Wednesday, April 15, 2015

ਸੁਖਬੀਰ ਦਾ ਸੁਪਨਾ ਆਖਰ ਹੋਇਆ ਸਾਕਾਰ......... ਹੁਣ ਨਹੀਂ ਲੋੜ ਪਵੇਗੀ ਸੁਖਬੀਰ ਨੂੰ ਬੀਜੇਪੀ ਦੀਆਂ ਫੌੜੀਆਂ ਦੀ


ਚੰਡੀਗੜ੍ਹ, 15 ਅਪ੍ਰੈਲ : ਅਕਾਲੀ ਦਲ ਦੇ ਪ੍ਰਧਾਨ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਇਕ ਚਿਰੋਕਣਾ ਸੁਪਨਾ ਆਖਰਕਾਰ ਅੱਜ ਪੂਰਾ ਹੋ ਗਿਆ ਹੈ।
ਇਹ ਸੁਪਨਾ ਸੀ ਵਿਧਾਨ ਸਭਾ ਚ 59 ਵਿਧਾਇਕਾਂ ਦੀ ਹਾਜ਼ਰੀ ਲਵਾਕੇ ਇਕੱਲਿਆਂ ਅਕਾਲੀ ਦਲ ਦੇ ਬਲਬੂਤੇ ਬਹੁਮਤ ਹਾਸਲ ਕਰਨਾ ਅਤੇ ਅੱਜ ਧੂਰੀ ਵਿਧਾਨ ਸਭਾ ਹਲਕੇ ਚ ਅਕਾਲੀ ਉਮੀਦਵਾਰ ਗੋਬਿੰਦ ਸਿੰਘ ਲੌਂਗੋਵਾਲ ਦੀ ਜਿੱਤ ਨਾਲ ਸੁਖਬੀਰ ਦਾ ਇਹ ਸੁਪਨਾ ਪੂਰਾ ਹੋ ਗਿਆ ਹੈ। ਅੱਜ ਦੀ ਜਿੱਤ ਅਕਾਲੀ ਦਲ ਲਈ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਹੁਣ ਪਾਰਟੀ ਨੂੰ ਵਿਧਾਨ ਸਭਾ ਚ ਬਹੁਮਤ ਹਾਸਲ ਕਰਨ ਲਈ ਬੀਜੇਪੀ ਦੀਆਂ ਫੌੜੀਆਂ ਦੀ ਲੋੜ ਵੀ ਨਹੀਂ ਰਹੀ।
ਅਕਾਲੀ ਦਲ ਦੀ ਵਾਗਡੋਰ ਸਾਂਭਣ ਉਪਰੰਤ ਹੀ ਸੁਖਬੀਰ ਬਾਦਲ ਇਨ੍ਹਾਂ ਯਤਨਾਂ ਚ ਸਨ ਕਿ ਅਕਾਲੀ ਦਲ ਨੂੰ ਪੰਜਾਬ ਚ ਇਸ ਮੁਕਾਮ ਤੇ ਪੁਚਾਇਆ ਜਾਵੇ ਕਿ ਪਾਰਟੀ ਨੂੰ ਬਹੁਮਤ ਲਈ ਬੀਜੇਪੀ ਦੇ ਸਾਥ ਦੀ ਲੋੜ ਨਾ ਰਹੇ। ਸੁਖਬੀਰ 2008 ਚ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਣੇ ਸਨ ਤੇ 2009 ਚ ਸਿਧਾਂਤਕ ਤੌਰ ਤੇ ਪ੍ਰਧਾਨ ਬਣੇ ਸਨ। ਉਸੇ ਦਿਨ ਤੋਂ ਉਨ੍ਹਾਂ ਨੇ ਇਹ ਯਤਨ ਸ਼ੁਰੂ ਕਰ ਦਿਤੇ ਸਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ 1997-2002 ਸਰਕਾਰ ਦੌਰਾਨ ਅਕਾਲੀ ਦਲ ਦੇ ਇਕੱਲਿਆਂ ਦੇ 78 ਵਿਧਾਇਕ ਸਨ ਤੇ ਉਹ ਆਪਣੇ ਬਲਬੂਤੇ ਸਰਕਾਰ ਬਣਾਉਣ ਸਮਰਥ ਸੀ ਪਰ ਇਸ ਦੇ ਬਾਵਜੂਦ ਬੀਜੇਪੀ ਨੂੰ 18 ਵਿਧਾਇਕ ਹੋਣ ਦੇ ਬਾਵਜੂਦ ਵੀ ਸਰਕਾਰ ਚ ਸ਼ਾਮਲ ਕੀਤਾ ਗਿਆ ਸੀ। ਪਰ ਹੁਣ ਹਲਾਤ ਬਦਲ ਗਏ ਸਨ।
ਪਿਛਲੇ ਕੁਝ ਸਮੇਂ ਤੋਂ ਖਾਸ ਤੌਰ ਤੇ ਕੇਂਦਰ ਚ ਨਰਿੰਦਰ ਮੋਦੀ ਦੀ ਅਗਵਾਈ ਚ ਬੀਜੇਪੀ ਦੇ ਇਕੱਲਿਆਂ ਦੇ ਦਮ ਤੇ ਹੀ ਸਪਸ਼ਟ ਬਹੁਮਤ ਹਾਸਲ ਕਰਨ ਕਾਰਨ ਪੰਜਾਬ ਬੀਜੇਪੀ ਵਲੋਂ ਅਕਾਲੀ ਦਲ ਨੂੰ ਦਿਖਾਈਆਂ ਜਾ ਰਹੀਆਂ ਅੱਖਾਂ ਕਾਰਨ ਅਕਾਲੀ ਦਲ ਅੰਦਰਖਾਤੇ ਕਾਫੀ ਚਿੰਤਤ ਸੀ। ਪੰਜਾਬ ਬੀਜੇਪੀ ਦੇ ਲੀਡਰਾਂ ਦੇ ਤੇਵਰ ਵੀ ਕੇਂਦਰ ਚ ਮੋਦੀ ਦੀ ਅਗਵਾਈ ਚ ਸਰਕਾਰ ਬਣਨ ਅਤੇ ਖਾਸ ਤੌਰ ਤੇ ਹਰਿਆਣਾ ਚ ਬੀਜੇਪੀ ਦੀ ਸਰਕਾਰ ਬਣਨ ਉਪਰੰਤ ਕਾਫੀ ਬਦਲ ਗਏ ਸਨ ਤੇ ਗਾਹੇ-ਬਗਾਹੇ ਅਕਾਲੀ ਸਰਕਾਰ ਵਿਰੋਧੀ ਬਿਆਨਬਾਜ਼ੀ ਵੀ ਇਸ ਦੇ ਲੀਡਰ ਕਰਨ ਲੱਗੇ ਸਨ। ਇਸ ਕਾਰਨ ਅਕਾਲੀ ਸਰਪ੍ਰਸਤ ਬਾਦਲ ਨੂੰ ਵੀ ਕਈ ਦਿੱਲੀ ਚ ਬੀਜੇਪੀ ਹਾਈਕਮਾਂਡ ਦੇ ਲੀਡਰਾਂ ਨਾਲ ਗੱਲ ਕਰਨੀ ਪਈ ਸੀ। ਪਰ ਫੇਰ ਵੀ ਪੰਜਾਬ ਬੀਜੇਪੀ ਲੀਡਰ ਅੰਦਰਖਾਤੇ ਆਪਣੀ ਮੁਹਿੰਮ ਚਲਾਏ ਹੋਏ ਸਨ। ਇਥੇ ਇਹ ਗੱਲ ਵੀ ਕਿਸੇ ਤੋਂ ਲੁਕੀ ਨਹੀਂ ਹੈ ਕਿ ਬੀਜੇਪੀ ਅੰਦਰਖਾਤੇ 2017 ਦੀਆਂ ਚੋਣਾਂ ਇਕੱਲਿਆਂ ਲੜਨ ਦੇ ਮੂਡ ਚ ਆਪਣੀ ਮੁਹਿੰਮ ਵਿਢੇ ਹੋਏ ਹੈ। ਅਜਿਹੇ ਚ ਅੱਜ ਧੂਰੀ ਤੋਂ ਪ੍ਰਾਪਤ ਹੋਈ ਜਿੱਤ ਨਾਲ ਜਿਥੇ ਸੁਖਬੀਰ ਬਾਦਲ ਤੇ ਅਕਾਲੀ ਦਲ ਨੂੰ ਇਕ ਮਨੋਵਿਗਿਆਨਕ ਹੁਲਾਰਾ ਮਿਲੇਗਾ, ਉਥੇ ਬੀਜੇਪੀ ਦੇ ਮਨਸੂਬਿਆਂ ਨੂੰ ਇਕ ਤਰ੍ਹਾਂ ਨਾਲ ਧੱਕਾ ਜ਼ਰੂਰ ਪੁੱਜੇਗਾ।
ਇਥੇ ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਨੇ ਲਗਾਤਾਰ ਸ਼ਹਿਰੀ ਵੋਟਰਾਂ ਨੂੰ ਕੇਂਦਰਤ ਕਰਦਿਆਂ ਆਪਣੀ ਮੁਹਿੰਮ ਸ਼ੁਰੂ ਕੀਤੀ ਹੋਈ ਸੀ ਤੇ ਉਹ ਲਗਾਤਾਰ ਅਕਾਲੀ ਦਲ ਦਾ ਸ਼ਹਿਰੀ ਤੇ ਅਰਧ ਸ਼ਹਿਰੀ ਖੇਤਰਾਂ ਚ ਅਧਾਰ ਬਣਾਉਣ ਲਈ ਯਤਨਸ਼ੀਲ ਸਨ। ਇਸ ਨਾਲ ਬੀਜੇਪੀ ਦੇ ਸ਼ਹਿਰੀ ਅਧਾਰ ਨੂੰ ਵੀ ਕਾਫੀ ਹੱਦ ਤਕ ਸੰਨ੍ਹ ਲਾਉਣ ਚ ਉਹ ਸਫਲ ਰਹੇ ਹਨ। ਪਿਛਲੀਆਂ ਨਗਰ ਕੌਂਸਲ ਚੋਣਾਂ ਤੇ ਕਾਰਪੋਰੇਸ਼ਨਾਂ ਚ ਅਕਾਲੀ ਦਲ ਦੇ ਜੇਤੂ ਉਮੀਦਵਾਰਾਂ ਦੀ ਗਿਣਤੀ ਇਸ ਦੀ ਗਵਾਹੀ ਭਰਦੀ ਹੈ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>