Pages

Tuesday, February 26, 2013

ਹੁੱਡਾ ਨੇ ਰਾਓ ਤੇ ਚੌਟਾਲਾ ਨੂੰ ਖਰੀਆਂ-ਖਰੀਆਂ ਸੁਣਾਈਆਂ

ਚੰਡੀਗੜ੍ਹ, 25 ਫਰਵਰੀ ( ਪ  ਪ )-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਮੈਂ ਖੇਤਰ ਦੇ ਵਿਕਾਸ ਲਈ ਜ਼ਿੰਮੇਵਾਰ ਹਾਂ ਅਤੇ ਖੇਤਰ ਦਾ ਵਿਕਾਸ ਕਰਵਾਂਗਾਂ, ਪਰ ਵਿਅਕਤੀਆਂ ਦੇ ਵਿਕਾਸ ਦਾ ਜ਼ਿੰਮੇਵਾਰ ਨਹੀਂ ਹਾਂ | ਉਨ੍ਹਾਂ ਨੇ ਕਿਸੇ ਦਾ ਨਾਂਅ ਲਏ ਬਗੈਰ ਕਿਹਾ ਕਿ ਬਾਵਲ ਆਉਣ ਲਈ ਕੁਝ ਲੋਕ ਕਹਿੰਦੇ ਹਨ ਕਿ ਮੇਰੇ ਤੋਂ ਨਹੀਂ ਪੁੱਛਿਆ, ਮੈਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ, ਕਿਉਾਕਿ ਬਾਵਲ ਮੇਰਾ ਹੈ ਅਤੇ ਮੈਂ ਬਾਵਲ ਦਾ | ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦਾ ਵਿਕਾਸ ਹੋਵੇ, ਰਿਵਾੜੀ ਦਾ ਵਿਕਾਸ ਹੋਵੇ ਜਾਂ ਕਿਸੇ ਵੀ ਇਲਾਕੇ ਦਾ ਵਿਕਾਸ ਹੋਵੇ, ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ | ਸ੍ਰੀ ਹੁੱਡਾ ਨੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਸਮੇਂ ਵਿਚ ਬਾਵਲ ਵਿਚ ਬੰਦ ਕੀਤੇ ਗਏ ਖੇਤੀਬਾੜੀ ਕਾਲਜ ਨੂੰ ਇਸ ਸਾਲ ਜੁਲਾਈ ਤੋਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ | ਉੱਥੇ ਸ੍ਰੀ ਹੁੱਡਾ ਨੇ ਬਿਜਲੀ ਮੰਤਰੀ ਕੈਪਟਨ ਅਜੈ ਸਿੰਘ ਯਾਦਵ ਵੱਲੋਂ ਚੁੱਕੀ ਗਈ ਮੰਗ 'ਤੇ ਮੀਰਪੁਰ ਵਿਚ ਚਲਾਏ ਜਾ ਰਹੇ ਰਿਜਨਲ ਸੈਂਟਰ ਨੂੰ ਯੂਨੀਵਰਸਿਟੀ ਵਿਚ ਤਬਦੀਲ ਕਰਨ ਲਈ ਗੰਭੀਰਤਾ ਨਾਲ ਵਿਚਾਰ ਕਰਨ ਦੀ ਗੱਲ ਕਹੀ | ਸ੍ਰੀ ਹੁੱਡਾ ਰਿਵਾੜੀ ਜ਼ਿਲੇ੍ਹ ਦੇ ਬਾਵਲ ਹਲਕੇ ਵਿਚ ਇਕ ਵਿਸ਼ਾਲ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ | ਸ੍ਰੀ ਹੁੱਡਾ ਨੇ ਆਉਣ ਵਾਲੀ 15 ਅਗਸਤ ਤੋਂ ਬਾਵਲ ਬਲਾਕ ਨੂੰ ਉਪ-ਮੰਡਲ ਦਾ ਦਰਜਾ ਦੇਣ ਦਾ ਐਲਾਨ ਕੀਤਾ | ਉਨ੍ਹਾਂ ਨੇ ਬਾਵਲ ਵਿਚ ਅਨਾਜ ਮੰਡੀ, ਸਟੇਡੀਅਮ, ਤਿੰਨ ਏਕੜ ਵਿਚ ਬੱਸ ਅੱਡਾ ਅਤੇ ਬਾਵਲ ਵਿਚ ਹਾਈਵੇ ਤਕ ਜਾਣ ਵਾਲੀ ਸੜਕ ਨੂੰ ਚੌੜਾ ਕਰਨ ਦਾ ਐਲਾਨ ਕੀਤਾ | ਇਸ ਤੋਂ ਇਲਾਵਾ, ਉਨ੍ਹਾਂ ਨੇ ਖੋਲ ਬਲਾਕ ਦਾ ਆਪਣਾ ਭਵਨ, ਖੋਲ ਬਲਾਕ ਦੇ ਖੋਲੀ ਪਿੰਡ ਵਿਚ ਮੁੱਢਲਾ ਸਿਹਤ ਕੇਂਦਰ, ਪਾਲੀ ਪਿੰਡ ਵਿਚ ਅਗਲੇ ਸਾਲ ਤੋਂ ਮਹਿਲਾ ਕਾਲਜ ਸ਼ੁਰੂ ਕਰਨਾ, ਨਗਰ ਪਾਲਿਕਾ ਦੇ ਸਾਰੇ 13 ਵਾਰਡਾਂ ਨੂੰ 15-15 ਲੱਖ ਰੁਪਏ ਦੇਣਾ, ਪਿੰਡਾਂ ਵਿਚ ਪਸ਼ੂ ਹਸਪਤਾਲ, ਸਕੂਲਾਂ ਦਾ ਦਰਜਾ ਵਧਾਉਣ ਅਤੇ ਵੱਖ-ਵੱਖ ਪਿੰਡਾਂ ਦੇ ਵਿਚਕਾਰ ਅਨੇਕ ਲਿੰਕ ਸੜਕ ਬਣਾਉਣ, ਦਮਲਾਵਾਸ ਵਿਚ ਪੋਲੀਟੈਕਨਿਕ ਖੋਲ੍ਹਣ ਦਾ ਐਲਾਨ ਕੀਤਾ | ਸ੍ਰੀ ਹੁੱਡਾ ਨੇ ਖੋਲ ਬਲਾਕ ਦੇ ਮਨੇਠੀ ਪਿੰਡ ਨੂੰ ਸਬ-ਤਹਿਸੀਲ ਦਾ ਦਰਜਾ ਵੀ ਦੇਣ ਦਾ ਐਲਾਨ ਕੀਤਾ | ਮੁੱਖ ਮੰਤਰੀ ਨੇ ਬਾਵਲ ਹਲਕੇ ਦੇ ਸਾਰੇ ਪਿੰਡਾਂ ਵਿਚ ਵਿਕਾਸ ਲਈ 10 ਕਰੋੜ ਰੁਪਏ ਦੀ ਰਕਮ ਦੇਣ ਦਾ ਵੀ ਐਲਾਨ ਕੀਤਾ |
ਇਸ ਤੋਂ ਪਹਿਲਾਂ ਹਰਿਆਣਾ ਕਾਂਗਰਸ ਕਮੇਟੀ ਦੇ ਪ੍ਰਧਾਨ ਫੂਲ ਚੰਦ ਮੁਲਾਨਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਆਉਣ ਤੋਂ ਬਾਅਦ ਰਾਜ ਦੀ ਦਸ਼ਾ ਤੇ ਦਿਸ਼ਾ ਬਦਲ ਗਈ ਹੈ | ਉਨ੍ਹਾਂ ਨੇ ਕਿਹਾ ਕਿ ਇਹ ਮੁੱਖ ਮੰਤਰੀ ਦੀ ਖੁੱਲ੍ਹ ਦਿਲੀ ਹੈ ਕਿ ਉਨ੍ਹਾਂ ਨੇ ਮਾਤਨਹੇਲ ਦੀ ਬਜਾਏ ਰਿਵਾੜੀ ਖੇਤਰ ਦੇ ਪਾਲੀ ਨੂੰ ਸੈਨਿਕ ਸਕੂਲ ਦਿੱਤਾ |