ਚੰਡੀਗੜ੍ਹ,
25 ਮਾਰਚ -ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਵੱਲੋਂ
ਅੱਜ ਇਕ ਹੁਕਮ ਜਾਰੀ ਕਰਦਿਆਂ ਸ. ਫਤਿਹਜੰਗ ਸਿੰਘ ਬਾਜਵਾ ਨੂੰ ਜਨਰਲ ਸਕੱਤਰ ਇੰਚਾਰਜ
ਪੰਜਾਬ ਕਾਂਗਰਸ ਦਫ਼ਤਰ ਥਾਪਿਆ ਗਿਆ ਹੈ, ਜੋ ਕਿ ਚੰਡੀਗੜ੍ਹ ਸਥਿਤ ਪਾਰਟੀ ਹੈਡ ਕੁਆਰਟਰ
ਤੋਂ ਸਾਰਾ ਕੰਮ ਕਾਜ ਵੇਖਣਗੇ। ਇਕ ਵੱਖਰੇ ਹੁਕਮ ਰਾਹੀਂ ਸ. ਸੁਖਪਾਲ ਸਿੰਘ ਖਹਿਰਾ ਨੂੰ
ਪੰਜਾਬ ਕਾਂਗਰਸ ਦਾ ਮੁੱਖ ਬੁਲਾਰਾ ਥਾਪਿਆ ਗਿਆ ਹੈ। ਵਰਨਣਯੋਗ ਹੈ ਕਿ ਸ. ਫਤਿਹਜੰਗ ਸਿੰਘ
ਵੱਲੋਂ ਨਵੇਂ ਕਾਂਗਰਸ ਪ੍ਰਧਾਨ ਦੀ ਅੰਮ੍ਰਿਤਸਰ ਫੇਰੀ ਅਤੇ ਚੰਡੀਗੜ੍ਹ ਅਹੁਦਾ ਸੰਭਾਲਣ ਦੇ
ਸਮਾਗਮਾਂ ਦੇ ਪ੍ਰਬੰਧ ਵਿਚ ਵੀ ਅਹਿਮ ਭੂਮਿਕਾ ਨਿਭਾਈ ਸੀ ਅਤੇ ਕਾਂਗਰਸ ਪ੍ਰਧਾਨ ਦੇ ਛੋਟੇ
ਭਰਾ ਹੁੰਦਿਆਂ ਜਥੇਬੰਦਕ ਕੰਮ-ਕਾਜ ਨੂੰ ਵੀ ਸੰਭਾਲਿਆ ਜਾ ਰਿਹਾ ਹੈ। ਉਹ ਕੈਪਟਨ ਅਮਰਿੰਦਰ
ਸਿੰਘ ਦੇ ਨਾਲ ਵੀ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਵਜੋਂ ਨਿਯੁਕਤ ਸਨ ਅਤੇ ਸ੍ਰੀ
ਹਰਗੋਬਿੰਦਪੁਰ ਤੇ ਕਾਹਨੂੰਵਾਨ ਤੋਂ ਦੋ ਵਾਰ ਵਿਧਾਨ ਸਭਾ ਦੀ ਚੋਣ ਲਈ ਵੀ ਪਾਰਟੀ ਉਮੀਦਵਾਰ
ਰਹਿ ਚੁੱਕੇ ਹਨ। ਸ. ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਨੂੰ ਪਾਰਟੀ ਦਾ ਮੁੱਖ ਬੁਲਾਰਾ
ਥਾਪਿਆ ਗਿਆ ਹੈ, ਉਹ ਵੀ ਪਾਰਟੀ ਦੇ ਪਹਿਲਾਂ ਵੀ ਬੁਲਾਰੇ ਰਹਿ ਚੁੱਕੇ ਹਨ ਅਤੇ ਮੌਜੂਦਾ
ਅਕਾਲੀ ਭਾਜਪਾ ਸਰਕਾਰ ਖਿਲਾਫ਼ ਪਾਰਟੀ ਵੱਲੋਂ ਕਈ ਅਹਿਮ ਮੁੱਦੇ ਉਠਾਉਣ ਵਿਚ ਉਨ੍ਹਾਂ ਦੀ
ਵੱਡੀ ਭੂਮਿਕਾ ਵੀ ਰਹੀ ਅਤੇ ਉਕਤ ਦੋਨੋਂ ਆਗੂ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਨਿਕਟਵਰਤੀਆਂ
ਵਿਚੋਂ ਸਮਝੇ ਜਾਂਦੇ ਹਨ। ਪੰਜਾਬ ਕਾਂਗਰਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਕਤ
ਨਿਯੁਕਤੀਆਂ ਪੰਜਾਬ ਕਾਂਗਰਸ ਦੇ ਕੰਮ-ਕਾਜ ਨੂੰ ਤਿੱਖਾ ਤੇ ਸੁਚਾਰੂ ਕਰਨ ਲਈ ਕੀਤੀਆਂ ਗਈਆਂ
ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਵੱਲੋਂ ਸ. ਰਾਜਨਬੀਰ ਸਿੰਘ, ਸ੍ਰੀ. ਰਜਿੰਦਰ ਦੀਪਾ ਅਤੇ
ਸ੍ਰੀ ਅਸ਼ੋਕ ਚੌਧਰੀ ਨੂੰ ਪਾਰਟੀ ਦਾ ਕੰਮਕਾਜ ਵੇਖਣ ਲਈ ਪ੍ਰਦੇਸ਼ ਕਾਂਗਰਸ ਦੇ ਸਕੱਤਰ
ਨਿਯੁਕਤ ਕਰਨ ਦਾ ਫੈਸਲਾ ਲਿਆ ਅਤੇ ਉਹ ਵੀ ਪੰਜਾਬ ਕਾਂਗਰਸ ਦੇ ਦਫ਼ਤਰ ਨਾਲ ਜੁੜਕੇ
ਵੱਖ-ਵੱਖ ਜ਼ਿੰਮੇਵਾਰੀਆਂ ਲਈ ਕੰਮ ਕਰਨਗੇ।