|
| ਬਾਦਲ , ਸੁਖਬੀਰ ਅਤੇ ਅਮਰਿੰਦਰ ਅਤੇ ਜਗਮੀਤ ਨੇ ਲਾਇਆ ਟਿੱਲ ਦਾ ਜ਼ੋਰ
ਚੰਡੀਗੜ੍ਹ, 21 ਫਰਵਰੀ : 23 ਫ਼ਰਵਰੀ ਨੂੰ ਹੋਣ ਵਾਲੀ ਪੰਜਾਬ ਦੇ ਮੋਗਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਸਭ ਪਾਰਟੀਆਂ ਅਤੇ ਉਮੀਦਵਾਰਾਂ ਦਾ ਚੋਣ ਪ੍ਰਚਾਰ ਵੀਰਵਾਰ ਸ਼ਾਮੀਂ 5 ਵਜੇ ਖ਼ਤਮ ਹੋ ਗਿਆ।ਹੁਣ ਵੋਟਾਂ ਪੈਣ ਤੱਕ ਉਹ ਰੈਲੀਆਂ ਅਤੇ ਮੀਟਿੰਗਾਂ ਨਹੀਂ ਕਰ ਸਕਣਗੇ ਅਤੇ ਸਿਰਫ਼ ਨਿਜੀ ਤੌਰ ਤੇ ਲੋਕਾਂ ਨੂੰ ਮਿਲ ਸਕਦੇ ਹਨ।ਲਗਭਗ ਢਾਈ ਹਫ਼ਤੇ ਚੱਲੀ ਇਸ ਨਵੇਕਲੀ ਅਤੇ ਤੇਜ਼ ਤਰਾਰ ਚੋਂ ਮੁਹਿੰਮ ਵਿਚ ਪੰਜਾਬ ਦੀਆਂ ਦੋਵਾਂ ਮੁੱਖ ਸਿਆਸੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਸੇਂਕੜੇ ਨੇਤਾਵਾਂ ਅਤੇ ਵਰਕਰਾਂ ਨੇ ਆਪਣਾ ਪੂਰਾ ਜ਼ੋਰ ਲਾਇਆ।ਇੱਕ ਪਾਸੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ , ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ, ਹਰਸਿਮਰਤ ਕੌਰ ਬਾਦਲ ਦੇ ਨਾਲ ਸਾਰੇ ਹੀ ਸੀਨੀਅਰ ਮੰਤਰੀ,ਐਮ ਐਲ ਏ ਅਤੇ ਅਕਾਲੀ ਨੇਤਾ ਮੋਗੇ ਵਿੱਚ ਰਹੇ ਉਥੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ,ਭਾਰਤੀ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪਰਨੀਤ ਕੌਰ, ਸੀਨੀਅਰ ਨੇਤਾ ਜਗਮੀਤ ਸਿੰਘ ਬਰਾੜ , ਸੁਨੀਲ ਜਾਖੜ ਅਤੇ ਬੀਬੀ ਰਾਜਿੰਦਰ ਕੌਰ ਭੱਠਲ ਤੋਂ ਇਲਾਵਾ ਹੋ ਬਹੁਤ ਸਾਰੇ ਨੇਤਾ ਅਤੇ ਵਰਕਰ ਇਸ ਮੁਹਿੰਮ ਵਿਚ ਸਰਗਰਮ ਰਹੇ।ਅਮਰਿੰਦਰ ਸਿੰਘ ਨੇ ਵੀ ਲਗਾਤਾਰ ਹਲਕੇ ਵਿਚ ਰਹਿ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ। ਦੂਜੇ ਪਾਸੇ ਸੱਤਾ ਚ ਅਕਾਲੀ ਦਲ ਦੀ ਜੋੜੀਦਾਰ ਭਾਜਪਾ ਵਲੋਂ ਵੀ ਪਾਰਟੀ ਦਾ ਚੋਣ ਮੁਹਿਮ ਚ ਪੂਰਾ ਸਾਥ ਦਿਤਾ ਗਿਆ ਤੇ ਭਾਜਪਾ ਵਲੋਂ ਚੋਣ ਇੰਚਾਰਜ ਲਾਏ ਸਾਬਕਾ ਪ੍ਰਧਾਨ ਰਜਿੰਦਰ ਭੰਡਾਰੀ ਸਮੇਤ ਮੌਜੂਦਾ ਪ੍ਰਧਾਨ ਕਮਲ ਸ਼ਰਮਾ ਨੇ ਵੀ ਡਟਕੇ ਜੈਨ ਦੇ ਹੱਕ ਚ ਚੋਣ ਪ੍ਰਚਾਰ ਕੀਤਾ ਪਰ ਦੂਜੇ ਪਾਸੇ ਮੋਗਾ ਦੇ ਸਥਾਨਕ ਭਾਜਪਾ ਆਗੂ ਭਾਵੇਂ ਕੁਝ ਹੱਦ ਤਕ ਪਾਰਟੀ ਤੋਂ ਨਰਾਜ਼ ਹੀ ਜਾਪੇ। 1995 ਦੀ ਗਿੱਦੜਬਾਹਾ ਜ਼ਿਮਨੀ ਚੋਣ ਤੋਂ ਬਾਦ ਸ਼ਾਇਦ ਇਹ ਪਹਿਲੀ ਜ਼ਿਮਨੀ ਚੋਣ ਸੀ ਜਿਸ ਵਿਚ ਦੋਹਾਂ ਪਾਰਟੀਆਂ ਦਾ ਇੰਨਾ ਜ਼ੋਰ ਲੱਗਿਆ ਹੋਵੇ। ਨਤੀਜਾ ਭਾਵੇਂ ਕੋਈ ਵੀ ਨਿਕਲੇ ਪਰ ਇਹ ਹਕੀਕਤ ਹੈ ਕਾਂਗਰਸੀ ਨੇਤਾਵਾਂ ਨੇ ਇੱਕਠੇ ਹੋਕੇ ਸਖ਼ਤ ਲੜਾਈ ਹਾਕਮ ਪਾਰਟੀ ਨੂੰ ਦਿੱਤੀ।ਬੇਸ਼ੱਕ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੇ ਸਾਂਝੇ ਮੋਰਚੇ ਦਾ ਉਮੀਦਵਾਰ ਰਵਿੰਦਰ ਧਾਲੀਵਾਲ ਦੀ ਚੋਣ ਮੁਹਿੰਮ ਦਿਖਦੀ ਸੀ ਪਰ ਅਸਲ ਮੁਕਾਬਲਾ ਅਕਾਲੀ ਦਲ ਦੇ ਜੋਗਿੰਦਰ ਪਾਲ ਜੈਨ ਅਤੇ ਕਾਂਗਰਸ ਦੇ ਵਿਜੇ ਸਾਥੀ ਵਿਚਾਲੇ ਹੀ ਬਣਿਆ। ਜੋਗਿੰਦਰ ਜੈਨ ਦਲ -ਬਦਲੀ ਕਰਕੇ ਅਕਾਲੀ ਦਲ ਵਿਚ ਸ਼ਾਮਲ ਹੋਏ ਸਨ, ਇਸ ਲਈ ਦੋਹੀਂ ਪਾਸੀਂ ਜੈਨ ਹੀ ਸਭ ਤੋਂ ਵੱਡਾ ਚੋਣ ਮੁੱਦਾ ਸੀ।ਕਾਂਗਰਸ ਪਾਰਟੀ ਦਾ ਪ੍ਰਚਾਰ ਸੀ ਕਿ ਜੈਨ ਨੇ ਮੋਗੇ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਜਦੋਂ ਕਿ ਅਜਿਹੀ ਦਲ ਬਦਲੀ ਦਾ ਮਾਅਰਕਾ ਮਾਰਨ ਵਾਲੇ ਸੁਖਬੀਰ ਬਾਦਲ ਅਤੇ ਜੈਨ ਦਾ ਦਾ ਇਹੀ ਦਾਅਵਾ ਰਿਹਾ ਮੋਗੇ ਦੇ ਵਿਕਾਸ ਲਈ ਅਜਿਹਾ ਕੀਤਾ ਗਿਆ ਹੈ।ਚੋਣ ਮੁਹਿੰਮ ਦੌਰਾਨ ਵੀ ਖ਼ੂਬ ਦਲਬਦਲੀਆਂ ਹੋਈਆਂ ਪਰ ਬਹੁਤੀਆਂ ਕਾਂਗਰਸ ਤੋਂ ਅਕਾਲੀ ਦਲ ਵੱਲ ਹੋਈਆਂ।ਉਂਝ ਇਸ ਚੋਣ ਦੌਰਾਨ ਅਕਾਲੀ ਦਲ ਦੇ ਗਿੱਲ ਅਤੇ ਤੋਤਾ ਸਿੰਘ ਧੜਿਆਂ ਦੀ ਜੈਨ ਨੂੰ ਹਿਮਾਇਤ ਬਾਰੇ ਕਾਫ਼ੀ ਕਿੰਤੂ ਪ੍ਰੰਤੂ ਲਗਦੇ ਰਹੇ। 1 ਲੱਖ 74 ਹਜ਼ਾਰ ਵੋਟਰਾਂ ਵਾਲੇ ਮੋਗਾ ਹਲਕੇ ਵਿਚ ਇਕ ਲੱਖ 10 ਹਜ਼ਾਰ ਦੇ ਕਰੀਬ ਵੋਟ ਮੋਗੈ ਸ਼ਹਿਰ ਦੀ ਹੈ ਭਾਵ ਇਹ ਅਰਧ ਸ਼ਹਿਰੀ ਹਲਕਾ ਹੈ। ਇਸ ਲਈ ਨਤੀਜਾ ਕਾਫ਼ੀ ਹੱਦ ਤੱਕ ਸ਼ਹਿਰੀ ਗ਼ੈਰ ਸਿੱਖ ਵੋਟਰਾਂ ਤੇ ਨਿਰਭਰ ਕਰਦਾ ਹੈ। 23 ਫ਼ਰਵਰੀ ਨੂੰ ਮਸ਼ੀਨਾਂ ਰਾਹੀਂ ਵੋਟਾਂ ਪੈਣਗੀਆਂ ਅਤੇ ਇਨ੍ਹਾ ਦੀ ਗਿਣਤੀ 28 ਫ਼ਰਵਰੀ ਨੂੰ ਹੋਵੇਗੀ। ਪੰਜਾਬ ਦੀ ਰਾਜਨੀਤੀ ਵਿਚ ਰੁਚੀ ਰਖਦੇ ਦੁਨੀਆ ਭਰ ਦੇ ਭਾਰਤੀਆਂ ਦੀਆਂ ਨਜ਼ਰਾਂ ਮੋਗੇ ਤੇ ਹਨ।ਦੋਹੀਂ ਪਾਸੇ ਜਿੱਤ ਦੇ ਦਾਅਵੇ ਹਨ।ਹਰ ਜਿੱਤ ਤਾਂ ਜੈਨ ਜਾਂ ਸਾਥੀ ਦੀ ਹੋਵੇਗੀ ਪਰ ਇਸ ਦਾ ਪਰਛਾਵਾਂ ਅਮਰਿੰਦਰ ਦੀ ਪ੍ਰਧਾਨਗੀ ਕੁਰਸੀ ਅਤੇ ਸੁਖਬੀਰ ਦੀ ਮਾਅਰਕੇਬਾਜ਼ ਰਾਜਨੀਤੀ ਤੇ ਪਵੇਗਾ। |
|