ਬਰਨਾਲਾ, 23 ਫ਼ਰਵਰੀ -ਸਿਵਲ
ਹਸਪਤਾਲ ਬਚਾਓ ਕਮੇਟੀ ਦੀ ਮੀਟਿੰਗ ਸਿਵਲ ਹਸਪਤਾਲ ਬਰਨਾਲਾ ਦੀ ਪਾਰਕ 'ਚ ਜਗੀਰ ਸਿੰਘ
ਜਗਤਾਰ ਦੀ ਪ੍ਰਧਾਨਗੀ ਹੇਠ ਹੋਈ | ਜ਼ਿਲ੍ਹਾ ਪ੍ਰਸ਼ਾਸਨ ਤੇ ਮਿੳਾੂਸੀਪਲ ਕਮੇਟੀ ਬਰਨਾਲਾ
ਦੀ ਮਿਲੀ ਭੁਗਤ ਨਾਲ ਸ਼ਹਿਰ 'ਚੋਂ ਸਿਵਲ ਹਸਪਤਾਲ ਦੀ ਨਵੀਂ ਇਮਾਰਤ ਨੂੰ ਇਥੋਂ ਬਦਲ ਕੇ
ਸ਼ਹਿਰ ਤੋਂ 10 ਕਿੱਲੋਮੀਟਰ ਬਾਹਰ ਹੰਡਿਆਇਆ ਬਠਿੰਡਾ ਰੋਡ 'ਤੇ ਬਦਲਣ ਦੀ ਸਾਜ਼ਿਸ਼ ਦੇ
ਵਿਰੋਧ 'ਚ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਗਈ | ਮੀਟਿੰਗ 'ਚ ਦੁੱਖ ਪ੍ਰਗਟ ਕੀਤਾ
ਗਿਆ ਕਿ ਸਿਰਫ਼ ਪਿਛਲੇ ਕੁੱਝ ਹੀ ਮਹੀਨੇ ਪਹਿਲਾਂ ਸਿਹਤ ਸਕੱਤਰ ਮੈਡਮ ਵਿੰਨੀ ਮਹਾਜਨ ਨੇ
ਹਸਪਤਾਲ ਦੀ ਪੁਰਾਣੀ ਇਮਾਰਤ 'ਚ 50 ਬਿਸਤਰਿਆਂ ਦਾ ਜਨਾਨਾ ਵਾਰਡ ਬਣਾਉਣ ਦਾ ਵਾਅਦਾ ਕੀਤਾ
ਸੀ ਕਿਉਂਕਿ ਮੌਜੂਦਾ ਜਨਾਨਾ ਵਾਰਡ ਸਿਰਫ਼ ਤਿੰਨ ਬਿਸਤਰਿਆਂ ਦਾ ਹੀ ਹੈ | ਸਰਕਾਰ ਵੱਲੋਂ
ਇਸ ਦੇ ਉਲਟ ਪ੍ਰਤੀਕਰਮ ਵਿਚ ਨਵਾਂ ਹਸਪਤਾਲ ਵੀ ਇਥੋਂ ਬਦਲਣ ਦਾ ਸਰਕਾਰ ਦਾ ਫ਼ੈਸਲਾ ਲੋਕ
ਵਿਰੋਧੀ ਹੈ | ਇਹ ਬਹਾਨਾ ਕਿ ਹਸਪਤਾਲ ਦੀ ਸ਼ਹਿਰ 'ਚ ਮੌਜੂਦਗੀ ਨਾਲ ਟੇ੍ਰਫ਼ਿਕ ਵਿਚ ਵਿਘਨ
ਪੈਂਦਾ ਹੈ, ਬਿਲਕੁਲ ਨਿਰਮੂਲ ਹੈ | ਕਮੇਟੀ ਨੇ 2 ਮਾਰਚ ਨੂੰ 11 ਵਜੇ ਸਿਵਲ ਹਸਪਤਾਲ ਦੀ
ਪਾਰਕ 'ਚ ਸ਼ਹਿਰ ਨਿਵਾਸੀਆਂ, ਇਨਸਾਫ਼ ਪਸੰਦ ਲੋਕਾਂ, ਸਭ ਰਾਜਸੀ, ਧਾਰਮਿਕ, ਜਨਤਕ ਜਮਹੂਰੀ
ਜਥੇਬੰਦੀਆਂ ਦੇ ਆਗੂਆਂ ਨੂੰ ਪਹੁੰਚ ਕੇ ਅਗਲੀ ਰਣਨੀਤੀ ਤਹਿ ਕਰਨ ਲਈ ਪਹੁੰਚਣ ਦੀ ਅਪੀਲ
ਕੀਤੀ ਹੈ | ਇਸ ਮੌਕੇ ਪ੍ਰੇਮ ਕੁਮਾਰ, ਦਰਸ਼ਨ ਸਿੰਘ, ਰੂਪ ਸਿੰਘ ਛੰਨਾ, ਰਾਮ ਸਿੰਘ,
ਸਿਕੰਦਰ ਸਿੰਘ, ਉਜਾਗਰ ਸਿੰਘ ਬੀਹਲਾ, ਗੁਰਪ੍ਰੀਤ ਸਿੰਘ, ਅਨਿਲ ਕੁਮਾਰ, ਗੁਰਬਖ਼ਸ਼ ਸਿੰਘ,
ਬਲਦੇਵ ਸਿੰਘ ਆਦਿ ਆਗੂ ਹਾਜ਼ਰ ਸਨ |