Pages

Friday, May 3, 2013

ਸਰਬਜੀਤ ਦੀ ਮ੍ਰਿਤਕ ਸਰੀਰ ਭਾਰਤ ਪੁੱਜਾ

ਜ਼ਿੰਦਗੀ ਦੇ 23 ਕੀਮਤੀ ਸਾਲ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ 'ਚ ਗੁਜ਼ਾਰਨ ਤੋਂ ਬਾਅਦ ਕੈਦੀਆਂ ਦੇ ਹਮਲੇ 'ਚ ਗੰਭੀਰ ਜ਼ਖਮੀ ਹੋਣ ਦੇ ਠੀਕ 4 ਦਿਨ ਬਾਅਦ ਸ਼ਹੀਦ ਹੋਏ ਸਰਬਜੀਤ ਦੀ ਮ੍ਰਿਤਕ ਸਰੀਰ ਭਾਰਤ ਪੁੱਜਾ ਤਾਂ ਉਸ ਨੇ ਆਪ ਹੀ ਪਾਕਿਸਤਾਨ ਦੀ ਦਰਿੰਦਗੀ ਦੇ ਸਬੂਤ ਦੇ ਦਿੱਤੇ। ਪੱਟੀ ਵਿਖੇ ਪੰਜ ਡਾਕਟਰਾਂ ਦੀ ਟੀਮ ਵਲੋਂ ਕੀਤੇ ਗਏ ਪੋਸਟਮਾਰਟਮ 'ਚ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਸਰਬਜੀਤ 'ਤੇ ਹਮਲਾ ਉਸ ਨੂੰ ਮਾਰਨ ਦੀ ਨੀਅਤ ਨਾਲ ਹੀ ਕੀਤਾ ਗਿਆ ਸੀ। ਵੀਰਵਾਰ ਰਾਤ ਕਰੀਬ ਸਾਢੇ ਨੌਂ ਵਜੇ ਮ੍ਰਿਤਕ ਦੇਹ ਵਿਸ਼ੇਸ਼ ਹੈਲੀਕਾਪਟਰ ਰਾਹੀ ਪਿੰਡ ਭਗਵਾਨਪੁਰਾ ਦੇ ਹੈਲੀਪੈਡ ਤੋਂ ਐਂਬੂਲੈਂਸ 'ਚ ਸਿਵਲ ਹਸਪਤਾਲ ਪੱਟੀ ਲਿਆਂਦੀ ਗਈ। ਇੱਥੇ ਪਹਿਲਾਂ ਹੀ ਮੌਜੂਦ ਪੰਜ ਮੈਂਬਰੀ ਟੀਮ ਨੇ ਪੋਸਟਮਾਰਟਮ ਸ਼ੁਰੂ ਕੀਤਾ। ਜਦੋਂ ਪੋਸਟਮਾਰਟਮ ਲਈ ਲਾਸ਼ ਤਾਬੂਤ ਚੋਂ ਕੱਢੀ ਗਈ ਤਾਂ ਡਾਕਟਰੀ ਟੀਮ ਹੈਰਾਨ ਹੋ ਗਈ। ਕਾਇਦੇ ਨਾਲ ਪਾਕਿਸਤਾਨੀ ਪ੍ਰਸ਼ਾਸਨ ਨੇ ਉਸ ਦੇ ਸਰੀਰ ਨੂੰ ਠੀਕ ਤਰ੍ਹਾਂ ਸਾਫ ਨਹੀ ਸੀ ਕੀਤਾ। ਉਸ ਦੇ ਮੂੰਹ 'ਚੋਂ ਖੂਨ ਨਿਕਲ ਰਿਹਾ ਸੀ। ਪਾਕਿਸਤਾਨ ਦਰਿੰਦਗੀ ਦੇ ਨਿਸ਼ਾਨ ਸਰਬਜੀਤ ਦੀ ਲਾਸ਼ 'ਤੇ ਸਾਫ ਵਿਖਾਈ ਦੇ ਰਹੇ ਸਨ। ਪੋਸਟਮਾਰਟਮ ਦੌਰਾਨ ਡਾਕਟਰਾਂ ਨੇ ਸਰਬਜੀਤ ਦੇ ਸਿਰ ਦੇ ਕਈ ਐਕਸਰੇ ਕਰਵਾਏ। ਸੂਤਰਾਂ ਮੁਤਾਬਕ ਇਨ੍ਹਾਂ ਐਕਸਰਿਆਂ 'ਚ ਉਸ ਦੇ ਸਿਰ 'ਤੇ ਗੰਭੀਰ ਸੱਟਾਂ ਦੇ ਨਿਸ਼ਾਨ ਹਨ,ਸੱਟਾਂ ਇੰਨੇ ਜ਼ੋਰ ਨਾਲ ਮਾਰੀਆਂ ਗਈਆਂ ਸਨ ਕਿ ਉਸਦਾ ਚਹਿਰਾ ਵੀ ਵਿਗੜ ਗਿਆ ਸੀ। ਜਦਕਿ ਪਾਕਿਸਤਾਨ ਵਲੋਂ ਚਾਰ ਦਿਨ ਤੱਕ ਸਰਬਜੀਤ ਦੇ ਇਲਾਜ ਦਾ ਨਾਟਕ ਕੀਤਾ ਜਾਂਦਾ ਰਿਹਾ। ਡਾਕਟਰਾਂ ਨੇ ਦੱਸਿਆ ਕਿ ਸਰਬਜੀਤ ਦੀ ਮੌਂਤ ਸਿਰ 'ਚ ਸੱਟਾਂ ਲੱਗਣ ਕਾਰਨ ਹੀ ਹੋਈ ਹੈ,ਪਰ ਫਾਈਨਲ ਰਿਪੋਰਟ ਲਾਹੌਰ 'ਚ ਹੋਏ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਤਿਆਰ ਹੋ ਸਕੇਗੀ। ਹਾਲਾਂਕਿ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਸਰਬਜੀਤ ਹਮਲੇ ਤੋਂ ਪਹਿਲਾਂ ਪੂਰੀ ਤਰ੍ਹਾਂ ਠੀਕ ਸੀ। ਰਿਪੋਰਟ 'ਚ ਇਹ ਵੀ ਪਤਾ ਲੱਗਾ ਹੈ ਕਿ ਸੱਟਾਂ ਜਾਨੋਂ ਮਾਰਨ ਦੀ ਨੀਤ ਨਾਲ ਕੀਤੇ ਗਏ ਹਮਲੇ ਦੀਆਂ ਹਨ। ਮੱਥੇ ਤੇ ਪੁੜਪੁੜੀ ਦੀਆਂ ਹੱਡੀਆਂ ਟੁੱਟ ਗਈਆਂ ਸਨ। ਹਾਲਾਂਕਿ ਇਹ ਖੁਲਾਸਾ ਬਾਅਦ 'ਚ ਹੋਵੇਗਾ ਕਿ ਹਮਲੇ ਦੇ ਕਿੰਨੀ ਦੇਰ ਬਾਅਦ ਸਰਬਜੀਤ ਸਿੰਘ ਦੀ ਮੌਂਤ ਹੋਈ।