Pages

Monday, April 29, 2013

हास्य व्यंग्य

 
'ਨਮਸਕਾਰ! ਚੰਡੀਗੜ੍ਹ ਤੋਂ ਗੋਆ ਦੀ ਉਡਾਣ 'ਚ ਤੁਹਾਡਾ ਸਵਾਗਤ ਹੈ। ਇਸ ਹਵਾਈ ਸਫਰ 'ਚ ਅੱਜ ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਤੇ ਵਰਕਰ ਸਵਾਰ ਹਨ। ਉਮੀਦ ਹੈ ਕਿ ਤੁਹਾਡਾ ਚੰਡੀਗੜ੍ਹ ਤੋਂ ਗੋਆ ਤਕ ਦਾ ਸਫਰ ਸੁਖਮਈ ਰਹੇਗਾ।'' ਇਹ ਅਨਾਊਂਸਮੈਂਟ ਕਰਦੀ ਹੋਈ ਇਕ ਸੁੰਦਰ ਕੰਨਿਆ ਨੂੰ ਦੇਖ ਕੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਨੇਤਾਵਾਂ ਨੂੰ ਲੱਗ ਰਿਹਾ ਹੋਵੇਗਾ ਕਿ ਚਿੰਤਨ ਕੈਂਪ ਦਾ ਇਸ ਤੋਂ ਚੰਗਾ ਆਗ਼ਾਜ਼ ਨਹੀਂ ਹੋ ਸਕਦਾ। ਸੁੰਦਰ ਏਅਰਹੋਸਟੈੱਸ ਜਦੋਂ ਹਰ ਪਲ 'ਸਰ ਕੈੱਨ ਆਈ ਗੈੱਟ ਯੂ ਸਮਥਿੰਗ?' ਪੁੱਛਦੀ ਹੈ ਤਾਂ ਸਾਰੇ ਸੋਚਦੇ ਹਨ ਕਿ ਘੱਟੋ-ਘੱਟ ਕੁਝ ਪਲਾਂ ਲਈ ਹੀ ਸਹੀ ਪਰ ਆਪਣੀਆਂ ਪਤਨੀਆਂ ਦੇ ਚਿੰਤਨ ਤੋਂ ਤਾਂ ਦੂਰ ਹੋਏ।
ਸੁਖਬੀਰ ਜੀ ਵਧਾਈ ਦੇ ਪਾਤਰ ਹਨ ਕਿ ਉਨ੍ਹਾਂ ਨੇ 'ਚਿੰਤਨ ਕੈਂਪ' ਦਾ ਗੋਆ 'ਚ ਆਯੋਜਨ ਕੀਤਾ। ਇਹੋ ਚੀਜ਼ ਜੇ ਚੰਡੀਗੜ੍ਹ, ਲੁਧਿਆਣਾ, ਜਲੰਧਰ ਜਾਂ ਪੰਜਾਬ ਦੇ ਕਿਸੇ ਹੋਰ ਸ਼ਹਿਰ 'ਚ ਹੁੰਦੀ ਤਾਂ ਕੀ ਸਵਾਹ ਚਿੰਤਨ ਹੋਣਾ ਸੀ ਕਿਉਂਕਿ ਗੰਭੀਰ ਸਵੈ-ਵਿਸ਼ਲੇਸ਼ਣ ਲਈ ਗੋਆ ਦੇ ਬੀਚ, ਹੋਟਲਾਂ ਤੇ ਵਿਦੇਸ਼ੀ ਸੁੰਦਰੀਆਂ ਤੋਂ ਜ਼ਿਆਦਾ ਹੋਰ ਕਿਹੜੀ ਚੰਗੀ ਜਗ੍ਹਾ ਹੋ ਸਕਦੀ ਹੈ। ਕੁਦਰਤ ਦੇ ਹਸੀਨ ਦ੍ਰਿਸ਼ਾਂ ਨੂੰ ਦੇਖ ਕੇ ਸਦੀਆਂ ਤੋਂ ਕਵੀ, ਲੇਖਕ ਉਤਸ਼ਾਹਿਤ ਹੁੰਦੇ ਰਹੇ ਹਨ ਤਾਂ ਕੀ ਸਮੁੰਦਰ ਦੀਆਂ ਲਹਿਰਾਂ ਦੇ ਕਿਨਾਰੇ ਬੈਠ ਕੇ, ਹੱਥ 'ਚ ਸ਼ਰਾਬ ਦਾ ਗਿਲਾਸ ਫੜ ਕੇ ਇਹ ਨਹੀਂ ਸੋਚਿਆ
ਜਾ ਸਕਦਾ ਕਿ ਤਿੰਨ-ਤਿਹਾਈ ਤੋਂ ਜ਼ਿਆਦਾ ਪੰਜਾਬ ਨਸ਼ਿਆਂ ਦੀ ਗ੍ਰਿਫਤ 'ਚ ਕਿਉਂ ਹੈ?
ਵਿਦੇਸ਼ੀ ਅਤੇ ਦੇਸੀ ਸੁੰਦਰੀਆਂ ਨੂੰ ਵਾਟਰ ਸਕੀਇੰਗ, ਰਾਫਟਿੰਗ ਅਤੇ ਬੈਲੂਨਿੰਗ ਕਰਦਿਆਂ ਦੇਖ ਕੇ ਸਾਡੇ ਪੰਜਾਬ ਦੇ ਨੇਤਾਵਾਂ ਨੂੰ ਇਸ ਚਿੰਤਾ 'ਤੇ ਗੌਰ ਕਰਨ ਦਾ ਸਮਾਂ ਮਿਲ ਗਿਆ ਹੋਵੇਗਾ ਕਿ ਅੱਜ ਦੇ ਪੰਜਾਬ 'ਚ ਇਕ ਔਰਤ ਕਿੰਨੀ ਅਸੁਰੱਖਿਅਤ ਹੈ। ਇਕ ਕੁੜੀ ਨੂੰ ਅੱਜ ਵੀ ਜਨਮ ਤੋਂ ਪਹਿਲਾਂ ਮਾਰ ਦਿੱਤਾ ਜਾਂਦਾ ਹੈ। ਭਰੂਣ ਹੱਤਿਆ ਦੇ ਗੰਭੀਰ ਅੰਕੜਿਆਂ ਦੇ ਸਵਾਲਾਂ ਦੇ ਜਵਾਬ ਗੋਆ ਦੀ ਤਰੋ-ਤਾਜ਼ਗੀ 'ਚ ਜ਼ਰੂਰ ਮਿਲਣਗੇ। ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਕਿੰਨੀ ਛੋਟੀ ਸੋਚ ਹੈ। ਉਨ੍ਹਾਂ ਨੂੰ ਸਿਰਫ ਆਪਣੀ ਤਨਖਾਹ ਦੀ ਫਿਕਰ ਹੈ, ਜੋ ਸ਼ਾਇਦ ਉਨ੍ਹਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਨਹੀਂ ਮਿਲੀ।ਇੰਨੀ ਛੋਟੀ ਜਿਹੀ ਗੱਲ ਤੋਂ ਘਬਰਾਉਣ ਦੀ ਬਜਾਏ ਉਨ੍ਹਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਕਿੰਨੇ ਖੁਸ਼ਨਸੀਬ ਹਨ ਕਿ ਉਨ੍ਹਾਂ ਦੇ ਨੇਤਾਵਾਂ ਦੀ ਸੋਚ ਕਿੰਨੀ ਉੱਚੀ ਹੈ। ਪੰਜਾਬ ਦੀਆਂ ਪ੍ਰੇਸ਼ਾਨੀਆਂ ਦੀ ਉਨ੍ਹਾਂ ਨੂੰ ਕਿੰਨੀ ਚਿੰਤਾ ਹੈ।
ਆਖਿਰ ਸਮਾਂ ਕੱਢ ਕੇ ਸਾਡੇ ਨੇਤਾ ਵਿਚਾਰੇ ਚਿੰਤਨ ਕਰਨ ਲਈ ਗੋਆ ਗਏ। ਮੇਰੇ ਖਿਆਲ ਅਨੁਸਾਰ ਉਨ੍ਹਾਂ ਨੂੰ ਸਰਕਾਰ ਨੂੰ ਇਹ ਮੈਮੋਰੰਡਮ ਦੇਣਾ ਚਾਹੀਦਾ ਹੈ ਕਿ ਅਗਲੀ ਵਾਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਨੇਤਾ ਚਿੰਤਨ ਕਰਨ ਲਈ ਯੂਰਪ ਜਾਂ ਸਵਿਟਜ਼ਰਲੈਂਡ ਜਾਣ ਕਿਉਂਕਿ ਜੇ ਸਾਡੇ ਨੇਤਾ ਚਿੰਤਾ ਮੁਕਤ ਹੋਣਗੇ ਤਾਂ ਹੀ ਤਾਂ ਪੰਜਾਬ ਵੀ ਚਿੰਤਾ ਮੁਕਤ ਹੋਵੇਗਾ।
ਸਾਡੇ ਇਕ ਟੀ. ਵੀ. ਪ੍ਰੋਗਰਾਮ 'ਚ ਜਸਪਾਲ ਭੱਟੀ ਜੀ ਨੇ ਦਿਖਾਇਆ ਸੀ ਕਿ ਹੜ੍ਹ ਦੌਰਾਨ ਇਕ ਨੇਤਾ ਜੀ ਸਪੇਨ ਦਾ ਦੌਰਾ ਕਰਨ ਨਿਕਲ ਪਏ। ਜਦੋਂ ਕਿਸੇ ਪੱਤਰਕਾਰ ਨੇ ਉਨ੍ਹਾਂ ਨੂੰ ਪੁੱਛਿਆ ਕਿ ''ਸਰ ਸਪੇਨ 'ਚ ਤਾਂ ਹੜ੍ਹ ਆਉਂਦਾ ਹੀ ਨਹੀਂ।'' ਤਾਂ ਨੇਤਾ ਜੀ ਬੋਲੇ ''ਇਹੋ ਤਾਂ ਮੈਂ ਪਤਾ ਕਰਨ ਜਾ ਰਿਹਾ ਹਾਂ ਕਿ ਉਥੇ ਹੜ੍ਹ ਕਿਉਂ ਨਹੀਂ ਆਉਂਦਾ?''