Pages

Friday, July 20, 2012

ਸੰਗਰੂਰ ਤੋਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਤੇ ਜ਼ਿਲ੍ਹਾ ਯੋਜਨਾ ਬੋਰਡ ਸ. ਜਸਵੀਰ ਸਿੰਘ ਜੱਸੀ ਮੰਨਵੀ ਵੀ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਰਾਜਪੁਰਾ ਦੇ ਪੀ.ਪੀ.ਪੀ. ਉਮੀਦਵਾਰ ਲਾਜਪਤ ਚੌਧਰੀ ਅਕਾਲੀ ਦਲ ਚ ਸ਼ਾਮਿਲ


ਚੰਡੀਗੜ੍ਹ, 19 ਜੁਲਾਈ (pp) : ਪੀਪਲਜ਼ ਪਾਰਟੀ ਆਫ਼ ਪੰਜਾਬ (ਪੀ.ਪੀ.ਪੀ) ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਬੀਤੀਆਂ ਵਿਧਾਨ ਸਭਾ ਚੋਣਾਂ ਦੌਰਾਨ ਰਾਜਪੁਰਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਡਾ. ਲਾਜਪਤ ਚੌਧਰੀ ਆਪਣੇ ਹਜ਼ਾਰਾਂ ਸਮੱਰਥਕਾਂ ਸਮੇਤ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ 'ਚ ਪੀ.ਪੀ.ਪੀ. ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਗਏ। ਇਸ ਮੌਕੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਤੇ ਜ਼ਿਲ੍ਹਾ ਯੋਜਨਾ ਬੋਰਡ ਸੰਗਰੂਰ ਸ. ਜਸਵੀਰ ਸਿੰਘ ਜੱਸੀ ਮੰਨਵੀ ਵੀ ਘਰ ਵਾਪਸੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਗਏ।
ਡਾ. ਲਾਜਪਤ ਚੌਧਰੀ ਰਾਜਪੁਰਾ ਤੋਂ ਦੂਸਰੀ ਵਾਰ ਐਮ.ਸੀ. ਚੁਣੇ ਗਏ ਹਨ। ਉਨ੍ਹਾਂ ਦੀ ਪਤਨੀ ਸ੍ਰੀਮਤੀ ਨੀਰੂ ਚੌਧਰੀ, ਜੋ ਕਿ ਰਾਜਪੁਰਾ ਤੋਂ ਪੀ.ਪੀ.ਪੀ. ਦੇ ਕਵਰਿੰਗ ਉਮੀਦਵਾਰ ਸਨ ਨੇ ਆਪਣੇ ਪਤੀ ਡਾ. ਚੌਧਰੀ ਦੇ ਨਾਮਜ਼ਦਗੀ ਪੱਤਰ ਕਿਸੇ ਤਕਨੀਕੀ ਕਾਰਨ ਕਰਕੇ ਰੱਦ ਹੋਣ ਉਪਰੰਤ ਚੋਣ ਲੜਦਿਆਂ 6000 ਵੋਟਾਂ ਹਾਸਿਲ ਕੀਤੀਆਂ ਸਨ। ਡਾ. ਚੌਧਰੀ ਨਾਲ ਇਸ ਮੌਕੇ ਪੀ.ਪੀ.ਪੀ. ਦੇ ਹੋਰਨਾਂ ਆਗੂਆਂ ਜਿੰਨ੍ਹਾਂ 'ਚ ਡਾ. ਸੰਜੀਵ ਚੌਧਰੀ, ਡਾ. ਜਗਦੀਸ਼ ਚੌਧਰੀ, ਸ੍ਰੀ ਵੀ.ਕੇ. ਸੇਤੀਆ, ਸ੍ਰੀ ਬੀ.ਪੀ. ਸ਼ਰਮਾ, ਸ. ਸੁਖਵਿੰਦਰ ਸਿੰਘ ਕਾਲਾ, ਸ੍ਰੀ ਜਗਦੀਸ਼ ਕੁਮਾਰ ਅਤੇ ਸ. ਹਰਦੇਵ ਸਿੰਘ ਨੇ ਵੀ ਪੀ.ਪੀ.ਪੀ. ਨੂੰ ਅਲਵਿਦਾ ਕਹਿੰਦਿਆਂ ਸ਼੍ਰੋਮਣੀ ਅਕਾਲੀ ਦਲ 'ਚ ਸ਼ਮੂਲੀਅਤ ਕੀਤੀ।
ਪੀ.ਪੀ.ਪੀ. ਦੇ ਇੰਨ੍ਹਾ ਆਗੂਆਂ ਦਾ ਪਾਰਟੀ ਸਫਾ 'ਚ ਸਵਾਗਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਜਿੰਨੇ ਵੀ ਆਗੂ ਇਕ ਵਿਚਾਰਧਾਰਾ ਤਹਿਤ ਪੀ.ਪੀ.ਪੀ 'ਚ ਗਏ ਸਨ ਉਹ ਸਾਰੇ ਇਸ ਨਾਕਾਮਯਾਬ ਤਜੱਰਬੇ ਦੀ ਹਕੀਕਤ ਤੇ ਖੋਖਲੇਪਨ ਨੂੰ ਜਾਣ ਚੁੱਕੇ ਹਨ ਅਤੇ ਹੁਣ ਪੀ.ਪੀ.ਪੀ. ਇਕਲੌਤੇ ਵਿਅਕਤੀ ਵਾਲੀ ਪਾਰਟੀ ਬਣ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਆਪਣੀ ਵਿਕਾਸ ਏਜੰਡੇ 'ਤੇ ਅੱਗੇ ਵੱਧ ਰਹੀ ਹੈ ਜਦੋਂ ਕਿ ਵਿਰੋਧੀ ਪਾਰਟੀਆਂ ਕੋਲ ਨਾ ਤਾਂ ਕੋਈ ਮੁੱਦਾ ਹੈ ਅਤੇ ਨਾ ਹੀ ਸੂਬੇ ਦੇ ਵਿਕਾਸ ਲਈ ਕੋਈ ਏਜੰਡਾ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੇ ਵਿਚਾਰਧਾਰਾ 'ਤੇ ਪੂਰਨ ਵਿਸ਼ਵਾਸ ਪ੍ਰਗਟ ਕਰਦਿਆਂ ਡਾ. ਚੌਧਰੀ ਅਤੇ ਸ. ਜਸਵੀਰ ਸਿੰਘ ਨੇ ਕਿਹਾ ਕਿ ਉਹ ਇਹ ਪੂਰੀ ਤਰ੍ਹਾਂ ਜਾਣ ਚੁੱਕੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਕੋ ਇੱਕ ਅਜਿਹੀ ਪਾਰਟੀ ਹੈ ਜੋ ਪੰਜਾਬ ਨੂੰ ਤਰੱਕੀ ਤੇ ਖੁਸਹਾਲੀ ਦੀਆਂ ਬੁਲੰਦੀਆਂ ਵੱਲ ਲਿਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸੂਬੇ ਦੇ ਵਿਕਾਸ ਲਈ ਜੋ ਸੁਪਨਾ ਦੇਖਿਆ ਸੀ ਉਹ ਹੁਣ ਹਕੀਕਤ 'ਚ ਤਬਦੀਲ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਸੂਬੇ ਅੰਦਰ ਵਿਕਾਸ ਦੇ ਨਾਲ ਪ੍ਰਸ਼ਾਸਨ ਸੁਧਾਰ ਵੀ ਮਹਿਸੂਸ ਕੀਤੇ ਜਾ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਸ. ਅਜੈਬ ਸਿੰਘ ਮੁਖਮੈਲਪੁਰ, ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਪਟਿਆਲਾ ਰੂਰਲ ਦੇ ਪ੍ਰਧਾਨ ਸ. ਫੌਜਇੰਦਰ ਸਿੰਘ ਮੁਖਮੈਲਪੁਰ ਅਤੇ ਰਾਜਪੁਰਾ ਸਰਕਲ ਦੇ ਪ੍ਰਧਾਨ ਸ. ਹਰਪਾਲ ਸਿੰਘ ਸਰਾਓ ਵੀ ਹਾਜ਼ਿਰ ਸਨ।