ਜਲੰਧਰ, (ਧਵਨ)¸ਵੱਖ-ਵੱਖ ਚੈਨਲਾਂ 'ਤੇ ਦਿਖਾਏ ਜਾ ਰਹੇ ਐਗਜ਼ਿਟ ਪੋਲ ਦੇ ਨਤੀਜਿਆਂ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸਹਿਮਤ ਨਹੀਂ ਹਨ। ਉਨ੍ਹਾਂ ਐਤਵਾਰ ਮੁੜ ਦਾਅਵਾ ਕੀਤਾ ਕਿ ਕਾਂਗਰਸ ਦਾ ਪ੍ਰਦਰਸ਼ਨ ਐਗਜ਼ਿਟ ਪੋਲ ਦੇ ਨਤੀਜਿਆਂ ਨਾਲੋਂ ਵੀ ਵਧੀਆ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਅੱਜ ਵੀ ਇਹ ਮੰਨਣਾ ਹੈ ਕਿ ਪਾਰਟੀ 70 ਸੀਟਾਂ ਜਿੱਤ ਲਵੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਲੈ ਕੇ ਆਪਣੇ ਸਹਿਯੋਗੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਵਧੇਰੇ ਚੈਨਲਾਂ ਨੇ ਇਹ ਤਾਂ ਮੰਨ ਲਿਆ ਹੈ ਕਿ ਸੂਬੇ ਵਿਚ ਕਾਂਗਰਸ ਹੀ ਸਰਕਾਰ ਬਣਾਏਗੀ ਪਰ ਉਨ੍ਹਾਂ ਦੀ ਨਿੱਜੀ ਰਾਏ ਹੈ ਕਿ ਪਾਰਟੀ ਦੀਆਂ ਜੇਤੂ ਸੀਟਾਂ ਦੀ ਗਿਣਤੀ ਕਿਤੇ ਵੱਧ ਰਹੇਗੀ ਕਿਉਂਕਿ ਵੋਟਰਾਂ ਨੇ ਵੱਡੀ ਪੱਧਰ 'ਤੇ ਵੋਟਾਂ ਪਾਈਆਂ ਹਨ ਅਤੇ ਇਹ ਵੋਟਾਂ ਅਕਾਲੀ-ਭਾਜਪਾ ਸਰਕਾਰ ਵਿਰੁੱਧ ਗਈਆਂ ਹਨ। ਅਮਰਿੰਦਰ ਦੇ ਨੇੜਲਿਆਂ ਨੇ ਦਸਿਆ ਕਿ ਇਕ ਤਾਂ ਅਕਾਲੀ ਦਲ ਦੀਆਂ ਸੀਟਾਂ ਘਟਣਗੀਆਂ, ਦੂਜਾ ਆਜ਼ਾਦਾਂ ਨੂੰ ਵੱਧ ਸੀਟਾਂ ਮਿਲਣ ਦੀ ਉਮੀਦ ਨਹੀਂ। ਆਜ਼ਾਦ ਤੇ ਬਾਗੀਆਂ ਦਾ ਅੰਕੜਾ 5 ਸੀਟਾਂ ਤਕ ਹੀ ਸੀਮਤ ਰਹੇਗਾ।
ਉਪ ਮੁਖ ਮੰਤਰੀ ਦਾ ਮੁੱਦਾ ਅਜੇ ਖੁਲ੍ਹਾ ਹੈ : ਭਾਜਪਾ
ਪੰਜਾਬ ਭਾਜਪਾ ਨੇ ਐਤਵਾਰ ਜਿੱਥੇ ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਰੱਦ ਕਰ ਦਿਤਾ, ਉਥੇ ਦੂਜੇ ਪਾਸੇ ਉਸ ਨੇ ਕਿਹਾ ਕਿ ਉਪ ਮੁਖ ਮੰਤਰੀ ਦਾ ਮੁੱਦਾ ਅਜੇ ਖਤਮ ਨਹੀਂ ਹੋਇਆ।
ਪੰਜਾਬ ਭਾਜਪਾ ਦੇ ਜਨਰਲ ਸਕੱਤਰ ਕਮਲ ਸ਼ਰਮਾ ਨੇ ਕਿਹਾ ਕਿ ਇਹ ਕਹਿਣਾ ਠੀਕ ਨਹੀਂ ਹੈ ਕਿ ਉਨ੍ਹਾਂ ਦੀ ਪਾਰਟੀ ਨੇ ਉਪ ਮੁਖ ਮੰਤਰੀ ਦਾ ਮੁੱਦਾ ਛੱਡ ਦਿਤਾ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਇਸ ਮੁੱਦੇ 'ਤੇ ਚਰਚਾ ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਕੀਤੀ ਜਾਵੇਗੀ।
ਕਮਲ ਸ਼ਰਮਾ ਨੇ ਕਿਹਾ ਕਿ ਗਠਜੋੜ ਧਰਮ ਇਹੀ ਸਿਖਾਉਂਦਾ ਹੈ ਕਿ ਨਤੀਜੇ ਐਲਾਨੇ ਜਾਣ ਤੋਂ ਬਾਅਦ ਹੀ ਅਜਿਹੇ ਨਾਜ਼ੁਕ ਮੁੱਦਿਆਂ 'ਤੇ ਦੋਵੇਂ ਪਾਰਟੀਆਂ ਮਿਲ ਕੇ ਫੈਸਲਾ ਕਰਨ। ਉਨ੍ਹਾਂ ਕਿਹਾ ਕਿ ਐਗਜ਼ਿਟ ਪੋਲ ਵਿਚ ਭਾਜਪਾ ਨੂੰ ਕਮਜ਼ੋਰ ਮੰਨਿਆ ਗਿਆ ਹੈ ਜੋ ਅਸਲੀਅਤ ਤੋਂ ਦੂਰ ਦੀ ਗੱਲ ਹੈ।