Pages

Saturday, March 23, 2013

ਝਗੜੇ ਵਾਲੀ ਕੋਠੀ ਵੇਚਣ ਦੇ ਨਾਂ 'ਤੇ ਸਾਢੇ 4 ਕਰੋੜ ਦੀ ਠੱਗੀ, ਮਾਮਲਾ ਦਰਜ


ਚੰਡੀਗੜ੍ਹ, 22 ਮਾਰਚ  -ਚੰਡੀਗੜ੍ਹ ਦੇ ਸੈਕਟਰ 18 ਵਿਚ ਪੈਂਦੀ 2 ਕਨਾਲ ਵਾਲੀ ਝਗੜੇ ਵਾਲੀ ਕੋਠੀ ਨੰਬਰ 1297 ਨੂੰ ਵੇਚ ਕੇ ਬੀ.ਕੇ. ਬਾਂਸਲ ਨਾਲ ਸਾਢੇ 4 ਕਰੋੜ ਰੁਪਏ ਦੀ ਠੱਗੀ ਕਰਨ ਦੇ ਦੋਸ਼ ਹੇਠ ਪੁਲਿਸ ਨੇ ਸੈਕਟਰ 15 ਨਿਵਾਸੀ ਸੋਹਨ ਲਾਲ ਅਰੋੜਾ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ | ਪੁਲਿਸ ਅਨੁਸਾਰ ਅਰੋੜਾ ਨੇ ਉਕਤ ਕੋਠੀ ਦਾ ਸੌਦਾ ਜੂਨ 2010 ਵਿਚ ਬਾਂਸਲ ਨਾਲ 6 ਕਰੋੜ 22 ਲੱਖ 50 ਹਜ਼ਾਰ ਰੁਪਏ ਵੀ ਕੀਤਾ ਸੀ, ਜਿਸ 'ਚੋਂ ਸਾਢੇ 4 ਕਰੋੜ ਰੁਪਏ ਲੈ ਕੇ ਉਸ ਨੇ ਬਾਂਸਲ ਨੂੰ ਕੋਠੀ ਦਾ ਕਬਜ਼ਾ ਕਰਵਾ ਦਿੱਤਾ ਸੀ ਅਤੇ ਬਾਕੀ ਰਕਮ ਕੋਠੀ ਦੀ ਰਜਿਸਟਰੀ ਵੇਲੇ ਲੈਣ ਦੀ ਗੱਲ ਤੈਅ ਹੋਈ ਸੀ | ਇਸ ਪਿੱਛੋਂ ਬੀ.ਕੇ. ਬਾਂਸਲ ਉਕਤ ਕੋਠੀ ਵਿਚ ਪਰਿਵਾਰ ਸਮੇਤ ਆ ਕੇ ਰਹਿਣ ਲੱਗ ਪਿਆ ਸੀ | ਇਸੇ ਦੌਰਾਨ ਕੁੱਝ ਸਮਾਂ ਪਹਿਲਾਂ ਉਸ ਨੂੰ ਇੱਕ ਅਦਾਲਤੀ ਨੋਟਿਸ ਪ੍ਰਾਪਤ ਹੋਇਆ, ਜਿਸ ਰਾਹੀਂ ਪਤਾ ਲੱਗਾ ਕਿ ਇਸ ਕੋਠੀ ਦਾ ਤਾਂ ਅਦਾਲਤ ਵਿਚ ਲੰਮੇ ਸਮੇਂ ਤੋਂ ਝਗੜਾ ਚੱਲ ਰਿਹਾ ਹੈ | ਜਦੋਂ ਬਾਂਸਲ ਨੇ ਇਸ ਸਬੰਧੀ ਸੋਹਨ ਲਾਲ ਅਰੋੜਾ ਨਾਲ ਗੱਲਬਾਤ ਕੀਤੀ ਕਿ ਕੋਠੀ ਵੇਚਣ ਸਮੇਂ ਉਸ ਨੂੰ ਇਸ ਦੇ ਝਗੜੇ ਵਾਲੀ ਜਾਇਦਾਦ ਹੋਣ ਬਾਰੇ ਕਿਉਂ ਨਹੀਂ ਦੱਸਿਆ ਗਿਆ, ਤਾਂ ਉਹ ਕੋਈ ਤਸੱਲੀਬਖ਼ਸ਼ ਜਵਾਬ ਨਾ ਦੇ ਸਕਿਆ | ਬਾਂਸਲ ਵੱਲੋਂ ਪੁਲਿਸ ਨੂੰ ਸ਼ਿਕਾਇਤ ਦੇਣ 'ਤੇ ਥਾਣਾ ਸੈਕਟਰ 19 ਦੀ ਪੁਲਿਸ ਨੇ ਸੋਹਨ ਲਾਲ ਅਰੋੜਾ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |