Pages

Sunday, February 24, 2013

ਸੁਖਬੀਰ ਸਿੰਘ ਬਾਦਲ ਵੱਲੋਂ ਮੋਗਾ ਹਲਕੇ ਦੇ ਵੋਟਰਾਂ ਦਾ ਧੰਨਵਾਦ

ਮੋਗਾ, 23 ਫਰਵਰੀ  -ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉੱਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਮੋਗਾ ਉੱਪ ਚੋਣ ਦੇ ਸ਼ਾਂਤ, ਆਜ਼ਾਦਾਨਾ ਅਤੇ ਨਿਰਪੱਖ ਢੰਗ ਨਾਲ ਮੁਕੰਮਲ ਹੋਣ 'ਤੇ ਮੋਗਾ ਦੇ ਲੋਕਾਂ, ਸਰਕਾਰੀ ਅਧਿਕਾਰੀਆਂ ਅਤੇ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ ਹੈ | ਬਾਦਲ ਨੇ ਕਿਹਾ ਕਿ ਇਹ ਬਹੁਤ ਮਹੱਤਵਪੂਰਨ ਪ੍ਰਕਿਰਿਆ ਸੀ ਪਰ ਇਸ ਦੇ ਸ਼ਾਂਤਮਈ ਅਤੇ ਨਿਰਪੱਖ ਢੰਗ ਨਾਲ ਸਿਰੇ ਚੜ੍ਹਨ ਕਾਰਨ ਵਿਰੋਧੀਆਂ ਦੇ ਮੂੰਹ ਬੰਦ ਹੋ ਗਏ | ਅੱਜ ਇਥੇ ਜਾਰੀ ਇਕ ਬਿਆਨ ਰਾਹੀਂ ਬਾਦਲ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਪਾਰਦਰਸ਼ੀ ਢੰਗ ਨਾਲ ਇਹ ਚੋਣ ਕਰਵਾਏ ਜਾਣ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਹੋਰ ਆਗੂਆਂ ਦੇ ਇਸ ਪ੍ਰੋਪੋਗੰਡਾ ਨੂੰ ਵੀ ਗਲਤ ਸਾਬਿਤ ਕਰ ਦਿੱਤਾ ਕਿ ਮੋਗਾ ਉੱਪ ਚੋਣ ਸਾਫ ਸੁਥਰੀ ਤੇ ਨਿਰਪੱਖ ਨਹੀਂ ਹੋਵੇਗੀ | ਬਾਦਲ ਨੇ ਕਿਹਾ ਕਿ ਉਨ੍ਹਾਂ ਇਸ ਚੋਣ ਨੂੰ ਪਾਰਟੀ ਵਰਕਰਾਂ ਤੇ ਆਗੂਆਂ, ਬਜ਼ੁਰਗਾਂ, ਸਾਥੀਆਂ, ਵੱਖ ਵੱਖ ਸੰਸਥਾਵਾਂ ਤੇ ਗਰੁੱਪਾਂ ਦੇ ਮੈਂਬਰਾਂ ਅਤੇ ਪੱਤਰਕਾਰਾਂ ਨਾਲ ਵਧੇਰੇ ਮੇਲ ਮਿਲਾਪ ਦੇ ਮੌਕੇ ਵਜੋਂ ਲਿਆ ਅਤੇ ਉਨ੍ਹਾਂ ਤੋਂ ਮਦਦ ਤੇ ਸਹਿਯੋਗ ਪ੍ਰਾਪਤ ਕੀਤਾ | ਰਾਜ ਦੇ ਮੁਕੰਮਲ ਵਿਕਾਸ ਲਈ ਵਚਨਬੱਧਤਾ ਨੂੰ ਦੁਹਰਾਉਂਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਦੀ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਵਿਰੁੱਧ ਨਹੀਂ ਬਲਕਿ ਪੰਜਾਬ ਤੇ ਲੋਕ ਵਿਰੋਧੀ ਕਾਂਗਰਸ ਪਾਰਟੀ ਖਿਲਾਫ ਹੈ |