ਸ੍ਰੀ ਮੁਕਤਸਰ ਸਾਹਿਬ, 22 ਫਰਵਰੀ-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਅੱਜ ਗੁਰੂ ਨਾਨਕ ਕਾਲਜ ਫਾਰ ਗਰਲਜ਼ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਈ ਭਾਗੋ ਖੇਡ ਸਟੇਡੀਅਮ ਦਾ ਉਦਘਾਟਨ ਕਰਨ ਅਤੇ ਸਲਾਨਾ ਸਮਾਗਮ ਵਿਚ ਸ਼ਾਮਲ ਹੋਣ ਮੌਕੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਚਰਨ ਛੂਹ ਪ੍ਰਾਪਤ ਇਤਿਹਾਸਕ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਅਤੇ ਮਾਈ ਭਾਗੋ ਦੀ ਯਾਦ ਵਿਚ ਸ਼ਹੀਦੀ ਸਮਾਰਕ ਬਣਾਇਆ ਜਾ ਰਿਹਾ ਹੈ, ਜਿਸ ਸਬੰਧੀ ਉਸਾਰੀ ਕੰਪਨੀਆਂ ਤੋਂ ਬਣਤਰ ਸਬੰਧੀ ਟੈਂਡਰ ਮੰਗ ਲਏ ਗਏ ਹਨ | ਇਹ ਕੰਮ ਸ਼ੁਰੂ ਹੋਣ ਤੇ ਨਿਯਤ ਸਮੇਂ ਵਿਚ ਪੂਰਾ ਕੀਤਾ ਜਾਵੇਗਾ | ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਦੱਸਿਆ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਮੁਰਾਦ ਬਿਮਾਰੀ ਕੈਂਸਰ ਤੋਂ ਪੀੜਤਾਂ ਦੇ ਇਲਾਜ ਲਈ ਰਾਹਤ ਵਜੋਂ ਪ੍ਰਤੀ ਮਰੀਜ਼ 20 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ ਅਤੇ ਹੁਣ ਤੱਕ ਦੂਜੇ ਸਾਲ ਵਿਚ 4 ਕਰੋੜ ਤੋਂ ਵਧ ਦੀ ਰਾਸ਼ੀ ਕੈਂਸਰ ਪੀੜਤਾਂ ਨੂੰ ਦਿੱਤੀ ਜਾ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਪਿਛਲੇ 15ਦਿਨਾਂ ਵਿਚ 123 ਕੇਸ ਪਾਸ ਕੀਤੇ ਹਨ | ਉਨ੍ਹਾਂ ਕਿਹਾ ਕਿ ਇਹ ਰਾਸ਼ੀ ਪੀੜਤ ਵਿਅਕਤੀ ਡਾਕਟਰੀ ਸਬੂਤ ਦੇ ਕੇ ਲੈ ਸਕਦਾ ਹੈ | ਉਨ੍ਹਾਂ ਦੱਸਿਆ ਕਿ ਸਿੱਖ ਨੌਜਵਾਨਾਂ ਨੂੰ ਆਈ.ਏ.ਐਸ ਅਤੇ ਆਈ.ਪੀ.ਐਸ ਤੇ ਹੋਰ ਉਚ ਪੱਧਰ ਦੇ ਟੈਸਟਾਂ ਦੀ ਤਿਆਰੀ ਕਰਵਾਉਣ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਲਦੀ ਹੀ ਇੰਸਟੀਚਿਊਟ ਸ਼ੁਰੂ ਕੀਤਾ ਜਾਵੇਗਾ | ਇਸ ਮੌਕੇ ਸਕੱਤਰ ਦਲਮੇਘ ਸਿੰਘ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ: ਤੇਜਿੰਦਰ ਕੌਰ ਧਾਲੀਵਾਲ, ਕਾਰਜਕਾਰੀ ਪਿ੍ੰਸੀਪਲ ਨਵਜੋਤ ਕੌਰ, ਜਥੇ: ਸਰੂਪ ਸਿੰਘ ਨੰਦਗੜ੍ਹ, ਜਥੇ: ਹੀਰਾ ਸਿੰਘ ਚੜ੍ਹੇਵਣ ਆਦਿ ਹਾਜ਼ਰ ਸਨ |