|
|
ਚੰਡੀਗੜ੍ਹ, 28 ਅਪ੍ਰੈਲ : ਅਪ੍ਰੇਸ਼ਨ ਬਲੂ ਸਟਾਰ ਦੇ ਸ਼ਹੀਦਾਂ ਦੀ ਦਰਬਾਰ ਸਾਹਿਬ
ਕੰਪਲੈਕਸ ਚ ਉਸਾਰੀ ਗਈ ਯਾਦਗਾਰ ਦੇ ਮੁੱਖ ਦਰਵਾਜ਼ੇ ਨੂੰ ਸੰਤ ਜਰਨੈਲ ਸਿੰਘ
ਭਿੰਡਰਾਂਵਾਲਿਆਂ ਨੂੰ ਸਮਰਪਤ ਕੀਤੇ ਜਾਣ ਤੇ ਇਸ ਦੇ ਬਾਹਰ ਲੱਗੇ ਸਟੀਲ ਦੇ ਬੋਰਡ ਦੀ
ਸ਼ਬਦਾਵਲੀ ਨੇ ਬਾਦਲ ਸਰਕਾਰ, ਸ਼੍ਰੋਮਣੀ ਅਕਾਲੀ ਦਲ ਤੇ ਜਥੇਦਾਰ ਅਵਤਾਰ ਸਿੰਘ ਮੱਕੜ ਲਈ
ਵੀ ਕਸੂਤੀ ਹਾਲਤ ਪੈਦਾ ਕਰ ਦਿਤੀ ਹੈ। ਇਸ ਮਾਮਲੇ ਤੇ ਜਿਥੇ ਸ਼੍ਰੋਮਣੀ ਅਕਾਲੀ ਦਲ ਦੀ
ਲੀਡਰਸ਼ਿਪ ਬੇਚੈਨ ਦੱਸੀ ਜਾਂਦੀ ਹੈ, ਉਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਮੱਕੜ ਲਈ
ਵੀ ਇਹ ਮਾਮਲਾ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ ਹੈ। ਇਸ ਮਾਮਲੇ ਤੇ ਸ਼੍ਰੋਮਣੀ ਕਮੇਟੀ,
ਬਾਦਲ ਸਰਕਾਰ ਤੇ ਬਾਬਾ ਹਰਨਾਮ ਸਿੰਘ ਧੁੰਮਾ ਵਿਚਕਾਰ ਕਸ਼ਮਕਸ਼ ਸ਼ੁਰੂ ਹੋ ਗਈ ਹੈ।
ਬਾਬੂਸ਼ਾਹੀ ਦੇ ਭਰੋਸੇਯੋਗ ਸੂਤਰਾਂ ਅਨੁਸਾਰ ਸ਼੍ਰੋਮਣੀ ਕਮੇਟੀ ਸਮਝਦੀ ਹੈ ਕਿ ਬਾਬਾ
ਧੁੰਮਾ ਨੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਇਸ ਮਾਮਲੇ ਸਬੰਧੀ ਹਨੇਰੇ'ਚ ਰੱਖਿਆ ਤੇ
ਉਦਘਾਟਨ ਤੋਂ ਪਹਿਲਾਂ ਤੇ ਪ੍ਰੋਗਰਾਮ ਦੌਰਾਨ ਵੀ ਸ਼ਬਦਾਵਲੀ ਦੀ ਅਸਲੀਅਤ ਸਾਹਮਣੇ ਨਹੀਂ
ਆਉਣ ਦਿਤੀ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਯਾਦਗਾਰ ਦੇ ਬਾਹਰ ਲਾਇਆ ਗਿਆ ਸਟੀਲ ਦਾ ਬੋਰਡ ਤਾਂ ਉਦਘਾਟਨ ਦੀ ਰਸਮ ਤੋਂ ਬਾਦ ਚ ਹੀ ਲਾਇਆ ਗਿਆ।
ਸੂਤਰਾਂ ਅਨੁਸਰ ਸ਼੍ਰੋਮਣੀ ਕਮੇਟੀ ਤੇ ਅਕਾਲੀ ਲੀਡਰਸ਼ਿਪ ਨੇ ਇਸ ਮਾਮਲੇ
ਤੇ ਆਪਣੀ ਨਰਾਜ਼ਗੀ ਬਾਬਾ ਧੁੰਮਾ ਕੋਲ ਜ਼ਾਹਰ ਕੀਤੀ ਹੈ ਤੇ ਇਸ ਮਾਮਲੇ ਤੇ ਤਿਨਾਂ ਧਿਰਾਂ
ਦਾ ਆਪਸੀ ਵਾਰਤਾਲਾਪ ਜਾਰੀ ਹੈ। ਇਸ ਮਿਸ਼ਨ'ਤੇ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਇਕ
ਦੋ ਸੀਨੀਅਰ ਨੇਤਾ ਬਾਬਾ ਧੁੰਮਾ ਨਾਲ ਗੱਲਬਾਤ ਕਰ ਰਹੇ ਹਨ ਕਿ ਇਸ ਮਾਮਲੇ ਨੂੰ ਕਿਵੇਂ
ਨਜਿਠਿਆ ਜਾਵੇ।
ਜਦੋਂ ਇਸ ਯਾਦਗਾਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਤੇ ਦਮਦਮੀ ਟਕਸਾਲ ਨੂੰ ਇਸ ਦੀ ਕਾਰ
ਸੇਵਾ ਸੌਂਪੀ ਗਈ ਸੀ, ਉਸ ਵੇਲੇ ਕਾਂਗਰਸ ਪਾਰਟੀ ਤੇ ਬੀਜੇਪੀ ਵਲੋ ਕੀਤੇ ਗਏ ਤਿੱਖੇ ਵਿਰੋਧ
ਦੇ ਮੱਦੇਨਜ਼ਰ ਬਾਦਲ ਤੇ ਸ਼੍ਰੋਮਣੀ ਕਮੇਟੀ ਨੇ ਇਹ ਸਟੈਂਡ ਲਿਆ ਸੀ ਕਿ ਇਸ ਯਾਦਗਾਰ ਤੇ
ਕੋਈ ਨਾਂ ਜਾਂ ਤਸਵੀਰ ਨਹੀਂ ਹੋਏਗੀ ਤੇ ਇਹ 1984 ਦੇ ਨੀਲਾ ਤਾਰਾ ਅਪ੍ਰੇਸ਼ਨ ਚ ਹੋਏ
ਸ਼ਹੀਦਾਂ ਨੂੰ ਸਮਰਪਤ ਗੁਰਦੁਆਰਾ ਸਾਹਿਬ ਹੀ ਹੋਏਗਾ ਤੇ ਇਹ ਇਕ ਧਾਰਮਿਕ ਯਾਦਗਾਰ ਵਜੋਂ ਹੀ
ਰਹੇਗੀ। ਇਸ'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇਗਾ। ਇਹ ਵੀ ਪਤਾ ਲੱਗਾ ਹੈ
ਕਿ ਭਾਰਤ ਸਰਕਾਰ ਤੇ ਖਾਸ ਕਰਕੇ ਇਸ ਦੇ ਗ੍ਰਹਿ ਮੰਤਰਾਲੇ ਵਲੋਂ ਵੀ ਇਸ ਮਾਮਲੇ ਤੇ ਆਪਣੀ
ਚਿੰਤਾ ਜ਼ਾਹਰ ਕੀਤੀ ਗਈ ਸੀ ਤਾਂ ਪੰਜਾਬ ਸਰਕਾਰ ਵਲੋਂ ਆਪਣਾ ਉਹੀ ਸਟੈਂਡ ਕੇਂਦਰ ਸਰਕਾਰ
ਅੱਗੇ ਵੀ ਰੱਖਿਆ ਗਿਆ ਸੀ। ਜਿਸ ਤੋਂ ਬਾਦ ਭਾਰਤ ਦੇ ਗ੍ਰਹਿ ਮੰਤਰੀ ਨੇ ਇਹ ਸਪਸ਼ਟ ਕੀਤਾ
ਸੀ ਕਿ ਭਾਰਤ ਸਰਕਾਰ ਇਸ ਮਾਮਲੇ ਚ ਦਖਲ ਨਹੀਂ ਦੇਵੇਗੀ। ਪ੍ਰੰਤੂ 27 ਅਪ੍ਰੈਲ ਸ਼ਨੀਵਾਰ
ਨੂੰ ਜਦੋਂ ਇਸ ਯਾਦਗਾਰ ਨੂੰ ਕੌਮ ਨੂੰ ਸਮਰਪਤ ਕੀਤਾ ਗਿਆ ਤੇ ਦਮਦਮੀ ਟਕਸਾਲ ਦੇ ਮੁਖੀ
ਬਾਬਾ ਹਰਨਾਮ ਸਿੰਘ ਧੁੰਮਾ ਵਲੋਂ ਇਸ ਦੀਆਂ ਚਾਬੀਆਂ ਸ਼੍ਰੋਮਣੀ ਕਮੇਟੀ ਨੂੰ ਸੌਂਪਣ ਬਾਦ
ਸਾਹਮਣੇ ਆਈ ਸ਼ਬਦਾਵਲੀ ਨੇ ਮੁੜ ਇਸ ਨੂੰ ਇਕ ਚਰਚਾ ਦਾ ਵਿਸ਼ਾ ਬਣਾ ਦਿਤਾ ਹੈ। ਜਾਣਕਾਰੀ ਅਨੁਸਾਰ ਰਾਜ ਸਰਕਾਰ ਤੇ ਅਕਾਲੀ ਲੀਡਰਸ਼ਿਪ ਜਿਥੇ ਇਸ ਮਾਮਲੇ ਤੇ
ਬਾਬਾ ਹਰਨਾਮ ਸਿੰਘ ਧੁੰਮਾ ਤੋਂ ਨਾਖੁਸ਼ ਦੱਸੀ ਜਾਂਦੀ ਹੈ, ਉਥੇ ਇਹ ਵੀ ਸੁਆਲ ਖੜੇ ਕੀਤੇ
ਗਏ ਹਨ ਕਿ ਪੰਜਾਬ ਦੀਆਂ ਸੂਹੀਆ ਅਜੈਂਸੀਆਂ ਕੀ ਕਰਦੀਆਂ ਸਨ ਅਤੇ ਇਨ੍ਹਾ ਦੇ ਅਧਿਕਾਰੀਆਂ
ਵੱਲੋਂ ਕਿਓਂ ਨਹੀਂ ਆਪਣੀ ਰਿਪੋਰਟ ਆਪਣੇ ਉੱਤਲੇ ਅਫ਼ਸਰਾਂ ਅਤੇ ਸਰਕਾਰ ਨੂੰ ਪੁਚਾਈ?
ਜਾਣਕਾਰੀ ਅਨੁਸਾਰ ਸ਼ਨੀਵਾਰ ਦੀ ਰਾਤ ਨੂੰ 11 ਵਜੇ ਦੇ ਕਰੀਬ
ਸ਼੍ਰੋਮਣੀ ਕਮੇਟੀ ਦੇ ਕੁਝ ਕਰਿੰਦੇ ਯਾਦਗਾਰ ਦੇ ਬਾਹਰ ਲੱਗੀ ਸਿੱਲ੍ਹ ਦੇ ਕੋਲ ਪੁੱਜੇ।
ਉਨ੍ਹਾਂ ਦਾ ਇਰਾਦਾ ਕੀ ਸੀ ਇਸ ਬਾਰੇ ਤਾਂ ਜਾਣਕਾਰੀ ਨਹੀਂ ਮਿਲੀ ਪ੍ਰੰਤੂ ਬਾਬਾ ਧੁੰਮਾ ਦੇ
ਸਮਰਥਕਾਂ ਨੂੰ ਇਸ ਤਰ੍ਹਾਂ ਦਾ ਪ੍ਰਭਾਵ ਬਣਿਆ ਕਿ ਉਹ ਕਰਿੰਦੇ ਇਸ ਸਿੱਲ ਨੂੰ ਤੋੜਨ ਜਾਂ
ਹਟਾਉਣ ਲਈ ਆਏ ਹਨ। ਸਿੱਟੇ ਵਜੋਂ ਇਸ ਮੌਕੇ ਮੌਜੂਦ ਟਕਸਾਲ ਦੇ ਕੁਝ ਪੈਰੋਕਾਰਾਂ ਤੇ
ਸ਼੍ਰੋਮਣੀ ਕਮੇਟੀ ਦੇ ਕਰਿੰਦਿਆਂ ਵਿਚਕਾਰ ਥੋੜ੍ਹਾ ਬੋਲ ਬੁਲਾਰਾ ਵੀ ਹੋਣ ਦੀ ਖਬਰ ਹੈ।
ਮਾਮਲਾ ਸੰਵੇਦਨਸ਼ੀਲ ਹੋਣ ਕਾਰਨ ਸ਼੍ਰੋਮਣੀ ਕਮੇਟੀ ਦੇ ਇਕ ਸੀਨੀਅਰ ਮੈਂਬਰ ਨੇ ਵਿਚ ਪੈ ਕੇ
ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਇਸ ਗੱਲ ਲਈ ਮਨਾਇਆ ਕਿ ਸ਼੍ਰੋਮਣੀ ਕਮੇਟੀ ਦੇ
ਕਰਿੰਦੇ ਉਥੋਂ ਚਲੇ ਜਾਣ ਨਹੀਂ ਤਾਂ ਤਕਰਾਰ ਵਧ ਸਕਦਾ ਹੈ। ਇਸ ਤਰਾਂ ਦੋਵਾਂ ਧਿਰਾਂ ਚ
ਕਸ਼ਮਕਸ਼ ਹੁੰਦੀ ਹੁੰਦੀ ਟਲੀ।ਇਸੇ ਦੌਰਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਕਰਨੈਲ ਸਿੰਘ
ਪੀਰਮੁਹੰਮਦ ਨੇ ਦੋਸ਼ ਲਾਇਆ ਹੈ ਕਿ ਸ਼੍ਰੋਮਣੀ ਕਮੇਟੀ ਦੇ ਕਰਿੰਦੇ ਯਾਦਗਾਰ ਦੇ ਬਾਹਰ
ਲੱਗੇ ਬੋਰਡ ਨੂੰ ਹਟਾਉਣ ਦੇ ਮੰਤਵ ਨਾਲ ਉਥੇ ਪੁੱਜੇ ਸਨ।
ਪਰ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਅਜਿਹੀ ਕਿਸੇ ਘਟਨਾ ਦਾ ਖੰਡਨ ਕੀਤਾ ਹੈ
ਕਿ ਅਜਿਹੀ ਘਟਨਾ ਵਾਪਰੀ ਤੇ ਸ਼੍ਰੋਮਣੀ ਕਮੇਟੀ ਕਰਿੰਦਿਆਂ ਦਾ ਇਰਾਦਾ ਕੋਈ ਅਜਿਹਾ ਨਹੀਂ
ਸੀ। |
|