Pages

Monday, March 11, 2013

ਬਾਦਲ ਵੱਲੋਂ ਮਿਡਲ ਸਕੂਲਾਂ ਨੂੰ ਸੈਕੰਡਰੀ ਸਕੂਲਾਂ 'ਚ ਅਪਗਰੇਡ ਕਰਨ ਲਈ 5 ਕਿਲੋਮੀਟਰ ਦੇ ਫ਼ਾਸਲੇ ਦੀ ਸ਼ਰਤ ਨਰਮ ਕਰਨ ਦੀ ਮੰਗ


ਚੰਡੀਗੜ੍ਹ, 10 ਮਾਰਚ (ਵਿਸ਼ੇਸ਼ ਪ੍ਰਤੀਨਿਧ)- ਕੇਂਦਰੀ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਡਾ: ਮੰਗਾਪੱਟੀ ਪੱਲਮ ਰਾਜੂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਰਿਹਾਇਸ਼ 'ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ | ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ. ਬਾਦਲ ਨੇ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਸੂਬੇ 'ਚ ਮਿਡਲ ਸਕੂਲਾਂ ਨੂੰ ਸੈਕੰਡਰੀ ਸਕੂਲਾਂ 'ਚ ਅਪਗਰੇਡ ਕਰਨ ਲਈ 5 ਕਿਲੋਮੀਟਰ ਦੇ ਫਾਸਲੇ ਦੀ ਸ਼ਰਤ ਨਰਮ ਕੀਤੀ ਜਾਵੇ ਕਿਉਂਕਿ ਸੂਬੇ 'ਚ ਪਿੰਡਾਂ ਦਰਮਿਆਨ ਘੱਟ ਫਾਸਲਾ ਤੇ ਸੰਘਣੀ ਆਬਾਦੀ ਹੋਣ ਕਰਕੇ ਸੂਬੇ ਦੀ ਸਥਿਤੀ ਦੂਜੇ ਸੂਬਿਆਂ ਨਾਲੋਂ ਬਿਲਕੁਲ ਹੀ ਵੱਖਰੀ ਹੈ | ਇਸ ਕਰਕੇ ਵਿਦਿਆਰਥੀਆਂ ਦੀ ਬਹੁਤ ਜ਼ਿਆਦਾ ਗਿਣਤੀ ਵਾਲੇ ਮਿਡਲ ਸਕੂਲ ਨੂੰ ਸੈਕੰਡਰੀ ਸਕੂਲਾਂ ਵਜੋਂ ਅਪਗਰੇਡ ਕਰਨ ਦੀ ਸਖ਼ਤ ਲੋੜ ਹੈ | ਸ. ਬਾਦਲ ਨੇ ਕੇਂਦਰੀ ਮਨੁੱਖੀ ਵਸੀਲਿਆਂ ਬਾਰੇ ਵਿਕਾਸ ਮੰਤਰੀ ਨੂੰ ਦੱਸਿਆ ਕਿ ਸੂਬਾ ਸਰਕਾਰ ਵੱਲੋਂ 17 ਯੂਨੀਵਰਸਿਟੀ ਡਿਗਰੀ ਕਾਲਜਾਂ ਦੀ ਸਥਾਪਨਾ ਕੀਤੀ ਜਾ ਚੁੱਕੀ ਹੈ ਜੋ ਹੁਣ ਬਹੁਤ ਵਧੀਆ ਸਥਿਤੀ 'ਚ ਚੱਲ ਰਹੇ ਹਨ | ਉਨ੍ਹਾਂ ਆਖਿਆ ਕਿ ਨਰੋਟ ਜੈਮਲ ਸਿੰਘ ਤੇ ਗੁਰੂ ਹਰਸਹਾਏ ਵਿਖੇ ਦੋ ਹੋਰ ਮਾਡਰਨ ਕਾਲਜ ਸਥਾਪਤ ਕਰਨ ਲਈ ਪ੍ਰਵਾਨਗੀ ਦੇਣ ਤੋਂ ਇਲਾਵਾ ਵੇਰਕਾ ਤੇ ਮੂਨਕ ਵਿਖੇ ਦੋ ਹੋਰ ਯੂਨੀਵਰਸਿਟੀ ਕਾਲਜਾਂ ਨੂੰ ਪ੍ਰਵਾਨਗੀ ਦਿੱਤੀ ਜਾਵੇ | ਮੁੱਖ ਮੰਤਰੀ ਨੇ ਡਾ. ਪੱਲਮ ਰਾਜੂ ਨੂੰ ਇਹ ਵੀ ਅਪੀਲ ਕੀਤੀ ਕਿ ਬਠਿੰਡਾ ਵਿਖੇ ਬਣਾਈ ਜਾ ਰਹੀ ਕੇਂਦਰੀ ਯੂਨੀਵਰਸਿਟੀ ਦੀ ਉਸਾਰੀ ਤੇ ਹੋਰ ਸਬੰਧਤ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾਵੇ ਕਿਉਂ ਜੋ ਸੂਬਾ ਸਰਕਾਰ ਨੇ ਆਪਣੇ ਵੱਲੋਂ ਸਾਰੀਆਂ ਰਸਮਾਂ ਮੁਕੰਮਲ ਕਰ ਲਈਆਂ ਹਨ | ਇਸ ਮੌਕੇ ਖੁਰਾਕ ਤੇ ਸਿਵਲ ਸਪਲਾਈ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ. ਆਦੇਸ਼ ਪ੍ਰਤਾਪ ਸਿੰਘ ਕੈਂਰੋ ਨੇ ਕੌਮਾਂਤਰੀ ਸਰਹੱਦ ਨੇੜਲੇ ਸਕੂਲਾਂ ਵਿੱਚ ਸੇਵਾਵਾਂ ਨਿਭਾਅ ਰਹੇ ਅਧਿਆਪਕਾਂ ਲਈ ਢੁਕਵੀਂਆਂ ਰਿਹਾਇਸ਼ੀ ਸਹੂਲਤਾਂ ਨਾ ਹੋਣ ਦਾ ਮਾਮਲਾ ਉਠਾਉਂਦਿਆਂ ਸੁਝਾਅ ਦਿੱਤਾ ਕਿ ਭਾਰਤ ਸਰਕਾਰ ਇਨ੍ਹਾਂ ਅਧਿਆਪਕਾਂ ਨੂੰ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੇ ਸਾਂਝੇ ਉੱਦਮ ਨਾਲ ਰਿਹਾਇਸ਼ ਪ੍ਰਦਾਨ ਕਰ ਸਕਦੀ ਹੈ | ਇਸ ਮੌਕੇ ਸਿੱਖਿਆ ਮੰਤਰੀ ਸ: ਸਿਕੰਦਰ ਸਿੰਘ ਮਲੂਕਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ. ਕੇ. ਸੰਧੂ, ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਸ੍ਰੀ ਏ.ਆਰ. ਤਲਵਾੜ, ਸਕੱਤਰ ਸਿੱਖਿਆ ਅੰਜਲੀ ਭਾਵਰਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕੇ. ਜੇ. ਐਸ. ਚੀਮਾ ਤੇ ਗੁਰਕੀਰਤ ਕ੍ਰਿਪਾਲ ਸਿੰਘ ਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਕੇ. ਐਸ. ਪੰਨੂੰ ਸ਼ਾਮਿਲ ਸਨ |