ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਅਤੇ ਕੇਂਦਰੀ ਰੇਲ ਮੰਤਰੀ ਪਵਨ
ਕੁਮਾਰ ਬਾਂਸਲ ਲਈ ਉਸਦਾ ਭਾਣਜਾ ਇਸ ਵੇਲੇ ਵੱਡੀ ਮੁਸੀਬਤ ਬਣ ਗਿਆ ਹੈ। ਦੋ ਦਿਨ ਪਹਿਲਾਂ
90 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤੇ ਗਏ ਵਿਜੇ ਸਿੰਗਲਾ ਜੋ ਕਿ ਕੇਂਦਰੀ
ਰੇਲ ਮੰਤਰੀ ਦਾ ਭਾਣਜਾ ਹੈ ਚੰਡੀਗੜ੍ਹ ਵਿਚ ਆਪਣੇ ਮਾਮੇ ਦੇ ਨਜ਼ਦੀਕ ਹੀ ਰਹਿੰਦਾ ਹੈ। ਇਹ
ਸਬੱਬ ਹੀ ਹੈ ਕਿ ਇਤਿਹਾਸ ਵਿਚ ਇਕ ਵਾਰ ਫਿਰ ਇਕ ਭਾਣਜਾ ਆਪਣੇ ਦੀ ਬਲੀ ਲੈ ਰਿਹਾ ਹੈ ਪਰ
ਇਸ ਵਾਰ ਸਿਆਸੀ। ਚੰਡੀਗੜ੍ਹ ਦੇ ਲੋਕਾਂ ਵਿਚ ‘ਸਾਊ’ ਸਿਆਸਤਦਾਨ ਵਜੋਂ ਜਾਣੇ ਜਾਂਦੇ ਪਵਨ
ਬਾਂਸਲ ਨੂੰ ਇਹ ਕਦੇ ਚਿੱਤ ਚੇਤਾ ਵੀ ਨਹੀਂ ਹੋਣਾ ਕਿ ਉਨ੍ਹਾਂ ਨੂੰ ਮਿਲਿਆ ਬੇਹੱਦ ਰੇਲ
ਮੰਤਰਾਲਾ ਉਨ੍ਹਾਂ ਕੋਲ ਕੁਝ ਦਿਨਾਂ ਦਾ ਮਹਿਮਾਨ ਹੈ। ਜਦੋਂ ਇਹ ਮੰਤਰਾਲਾ ਸ੍ਰੀ ਬਾਂਸਲ
ਕੋਲ ਆਇਆ ਸੀ ਤਾਂ ਪੰਜਾਬ ਨੂੰ ਬਹੁਤ ਵੱਡੀਆਂ ਆਸਾਂ ਜਾਗੀਆਂ ਸਨ ਅਤੇ ਉਨ੍ਹਾਂ ਨੇ
ਚੰਡੀਗੜ੍ਹ-ਲੁਧਿਆਣਾ ਰੇਲ ਲਿੰਕ ਸ਼ੁਰੂ ਕਰਵਾਕੇ ਪੰਜਾਬੀਆਂ ਦੀਆਂ ਇਨ੍ਹਾਂ ਆਸਾਂ ਤੇ ਖਰੇ
ਉਤਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਨ੍ਹਾਂ ਦੇ ਭਾਣਜੇ ਨੇ ਰਾਤੋ ਰਾਤ ਪੈਸਾ ਹੂੰਝਣ ਦੇ ਚੱਕਰ
ਵਿਚ ਆਪਣੇ ਮਾਮੇ ਪਵਨ ਬਾਂਸਲ ਦਾ ਸਿਆਸੀ ਭਵਿੱਖ ਦਾਅ ਤੇ ਲਾ ਦਿੱਤਾ ਹੈ। 
