ਸਿਰਸਾ, 22 ਫਰਵਰੀ - ਇੰਡੀਅਨ ਨੈਸ਼ਨਲ ਲੋਕ ਦਲ ਦੇ ਪੋਲ ਖੋਲ੍ਹ ਮੁਹਿੰਮ ਦਾ ਜੁਆਬ ਦੇਣ ਲਈ ਕਾਂਗਰਸੀ ਆਗੂਆਂ ਨੇ ਵੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ | ਜਿਥੇ ਸਿਰਸਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਅਤੇ ਕਾਂਗਰਸ ਦੇ ਸਕੱਤਰ ਡਾ. ਅਸ਼ੋਕ ਤੰਵਰ ਨੇ ਪਿਛਲੇ ਇਕ ਹਫਤੇ ਤੱਕ ਸਿਰਸਾ ਵਿੱਚ ਰਹੇ ਦੋ ਦਰਜਨ ਤੋਂ ਵੱਧ ਪਿੰਡਾਂ ਵਿੱਚ ਵੱਖ-ਵੱਖ ਵਿਕਾਸ ਦੀਆਂ ਯੋਜਨਾਵਾਂ ਦੇ ਨੀਂਹ ਪੱਧਰ ਰੱਖੇ ਤੇ ਤਿਆਰ ਹੋਈਆਂ ਯੋਜਨਾਵਾਂ ਦਾ ਉਦਘਾਟਨ ਕੀਤੇ | ਹਰਿਆਣਾ ਯੋਜਨਾ ਬੋਰਡ ਦੇ ਸਾਬਕਾ ਡਿਪਟੀ ਕਮਿਸ਼ਨਰ ਅਤੇ ਕਾਂਗਰਸ ਦੇ ਸੀਨੀਅਰ ਆਗੂ ਚੌਧਰੀ ਰਣਜੀਤ ਸਿੰਘ ਵੀ ਪਿਛਲੇ ਇਕ ਹਫਤੇ ਤੋਂ ਆਪਣੇ ਰਾਣੀਆਂ ਹਲਕੇ ਦੇ ਕਰੀਬ ਦੋ ਦਰਜਨ ਤੋਂ ਵਧ ਪਿੰਡਾਂ ਵਿੱਚ ਨੁਕੜ ਸਭਾਵਾਂ ਤੇ ਜਲਸਿਆਂ ਨੂੰ ਸੰਬੋਧਨ ਕਰ ਚੁੱਕੇ ਹਨ | ਚੇਤੇ ਰਹੇ ਕਿ ਚੌਧਰੀ ਰਣਜੀਤ ਸਿੰਘ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਛੋਟੇ ਭਰਾ ਹਨ | ਪਿੰਡ ਕਰੀਵਾਲਾ ਵਿੱਚ ਇਕ ਜਲਸੇ ਨੂੰ ਸੰਬੋਧਨ ਕਰਦਿਆਂ ਚੌਧਰੀ ਰਣਜੀਤ ਸਿੰਘ ਨੇ ਕਿਹਾ ਕਿ ਰਾਣੀਆਂ ਹਲਕੇ ਵਿੱਚ ਬਿਜਲੀ ਦੀ ਵਿਵਸਥਾ ਵਿੱਚ ਸੁਧਾਰ ਦੇ ਲਈ 112.74 ਕਰੋੜ ਰੁਪਏ ਖਰਚ ਕੀਤੇ ਹਨ | ਇਸ ਦੇ ਨਾਲ ਹੀ ਪਿੰਡ ਦਮਦਮਾ ਅਤੇ ਜੀਵਨ ਨਗਰ ਵਿੱਚ 11 ਲੱਖ ਰੁਪਏ ਦੀ ਲਾਗਤ ਨਾਲ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ | ਇਸ ਤੋਂ ਪਹਿਲਾਂ ਉਨ੍ਹਾਂ ਨੇ ਪਿੰਡ ਪਹੁੰਚਣ 'ਤੇ ਪਿੰਡਾਂ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਉਨ੍ਹਾਂ ਨੇ ਕਿਹਾ ਕਿ ਸਿਰਸਾ ਜ਼ਿਲ੍ਹਾ ਵਿੰਚ ਸਿੱਖਿਆ ਦੇ ਖੇਤਰ ਵਿੱਚ ਵਿਕਾਸ ਕਾਰਜਾਂ 'ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ | ਜੀਵਨ ਨਗਰ ਵਿੱ 5 ਕਰੋੜ ਰੁਪਏ ਦੀ ਲਾਗਤ ਨਾਲ ਐਸਟਰੋਟ੍ਰਫ ਹਾਕੀ ਦਾ ਮੈਦਾਨ ਅਤੇ 4 ਕਰੋੜ ਰੁਪਏ ਦੀ ਲਾਗਤ ਨਾਲ ਆਈ.ਟੀ.ਆਈ. ਦਾ ਨਿਰਮਾਣ ਪ੍ਰਸਤਾਵਿਤ ਹੈ | ਇਸ ਦੇ ਨਾਲ-ਨਾਲ ਸਰਬ ਸਿੱਖਿਆ ਮੁਹਿੰਮ ਦੇ ਤਹਿਤ ਇਸ ਸਾਲ ਸਾਢੇ 13 ਕਰੋੜ ਰੁਪਏ ਖਰਚ ਕੀਤੇ ਗਏ ਹਨ | ਜ਼ਿਲ੍ਹੇ ਵਿੱਚ ਮਹਿਲਾ ਸਿੱਖਿਆ ਨੂੰ ਹਲਾਸ਼ੇਰੀ ਦੇਦ ਦੇ ਲਈ ਬੀ. ਆਰ. ਜੀ. ਐਫ ਯੋਜਨਾ ਤਹਿਤ ਇਕ ਦਰਜਨ ਤੋਂ ਜਿਆਦਾ ਬੱਸਾਂ ਮੁਹੱਈਆ ਕਰਵਾਈਆਂ ਗਈਆਂ ਹਨ | ਸਕੂਲਾਂ ਵਿੱਚ ਬੱਚਿਆਂ ਨੂੰ ਸਵੱਛ ਪੀਣ ਦਾ ਪਾਣੀ ਮੁਹੱਈਆ ਕਰਵਾਉਣ ਦੇ ਲਈ 25 ਸਕੂਲਾਂ ਵਿੱਚ ਹਾਰਵੇਸਟਿੰਗ ਸਿਸਟਮ ਵਾ ਲਾਏ ਜਾ ਰਹੇ ਹਨ | ਚੌਧਰੀ ਰਣਜੀਤ ਸਿੰਘ ਨੇ ਕਿਹਾ ਕਿ ਵਿਕਾਸ ਦੇ ਮਾਮਲੇ ਵਿੱਚ ਹਰਿਆਣਾ ਪ੍ਰਾਂਤ ਨੇ ਅਨੇਕ ਰਿਕਾਰਡ ਸਥਾਪਿਤ ਕੀਤੇ ਹਨ | ਅੱਜ ਇਹ ਪ੍ਰਾਂਤ ਇਕ ਕਲਿਆਣਕਾਰੀ ਸੂਬੇ ਦਾ ਸੁਪਨਾ ਪੂਰਾ ਕਰਨ ਦੇ ਲਈ ਲਗਾਤਾਰ ਅੱਗੇ ਵਧ ਰਿਹਾ ਹੈ | ਹੁੱਡਾ ਸਰਕਾਰ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਪਿਛਲੇ ਅੱਠ ਸਾਂਲਾਂ ਵਿੱਚ 53 ਹਜ਼ਾਰ ਤੋਂ ਜਿਆਦਾ ਪੂੰਜੀ ਨਿਵੇਸ਼ ਹੋ ਚੁੱਕਾ ਅਤੇ ਇਕ ਲੱਖ ਕਰੋੜ ਰੁਪਏ ਤੋਂ ਜਿਆਦਾ ਦਾ ਨਿਵੇਸ਼ ਪਾਈਪ ਲਾਈਨ ਵਿੱਜ ਹੈ | ਇਸ ਮੌਕੇ 'ਤੇ ਮਾਸਟਰ ਸੰਪੂਰਨ ਸਿੰਘ, ਰਾਣੀਆਂ ਬਲਾਕ ਦੇ ਚੇਅਰਮੈਨ ਸ਼ੇਰ ਸਿੰਘ, ਕਾਂਗਰਸ ਬਲਾਕ ਪ੍ਰਧਾਨ ਕੇਹਰ ਸਿੰਘ ਕੰਬੋਜ ਸਮੇਤ ਅਨੇਕ ਕਾਂਗਰਸੀ ਆਗੂ ਤੇ ਕਾਰਕੁਨ ਉਨ੍ਹਾਂ ਨਾਲ ਸਨ | ਇਸ ਤੋਂ ਪਹਿਲਾਂ ਉਨ੍ਹਾਂ ਨੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ |