Pages

Thursday, April 4, 2013

ਪੰਜਾਬ ਤੇ ਹੋਰਾਂ ਰਾਜਾਂ 'ਚ ਡੀਜ਼ਲ ਕਾਰਾਂ ਚੋਰੀ ਕਰਨ ਵਾਲਾ ਗਰੋਹ ਕਾਬੂ


1
18 ਮਹਿੰਗੀਆਂ ਗੱਡੀਆਂ ਬਰਾਮਦ
ਚੰਡੀਗੜ੍ਹ, 3 ਅਪ੍ਰੈਲ  - ਚੰਡੀਗੜ੍ਹ ਪੁਲਿਸ ਨੇ ਅੱਜ ਡੀਜ਼ਲ ਕਾਰਾਂ ਚੋਰੀ ਕਰਨ ਵਾਲੇ ਗਿਰੋਹ ਦੇ 5 ਮੈਂਬਰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 18 ਡੀਜ਼ਲ ਕਾਰਾਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ, ਪੁਲਿਸ ਅਨੁਸਾਰ ਇਨ੍ਹਾਂ ਗੱਡੀਆਂ ਦੀ ਕੀਮਤ ਲਗਭਗ 2 ਕਰੋੜ ਰੁਪਏ ਹੈ | ਬਰਾਮਦ ਕੀਤੀਆਂ ਗੱਡੀਆਂ 'ਚ 6 ਇੰਡੀਗੋ ਕਾਰਾਂ, 3 ਟਾਟਾ ਸਫਾਰੀ, 5 ਬੋਲੈਰੋ ਜੀਪਾਂ, 2 ਇੰਡੀਕਾ ਕਾਰਾਂ, 1 ਵਰਨਾ ਕਾਰ ਤੇ 1 ਆਲਟੋ ਕਾਰ ਸ਼ਾਮਲ ਹੈ | ਪੁਲਿਸ ਨੇ ਦੋਸ਼ੀਆਂ ਦੀ ਪਛਾਣ ਸੋਨੀਪਤ ਦੇ ਰਹਿਣ ਵਾਲੇ ਪ੍ਰਵੀਨ ਕੁਮਾਰ, ਰੋਹਤਕ ਦੇ ਸਮਸ਼ੇਰ ਸਿੰਘ, ਮੇਰਠ, ਯੂ. ਪੀ. ਦੇ ਸ਼ਾਹਨਵਾਜ਼, ਇਰਫਾਨ ਤੇ ਅਸੀਮ ਵਜੋਂ ਦੱਸੀ ਹੈ | ਚੰਡੀਗੜ੍ਹ ਦੇ ਐੱਸ. ਐੱਸ. ਪੀ. ਨੌਨਿਹਾਲ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋਸ਼ੀ ਪ੍ਰਵੀਨ ਕੁਮਾਰ ਗਿਰੋਹ ਦੇ ਬਾਕੀ ਮੈਂਬਰਾਂ ਦੀ ਮੱਦਦ ਨਾਲ ਵੱਖ-ਵੱਖ ਸ਼ਹਿਰਾਂ 'ਚੋਂ ਡੀਜ਼ਲ ਗੱਡੀਆਂ ਚੋਰੀ ਕਰਦਾ ਸੀ, ਗੱਡੀ ਚੋਰੀ ਕਰਨ ਮਗਰੋਂ ਦੋਸ਼ੀ ਸ਼ਾਹਨਵਾਜ਼ ਤੇ ਉਸ ਦਾ ਪੁੱਤਰ ਅਸੀਮ ਗੱਡੀਆਂ ਦੇ ਇੰਜਣ ਤੇ ਚੈਸੀ ਨੰਬਰ ਬਦਲ ਦਿੰਦੇ ਸਨ, ਇਹ ਦੋਵੇਂ ਇਸ ਕੰਮ 'ਚ ਮਾਹਰ ਸਨ, ਪੁਲਿਸ ਨੇ ਉਨ੍ਹਾਂ ਦੇ ਕਬਜ਼ੇ 'ਚੋਂ ਇੰਜਣ ਤੇ ਚੈਸੀ ਨੰਬਰ ਬਦਲਣ ਲਈ ਵਰਤੀ ਜਾਣ ਵਾਲੀ ਗਰਾਇੰਡਰ ਮਸ਼ੀਨ, ਹਥੌੜੇ ਤੇ ਹੋਰ ਔਜਾਰ ਬਰਾਮਦ ਕੀਤੇ, ਨੰਬਰ ਬਦਲਣ ਮਗਰੋਂ ਗਿਰੋਹ ਦੇ ਹੋਰ ਮੈਂਬਰ ਫ਼ਰਜ਼ੀ ਕਾਗ਼ਜ਼ਾਤ ਤਿਆਰ ਕਰਦੇ ਅਤੇ ਬਾਅਦ ਵਿਚ ਵਾਹਨ ਭੋਲੇ ਭਾਲੇ ਲੋਕਾਂ ਨੂੰ ਵੇਚ ਦਿੰਦੇ ਸਨ | ਉਨ੍ਹਾਂ ਇਹ ਵੀ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਤੋਂ ਹੋਰ ਚੋਰੀਆਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ, ਇਰਫਾਨ ਨੂੰ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਹੈ, ਜਦਕਿ ਬਾਕੀਆਂ ਨੂੰ ਅਦਾਲਤ ਨੇ 7 ਅਪ੍ਰੈਲ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ |