ਪੰਜਾਬੀ ਫ਼ਿਲਮ 'ਕਿਰਪਾਨ ਦਾ ਸਵੋਰਡ ਆਫ਼ ਆਨਰ' ਦਾ ਸੰਗੀਤ ਰਿਲੀਜ਼
ਚੰਡੀਗੜ੍ਹ, 18 ਜਨਵਰੀ (ਅਜੀਤ ਬਿਊਰੋ) - ਫ਼ਿਲਮ ਲੇਖਕ ਅਮਰੀਕ ਗਿੱਲ ਦੀ ਪਲੇਠੀ ਪੰਜਾਬੀ ਫ਼ਿਲਮ 'ਕਿਰਪਾਨ, ਦਾ ਸਵੋਰਡ ਆਫ਼ ਆਨਰ' ਦਾ ਸੰਗੀਤ ਅੱਜ ਇਥੇ ਜਾਰੀ ਕੀਤਾ ਗਿਆ | 7 ਫ਼ਰਵਰੀ ਨੂੰ ਜਾਰੀ ਹੋ ਰਹੀ ਇਸ ਫ਼ਿਲਮ ਦੇ ਸੰਗੀਤ ਰਿਲੀਜ਼ ਸਮਾਰੋਹ ਮੌਕੇ ਫ਼ਿਲਮ ਦੇ ਨਾਇਕ ਤੇ ਗਾਇਕ ਰੌਸ਼ਨ ਪਿ੍ੰਸ, ਮਾਸਟਰ ਸਲੀਮ, ਸੰਗੀਤਕਾਰ ਗੁਰਮੀਤ ਸਿੰਘ, ਗੀਤਕਾਰ ਅਮਰਦੀਪ ਸਿੰਘ ਗਿੱਲ, ਫ਼ਿਲਮ ਦੇ ਨਿਰਮਾਤਾ ਰਜਿੰਦਰ ਪਾਲ ਸਿੰਘ ਬਣਵੈਤ, ਮਿਊਜ਼ਿਕ ਕੰਪਨੀ ਸ਼ਿਮਾਰੋ ਦੇ ਮਾਲਕ ਬਬਲੀ ਸਿੰਘ ਤੇ ਫ਼ਿਲਮ ਵਿਤਰਕ ਮੁਨੀਸ਼ ਸਾਹਨੀ ਮੌਜੂਦ ਸਨ | ਫ਼ਿਲਮ ਦਾ ਸੰਗੀਤ ਜਾਰੀ ਕਰਨ ਦੀ ਰਸਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ, ਗੁਰਮਤਿ ਕਾਲਜ ਦਿੱਲੀ ਦੇ ਚੇਅਰਮੈਨ ਹਰਿੰਦਰ ਪਾਲ ਸਿੰਘ, ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਦੇ ਪਿ੍ੰ. ਸੈਕਟਰੀ ਐਸ.ਐਸ. ਚੰਨੀ ਤੇ ਭਾਈ ਬਲਬੀਰ ਸਿੰਘ ਨੇ ਸਾਂਝੇ ਤੌਰ 'ਤੇ ਅਦਾ ਕੀਤੀ | ਇਸ ਮੌਕੇ ਫ਼ਿਲਮ ਦੇ ਨਿਰਮਾਤਾ ਰਜਿੰਦਰ ਪਾਲ ਸਿੰਘ ਬਨਵੈਤ ਤੇ ਸੰਗੀਤਕਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਫ਼ਿਲਮ ਦੇ ਸੰਗੀਤ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ | ਫ਼ਿਲਮ ਵਿੱਚ 8 ਗੀਤ ਸ਼ਾਮਿਲ ਹਨ, ਜਿਨ੍ਹਾਂ ਨੂੰ ਅਮਰਦੀਪ ਸਿੰਘ ਗਿੱਲ, ਕੁਮਾਰ ਤੇ ਜੱਗੀ ਸਿੰਘ ਨੇ ਲਿਖਿਆ ਹੈ | ਫ਼ਿਲਮ 'ਚ ਇਕ ਸ਼ਬਦ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਰਚਨਾ 'ਚੋਂ ਵੀ ਲਿਆ ਗਿਆ ਹੈ | ਇਨ੍ਹਾਂ ਗੀਤਾਂ ਨੂੰ ਰੌਸ਼ਨ ਪਿ੍ੰਸ, ਮਿਸ ਪੂਜਾ, ਮਾਸਟਰ ਸਲੀਮ, ਮੀਕਾ ਸਿੰਘ, ਸੁਨਿਧੀ ਚੌਹਾਨ, ਮੀਨੂੰ ਸਿੰਘ, ਈਦੂ ਸ਼ਰੀਫ਼ ਤੇ ਭਾਈ ਸਾਹਬ ਭਾਈ ਬਲਬੀਰ ਸਿੰਘ ਜੀ ਨੇ ਆਵਾਜ਼ ਦਿੱਤੀ ਹੈ | ਫ਼ਿਲਮ 'ਚ ਮੁੱਖ ਭੂਮਿਕਾ ਨਿਭਾਉਣ ਵਾਲੇ ਰੌਸ਼ਨ ਪਿ੍ੰਸ ਨੇ ਕਿਹਾ ਕਿ ਇਹ ਫ਼ਿਲਮ ਉਨ੍ਹਾਂ ਲਈ ਬੇਹੱਦ ਮਹੱਤਵਪੂਰਨ ਹੈ | ਦਰਸ਼ਕਾਂ ਨੇ ਇਸ ਫ਼ਿਲਮ ਵਰਗਾ ਸੰਗੀਤ ਵੀ ਪਹਿਲਾਂ ਕਦੇ ਨਹੀਂ ਸੁਣਿਆ ਹੋਵੇਗਾ | ਇਸ ਮੌਕੇ ਹਾਜ਼ਰ ਬੁਲਾਰਿਆਂ ਨੇ ਕਿਹਾ ਕਿ 'ਕਿਰਪਾਨ ਦਾ ਸਵੋਰਡ ਆਫ਼ ਆਨਰ' ਵਰਗੀਆਂ ਫ਼ਿਲਮਾਂ ਦੀ ਪੰਜਾਬੀ ਸਿਨੇਮੇ ਨੂੰ ਬਹੁਤ ਜ਼ਿਆਦਾ ਲੋੜ ਹੈ, ਤਾਂ ਹੀ ਸਾਡੀ ਨੌਜਵਾਨ ਪੀੜ੍ਹੀ ਨੂੰ ਕੋਈ ਸੇਧ ਮਿਲ ਸਕੇਗੀ | ਇਸ ਫ਼ਿਲਮ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਰਚਨਾ ਨੂੰ ਆਵਾਜ਼ ਦੇਣ ਵਾਲੇ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਭਾਈ ਸਾਹਬ ਭਾਈ ਬਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਰਜਿੰਦਰ ਪਾਲ ਸਿੰਘ ਬਨਵੈਤ ਨੇ ਆਪਣੀ ਫ਼ਿਲਮ 'ਚ ਕੁਝ ਇਤਿਹਾਸਕ ਪੱਤਰੇ ਫ਼ਰੋਲੇ ਹਨ |