Pages

Saturday, February 23, 2013

ਸੜਕ ਹਾਦਸੇ 'ਚ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ



ਨਵਾਂਸ਼ਹਿਰ, 22 ਫ਼ਰਵਰੀ  =-ਬੀਤੀ ਰਾਤ ਬਠਿੰਡਾ ਤੋਂ ਡਿਊਟੀ ਨਿਭਾਅ ਕੇ ਆਉਂਦੇ ਸਮੇਂ ਪਿੰਡ ਸੋਢੀਆਂ ਨਜ਼ਦੀਕ ਟਰਾਲੀ 'ਚ ਬਲੈਰੋ ਗੱਡੀ ਦੀ ਹੋਈ ਟੱਕਰ ਕਾਰਨ ਬਲਾਚੌਰ ਥਾਣੇ ਦੇ ਦੋ ਪੁਲਿਸ ਮੁਲਾਜ਼ਮਾਂ ਦੀ ਮੌਕੇ 'ਤੇ ਮੌਤ ਹੋ ਗਈ ਜਦ ਕਿ ਐਸ. ਐਚ. ਓ. ਸਮੇਤ 5 ਮੁਲਾਜ਼ਮ ਜ਼ਖ਼ਮੀ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਇੰਸਪੈਕਟਰ ਰਾਕੇਸ਼ ਕੁਮਾਰ ਐਸ ਐਚ ਓ ਬਲਾਚੌਰ ਦੇ ਨਾਲ ਡਰਾਇਵਰ ਯੋਗੇਸ਼, ਹਵਾਲਦਾਰ ਨਰਿੰਦਰ ਸਿੰਘ, ਹਵਾਲਦਾਰ ਅਮਰਜੀਤ ਸਿੰਘ ਅਤੇ ਸਿਪਾਹੀ ਮਨਜੀਤ ਸਿੰਘ ਬਠਿੰਡਾ ਤੋਂ ਡਿਊਟੀ ਕਰਕੇ ਵਾਪਿਸ ਨਵਾਂਸ਼ਹਿਰ ਨੂੰ ਆ ਰਹੇ ਸਨ ਕਿ ਲਾਡੂਵਾਲ ਟੋਲ ਪਲਾਜ਼ਾ 'ਤੇ ਦੋ ਜਹਾਨਖ਼ੇਲ੍ਹਾ ਦੇ ਸਿਖਾਂਦਰੂ ਸਿਪਾਹੀ ਅਜੈ ਕੁਮਾਰ ਅਤੇ ਨਰੇਸ਼ ਕੁਮਾਰ ਵੀ ਉਨ੍ਹਾਂ ਦੀ ਗੱਡੀ 'ਚ ਬੈਠ ਗਏ | ਜਦੋਂ ਉਹ ਜ਼ਿਲ੍ਹੇ ਦੇ ਪਿੰਡ ਸੋਢੀਆਂ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਟਰਾਲੀ ਟਰੈਕਟਰ ਜਿਸ ਦੀ ਇੱਕ ਖੱਬੇ ਪਾਸੇ ਵਾਲੀ ਲਾਈਟ ਚੱਲਦੀ ਸੀ ਜਿਸ ਕਾਰਨ ਸਕੂਟਰ ਮੋਟਰਸਾਈਕਲ ਵਾਲੇ ਭੁਲੇਖੇ ਕਾਰਣ ਪੁਲਿਸ ਦੀ ਗੱਡੀ ਟਰਾਲੀ ਨਾਲ ਟਕਰਾ ਗਈ | ਹਵਾਲਦਾਰ ਨਰਿੰਦਰ ਸਿੰਘ ਅਤੇ ਹਵਾਲਦਾਰ ਅਮਰਜੀਤ ਸਿੰਘ ਜੋ ਕਿ ਬਲਾਚੌਰ ਥਾਣੇ ਦੇ ਮੁਲਾਜ਼ਮ ਸਨ, ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਬਾਕੀ ਜ਼ਖ਼ਮੀਆਂ ਨੂੰ ਪਿੱਛੇ ਆ ਰਹੇ ਹੋਰ ਪੁਲਿਸ ਮੁਲਾਜ਼ਮਾਂ ਨੇ ਇੱਥੋਂ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ | ਅੱਜ 11.40 ਵਜੇ ਟਰੇਨੀ ਅਜੈ ਕੁਮਾਰ ਦੀ ਗੰਭੀਰ ਹਾਲਤ ਹੋਣ ਕਾਰਨ ਉਸ ਨੂੰ ਪੀ ਜੀ ਆਈ ਚੰਡੀਗੜ੍ਹ ਲਈ ਰੈਫ਼ਰ ਕਰ ਦਿੱਤਾ ਗਿਆ | ਅੱਜ ਅਜੈ ਕੁਮਾਰ ਨੂੰ ਰੈਫ਼ਰ ਕਰਨ ਸਮੇਂ ਸਥਿਤੀ ਉਸ ਸਮੇਂ ਹੋਰ ਹੀ ਰੂਪ ਧਾਰਨ ਕਰ ਗਈ ਜਦੋਂ ਨਿੱਜੀ ਹਸਪਤਾਲ ਦੇ ਕਰਮਚਾਰੀਆਂ ਨੇ ਕਹਿ ਦਿੱਤਾ ਕਿ ਮਰੀਜ਼ ਨੂੰ ਬਾਅਦ 'ਚ ਪੀ ਜੀ ਆਈ ਲਿਜਾਇਓ ਪਹਿਲਾ ਪੈਸੇ ਜਮ੍ਹਾਂ ਕਰਵਾ ਦਿਓ ਜਿਸ ਤੇ ਐਸ ਪੀ ਸਥਾਨਕ ਲਖਵਿੰਦਰਪਾਲ ਸਿੰਘ ਖਹਿਰਾ, ਡੀ ਐਸ ਪੀ ਸਤੀਸ਼ ਕੁਮਾਰ ਮਲਹੋਤਰਾ ਅਤੇ ਇੰਸਪੈਕਟਰ ਰਣਜੀਤ ਸਿੰਘ ਦੀ ਹਸਪਤਾਲ ਦੇ ਡਾਕਟਰ ਨਾਲ ਤਲਖ਼-ਕਲਾਮੀ ਹੋ ਗਈ | ਅਧਿਕਾਰੀ ਕਹਿ ਰਹੇ ਸਨ ਕਿ ਜਦੋਂ ਅਸੀਂ ਜ਼ਿੰਮੇਵਾਰ ਬੈਠੇ ਹਾਂ ਤਾਂ ਮਰੀਜ਼ ਦੇ ਰਿਸ਼ਤੇਦਾਰਾਂ ਨੂੰ ਤੰਗ ਪਰੇਸ਼ਾਨ ਕਿਉਂ ਕੀਤਾ ਗਿਆ | ਇਸ ਉਪਰੰਤ ਐਸ ਐਸ ਪੀ ਧੰਨਪ੍ਰੀਤ ਕੌਰ ਵੱਲੋਂ ਹਸਪਤਾਲ 'ਚ ਦਾਖਲ ਇੰਸਪੈਕਟਰ ਰਾਕੇਸ਼ ਕੁਮਾਰ ਅਤੇ ਨਰੇਸ਼ ਕੁਮਾਰ ਦੇ ਇਲਾਜ ਲਈ ਪੁਲਿਸ ਦੇ ਫ਼ੰਡ 'ਚੋਂ 15-15 ਹਜ਼ਾਰ ਅਤੇ ਪੀ ਜੀ ਆਈ ਭੇਜੇ ਅਜੈ ਕੁਮਾਰ ਦੇ ਇਲਾਜ ਲਈ 50 ਹਜ਼ਾਰ ਰੁਪਏ ਦੇਣ ਨੂੰ ਮਨਜ਼ੂਰੀ ਵੀ ਦੇ ਦਿੱਤੀ | ਐਸ ਐਸ ਪੀ ਵੱਲੋਂ ਅਜੈ ਕੁਮਾਰ ਦੇ ਨਾਲ ਡੀ ਐਸ ਪੀ ਸਥਾਨਕ ਸੁਖਦੇਵ ਸਿੰਘ ਅਤੇ ਕੁੱਝ ਹੋਰ ਅਧਿਕਾਰੀਆਂ ਨਾਲ ਡਿਊਟੀ ਲਗਾਈ ਗਈ ਹੈ | ਅੱਜ ਬਾਅਦ ਦੁਪਹਿਰ ਅਮਰਜੀਤ ਸਿੰਘ ਮਿ੍ਤਕ ਦੇਹ ਉਸ ਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਿਸ ਦਾ ਪਤਿਆਲਾਂ ਨੇੜੇ ਭੋਗਪੁਰ ਵਿਖੇ ਸਸਕਾਰ ਕੀਤਾ ਗਿਆ ਜਦ ਕਿ ਹਵਾਲਦਾਰ ਨਰਿੰਦਰ ਸਿੰਘ ਦੀ ਲਾਸ਼ ਨੂੰ ਬੰਗਾ ਦੇ ਲਾਸ਼ ਘਰ 'ਚ ਰੱਖਿਆ ਗਿਆ ਹੈ ਜਿਸ ਦੇ ਵਿਦੇਸ਼ ਰਹਿੰਦੇ ਭਰਾ ਦੇ ਆਉਣ ਉਪਰੰਤ ਦੋ ਦਿਨ ਬਾਅਦ ਸਸਕਾਰ ਕੀਤਾ ਜਾਵੇਗਾ | ਪੁਲਿਸ ਨੇ ਥਾਣਾ ਮੁਕੰਦਪੁਰ ਵਿਖੇ ਗੱਡੀ ਦੇ ਡਰਾਇਵਰ ਯੋਗੇਸ਼ ਦੇ ਬਿਆਨਾ ਤੇ ਮੁਕੱਦਮਾ ਦਰਜ ਕਰਕੇ ਕਥਿਤ ਦੋਸ਼ੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ |