Pages

Friday, December 17, 2010

ਗੁਰਜੰਟ ਦੇ ਪਰਿਵਾਰ ਦੀ ਉੱਡ ਗਈ ਨੀਂਦ ਤੇ ਗੁਆਚ ਗਿਆ ਚੈਨ

( ਮਮਤਾ ਦੀ ਕਾਰ ਨਾਲ ਟੱਕਰ ਦਾ ਮਾਮਲਾ )

ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਤੇ ਰੇਲਵੇ ਮੰਤਰੀ ਮਮਤਾ ਬੈਨਰਜੀ ਦੀ ਕਾਰ ਨੂੰ ਟੱਕਰ ਮਾਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਮੌੜਾਂ ਦੇ 40 ਸਾਲਾ ਡਰਾਈਵਰ ਗੁਰਜੰਟ ਸਿੰਘ ਦੇ ਪਰਿਵਾਰ ਦੀ ਦਿਨ ਦਾ ਚੈਨ ਤੇ ਰਾਤ ਦੀ ਨੀਂਦ ਉੱਡ ਗਈ ਹੈ। ਗੁਰਜੰਟ ਨੂੰ ਪੱਛਮੀ ਬੰਗਾਲ ਦੀ ਪੁਲੀਸ ਨੇ ਮਮਤਾ ਨੂੰ ਮਾਰਨ ਦੀ ਸਾਜ਼ਿਸ਼ ਦੇ ਦੋਸ਼ ਵਿੱਚ ਹਿਰਾਸਤ ਵਿੱਚ ਰੱਖਿਆ ਹੋਇਆ ਹੈ।
ਅੱਜ ਜਦੋਂ ਪੱਤਰਕਾਰ ਗੁਰਜੰਟ ਦੇ ਪਿੰਡ ਪੁੱਜੇ ਤਾਂ ਪਿੰਡ ਵਾਲਿਆਂ ਦੀ ਅੱਖਾਂ ਵਿੱਚ ਚਮਕ ਆ ਗਈ ਕਿਉਂਕਿ ਉਨ੍ਹਾਂ ਨੂੰ ਲੱਗਿਆ ਕਿ ਕੋਈ ਚੰਗੀ ਖ਼ਬਰ ਆਈ ਹੈ, ਪਰ ਜਦੋਂ ਪੱਤਰਕਾਰ ਗੁਰਜੰਟ ਬਾਰੇ ਜਾਣਕਾਰੀ ਲੈਣ ਲੱਗੇ ਤਾਂ ਸਾਰਿਆਂ ਦੇ ਚਿਹਰੇ ਉਤਰ ਗਏ। ਟਰੱਕ ਡਰਾਈਵਰ ਦੀ 75 ਸਾਲਾ ਮਾਂ ਸੁਰਜੀਤ ਕੌਰ ਦੀਆਂ ਅੱਖਾਂ ਵਿੱਚ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ। ਉਹ ਭੁੱਬਾਂ ਮਾਰ ਕੇ ਉਸ ਘੜੀ ਨੂੰ ਕੋਸ ਰਹੀ ਹੈ, ਜਿਸ ’ਚ ਉਸ ਦਾ ਪੁੱਤ ਘਰੋਂ ਨਿਕਲਿਆ। 11 ਅਗਸਤ ਨੂੰ ਪੁਲੀਸ ਨੇ ਗੁਰਜੰਟ ਨੂੰ ਗ੍ਰਿਫਤਾਰ ਕਰਕੇ 12 ਦਿਨਾਂ ਦਾ ਰਿਮਾਂਡ ਲੈ ਲਿਆ ਸੀ। ਸੁਰਜੀਤ ਕੌਰ ਦਾ ਕਹਿਣਾ ਹੈ, ‘‘ਮੇਰਾ ਪੁੱਤ ਅਨਪੜ੍ਹ ਹੈ। ਉਸ ਨੂੰ ਪ੍ਰਧਾਨ ਮੰਤਰੀ ਦਾ ਨਾਂ ਨਹੀਂਪਤਾ ਤੇ ਉਹ ਰੇਲ ਮੰਤਰੀ ਨੂੰ ਮਾਰਨ ਦੀ ਸਾਜ਼ਿਸ਼ ’ਚ ਕਿਵੇਂ ਸ਼ਰੀਕ ਹੋ ਸਕਦਾ ਹੈ। ਪੱਛਮੀ ਬੰਗਾਲ ਪੁਲੀਸ ਸਾਡੇ ਘਰ ਦੀ ਹਾਲਤ ਆ ਕੇ ਦੇਖੇ ਤਾਂ ਉਸ ਨੂੰ ਪਤਾ ਲੱਗੇਗਾ ਕਿ ਉਸ ਨੇ ਗਲਤ ਬੰਦਾ ਫੜ ਲਿਆ ਹੈ। ਮੇਰਾ ਪੁੱਤ ਪਿਛਲੇ 17 ਸਾਲਾਂ ਤੋਂ ਟਰੱਕ ਚਲਾ ਰਿਹਾ ਹੈ ਤੇ 2500 ਰੁਪਏ ਮਹੀਨਾ ਕਮਾਉਂਦਾ ਹੈ।’’ ਗੁਰਜੰਟ ਦੀਆਂ ਦੋ ਧੀਆਂ ਪਰਵਿੰਦਰ ਕੌਰ (15), ਕਿਰਨਦੀਪ ਕੌਰ (12) ਤੇ ਪੁੱਤ ਜਤਿੰਦਰ ਸਿੰਘ (9) ਇਸ ਵੇਲੇ ਸਦਮੇ ਵਿੱਚ ਹਨ। ਬੱਚਿਆਂ ਦੀ ਮਾਂ ਗੁਰਬੰਸ ਕੌਰ ਨੇ ਦੱਸਿਆ, ‘‘ਅਸੀਂ ਤਾਂ ਦੋ ਵੇਲੇ ਦੀ ਰੋਟੀ ਲਈ ਜੱਦੋ-ਜਹਿਦ ਕਰ ਰਹੇ ਤੇ ਸਾਡੇ ਕੋਲ ਤਾਂ ਪੱਛਮੀ ਬੰਗਾਲ ਜਾਣ ਜੋਗੇ ਪੈਸੇ ਵੀ ਨਹੀਂ। ਇਸ ਹਾਲਤ ਵਿੱਚ ਕਾਨੂੰਨੀ ਲੜਾਈ ਲੜਨ ਦੀ ਗੱਲ ਤਾਂ ਬਹੁਤ ਦੂਰ ਹੈ।’’ ਗੁਰਜੰਟ ਦੇ 85 ਸਾਲਾ ਪਿਤਾ ਹਰੇਨਕ ਸਿੰਘ ਕੁਝ ਨਹੀਂ ਬੋਲ ਰਹੇ, ਸਿਰਫ ਆਪਣੇ ਪੁੱਤ ਦੀ ਸੁੱਖ-ਸਾਂਦ ਲਈ ਅਰਦਾਸ ਕਰ ਰਹੇ ਹਨ। ਗੁਰਜੰਟ ਦੇ ਵੱਡੇ ਭਰਾ ਵੀਰ ਸਿੰਘ ਨੇ ਕਿਹਾ ਕਿ ਹਾਦਸੇ ਵਿੱਚ ਉਸ ਦੇ ਭਰਾ ਦਾ ਕੋਈ ਕਸੂਰ ਨਹੀਂ, ਸਗੋਂ ਇਹ ਸਭ ਕੁਝ ਟਰੱਕ ਦੀਆਂ ਬਰੇਕਾਂ ਫੇਲ੍ਹ ਹੋਣ ਕਾਰਨ ਹੋਇਆ ਹੈ। ਪਿੰਡ ਦੇ ਲੋਕਾਂ ਨੇ ਇਕਸੁਰ ਵਿੱਚ ਕਿਹਾ, ‘‘ਪੁਲੀਸ ਜੋ ਮਰਜ਼ੀ ਕਹੀ ਜਾਵੇ, ਪਰ ਗੁਰਜੰਟ ਸਿੰਘ ਬੇਕਸੂਰ ਹੈ।’’ ਪਿੰਡ ਦੇ ਨਵਪ੍ਰੀਤ ਸਿੰਘ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਪੁਲੀਸ ਜਾਂਚ-ਪੜਤਾਲ ਲਈ ਪਿੰਡ ਨਹੀਂ ਆਈ। ਇਕ ਹੋਰ ਵਾਸੀ ਜਸਵਿੰਦਰ ਸਿੰਘ ਨੇ ਕਿਹਾ ਕਿ ਗੁਰਜੰਟ ਸਿੰਘ ਨਾਲ ਬੇਇਨਸਾਫੀ ਨਾ ਹੋਵੇ ਇਸ ਲਈ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਮਦਦ ਲਈ ਜਾਵੇਗੀ। ਟਰੱਕ ਦੇ ਮਾਲਕ ਨਰਿੰਦਰ ਸਿੰਘ ਮੁਤਾਬਕ ਹਾਦਸਾ ਟਰੱਕ ਦੀ ਬਰੇਕ ਫੇਲ੍ਹ ਹੋਣ ਕਾਰਨ ਹੋਇਆ। ਇਥੋਂ ਤੱਕ ਕਿ ਪੱਛਮੀ ਬੰਗਾਲ ਦਾ ਮੋਟਰ ਵਹੀਕਲ ਇੰਸਪੈਕਟਰ ਵੀ ਇਹ ਸਭ ਜਾਣਦਾ ਹੈ, ਪਰ ਪੁਲੀਸ ਨੇ ਨਾ ਟਰੱਕ ਛੱਡਿਆ ਤੇ ਨਾ ਗੁਰਜੰਟ। ਉਨ੍ਹਾਂ ਆਸ ਪ੍ਰਗਟਾਈ ਕਿ 23 ਅਗਸਤ ਨੂੰ ਇਕ ਵਾਰ ਪੁਲੀਸ ਰਿਮਾਂਡ ਖਤਮ ਹੋਣ ਮਗਰੋਂ ਗੁਰਜੰਟ ਦੀ ਰਿਹਾਈ ਹੋ ਸਕਦੀ ਹੈ। ਉਹ ਖੁਦ ਵੀ 20 ਨੂੰ ਪੱਛਮੀ ਬੰਗਾਲ ਜਾ ਰਿਹਾ ਹੈ।
ਸੰਗਰੂਰ (ਪੱਤਰ ਪ੍ਰੇਰਕ): ਗੁਰਜੰਟ ਸਿੰਘ ਦੀ ਰਿਹਾਈ ਲਈ ਪੱਛਮੀ ਬੰਗਾਲ ਦਾ ਘੱਟ ਗਿਣਤੀ ਕਮਿਸ਼ਨ ਮੈਂਬਰ ਸੋਹਣ ਸਿੰਘ, ਸਿੱਖ ਸਮਾਜ ਅਤੇ ਟਰਾਂਸਪੋਰਟ ਆਰਗੇਨਾਈਜੇਸ਼ਨ ਮੈਦਾਨ ਵਿਚ ਨਿੱਤਰ ਆਏ ਹਨ। ਕਮਿਸ਼ਨ ਮੈਂਬਰ ਸੋਹਣ ਸਿੰਘ ਨੇ ਦੱਸਿਆ ਕਿ ਗੁਰਜੰਟ ਸਿੰਘ ਉਤੇ ਦਰਜ ਕੀਤੇ ਗਏ ਮਾਮਲੇ ਸਬੰਧੀ ਉਹ ਆਪਣੇ ਵਕੀਲ ਰਾਹੀਂ ਕਾਨੂੰਨੀ ਲੜਾਈ ਲੜਨਗੇ ਅਤੇ ਉਸ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਵੀ ਦੇਣਗੇ। ਫੋਨ ’ਤੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਡਰਾਈਵਰ ਉਤੇ ਨਾਜਾਇਜ਼ ਕੇਸ ਪਾ ਕੇ ਉਸ ਨੂੰ ਰਾਜਨੀਤਕ ਰੰਗਤ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਅੱਜ ਗੁਰਜੰਟ ਸਿੰਘ ਨੂੰ ਪੁਲੀਸ ਹਿਰਾਸਤ ਵਿੱਚ ਮਿਲ ਕੇ ਅਤੇ ਉਸ ਨੂੰ ਭਰੋਸਾ ਦੇ ਕੇ ਆਏ ਹਨ। ਸੰਗਰੂਰ ਹਲਕੇ ਦੇ ਮੈਂਬਰ ਪਾਰਲੀਮੈਂਟ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਉਹ ਮਮਤਾ ਬੈਨਰਜੀ ਨਾਲ ਇਸ ਸਮੁੱਚੇ ਮਾਮਲੇ ਸਬੰਧੀ ਗੱਲਬਾਤ ਕਰਨਗੇ। ਇਸੇ ਦੌਰਾਨ ਇਸ ਸਬੰਧ ਵਿਚ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਸਮੁੱਚੇ ਮਾਮਲੇ ਸਬੰਧੀ ਕੇਂਦਰੀ ਆਗੂਆਂ ਨਾਲ ਗੱਲਬਾਤ ਕਰਨਗੇ।
ਸੁਨਾਮ ਤੋਂ ਪੱਤਰ ਪ੍ਰੇਰਕ ਅਨੁਸਾਰ: ਪਿੰਡ ਵਾਸੀ ਜ਼ਿਲ੍ਹਾ ਪੁਲੀਸ ਮੁਖੀ ਨੌਨਿਹਾਲ ਸਿੰਘ ਨੂੰ ਵੀ ਮਿਲੇ। ਲੋਕਾਂ ਨੇ ਪਿੰਡ ਦੇ ਹੀ ਜੰਮਪਲ ਸਾਬਕਾ ਮੰਤਰੀ ਬਲਦੇਵ ਸਿੰਘ ‘ਮਾਨ’ ਨਾਲ ਸੰਪਰਕ ਕੀਤਾ। ਸ੍ਰੀ ਸੁਖਦੇਵ ਸਿੰਘ ਢੀਂਡਸਾ ਨੇ ਦੱਸਿਆ ਕਿ ਇਸ ਮਾਮਲੇ ’ਤੇ ਉਨ੍ਹਾਂ ਰੇਲ ਮੰਤਰੀ ਮਮਤਾ ਬੈਨਰਜੀ ਤੇ ਗ੍ਰਹਿ ਮੰਤਰੀ ਨਾਲ ਗੱਲਬਾਤ ਕੀਤੀ ਹੈ। ਤਾਮਿਲਨਾਡੂ ਦੇ ਗਵਰਨਰ ਸੁਰਜੀਤ ਸਿੰਘ ਬਰਨਾਲਾ ਨੇ ਵੀ ਟਰੱਕ ਡਰਾਈਵਰ ਦੇ ਹੱਕ ਵਿਚ ਪੈਰਵੀ ਕੀਤੀ। ਲੋਕ ਨਿਰਮਾਣ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਦੀ ਤਰਫੋਂ ਪੈਰਵੀ ਕਰਨ ਦਾ ਵਾਅਦਾ ਕੀਤਾ।
ਪਿੰਡ ਦੇ ਸਰਪੰਚ ਬਲਦੇਵ ਸਿੰਘ, ਸਾਬਕਾ ਸਰਪੰਚ ਕੌਰ ਸਿੰਘ ਮੌੜਾਂ, ਟਰੱਕ ਯੂਨੀਅਨ ਸੁਨਾਮ ਦੇ ਪ੍ਰਧਾਨ ਅਮਰੀਕ ਸਿੰਘ ਮੌੜ ਨੇ ਮੰਗ ਕੀਤੀ ਹੈ ਕਿ ਬੇਕਸੂਰ ਗੁਰਜੰਟ ਸਿੰਘ ਨੂੰ ਰਿਹਾਅ ਕਰਵਾਉਣ ਲਈ ਪੰਜਾਬ ਸਰਕਾਰ ਦਖ਼ਲ ਦੇਵੇ।