ਚੰਡੀਗੜ੍ਹ, 22 ਫਰਵਰੀ -''800 ਤੋਂ ਜ਼ਿਆਦਾ ਕਿਸਮਾਂ ਦੇ ਹਜ਼ਾਰਾਂ ਗੁਲਾਬਾਂ ਤੇ ਗੇਂਦੇ ਦੇ ਫੁੱਲਾਂ ਦੇ ਮਹਿਕ, ਪੱਟਾਂ ਦੇ ਜ਼ੋਰ ਨਾਲ ਭੰਗੜਾ ਪਾਉਂਦੇ ਗੱਭਰੂ, ਧਰਤੀ ਸਿੰਭਰਦੇ ਚਾਦਰੇ, ਧਰਤੀ 'ਤੇ ਅੱਡੀ ਮਾਰ ਬੋਲੀਆਂ ਪਾਉਂਦੀਆਂ ਮੁਟਿਆਰਾਂ, ਪੀਂਘਾਂ ਝੂਟਦੇ ਲੋਕ, ਕਿਧਰੇ ਗੀਤ ਗਾਉਂਦੇ ਅੱਲ੍ਹੜ ਮੁੰਡੇ-ਕੁੜੀਆਂ ਤੇ ਕਿਧਰੇ ਨਿਸ਼ਾਨੇ ਮਾਰਕੇ ਗੁਬਾਰੇ ਫੁੰਡਦੇ ਲੋਕ'', ਇਹ ਨਜ਼ਾਰਾ ਸੀ ਚੰਡੀਗੜ੍ਹ ਦੇ ਰੋਜ਼ ਗਾਰਡਨ 'ਚ ਅੱਜ ਸ਼ੁਰੂ ਹੋਏ 41ਵੇਂ ਗੁਲਾਬ ਮੇਲੇ ਦਾ | 3 ਦਿਨ ਚੱਲਣ ਵਾਲੇ ਇਸ ਮੇਲੇ 'ਚ ਅੱਜ ਜਿੱਥੇ ਗੱਭਰੂਆਂ-ਮੁਟਿਆਰਾਂ ਨੇ ਆਪਣੇ ਆਪਣੇ ਰਾਜ ਦੇ ਲੋਕ ਨਾਚਾਂ ਨਾਲ ਧਮਾਲਾਂ ਪਾਈਆਂ, ਉੱਥੇ ਹੀ ਪਰੀ ਦੇਸ਼ ਵਰਗੀਆਂ ਬਗੀਚੀਆਂ ਤਿਆਰ ਕਰਕੇ ਵੱਖ ਵੱਖ ਸੰਸਥਾਵਾਂ ਨੇ ਲੋਕਾਂ ਨੂੰ ਮੋਹ ਲਿਆ | ਸੈਕਟਰ 16 ਸਥਿਤ ਰੋਜ਼ ਗਾਰਡਨ 'ਚ ਦਾਖਲ ਹੁੰਦੇ ਹਜ਼ਾਰਾਂ ਮੇਲੀਆਂ ਨੂੰ ਅੱਜ ਗੁਲਾਬਾਂ ਤੇ ਗੇਂਦੇ ਦੀ ਫੁੱਲਾਂ ਦੀ ਮਹਿਕ ਨੇ ਨਸ਼ਿਆ ਦਿੱਤਾ | ਲੋਕਾਂ ਦੇ ਸਵਾਗਤ ਲਈ ਰੋਜ਼ ਗਾਰਡਨ 'ਚ ਗੇਂਦੇ ਦੇ ਫੁੱਲਾਂ ਨਾਲ ਤਿਆਰ ਕੀਤੀ ਔਰਤ, ਜੋਕਿ ਹੱਥ 'ਚ ਗੇਂਦੇ ਦੇ ਫੁੱਲਾਂ ਦਾ ਹਾਰ ਲੈਕੇ ਖੜ੍ਹੀ ਹੈ, ਗੇਂਦੇ ਦੇ ਫੁੱਲਾਂ ਨਾਲ ਤਿਆਰ ਹਿਰਨ ਤੇ ਫੁੱਲਾਂ ਨਾਲ ਤਿਆਰ ਹੋਰ ਮੂਰਤਾਂ ਨੇ ਮੇਲੀਆਂ ਨੂੰ ਐਨਾ ਮੋਹਿਆ ਕਿ ਉਹ ਇਨ੍ਹਾਂ ਮੂਰਤਾਂ ਨਾਲ ਖੜ੍ਹਕੇ ਫੋਟੋਆਂ ਖਿਚਵਾਉਣ ਲੱਗੇ | ਪਿਛਲੇ ਵਰ੍ਹੇ ਵਾਂਗ ਇਸ ਵਾਰ ਵੀ ਵੱਖ-ਵੱਖ ਸੰਸਥਾਵਾਂ ਵੱਲੋਂ ਤਿਆਰ ਬਗੀਚੀਆਂ ਦੀ ਖੂਬਸੂਰਤੀ ਵੇਖਕੇ ਲੋਕ ਦੰਗ ਰਹਿ ਗਏ, ਇਨ੍ਹਾਂ 'ਚ ਸਭ ਤੋਂ ਹੈਰਾਨ ਕਰ ਦੇਣ ਵਾਲੀ ਬਗੀਚੀ ਸੈਕਟਰ 42 ਦੇ ਚੰਡੀਗੜ੍ਹ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਦੀ ਹੈ, ਇੰਸਟੀਚਿਊਟ 'ਚ ਨਿਰਮਾਣ ਕਾਰਜ ਚੱਲ ਰਿਹਾ ਸੀ ਤੇ ਵਿਦਿਆਰਥੀਆਂ ਨੇ ਉੱਥੇ ਮੌਜੂਦ ਸ਼ੀਸ਼ਾ, ਲੱਕੜਾਂ ਅਤੇ ਹੋਰ ਸਮੱਗਰੀ ਜੋਕਿ ਨਿਰਮਾਣ ਕਾਰਜ ਮਗਰੋਂ ਕੂੜਾ-ਕਰਕਟ ਦੇ ਰੂਪ 'ਚ ਸੁੱਟ ਦਿੱਤੀ ਗਈ ਸੀ, ਨੂੰ ਇਕੱਠਾ ਕੀਤਾ ਤੇ ਉਸ ਕੂੜਾ ਕਰਕਟ ਤੋਂ ਇਕ ਖੂਬਸੂਰਤ ਬਗੀਚੀ ਤਿਆਰ ਕਰ ਦਿੱਤੀ | ਬਗੀਚੀਆਂ ਤੋਂ ਬਾਅਦ ਸੈਂਕੜੇ ਲੋਕਾਂ ਵੱਲੋਂ ਤਿਆਰ ਵੱਖ-ਵੱਖ ਫੁੱਲਾਂ ਦੇ ਵਿਸ਼ੇਸ਼ ਢੰਗ ਨਾਲ ਤਿਆਰ ਕੀਤੇ ਗਮਲਿਆਂ ਤੇ ਡਿਜ਼ਾਈਨਾਂ ਨੇ ਸਾਰਿਆਂ ਨੂੰ ਇਹ ਸੋਚਣ 'ਤੇ ਮਜ਼ਬੂਰ ਕਰ ਦਿੱਤਾ ਕਿ ਆਖਿਰ ਵਿਅਕਤੀਆਂ ਨੇ ਇਹ ਡਿਜ਼ਾਈਨ ਕਿਵੇਂ ਤੇ ਕਿੰਨੀ ਮਿਹਨਤ ਨਾਲ ਤਿਆਰ ਕੀਤੇ ਹੋਣਗੇ | ਮੇਲਾ ਕੇਵਲ ਰੋਜ਼ ਗਾਰਡਨ ਤੱਕ ਹੀ ਸੀਮਿਤ ਨਹੀਂ ਬਲਕਿ ਰੋਜ਼ ਗਾਰਡਨ ਦੇ ਸਾਹਮਣੇ ਲਈਅਰ ਵੈਲੀ ਵਿਚ ਵੀ ਮੇਲੀਆਂ ਲਈ ਝੂਟੇ ਅਤੇ ਸਵਾਦਲੇ ਪਕਵਾਨਾਂ ਦਾ ਪ੍ਰਬੰਧ ਕੀਤਾ ਗਿਆ ਹੈ ਜਿੱਥੇ ਅੱਜ ਲੋਕਾਂ ਨੇ ਝੂਟੇ ਝੂਟਣ, ਮਨੋਰੰਜਨ ਵਾਲੀਆਂ ਖੇਡਾਂ ਖੇਡਣ ਅਤੇ ਉੱਥੇ ਮੌਜੂਦ ਸੰਗੀਤਕਾਰਾਂ ਨਾਲ ਗੀਤ ਗਾਉਣ ਦਾ ਖੂਬ ਆਨੰਦ ਮਾਣਿਆ | ਮੇਲੇ ਦਾ ਉਦਘਾਟਨ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਕੇ.ਕੇ.ਸ਼ਰਮਾਂ ਵੱਲੋਂ ਕੀਤਾ ਗਿਆ |