Thursday, February 9, 2012


                                  ਸਿਆਸੀ ਧਨੰਤਰਾਂ ਨੇ ਮੁਫਤੋ ਮੁਫਤ 'ਚ ਲੜੀ ਚੋਣ
ਬਠਿੰਡਾ : ਵਿਧਾਨ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਦਾ ਡੰਡਾ ਸਿਆਸੀ ਆਗੂਆਂ ਦੇ ਵੀ ਰਾਸ ਆਇਆ ਲੱਗਦਾ ਹੈ। ਚੋਣ ਕਮਿਸ਼ਨ ਦੇ ਰਿਕਾਡਰ ਮੁਤਾਬਕ ਉਨ੍ਹਾਂ ਨੂੰ ਐਤਕੀਂ ਚੋਣਾਂ 'ਚ ਬਾਹਲਾ ਖਰਚ ਨਹੀਂ ਕਰਨਾ ਪਿਆ। ਬਾਦਲ ਤੇ ਕੈਪਟਨ ਪਰਿਵਾਰ ਨੂੰ ਇਸ ਵਾਰ ਚੋਣਾਂ ਦੌਰਾਨ ਪੰਜ ਲੱਖ ਤੋਂ ਵੀ ਘੱਟ ਖਰਚ ਕਰਨਾ ਪਿਆ ਹੈ। ਉਂਜ ਇਹ ਵੱਖਰੀ ਗੱਲ ਹਾ ਕਿ ਚੋਣਾਂ 'ਤੇ ਖਰਚਾ ਕਈ ਗੁਣਾ ਹੋਇਆ ਹੈ ਪਰ ਕਾਗ਼ਜ਼ਾਂ 'ਚ ਇਹ ਕਾਫੀ ਘੱਟ ਦਿਖਾਇਆ ਗਿਆ ਹੈ।ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣ ਲਈ ਖਰਚ ਦੀ ਹੱਦ ਐਤਕੀਂ 16 ਲੱਖ ਰੁਪਏ ਮਿਥੀ ਗਈ ਹੈ ਜਦੋਂਕਿ ਪਹਿਲਾਂ ਚੋਣ ਖਰਚ ਦੀ ਹੱਦ 10 ਲੱਖ ਰੁਪਏ ਤੱਕ ਸੀ। ਚੋਣ ਕਮਿਸ਼ਨ ਵੱਲੋਂ  ਹਰ ਉਮੀਦਵਾਰ ਦੇ ਖਰਚੇ 'ਤੇ ਨਿਗ੍ਹਾ ਰੱਖਣ ਲਈ ਵੀਡੀਓਗ੍ਰਾਫੀ ਕਰਾਈ ਗਈ ਹੈ। ਚੋਣ ਖਰਚ ਦਾ ਹਿਸਾਬ-ਕਿਤਾਬ ਰੱਖਣ ਲਈ 'ਸ਼ੈਡੋ ਰਜਿਸਟਰ' ਵੀ ਲਾਏ ਗਏ। ਚੋਣ ਪ੍ਰਚਾਰ ਦੌਰਾਨ ਹਰ ਉਮੀਦਵਾਰ ਦੇ ਚੋਣ ਖਰਚ ਦੀ ਦੋ ਵਾਰ ਪੜਤਾਲ ਵੀ ਕੀਤੀ ਗਈ। ਰਿਟਰਨਿੰਗ ਅਫਸਰਾਂ ਤੋਂ ਪ੍ਰਾਪਤ ਵੇਰਵਿਆਂ ਮੁਤਾਬਕ ਹਲਕਾ ਲੰਬੀ ਤੋਂ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਚੋਣ ਖਰਚ 1,89,219 ਰੁਪਏ ਹੋਇਆ ਹੈ। ਇਸ ਚੋਣ ਖਰਚ ਵਿੱਚ ਆਖਰੀ ਚਾਰ ਦਿਨਾਂ ਦਾ ਚੋਣ ਖਰਚ ਸ਼ਾਮਲ ਕੀਤਾ ਜਾਣਾ ਬਾਕੀ ਹੈ। ਕੁੱਲ ਮਿਲਾ ਕੇ ਇਹ ਚੋਣ ਖਰਚ ਪੰਜ ਲੱਖ ਦਾ ਅੰਕੜਾ ਪਾਰ ਨਹੀਂ ਕਰੇਗਾ।
            ਮੁੱਖ ਮੰਤਰੀ ਵੱਲੋਂ 10 ਜਨਵਰੀ ਨੂੰ ਨਾਮਜ਼ਾਦਗੀ ਪੱਤਰ ਦਾਖਲ ਕੀਤੇ ਗਏ ਸਨ। ਉਨ੍ਹਾਂ ਵੱਲੋਂ 16 ਦਿਨਾਂ ਵਿੱਚ ਸਿਰਫ 1.89 ਲੱਖ ਰੁਪਏ ਹੀ ਚੋਣ ਖਰਚ ਕੀਤਾ ਗਿਆ। ਪੀਪਲਜ਼ ਪਾਰਟੀ ਆਫ ਪੰਜਾਬ ਦੇ ਉਮੀਦਵਾਰ ਗੁਰਦਾਸ ਸਿੰਘ ਬਾਦਲ ਦਾ ਚੋਣ ਖਰਚ ਆਪਣੇ ਭਰਾ ਨਾਲੋਂ ਜ਼ਿਆਦਾ ਹੋਇਆ ਹੈ। ਗੁਰਦਾਸ ਬਾਦਲ ਦਾ 16 ਦਿਨਾਂ ਦਾ ਚੋਣ ਖਰਚ 2,40,295 ਰੁਪਏ ਹੋਇਆ ਹੈ। ਇਸੇ ਤਰ੍ਹਾਂ ਕਾਂਗਰਸ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਬਾਦਲ 1,87,000 ਰੁਪਏ ਚੋਣ ਖਰਚ ਦਿਖਾਇਆ ਹੈ। ਇਨ੍ਹਾਂ ਉਮੀਦਵਾਰਾਂ ਦਾ ਚਾਰ ਦਿਨ ਦਾ ਚੋਣ ਖਰਚ ਸ਼ਾਮਲ ਕੀਤਾ ਜਾਣਾ ਬਾਕੀ ਹੈ। ਤਿੰਨੇ ਬਾਦਲ ਭਰਾਵਾਂ ਨੇ ਚੋਣਾਂ 'ਤੇ 6.16 ਲੱਖ ਰੁਪਏ ਖਰਚ ਕੀਤੇ ਹਨ ਜਦੋਂਕਿ ਉਹ 48 ਲੱਖ ਰੁਪਏ ਤੱਕ ਦਾ ਖਰਚ ਕਰ ਸਕਦੇ ਸਨ। ਸਾਬਕਾ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਹਲਕਾ ਪਟਿਆਲਾ ਸ਼ਹਿਰੀ ਤੋਂ ਚੋਣ ਲੜੀ ਹੈ। ਹਾਸਲ ਜਾਣਕਾਰੀ ਅਨੁਸਾਰ ਕੈਪਟਨ ਨੇ ਸਿਰਫ 4.85 ਲੱਖ ਰੁਪਏ ਹੀ ਚੋਣ ਖਰਚ ਕੀਤਾ ਹੈ। ਉਨ੍ਹਾਂ ਦਾ ਇਹ ਕੁੱਲ ਚੋਣ ਖਰਚ ਹੈ ਜਿਸ ਵਿੱਚ 30 ਜਨਵਰੀ ਤੱਕ ਦਾ ਖਰਚਾ ਸ਼ਾਮਲ ਹੈ। ਉਨ੍ਹਾਂ ਦੇ ਮੁਕਾਬਲੇ ਚੋਣ ਲੜਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਕੋਹਲੀ ਨੇ 3.50 ਲੱਖ ਰੁਪਏ ਦਾ ਚੋਣ ਖਰਚ ਕੀਤਾ ਹੈ।ਹਲਕਾ ਲਹਿਰਾਗਾਗਾ ਤੋਂ ਕਾਂਗਰਸੀ ਉਮੀਦਵਾਰ ਤੇ ਵਿਰੋਧੀ ਧਿਰ ਦੀ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਨੇ ਚੋਣਾਂ 'ਤੇ 4.90 ਲੱਖ ਰੁਪਏ ਖਰਚ ਕੀਤੇ ਹਨ ਤੇ ਉਨ੍ਹਾਂ ਦੇ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਸਰਾਓ ਦਾ ਚੋਣ ਖਰਚ 5.50 ਲੱਖ ਰੁਪਏ ਆਇਆ ਹੈ। ਪੀਪਲਜ਼ ਪਾਰਟੀ ਆਫ ਪੰਜਾਬ ਦੇ ਉਮੀਦਵਾਰ ਭਗਵੰਤ ਮਾਨ ਦਾ ਚੋਣ ਖਰਚ 5.50 ਲੱਖ ਰੁਪਏ ਤੋਂ ਉਪਰ ਹੈ। ਚੋਣ ਕਮਿਸ਼ਨ ਦੀ ਸਖਤੀ ਤੋਂ ਡਰੇ ਉਮੀਦਵਾਰਾਂ ਨੇ ਐਤਕੀਂ ਖਰਚ ਦਿਖਾਉਣ ਵਿੱਚ ਵੀ ਕੰਜੂਸੀ ਵਰਤੀ ਹੈ। ਜਦੋਂ ਵਿਧਾਨ ਸਭਾ ਚੋਣ ਵਿੱਚ ਚੋਣ ਖਰਚ ਦੀ ਹੱਦ 10 ਲੱਖ ਰੁਪਏ ਸੀ ਤਾਂ ਉਦੋਂ ਚੋਣ ਖਰਚ 7 ਜਾਂ 8 ਲੱਖ ਰੁਪਏ ਤੱਕ ਦਿਖਾ ਦਿੰਦੇ ਸਨ। ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਤੇ ਹਲਕਾ ਮੌੜ ਤੋਂ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਵੱਲੋਂ 27 ਜਨਵਰੀ ਤੱਕ ਦਾ ਚੋਣ ਖਰਚ 3,01,963 ਰੁਪਏ ਦਿਖਾਇਆ ਗਿਆ ਹੈ। ਕੋਈ ਵੀ ਸਿਆਸੀ ਆਗੂ ਪੰਜ ਲੱਖ ਦਾ ਅੰਕੜਾ ਪਾਰ ਨਹੀਂ ਕਰ ਸਕਿਆ।
         ਜ਼ਿਲ੍ਹਾ ਬਠਿੰਡਾ ਦੀ ਗੱਲ ਕਰੀਏ ਤਾਂ ਹਲਕਾ ਮੌੜ ਤੋਂ ਅਕਾਲੀ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਨੇ 27 ਜਨਵਰੀ ਤੱਕ ਦਾ ਚੋਣ ਖਰਚ 3.36 ਲੱਖ ਰੁਪਏ ਦਿਖਾਇਆ ਹੈ ਜਦੋਂਕਿ ਕਾਂਗਰਸੀ ਉਮੀਦਵਾਰ ਮੰਗਤ ਰਾਏ ਬਾਂਸਲ ਨੇ 5.21 ਲੱਖ ਰੁਪਏ ਚੋਣ ਖਰਚ ਦਿਖਾਇਆ ਹੈ। ਇਸੇ ਤਰ੍ਹਾਂ ਹਲਕਾ ਬਠਿੰਡਾ ਸ਼ਹਿਰੀ ਤੋਂ ਅਕਾਲੀ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਆਪਣਾ ਚੋਣ ਖਰਚ 4,70,000 ਰੁਪਏ ਦਿਖਾਇਆ ਹੈ ਜਦੋਂਕਿ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਨੇ 3,34,000 ਰੁਪਏ ਤੇ ਪੀਪਲਜ਼ ਪਾਰਟੀ ਦੇ ਉਮੀਦਵਾਰ ਸੁਖਦੀਪ ਸਿੰਘ ਭਿੰਡਰ ਨੇ 4.18 ਲੱਖ ਰੁਪਏ ਚੋਣ ਖਰਚ 27 ਜਨਵਰੀ ਤੱਕ ਦਾ ਦਿਖਾਇਆ ਹੈ।ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੰਧੂ ਨੇ 26 ਜਨਵਰੀ ਤੱਕ ਦਾ ਚੋਣ ਖਰਚ 2.70 ਲੱਖ ਰੁਪਏ, ਅਕਾਲੀ ਉਮੀਦਵਾਰ ਅਮਰਜੀਤ ਸਿੰਘ ਸਿੱਧੂ ਨੇ 3 ਲੱਖ ਰੁਪਏ ਤੇ ਪੀਪਲਜ਼ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਚਹਿਲ ਨੇ 2.74 ਲੱਖ ਰੁਪਏ ਚੋਣ ਖਰਚ ਦਿਖਾਇਆ ਹੈ। ਇਸੇ ਤਰ੍ਹਾਂ ਹਲਕਾ ਬਠਿੰਡਾ ਦਿਹਾਤੀ ਤੋਂ ਕਾਂਗਰਸੀ ਉਮੀਦਵਾਰ ਮੱਖਣ ਸਿੰਘ ਦਾ ਚੋਣ ਖਰਚ 2.90 ਲੱਖ ਰੁਪਏ, ਅਕਾਲੀ ਉਮੀਦਵਾਰ ਦਰਸ਼ਨ ਸਿੰਘ ਕੋਟਫੱਤਾ ਦਾ ਚੋਣ ਖਰਚ 2.11 ਲੱਖ ਰੁਪਏ ਤੇ ਸਾਂਝੇ ਮੋਰਚੇ ਦੇ ਉਮੀਦਵਾਰ ਸੁਰਜੀਤ ਸਿੰਘ ਸੋਹੀ ਦਾ ਚੋਣ ਖਰਚ 2.75 ਲੱਖ ਰੁਪਏ ਦਿਖਾਇਆ ਗਿਆ ਹੈ। ਹਲਕਾ ਭੁੱਚੋ ਤੋਂ ਅਕਾਲੀ ਉਮੀਦਵਾਰ ਪ੍ਰੀਤਮ ਸਿੰਘ ਕੋਟਭਾਈ ਨੇ 4.83 ਲੱਖ ਰੁਪਏ, ਕਾਂਗਰਸੀ ਉਮੀਦਵਾਰ ਨੇ 3.72 ਲੱਖ ਰੁਪਏ ਤੇ ਪੀਪਲਜ਼ ਪਾਰਟੀ ਦੇ ਉਮੀਦਵਾਰ ਹਰਵਿੰਦਰ ਸਿੰਘ ਲਾਡੀ ਨੇ 2.98 ਲੱਖ ਰੁਪਏ ਆਪਣਾ ਚੋਣ ਖਰਚ ਦਿਖਾਇਆ ਹੈ। ਇਸ ਤਰ੍ਹਾਂ ਕਿਸੇ ਵੀ ਉਮੀਦਵਾਰ ਵਲੋਂ ਪੰਜ ਲੱਖ ਤੋਂ ਜਿਆਦਾ ਦਾ ਚੋਣ ਖਰਚ ਨਹੀਂ ਦਿਖਾਇਆ ਗਿਆ ਹੈ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>