ਅਣਖ ਜਿਸ ਦੀ ਮਰ ਗਈ ਜਿਊਂਦਿਆ ਹੀ ਮਰ ਗਿਆ।
ਮਰ ਕੇ ਵੀ ਸਦਾ ਜੀਂਵਦਾ ਜੋ ਅਣਖ ਖਾਤਿਰ ਮਰ ਗਿਆ।
ਅੱਜ ਹਰ ਕਲੀ ਉਦਾਸ ਹੈ ਫੁੱਲ ਵੀ ਖਿੜਣ ਤੋਂ ਡਰ ਰਿਹਾ,
ਲ਼ਗਦਾ ਹੈ ਚਮਨ ਨਾਲ ਕੋਈ ਮਾਲੀ ਗ਼ਦਾਰੀ ਕਰ ਗਿਆ।
ਦੁਸ਼ਮਣਾਂ ਦੇ ਪੱਥਰਾਂ ਉਸ ਦਾ ਨ ਕੁਝ ਵਿਗਾੜਿਆ,
ਸੱਜਣਾਂ ਦੇ ਮਾਰੇ ਇਕ ਫੁੱਲ ਨਾਲ ਈ ਉਹ ਮਰ ਗਿਆ।
ਸੂਏ ਦੇ ਸੁੱਕੇ ਪੁਲ ਹੇਠੋਂ ਲਾਸ਼ ਮਿਲੀ ਉਸ ਸ਼ਖਸ ਦੀ,
ਆਖਦਾ ਹੁੰਦਾ ਸੀ ਜਿਹੜਾ ਚਾਰੇ ਪੱਤਣ ਤਰ ਗਿਆ।
ਇਨਸਾਨ ਤੋਂ ਸ਼ੈਤਾਨ ਤੇ ਹੈਵਾਨ ਕੀ ਕੁਝ ਬਣ ਗਿਆ,
ਵਾਹ ਵਾਹ ਵੇਖੋ ਮਨੁੱਖ ਕਿੰਨੀ ਤਰੱਕੀ ਕਰ ਗਿਆ।
ਅੱਜ ਦਾ ਇਨਸਾਨ ਕਿੰਨਾ ਖਤਰਨਾਕ ਹੋ ਗਿਆ,
ਕੱਲ ਆਦਮੀ ਨੂੰ ਵੇਖ ਕੇ ਕਬਰਾਂ 'ਚ ਭੂਤ ਡਰ ਗਿਆ।
ਝੂਠ ਦੇ ਸਿੰਗਾਂ ਤੇ ਬਹਿ ਕੇ ਸੱਚ ਝੂਟੇ ਲੈ ਰਿਹਾ,
ਲ਼ਾਲੋ ਦਾ ਡੁੱਬਦਾ ਵੇਖਿਆ ਭਾਗੋ ਦਾ ਬੇੜਾ ਤਰ ਗਿਆ।
ਸੂਰਜਾਂ ਦੀ ਰੋਸ਼ਨੀ ਉਸ ਦਾ ਕੀ ਕਰੂ ਮੁਕਾਬਲਾ,
ਅੱਖਰਾਂ ਦੇ ਨਾਲ ਸ਼ਾਇਰ ਰੋਸ਼ਨੀ ਜੋ ਕਰ ਗਿਆ।