|
| ਪ੍ਰਚਾਰ ਦੇ ਅੰਤਿਮ ਦਿਨ ਜੈਨ ਦੇ ਹੱਕ ਚ ਪ੍ਰਭਾਵਸ਼ਾਲੀ ਰੋਡ ਸ਼ੋਅ
ਮੋਗਾ, 21 ਫਰਵਰੀ : ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦਾ ਅੱਜ ਉਸ ਸਮੇਂ ਮੋਗਾ ਦੀਆਂ ਸੜਕਾਂ 'ਤੇ ਹੜ੍ਹ ਹੀ ਆ ਗਿਆ ਜਦੋਂ 50 ਹਜ਼ਾਰ ਤੋ ਵੱਧ ਹਿਮਾਇਤੀਆਂ ਦੇ ਇਕੱਠ ਨੇ ਸ੍ਰੀ ਜੋਗਿੰਦਰ ਪਾਲ ਜੈਨ ਦੇ ਹੱਕ 'ਚ ਕੱਢੇ ਗਏ ਪੈਦਲ ਰੋਡ ਸ਼ੋਅ 'ਚ ਹਿੱਸਾ ਲੈਂਦਿਆਂ ਹਲਕੇ ਦੇ ਵਿਕਾਸ ਨੂੰ ਸੁਨਿਸ਼ਚਤ ਕਰਨ 'ਤੇ ਮੋਹਰ ਲਾਈ। ਅੱਜ ਸਵੇਰ ਤੋਂ ਹੀ ਅਕਾਲੀ-ਭਾਜਪਾ ਵਰਕਰ ਮੋਗਾ ਬੱਸ ਸਟੈਂਡ ਨੇੜੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ ਅਤੇ ਦੁਪਿਹਰ ਦੇ 12 ਵਜੇ ਤੱਕ 50 ਹਜ਼ਾਰ ਅਕਾਲੀ-ਭਾਜਪਾ ਵਰਕਰਾਂ ਦੀ 4.7 ਕਿਲੋਮੀਟਰ ਲੰਬੀ ਕਤਾਰ ਲੱਗ ਗਈ ਸੀ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਤੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਜਿਵੇਂ ਹੀ ਰੋਡ ਸ਼ੋਅ ਦੇ ਸ਼ੁਰੂਆਤੀ ਸਥਾਨ 'ਤੇ ਪੁੱਜੇ ਤਾਂ ਮੋਗੇ ਦੇ ਵੱਖ-ਵੱਖ ਵਾਰਡਾਂ ਤੋਂ ਇਸ ਇਤਿਹਾਸਕ ਇਕੱਠ 'ਚ ਇਕੱਤਰ ਹੋਏ ਲੋਕਾਂ ਦੇ ਵਿਸ਼ਾਲ ਸਮੂਹ ਦਾ ਸਨੇਹ, ਪਿਆਰ ਤੇ ਸਹਿਯੋਗ ਦੇਖ ਕੇ ਗਦਗਦ ਹੋ ਉੱਠੇ। ਸ. ਬਾਦਲ ਨੇ ਮੌਕੇ 'ਤੇ ਪਹੁੰਚਦਿਆਂ ਸੱਭ ਤੋਂ ਪਹਿਲਾਂ ਅਕਾਲੀ-ਭਾਜਪਾ ਵਰਕਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਪੂਰੇ ਰੋਡ ਸ਼ੋਅ ਦੌਰਾਨ ਸੜਕ ਦੀ ਇੱਕ ਕਤਾਰ 'ਚ ਇਸ ਤਰ੍ਹਾਂ ਚੱਲਣ ਕਿ ਆਵਾਜ਼ਾਈ 'ਚ ਕੋਈ ਅੜਚਨ ਪੈਦਾ ਨਾ ਹੋਵੇ। ਉਨ੍ਹਾਂ ਖੁਦ ਨਿੱਜੀ ਤੌਰ 'ਤੇ ਆਵਾਜ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਇਸ ਉਪਰੰਤ 50 ਹਜ਼ਾਰ ਅਕਾਲੀ-ਭਾਜਪਾ ਵਰਕਰਾਂ ਵੱਲੋਂ ਜਿਸ ਅਨੁਸ਼ਾਸਨ 'ਚ ਰੋਡ ਸ਼ੋਅ ਕੀਤਾ ਗਿਆ ਉਸ ਨੇ ਸੱਭ ਨੂੰ ਹੈਰਾਨ ਕਰ ਦਿੱਤਾ। ਨੌਜਵਾਨ ਤੇ ਅਗਾਂਹਵਧੂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਵੱਲੋਂ ਇੱਕ ਮਿੰਨੀ ਟਰੱਕ 'ਤੇ ਸਵਾਰ ਹੋ ਕੇ ਇਸ ਜਲਸੇ ਦੀ ਅਗਵਾਈ ਕਰਨ ਦੌਰਾਨ ਉਨ੍ਹਾਂ ਨਾਲ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਅਕਾਲੀ-ਭਾਜਪਾ ਗਠਜੋੜ ਦੇ ਸੀਨੀਅਰ ਆਗੂ ਹਾਜ਼ਿਰ ਸਨ ਜੋ ਸ੍ਰੀ ਜੋਗਿੰਦਰ ਪਾਲ ਜੈਨ ਦੇ ਹੱਕ 'ਚ ਇਸ ਰੋਡ ਸ਼ੋਅ ਵਿਚ ਸ਼ਾਮਿਲ ਹੋਣ ਲਈ ਹਲਕੇ ਦੇ ਵੱਖ-ਵੱਖ ਕੋਨਿਆਂ ਤੋਂ ਪੁੱਜੇ ਲੋਕਾਂ ਦਾ ਧੰਨਵਾਦ ਕਰ ਰਹੇ ਸਨ। ਰੋਡ ਸ਼ੋਅ ਦੌਰਾਨ ਮੋਗੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਦੇ ਇਸ ਰੋਡ ਸ਼ੋਅ 'ਚ ਲੋਕਾਂ ਦੇ ਇਕੱਠ ਵੱਲੋਂ ਦਿਖਾਏ ਗਏ ਪਿਆਰ ਤੇ ਸਹਿਯੋਗ ਨੂੰ ਇਕ ਇਸ਼ਾਰਾ ਮੰਨੀਏ ਤਾਂ ਕਾਂਗਰਸ ਨੂੰ ਅਜੇ ਵੀ ਚੋਣ ਮੈਦਾਨ 'ਚੋਂ ਭੱਜ ਜਾਣ ਬਾਰੇ ਸੋਚ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਜੋਗਿੰਦਰ ਪਾਲ ਜੈਨ ਇਹ ਚੋਣ 51 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਕੇ ਇਤਿਹਾਸ ਰਚਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਇਹ ਚੋਣ ਵੀ ਵਿਕਾਸ ਦੇ ਏਜੰਡੇ 'ਤੇ ਲੜ ਰਿਹਾ ਹੈ ਅਤੇ ਮੋਗੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਲਕੇ ਦਾ ਤੇਜ਼ੀ ਨਾਲ ਵਿਕਾਸ ਕਰਵਾਉਣ ਲਈ ਸ੍ਰੀ ਜੋਗਿੰਦਰ ਪਾਲ ਦੇ ਹੱਕ 'ਚ ਫਤਵਾ ਦੇਣ। ਸ. ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਨੇ ਹਮੇਸ਼ਾਂ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ 'ਤੇ ਜੋਰ ਦਿੱਤਾ ਹੈ ਜਦੋਂ ਕਿ ਕਾਂਗਰਸ ਪਾਰਟੀ ਆਪਣਾ ਉੱਲੂ ਸਿੱਧਾ ਕਰਨ ਲਈ ਧਰਮਾਂ ਤੇ ਜਾਤਾਂ 'ਚ ਵੰਡੀਆਂ ਪਾਉਣ ਦੀਆਂ ਚਾਲਾਂ ਚੱਲਦੀ ਰਹੀ ਹੈ। ਇਸ ਮੌਕੇ ਸ੍ਰੀ ਜੋਗਿੰਦਰ ਪਾਲ ਜੈਨ ਨੇ ਹਲਕੇ ਦੇ ਲੋਕਾਂ ਵੱਲੋਂ ਦਿਖਾਏ ਇਸ ਪਿਆਰ, ਭਰੋਸੇ ਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦਾ ਇਹ ਪਿਆਰ ਹੀ ਉਨ੍ਹਾਂ ਦੀ ਵੱਡੀ ਜਿੱਤ ਨੂੰ ਯਕੀਨੀ ਬਣਾਵੇਗਾ। ਉਨ੍ਹਾਂ ਕਿਹਾ ਕਿ ਇਸ ਸ਼ਹਿਰ ਦੇ ਲੋਕ ਜੈਨ ਪਰਿਵਾਰ ਨੂੰ ਆਪਣਾ ਪਰਿਵਾਰ ਸਮਝਦੇ ਹਨ ਅਤੇ ਵਾਅਦਾ ਕੀਤਾ ਕਿ ਉਹ ਮੋਗੇ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਨਾਉਣਗੇ। |
|