ਗੋਲੀਆਂ ਲੱਗੀਆਂ। ਉਨ੍ਹਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਹੱਤਿਆ ਦਾ ਕਾਰਨ
ਪੁਰਾਣੀ ਰੰਜ਼ਿਸ਼ ਦੱਸਿਆ ਗਿਆ। ਘਟਨਾ ਵਿਚ ਸ਼ਾਮਿਲ ਹਮਲਾਵਰ ਯਾਦਵ ਦੇ ਗੰਨਮੈਨ ਤੋਂ
ਰਾਈਫਲ ਤੇ ਲਾਇਸੈਂਸੀ ਰਿਵਾਲਵਰ ਖੋਹ ਕੇ ਲੈ ਗਏ। ਸਾਰੇ ਹਮਲਾਵਰ ਦੋ ਕਾਰਾਂ ਤੇ
ਮੋਟਰਸਾਈਕਲ 'ਤੇ ਆਏ ਸਨ।