ਮਾਇਆ ਸੱਭਿਅਤਾ, ਜਿਸ ਨੇ ਕਿ 5125 ਸਾਲ ਪਹਿਲਾਂ ਇਕ ਕੈਲੰਡਰ ਸ਼ੁਰੂ ਕੀਤਾ ਸੀ, ਜਿਸ 'ਚ ਇਹ ਤੈਅ ਕੀਤਾ ਗਿਆ ਸੀ ਕਿ ਇਸ ਦੀ ਆਖਰੀ ਤਰੀਕ 21 ਦਸੰਬਰ 2012 ਹੋਵੇਗੀ। ਇਸ ਕੈਲੰਡਰ ਦੀ ਕਿਸੇ ਵੀ ਸਮਕਾਲੀਨ ਜੋਤਿਸ਼ 'ਤੇ ਵੱਖਰੀ ਸ੍ਰੇਸ਼ਠਤਾ ਦਰਜ ਹੈ।
ਕੀ 12 ਮਹੀਨਿਆਂ ਬਾਅਦ ਦੁਨੀਆ ਖਤਮ ਹੋ ਜਾਵੇਗੀ? ਮੇਰਾ ਮੰਨਣਾ ਹੈ ਕਿ ਹਾਂ, ਅਜਿਹਾ ਹੀ ਹੋਵੇਗਾ। ਦੁਨੀਆ ਸਿਰਫ਼ ਉਨ੍ਹਾਂ ਲੋਕਾਂ ਲਈ ਖਤਮ ਹੋਵੇਗੀ, ਜੋ ਦੁਨੀਆ ਦੀ ਅਗਵਾਈ ਕਰ ਰਹੇ ਹਨ। ਸੁਪਰ ਸਟਾਰਜ਼ ਸਿਆਸੀ ਕਾਰਨਾਂ ਦੇ ਚੱਲਦਿਆਂ 'ਬਲੈਕ ਹੋਲ' ਵਿਚ ਚਲੇ ਜਾਣਗੇ। ਸਾਨੂੰ ਪ੍ਰਮਾਤਮਾ ਦਾ ਫ਼ੈਸਲਾ ਪ੍ਰਮਾਤਮਾ 'ਤੇ ਹੀ ਛੱਡ ਦੇਣਾ ਚਾਹੀਦਾ ਹੈ ਅਤੇ ਇਹੋ ਬੇਹਤਰ ਹੋਵੇਗਾ।
ਮੈਂ ਇਸ 'ਤੇ ਜ਼ੋਰ ਨਹੀਂ ਦੇ ਰਿਹਾ ਕਿ ਦੁਨੀਆ 2012 ਤਕ ਸਿਮਟ ਕੇ ਰਹਿ ਜਾਵੇਗੀ ਪਰ ਇਹ ਵੱਖਰੀ ਕਿਸਮ ਦੀ ਜਗ੍ਹਾ ਹੋਵੇਗੀ। ਵਰ੍ਹੇ ਦੀ ਸ਼ੁਰੂਆਤ 14 ਜਨਵਰੀ ਨੂੰ ਤਾਈਵਾਨ ਦੇ ਰਾਸ਼ਟਰਪਤੀ ਦੇ ਅਹੁਦੇ ਦੀਆਂ ਚੋਣਾਂ ਨਾਲ ਹੋਵੇਗੀ ਤੇ ਜਨਵਰੀ-ਫਰਵਰੀ 'ਚ ਭਾਰਤ ਵਿਚ ਬੈਲੇਟ ਬਾਕਸ ਦੇਖਣ ਨੂੰ ਮਿਲਣਗੇ। ਯੂ. ਪੀ. ਇਕ ਰਾਸ਼ਟਰ ਨਹੀਂ ਹੈ ਪਰ ਇਸ ਦੀ ਆਬਾਦੀ ਪਾਕਿਸਤਾਨ ਦੇ ਬਰਾਬਰ ਹੈ। ਹਾਲਾਂਕਿ ਇਹ ਇਕ ਸੂਬਾ ਹੈ ਪਰ ਇਸ ਦਾ ਪ੍ਰਭਾਵ ਸੂਬਾਈ ਪੱਧਰ ਤਕ ਕਦੇ ਨਹੀਂ ਰਿਹਾ।
4 ਮਾਰਚ ਨੂੰ ਵਲਾਦੀਮੀਰ ਪੁਤਿਨ ਇਹ ਦੇਖਣਗੇ ਕਿ ਕੀ ਉਨ੍ਹਾਂ ਦੀ ਸੱਤਾ 'ਤੇ ਬੈਠਣ ਦੀ ਯੋਜਨਾ ਉਤੇ ਲੋਕਾਂ ਦੇ ਰੋਸ ਮੁਜ਼ਾਹਰਿਆਂ ਦਾ ਅਸਰ ਤਾਂ ਨਹੀਂ ਪੈਂਦਾ। ਇਸੇ ਮਹੀਨੇ ਈਰਾਨ ਨਵੀਂ ਮਜਲਿਸ (ਪਾਰਲੀਮੈਂਟ) ਹਾਸਿਲ ਕਰੇਗਾ। 22 ਅਪ੍ਰੈਲ ਨੂੰ ਫਰਾਂਸ 'ਚ ਵੀ ਚੋਣਾਂ ਦੇਖਣ ਨੂੰ ਮਿਲਣਗੀਆਂ, ਜਿਥੇ ਨਿਕੋਲਸ ਸਰਕੋਜ਼ੀ ਦੀ ਕਿਸਮਤ ਦਾ ਫ਼ੈਸਲਾ 6 ਮਈ ਨੂੰ ਹੋਵੇਗਾ।
ਪੈਸਕੀ ਲੰਡਨ ਇਸ ਦੇ ਨਾਲ-ਨਾਲ ਮੋਨੋਐਕਟਿੰਗ ਮਨੋਰੰਜਨ ਕਰੇਗਾ, ਜਦੋਂ ਬੋਰਿਸ ਜਾਨਸਨ ਅਤੇ ਸਪਰਮ ਡੋਨਰ ਕੇਨ ਲਿਵਿੰਗਸਟੋਨ ਦੁਨੀਆ ਸਾਹਮਣੇ ਆਪਣਾ ਸ਼ਹਿਰੀ ਫਰਜ਼ ਨਿਭਾਉਣਗੇ। ਅਕਤੂਬਰ ਮਹੀਨੇ 'ਚ ਚੋਣਾਂ ਦੇ ਇਤਿਹਾਸ 'ਚ ਤਬਦੀਲੀ ਦੇਖਣ ਨੂੰ ਮਿਲੇਗੀ। ਚੀਨੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਹੂ ਜਿਨ ਤਾਓ ਦੀ ਥਾਂ ਝੀ ਜਿਨ ਪਿੰਗ ਅਹੁਦਾ ਸੰਭਾਲਣਗੇ। ਇਸ ਦਾ ਨਤੀਜਾ ਸਾਨੂੰ ਪਹਿਲਾਂ ਤੋਂ ਹੀ ਪਤਾ ਹੈ।
ਇਸ ਤੋਂ ਬਾਅਦ ਹੋਵੇਗਾ ਸਭ ਤੋਂ ਵੱਡਾ ਧਮਾਕਾ। ਅਮਰੀਕਾ 'ਚ ਬਰਾਕ ਓਬਾਮਾ ਵਿਰੁੱਧ ਰਾਸ਼ਟਰਪਤੀ ਦੇ ਅਹੁਦੇ ਲਈ ਨਿਊਟ ਗਿੰਗਰਿਚ ਉਮੀਦਵਾਰ ਵਜੋਂ ਮੈਦਾਨ 'ਚ ਆ ਸਕਦੇ ਹਨ। ਇਸ ਦੌਰਾਨ ਕੁਝ ਅਰਬ ਤਾਨਾਸ਼ਾਹ ਜਾਂ ਤਾਂ ਸਵਿਟਜ਼ਰਲੈਂਡ ਜਾਂ ਫਿਰ ਜੇਲਾਂ 'ਚ ਅਲੋਪ ਹੋ ਜਾਣਗੇ ਅਤੇ ਪਾਕਿਸਤਾਨ, ਜਿਥੇ ਇਕ ਚੁਣੀ ਹੋਈ ਸਰਕਾਰ ਨੇ ਕਦੇ ਵੀ ਆਪਣਾ ਕਾਰਜਕਾਲ ਪੂਰਾ ਨਹੀਂ ਕੀਤਾ, ਵਿਚ ਵੀ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ।
ਮੇਰੇ ਲਈ ਸਭ ਤੋਂ ਦਿਲਚਸਪ ਗੱਲ ਹੋਵੇਗੀ ਯੂ. ਪੀ. ਦੀਆਂ ਚੋਣਾਂ। ਰਾਹੁਲ ਗਾਂਧੀ ਨੂੰ ਘੱਟ ਕਰਕੇ ਨਹੀਂ ਜਾਣਨਾ ਚਾਹੀਦਾ, ਜੋ ਇਕ ਪੇਸ਼ੇਵਰ ਪਹਿਲਵਾਨ ਵਾਂਗ ਆਪਣੀ ਸ਼ਰਟ ਦੀਆਂ ਬਾਹਾਂ ਉਪਰ ਲਪੇਟੀ ਰੱਖਦਾ ਹੈ ਤੇ ਦਫ਼ਤਰ (ਪੀ. ਐੱਮ. ਓ.) 'ਚ 10 ਸਾਲਾਂ ਤਕ ਬੈਠਣ ਦੀ ਗੱਲ ਕਰਦਾ ਹੈ, ਜਦਕਿ ਕਾਨੂੰਨੀ ਮਿਆਦ 5 ਵਰ੍ਹਿਆਂ ਦੀ ਹੈ। ਯੂ. ਪੀ. ਦੀਆਂ ਚੋਣਾਂ 'ਚ ਕੋਈ ਚਮਤਕਾਰ ਹੋ ਸਕਦਾ ਹੈ, ਜਿਥੇ ਵੋਟਿੰਗ ਦਾ ਅੰਕੜਾ ਰਵਾਇਤੀ ਰੂਪ-ਰੇਖਾ ਖਿੱਚਦਾ ਹੈ। ਅਸਲ 'ਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਰਾਹੁਲ ਗਾਂਧੀ ਇਕ 'ਆਈਕਾਨ' ਬਣ ਕੇ ਉੱਭਰੇ ਹਨ।
ਜਿਸ ਤਰ੍ਹਾਂ ਹੇਮਵਤੀ ਨੰਦਨ ਬਹੁਗੁਣਾ ਨੂੰ 1974 'ਚ ਸਲਾਹ ਦਿੱਤੀ ਗਈ ਸੀ ਕਿ ਦੇਵਬੰਦ 'ਚ ਜਾਣ ਤੋਂ ਪਹਿਲਾਂ ਉਹ ਆਪਣੀ ਦਾੜ੍ਹੀ ਵਧਾ ਲੈਣ, ਉਸੇ ਤਰ੍ਹਾਂ ਹੀ ਰਾਹੁਲ ਗਾਂਧੀ ਕਰ ਰਹੇ ਹਨ। ਜਿਸ ਤਰ੍ਹਾਂ ਸੋਨੀਆ ਅਤੇ ਰਾਹੁਲ ਗਾਂਧੀ ਯੂ. ਪੀ. ਦੀਆਂ ਚੋਣਾਂ ਨੂੰ ਲੈ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਲਖਨਊ ਤੋਂ ਜ਼ਿਆਦਾ ਉਨ੍ਹਾਂ ਦੀਆਂ ਨਜ਼ਰਾਂ ਦਿੱਲੀ 'ਤੇ ਟਿਕੀਆਂ ਹੋਈਆਂ ਹਨ।
ਮੁਸਲਮਾਨਾਂ ਲਈ ਨੌਕਰੀਆਂ 'ਚ ਰਾਖਵਾਂਕਰਨ ਦੇਣ ਦਾ ਐਲਾਨ ਆਖਰੀ ਸਮੇਂ 'ਤੇ ਕੀਤਾ ਗਿਆ, ਜੋ ਕਿ ਸੰਵੇਦਨਸ਼ੀਲ ਸਮਾਜਿਕ-ਆਰਥਿਕ ਫ਼ੈਸਲੇ ਤੋਂ ਜ਼ਿਆਦਾ ਚੋਣ ਲਾਭ (ਲਾਲਚ) ਲੱਗਦਾ ਹੈ। ਕਾਂਗਰਸ ਮੰਨਦੀ ਹੈ ਕਿ ਯੂ. ਪੀ. ਏ. ਦੇ ਸ਼ਾਸਨ ਦੌਰਾਨ ਮੁਸਲਮਾਨਾਂ ਦੀ ਹਾਲਤ ਖਰਾਬ ਹੋਈ ਹੈ ਤੇ ਅੰਕੜੇ ਵੀ ਇਹੋ ਦਰਸਾਉਂਦੇ ਹਨ। ਲੱਗਦਾ ਹੈ ਕਾਂਗਰਸ ਇਸ ਵਰਗ ਤੋਂ ਕੁਝ ਸਮਰਥਨ ਹਾਸਿਲ ਕਰਨ 'ਚ ਸਫਲ ਰਹੇਗੀ।
'ਮਨਰੇਗਾ' ਪਿਛਲੀਆਂ ਆਮ ਚੋਣਾਂ ਤੋਂ ਪਹਿਲਾਂ ਸਮੇਂ ਸਿਰ ਲਿਆਂਦੀ ਗਈ ਯੋਜਨਾ ਸੀ ਤੇ ਇਸ ਦੇ ਨਤੀਜੇ ਬਿਹਤਰ ਨਜ਼ਰ ਆਏ।
ਇਸੇ ਤਰ੍ਹਾਂ ਖੁਰਾਕ ਸੁਰੱਖਿਆ ਬਿੱਲ 'ਚ ਨਿਵੇਸ਼ ਨਾਲ ਵੀ ਨਤੀਜੇ ਬਿਹਤਰ ਨਿਕਲਣ ਦੀ ਸੰਭਾਵਨਾ ਹੈ ਤੇ ਇਸ ਦਾ ਅਸਰ ਯੂ. ਪੀ. ਦੀਆਂ ਚੋਣਾਂ 'ਚ ਦਿਸੇਗਾ। ਇਹ ਇਕ ਕੌਮੀ ਨਿਵੇਸ਼ ਹੈ ਨਾ ਕਿ ਖੇਤਰੀ।
ਯੂ. ਪੀ. 'ਚ ਚੰਗੀ ਕਾਰਗੁਜ਼ਾਰੀ, ਰਾਸ਼ਟਰਪਤੀ ਦੇ ਅਹੁਦੇ ਦੀਆਂ ਚੋਣਾਂ, ਜੋ ਕਿ ਜੂਨ 'ਚ ਹੋਣੀਆਂ ਹਨ, ਤੋਂ ਬਾਅਦ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਇਆ ਜਾ ਸਕਦਾ ਹੈ। ਇਹ ਕੋਈ ਮੁਸ਼ਕਿਲ ਵਾਲੀ ਗੱਲ ਨਹੀਂ। ਡਾ. ਮਨਮੋਹਨ ਸਿੰਘ 80 ਸਾਲਾਂ ਦੇ ਹੋ ਜਾਣਗੇ ਤੇ ਉਨ੍ਹਾਂ ਦੀ ਉਮਰ ਵੀ ਇਕ ਵਿਸ਼ਾ ਬਣ ਸਕਦੀ ਹੈ। ਕਾਂਗਰਸ ਇਸ ਤਬਦੀਲੀ ਦਾ ਉਤਸ਼ਾਹ ਨਾਲ ਸਵਾਗਤ ਕਰੇਗੀ। ਸਹਾਇਕ ਪਾਰਟੀਆਂ ਕੋਲ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਵਜੋਂ ਸਵੀਕਾਰ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੋਵੇਗਾ। ਆਓ, 2012 ਦਾ ਸਵਾਗਤ ਕਰੀਏ।