ਥਾਣਾ ਮੁਖੀ 'ਤੇ ਭੱਦੀ ਸ਼ਬਦਾਵਲੀ ਵਰਤਕੇ ਦੁਰਵਿਵਹਾਰ ਕਰਨ ਦੇ ਗੰਭੀਰ ਦੋਸ਼
ਮਹਿਲ ਕਲਾਂ, 5 ਅਪ੍ਰੈਲ ( ਅਣਖੀ)-ਪੁਲਿਸ ਥਾਣਾ ਮਹਿਲ ਕਲਾਂ ਵਿਖੇ ਜ਼ਮੀਨੀ
ਝਗੜੇ ਦੇ ਸਬੰਧੀ ਥਾਣਾ ਮੁਖੀ ਨੂੰ ਮਿਲਣ ਲਈ ਆਏ ਕੁਝ ਵਿਅਕਤੀਆਂ ਨੇ ਥਾਣਾ ਮੁਖੀ ਉੱਪਰ
ਭੱਦੀ ਸ਼ਬਦਾਵਲੀ ਵਰਤਕੇ ਦੁਰ-ਵਿਵਹਾਰ ਕਰਨ ਦੇ ਗੰਭੀਰ ਦੋਸ਼ ਲਗਾਏ ਹਨ | ਅੱਜ ਇੱਥੇ
ਪ੍ਰੈੱਸ ਕਲੱਬ ਮਹਿਲ ਕਲਾਂ ਦੇ ਦਫ਼ਤਰ ਵਿਖੇ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਪੁੱਤਰ
ਜੀਤ ਸਿੰਘ ਵਾਸੀ ਕੁਤਬਾ, ਇੰਦਰਜੀਤ ਸਿੰਘ ਪੁੱਤਰ ਦਲਵਿੰਦਰ ਸਿੰਘ ਤੇ ਗੁਰਿੰਦਰ ਸਿੰਘ
ਪੁੱਤਰ ਦਲਬਾਗ ਸਿੰਘ ਦੋਵੇਂ ਵਾਸੀ ਛੀਨੀਵਾਲ ਕਲਾਂ ਨੇ ਤਸਦੀਕਸ਼ੁਦਾ ਹਲਫ਼ੀਆ ਬਿਆਨ ਰਾਹੀਂ
ਦੱਸਿਆ ਕਿ ਪਿਛਲੇ ਸਮੇਂ ਤੋਂ ਉਨ੍ਹਾਂ ਦਾ ਗੁਰਦੀਪ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ
ਲੁਧਿਆਣਾ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਹੈ ਜਿਸ ਦੇ ਸਬੰਧ ਵਿਚ ਅੱਜ ਥਾਣਾ ਮਹਿਲ ਕਲਾਂ
ਦੇ ਮੁਖੀ ਬਲਜੀਤ ਸਿੰਘ ਨੇ ਦੋਵਾਂ ਧਿਰਾਂ ਨੂੰ ਬੁਲਾਇਆ ਸੀ | ਪਰ ਥਾਣਾ ਮੁਖੀ ਨੇ ਸਾਡਾ
ਪੱਖ ਸੁਣਨ ਦੀ ਬਜਾਏ ਵਿਰੋਧੀ ਧਿਰ ਦਾ ਪੱਖ ਪੂਰਦਿਆਂ ਸਾਡੇ ਨਾਲ ਦੁਰ-ਵਿਵਹਾਰ ਕੀਤਾ ਅਤੇ
ਮੌਕੇ 'ਤੇ ਮੌਜੂਦ ਮੋਹਤਬਰਾਂ ਦੀ ਹਾਜ਼ਰੀ ਵਿਚ ਸਾਨੂੰ ਗਾਲ਼ਾਂ ਕੱਢੀਆਂ | ਉਨ੍ਹਾਂ ਕਿਹਾ
ਕਿ ਥਾਣਾ ਮੁਖੀ ਵੱਲੋਂ ਜਿਸ ਵਿਅਕਤੀ ਦਾ ਪੱਖ ਪੂਰਿਆ ਜਾ ਰਿਹਾ ਹੈ | ਉਸ ਵਿਰੁੱਧ ਥਾਣਾ
ਸਦਰ ਲੁਧਿਆਣਾ ਵਿਖੇ ਧੋਖਾਧੜੀ ਦਾ ਮੁਕੱਦਮਾ ਪਹਿਲਾਂ ਹੀ ਦਰਜ ਹੋ ਚੁੱਕਾ ਹੈ | ਇਸ ਸਮੇਂ
ਮੌਜੂਦ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਅਮਰ ਸਿੰਘ ਛੀਨੀਵਾਲ, ਪੰਚ
ਨਿਰਭੈ ਸਿੰਘ ਛੀਨੀਵਾਲ ਆਦਿ ਮੋਹਤਵਰਾਂ ਨੇ ਐਸ. ਐਸ. ਪੀ. ਬਰਨਾਲਾ ਪਾਸੋਂ ਉਕਤ ਪੁਲਿਸ
ਅਧਿਕਾਰੀ ਿਖ਼ਲਾਫ਼ ਢੁਕਵੀਂ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਇਸ ਸਬੰਧੀ ਪੁਲਿਸ ਥਾਣਾ
ਮਹਿਲ ਕਲਾਂ ਦੇ ਮੁੱਖੀ ਸ. ਬਲਜੀਤ ਸਿੰਘ ਢਿੱਲੋਂ ਨਾਲ ਸੰਪਰਕ ਕੀਤੇ ਜਾਣ ਤੇ ਉਨ੍ਹਾਂ ਉਕਤ
ਵਿਅਕਤੀਆਂ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਸਰਾਸਰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਕਤ
ਮਾਮਲੇ ਵਿਚ ਆਪਣੇ ਿਖ਼ਲਾਫ਼ ਕਾਰਵਾਈ ਹੋਣ ਦੇ ਡਰੋ ਉਕਤ ਵਿਅਕਤੀਆਂ ਵੱਲੋਂ ਅਜਿਹੀਆਂ
ਨਿਰਅਧਾਰਿਤ ਗੱਲਾਂ ਕੀਤੀਆਂ ਜਾ ਰਹੀਆਂ |