ਜੀਵਨ ਦੇ ਵਿਚ ਕੰਮ ਕੋਈ ਐਸਾ ਕਰ ਜਾਵਾਂ।
ਫੇਰ ਭਾਂਵੇ ਮੈਂ ਅਗਲੇ ਪਲ ਹੀ ਮਰ ਜਾਵਾਂ।
ਇਸ ਧਰਤੀ ਦਾ ਤਪਦਾ ਸੀਨਾ ਠਾਰ ਦਿਆਂ,
ਬੱਦਲ ਬਣ ਕੇ ਮਾਰੂਥਲ ਵਿਚ ਵਰ੍ਹ ਜਾਵਾਂ।
ਸ਼ਾਮ ਢਲੀ ਤਾਂ ਪੰਛੀ ਵੀ ਮੁੜ ਆਉਂਦੇ ਨੇ,
ਮੈਨੂੰ ਸਮਝ ਨਾ ਆਵੇ ਕਿਹੜੇ ਘਰ ਜਾਵਾਂ।
ਉਹ ਵੀ ਦਿਨ ਸਨ ਮੌਤ ਵੀ ਸਾਥੋਂ ਕੰਬਦੀ ਸੀ,
ਅੱਜਕਲ ਆਪਣੇ ਸਾਏ ਤੋਂ ਮੈਂ ਡਰ ਜਾਵਾਂ।
ਕਤਰਾ ਕਤਰਾ ਰੋਜ਼ ਮਰਨ ਤੋਂ ਚੰਗਾ ਏ,
ਕਿਓਂ ਨਾ ਇਕ ਦਿਨ ਸਾਰਾ ਹੀ ਮੈਂ ਮਰ ਜਾਵਾਂ।
ਜਿੱਤਣ ਦੇ ਲਈ ਹਰ ਕੋਈ ਬਾਜ਼ੀ ਲਾਉਂਦਾ ਏ,
ਮੈਂ ਹਰ ਵਾਰੀ ਜਾਣ ਬੁੱਝ ਕੇ ਹਰ ਜਾਵਾਂ।
ਤੁਰ ਜਾਵਣ ਦੇ ਬਾਦ ਵੀ ਹਰ ਕੋਈ ਯਾਦ ਕਰੇ,
ਮਹਿਫਲ ਦੇ ਵਿਚ ਰੰਗ ਕੋਈ ਐਸਾ ਭਰ ਜਾਵਾਂ