ਪੰਜਾਬ ਦੇ ਸੀਨੀਅਰ ਆਈ.ਏ.ਐਸ. ਅਫਸਰ ਸ. ਕਾਹਨ ਸਿੰਘ ਪੰਨੂ ਦੀ ਹੇਮਕੁੰਡ ਸਾਹਿਬ
ਗੁਰਦਵਾਰੇ ਦੇ 25-30 ਸੇਵਕਾਂ ਵੱਲੋਂ ਕੀਤੀ ਕੁੱਟਮਾਰ ਨੇ ਮਨ ਵਿਚ ਬੜੀ ਅਜੀਬ ਜਿਹੀ ਚੀਸ
ਪੈਦਾ ਕੀਤੀ ਹੈ। ਸਿੱਖ ਸੰਗਤ ਦੀ ਸ਼ਰਧਾ ਦਾ ਕੇਂਦਰ ਸ੍ਰੀ ਹੇਮਕੁੰਡ ਸਾਹਿਬ ਵਿਖੇ ਅਜਿਹੀ
ਘਟਨਾ ਦਾ ਵਾਪਰਨਾ ਦੁਖਦਾਈ ਵੀ ਹੈ ਤੇ ਅਸਿਹ ਵੀ। ਸ. ਕਾਹਨ ਸਿੰਘ ਪੰਨੂ , ਜੋ ਇੱਕ ਸਧਾਰਣ
ਜੱਟ ਸਿੱਖ ਪਰਿਵਾਰ ਚੋਂ ਆਪਣੀ ਮਿਹਨਤ, ਯੋਗਤਾ ਤੇ ਹਿੰਮਤ ਸਦਕਾ ਆਈ.ਏ.ਐਸ ਬਣੇ, ਨਾ ਤਾਂ
ਊਲ ਜਲੂਲ ਬੋਲਣ ਵਾਲੇ ਹਨ ਤੇ ਨਾ ਹੀ ਪੱਖਪਾਤੀ ਸੁਭਾਅ ਦੇ । ਸ. ਪੰਨੂ ਦਾ ਨਾ ਪੰਜਾਬ ਦੇ
ਆਈ.ਏ.ਐਸ. ਅਫਸਰਾਂ 'ਚੋਂ ਇਮਾਨਦਾਰ, ਸਿਦਕੀ, ਸਿਰੜੀ, ਹਿੰਮਤੀ, ਇਨਸਾਫ ਪਸੰਦ ਤੇ ਵੇਲੇ
ਸਿਰ ਫੈਸਲਾ ਲੈਣ ਵਾਲੇ ਅਫਸਰਾਂ 'ਚ ਆਉਂਦਾ ਹੈ। ਯੂ ਟਿਊਬ ਤੇ ਪਾਈ ਵੀਡੀਓ ਤੋਂ ਜਿਸ ਕਦਰ
ਹੇਮਕੁੰਟ ਸਾਹਿਬ ਦੇ ਸੇਵਕ/ਮੁਲਾਜਮ ਸ. ਪੰਨੂ ਨਾਲ ਵਿਵਹਾਰ ਕਰ ਰਹੇ ਹਨ ਉਸ ਨੂੰ ਦੇਖ ਕੇ
ਤਾਂ ਸਿਰ ਸ਼ਰਮ ਨਾਲ ਝੁੱਕ ਗਿਆ ਕਿ ਏਹੋ ਜਿਹੇ ਅਸਥਾਨ ਤੇ ਕਿਹੋ ਜਿਹੇ ਬੰਦੇ ਬੈਠੇ ਹਨ? ਸ.
ਪੰਨੂ ਦੀ ਕੁੱਟਮਾਰ ਤੇ ਮੁਆਫੀ ਮੰਗਵਾਉਣ ਲਈ ਦਲੀਲ ਇਹ ਦਿੱਤੀ ਗਈ ਹੈ ਕਿ ਉਨ੍ਹਾਂ ਗੁਰੂ
ਗੋਬਿੰਦ ਸਿੰਘ ਜੀ ਬਾਰੇ ਅਪਸ਼ਬਦ ਬੋਲੇ ਹਨ। ਜੇ ਉਨ੍ਹਾਂ ਬੋਲੇ ਵੀ ਸਨ ਤਾਂ ਵੀ ਸਮਝਾਉਣ ਦਾ
ਤਰੀਕਾ ਕੀ ਹੋਵੇ, ਇਹ ਉਸ ਧਾਰਮਿਕ ਸਥਾਨ ਦੇ ਰੁਤਬੇ ਦੇ ਅਨੁਸਾਰ ਨਹੀਂ। ਇੱਕ ਸਰਦਾਰ ਦੀ
ਪੱਗ ਲਾਹ ਕੇ ਰੋਲਣੀ, ਉਸਦੀ ਗੱਲ ਨਾ ਸੁਨਣੀ, ਇਉਂ ਲਗਦਾ ਹੈ ਜਿਵੇਂ ਇਹ ਕੰਮ ਯੋਜਨਾਬੱਧ
ਹੋਵੇ। ਲੋਕਾਂ ਦੀ ਸੇਵਾ ਕਰਨ ਗਏ ਇੱਕ ਇਮਾਨਦਾਰ ਅਧਿਕਾਰੀ ਤੇ ਮਨਮਰਜ਼ੀ ਦਾ ਦੋਸ਼ ਲਾ ਕੇ
ਕੁਟਣਾ ਕੀ ਸਿੱਖ ਧਰਮ ਦੇ ਅਨੁਸਾਰ ਹੈ? ਸਰਦਾਰ ਪੰਨੂ ਵੱਲੋਂ ਹਾਲਤ ਦੀ ਨਜ਼ਾਕਤ ਨੂੰ
ਸਮਝਦਿਆਂ ਸ਼ਾਇਦ ਐਫ.ਆਈ.ਆਰ. ਦਰਜ਼ ਕਰਾਉਣ ਦੀ ਗੱਲ ਰੱਦ ਕਰ ਦਿੱਤੀ ਹੋਵੇ ਤੇ ਪੰਜਾਬ ਸਰਕਾਰ
ਵੱਲੋਂ ਇਸ ਘਟਨਾ ਨੂੰ ਚੁੱਪ ਚੁਪੀਤੇ ਪੀ ਜਾਣ ਦੀ ਕਾਰਵਾਈ ਨੇ ਸਗੋਂ ਕਈ ਸਵਾਲ ਖੜੇ ਕਰ
ਦਿੱਤੇ ਹਨ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕੁੱਝ ਪੁਲੀਸ ਤੇ ਸੀ.ਆਰ.ਪੀ.ਐਫ ਦੀ
ਮੌਜੂਦਗੀ ਵਿਚ ਹੋਇਆ। ਕੁਝ ਨਫਰਤ ਨਾਲ ਭਰੇ, ਛੋਟੀ ਸੋਚ ਤੇ ਬੋਨੇ ਬੰਦੇ ਸੋਸਲ ਮੀਡੀਏ ਤੇ
ਪੁੱਠੇ ਸਿੱਧੇ ਲਫਜ ਵਰਤ ਕੇ ਸ. ਪੰਨੂ ਦੀ ਮਾਰਕੁੱਟ ਨੂੰ ਜਾਇਜ ਠਹਿਰਾਉਣ ਦਾ ਯਤਨ ਕਰ ਰਹੇ
ਹਨ।
ਮਨ ਵਿਚ ਸਵਾਲ ਉਠਦਾ ਹੈ ਕਿ ਉਤਰਾਖੰਡ 'ਚ ਮਨੁੱਖਾਂ ਤੇ ਬਣੀ ਭੀੜ ਦਾ ਸਹਾਰਾ
ਬਨਣ ਗਏ ਅਫਸਰ ਨੂੰ ਹੀ ਗੁਰਦਵਾਰੇ 'ਚ ਬੈਠੇ ਲੋਕਾਂ ਵਲੋਂ ਬੇਰਹਿਮੀ ਨਾਲ ਕੁੱਟ ਕੇ ਕੀ
ਸਾਬਤ ਕੀਤਾ ਹੈ? ਉਨ੍ਹਾਂ ਦੀ ਰੂਹ ਨੂੰ ਇੱਕ ਭਲੇਮਾਣਸ ਅਫਸਰ ਨੂੰ ਕੁੱਟ ਕੇ ਸ਼ਾਇਦ ਜਿਆਦਾ
ਸਕੂਨ ਮਿਲਿਆ ਹੋਵੇ ਬਜਾਏ ਉਸਦੇ ਕਿ ਉਹ ਬਿਪਤਾ 'ਚ ਫਸੇ ਲੋਕਾਂ ਨੂੰ ਬਚਾਅ ਕੇ ਇਹ ਸਕੂਨ
ਲੈਂਦੇ। ਅਜਿਹੇ ਮਹੌਲ 'ਚ ਇਹ ਕਾਰਵਾਈ ਕਿਸੇ ਸਾਜਿਸ਼ ਦਾ ਨਤੀਜਾ ਲਗਦੀ ਹੈ ਜਿਸ ਦੀ ਪੰਜਾਬ
ਸਰਕਾਰ ਨੂੰ ਜਾਂਚ ਕਰਾਉਣੀ ਚਾਹੀਦੀ ਹੈ। ਘਟਨਾ ਦਾ ਸੰਬੰਧ ਹੇਮਕੁੰਡ ਸਾਹਿਬ ਗੁਰਦਵਾਰੇ ਦੀ
ਮੈਨੇਜਮੈਂਟ ਨਾਲ ਵੀ ਹੋ ਸਕਦਾ ਹੈ ਪੰਜਾਬ 'ਚ ਚਲੇ ਤਾਜ਼ਾ ਵਾਦਵਿਵਾਦ ਨਾਲ ਵੀ। ਸ. ਪੰਨੂ
ਨੂੰ ਕੁਟਣ ਵਾਸਤੇ ਸੰਗਤ ਦਾ ਨਾ ਲਾਉਣਾ ਕਿਸੇ ਵੀ ਪੱਖੋਂ ਜਾਇਜ਼ ਨਹੀਂ ਸਗੋਂ ਇਹ ਤਾਂ ਸੰਗਤ
ਦੇ ਨਾਂ ਤੇ ਸੋਚ ਸਮਝ ਕੇ ਕੀਤੀ ਕਾਰਵਾਈ ਲਗਦੀ ਹੈ। ਇਸ ਦੀ ਜਿੰਨੀ ਵੀ ਨਿੰਦਾ ਕੀਤੀ
ਜਾਵੇ, ਥੋੜੀ ਹੈ।