ਚੰਡੀਗੜ੍ਹ, 6 ਜਨਵਰੀ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਛੋਟੇ ਭਰਾ ਮਾਲਵਿੰਦਰ ਸਿੰਘ ਸਮਾਣਾ ਵਿਧਾਨ ਸਭਾ ਹਲਕੇ ਤੋਂ ਅਪਣੇ ਭਤੀਜੇ ਰਣਇੰਦਰ ਸਿੰਘ ਵਿਰੁਧ ਸਿਆਸੀ ਜੰਗ ਛੇੜਨ ਲੱਗੇ ਹਨ। ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਕਾਂਗਰਸ ਨੇ ਸਮਾਣਾ ਹਲਕੇ ਦੀ ਟਿਕਟ ਦਿਤੀ ਹੈ ਜਦਕਿ ਮਾਲਵਿੰਦਰ ਸਿੰਘ ਨੇ ਅੱਜ ਆਜ਼ਾਦ ਤੌਰ ’ਤੇ ਇਸੇ ਹਲਕੇ ਤੋਂ ਚੋਣ ਲੜਨ ਦਾ ਇਰਾਦਾ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਅਪਣੇ ਭਰਾ ਨੂੰ ਇਸ ਫ਼ੈਸਲੇ ’ਤੇ ਦੁਬਾਰਾ ਵਿਚਾਰ ਕਰਨ ਲਈ ਨਹੀਂ ਆਖਣਗੇ। ਇਕ ਭਤੀਜੇ ਵਲੋਂ ਅਪਣੇ ਚਾਚੇ ਵਿਰੁਧ ਲੜਨ ਦੇ ਫ਼ੈਸਲੇ ਨੂੰ ਕੋਈ ਸਿਆਣਪ ਵਾਲਾ ਨਹੀਂ ਆਖਿਆ ਜਾ ਸਕਦਾ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਸੋਨੀਆ ਗਾਂਧੀ ਵਿਰੁਧ ਕੋਈ ਗਿਲਾ ਨਹੀਂ ਕਿਉਂਕਿ ਇਹ ਫ਼ੈਸਲਾ ਉਨ੍ਹਾਂ ਦੇ ਭਰਾ (ਕੈਪਟਨ ਅਮਰਿੰਦਰ ਸਿੰਘ) ਅਤੇ ਭਤੀਜੇ ਵਿਚਕਾਰ ਹੈ।