Tuesday, August 28, 2012

ਇਰਾਨ ਸਮੇਤ ਹੋਰ ਦੇਸ਼ਾਂ ਨਾਲ ਵਪਾਰਕ ਸਾਂਝ ਨਾਲ ਸੂਬੇ ਨੂੰ ਹੋਵੇਗਾ ਫਾਇਦਾ ਸੁਖਬੀਰ ਵਲੋਂ ਪੰਜਾਬ ਤੇ ਇਰਾਨ ਦੀ ਸਾਂਝ ਵਧਾਉਣ ਲਈ ਪ੍ਰਧਾਨ ਮੰਤਰੀ ਨੂੰ ਪੱਤਰ

ਚੰਡੀਗੜ੍ਹ, 28 ਅਗਸਤ  : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ 'ਤੇ ਜ਼ੋਰ ਦਿੱਤਾ ਹੈ ਕਿ ਉਹ ਪੰਜਾਬ ਦੇ ਈਰਾਨ ਸਮੇਤ ਹੋਰ ਮੱਧ-ਪੂਰਬੀ ਅਤੇ ਪੱਛਮੀ ਏਸ਼ੀਆਈ ਦੇਸ਼ਾਂ ਦਰਮਿਆਨ ਵੱਡੇ ਪੱਧਰ 'ਤੇ ਵਪਾਰਕ ਸਬੰਧ ਸਥਾਪਤ ਕਰਨ ਲਈ ਈਰਾਨ ਨਾਲ ਗੱਲਬਾਤ ਸ਼ੁਰੂ ਕਰਨ ਤਾਂ ਜੋ ਸਮੁੱਚੇ ਵਪਾਰ ਜਗਤ ਨੂੰ ਵੱਡਾ ਫਾਇਦਾ ਮਿਲ ਸਕੇ। ਉਨ੍ਹਾਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਪੰਜਾਬੀਆਂ ਅਤੇ ਈਰਾਨ ਦਰਮਿਆਨ ਮਜ਼ਬੂਤ ਵਿਰਾਸਤੀ ਸਾਂਝ ਦੇ ਮੱਦੇ-ਨਜ਼ਰ ਵਧੇਰੇ ਧਾਰਮਿਕ ਅਤੇ ਸਭਿਆਚਾਰ ਆਦਾਨ-ਪ੍ਰਦਾਨ ਦੀ ਵੀ ਵਕਾਲਤ ਕੀਤੀ ਹੈ।
ਗੁੱਟ ਨਿਰਲੇਪ ਦੇਸ਼ਾਂ ਦੇ 16ਵੇਂ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਦੇ ਈਰਾਨ ਦੌਰੇ ਤੋਂ ਪਹਿਲਾਂ ਉਨ੍ਹਾਂ ਨੂੰ ਇੱਕ ਪੱਤਰ ਲਿਖ ਕੇ ਸ. ਬਾਦਲ ਨੇ ਕਿਹਾ ਹੈ ਕਿ ਅਟਾਰੀ ਸਰਹੱਦ ਵਿਖੇ ਸੰਗਠਤ ਚੈਕ ਪੋਸਟ ਦੀ ਸਥਾਪਨਾ ਨਾਲ ਪੰਜਾਬ ਅਤੇ ਮੱਧ-ਪੂਰਬੀ, ਪੱਛਮੀ ਏਸ਼ੀਆਈ ਦੇਸ਼ਾਂ ਅਤੇ ਅਫਰੀਕਾ ਦਰਮਿਆਨ ਜ਼ਮੀਨੀ ਰੂਟ ਜ਼ਰੀਏ ਹੋਰ ਵੱਡੇ ਪੱਧਰ 'ਤੇ ਵਪਾਰ ਦੀਆਂ ਵੱਡੀਆਂ ਸੰਭਾਵਨਾਵਾਂ �ੁੱਭਰੀਆਂ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਇਸ ਸੰਦਰਭ ਵਿਚ ਈਰਾਨ ਸਰਕਾਰ ਨਾਲ ਗੱਲਬਾਤ ਸ਼ੁਰੂ ਕਰਨ।
ਉਪ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਕੋਲ ਈਰਾਨ ਸਰਕਾਰ ਨਾਲ ਉਥੇ ਵਸਦੇ ਸਿੱਖਾਂ ਅਤੇ ਹੋਰਨਾਂ ਪੰਜਾਬੀਆਂ ਦੀਆਂ ਚਿੰਤਾਵਾਂ ਅਤੇ ਭਾਵਨਾਵਾਂ ਨਾਲ ਜੁੜੇ ਹੋਏ ਕੁੱਝ ਹੋਰ ਮੁੱਦੇ ਵੀ ਵਿਚਾਰੇ ਜਾਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਸ. ਬਾਦਲ ਨੇ ਅੱਗੇ ਇਹ ਲਿਖਿਆ ਹੈ ਕਿ ਉਥੇ ਵਸਦੇ ਸਿੱਖਾਂ ਦੇ ਮਨਾਂ ਦੀ ਇਹ ਰੀਝ ਹੈ ਕਿ ਉਸ ਵਿਰਾਸਤੀ ਸਾਂਝ ਨੂੰ ਉਭਾਰਨ ਲਈ ਨਿਯਮਤ ਰੂਪ ਵਿਚ ਕਿਸੇ ਨਾ ਕਿਸੇ ਤਰ੍ਹਾਂ ਸੱਭਿਆਚਾਰਕ ਆਦਾਨ-ਪ੍ਰਦਾਨ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਈਰਾਨ ਸਰਕਾਰ ਨੂੰ ਬੇਨਤੀ ਕੀਤੀ ਜਾਵੇ ਕਿ ਉਹ ਸਿੱਖਾਂ ਦੀ ਚੁਣੀ ਹੋਈ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਰਾਹੀਂ ਵਿਸ਼ੇਸ਼ ਗਰੁੱਪ ਵੀਜ਼ਾ ਜਾਰੀ ਕਰਨ ਦੀ ਪ੍ਰਕ੍ਰਿਆ ਸ਼ੁਰੂ ਕਰੇ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਈਰਾਨ ਨਾਲ ਬੇਹੱਦ ਮਜ਼ਬੂਤ ਸੱਭਿਆਚਾਰਕ ਅਤੇ ਧਾਰਮਿਕ ਸਾਂਝ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਆਪਣੇ ਪਵਿੱਤਰ ਮੱਕੇ ਦੇ ਦੌਰੇ ਦੌਰਾਨ ਉਸ ਦੇਸ਼ ਵਿੱਚ ਗਏ ਸਨ ਅਤੇ ਉਥੇ ਉਹਨਾਂ ਸੰਤਾਂ ਅਤੇ ਪੈਗੰਬਰਾਂ ਨਾਲ ਖੁੱਲ੍ਹ ਕੇ ਵਿਚਾਰਾਂ ਵੀ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਇਸ ਵਿਰਾਸਤੀ ਸਾਂਝ ਦਾ ਪ੍ਰਤੀਕ ਇਕ ਗੁਰਦੁਆਰਾ ਤਹਿਰਾਨ ਵਿਖੇ ਸੁਸ਼ੋਭਿਤ ਹੈ।
ਸ. ਬਾਦਲ ਨੇ ਇਹ ਵੀ ਕਿਹਾ ਕਿ ਈਰਾਨ ਵਿਚ ਰਹਿੰਦੇ ਸਿੱਖ ਇਹ ਬੇਨਤੀ ਕਰਦੇ ਆ ਰਹੇ ਹਨ ਕਿ ਉਨ੍ਹਾਂ ਨੂੰ ਉਹਨਾਂ ਦੀ ਜਾਇਦਾਦ ਅਤੇ ਵਪਾਰਕ ਅਦਾਰਿਆਂ ਦੀ ਮਾਲਕੀ ਦਾ ਹੱਕ ਦਿੱਤਾ ਜਾਵੇ ਜਿਸ ਨਾਲ ਉਹ ਵਧੇਰੇ ਸੁਰੱਖਿਅਤ ਮਹਿਸੂਸ ਕਰਦੇ ਹੋਏ ਉੱਥੇ ਹੋਰ ਵਧੇਰੇ ਨਿਵੇਸ਼ ਕਰ ਸਕਣ ਅਤੇ ਪ੍ਰਧਾਨ ਮੰਤਰੀ ਇਸ ਮੁੱਦੇ ਨੂੰ ਵੀ ਈਰਾਨ ਸਰਕਾਰ ਕੋਲ ਉਠਾਉਣ।
ਸ. ਬਾਦਲ ਨੇ ਪ੍ਰਧਾਨ ਮੰਤਰੀ ਨੂੰ ਇਹ ਵੀ ਲਿਖਿਆ ਹੈ ਕਿ ਉਹ ਈਰਾਨ ਵਿਚ ਸਿੱਖਾਂ ਲਈ ਬੇਹੱਦ ਢੁੱਕਵੇਂ ਮਾਹੌਲ ਦੀ ਰੌਸ਼ਨੀ ਵਿਚ ਸਿੱਖਾਂ ਅਤੇ ਪੰਜਾਬ ਦੇ ਸਮੂਹ ਲੋਕਾਂ ਵਲੋਂ ਆਪਣੇ ਈਰਾਨੀ ਭਾਈਚਾਰੇ ਨੂੰ ਦਿਲੀ ਮੁਬਾਰਕ ਵੀ ਦੇਣ। ਸ. ਬਾਦਲ ਨੇ ਪੱਤਰ ਦੇ ਅੰਤ ਵਿਚ ਲਿਖਿਆ ਕਿ ਇਹ ਬੜੀ ਤਸੱਲੀ ਵਾਲੀ ਗੱਲ ਹੈ ਕਿ ਈਰਾਨ ਵਿਚ ਵਸਦੇ ਸਿੱਖ ਭਾਈਚਾਰੇ ਦੇ ਮੈਂਬਰਾਂ ਦੇ ਉਥੋਂ ਦੀ ਸਥਾਨਕ ਵਸੋਂ ਨਾਲ ਬੇਹੱਦ ਸੁਖਾਵੇਂ ਸਬੰਧ ਹਨ ਅਤੇ ਉਹ ਈਰਾਨੀ ਭੈਣਾਂ ਅਤੇ ਭਰਾਵਾਂ ਵਲੋਂ ਉਨ੍ਹਾਂ ਨੂੰ ਦਿੱਤੇ ਜਾਂਦੇ ਸਤਿਕਾਰ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>