Wednesday, December 28, 2011

ਅੰਗਰੇਜ਼ਾਂ ਦੇ ਹਥਿਆਰਾਂ ਨਾਲ ਪਹਿਰੇਦਾਰੀ
     
ਬਠਿੰਡਾ : ਪੰਜਾਬ ਦੀਆਂ ਜੇਲ੍ਹਾਂ 'ਚ ਰਾਖੀ  ਅੰਗਰੇਜ਼ਾਂ ਦੇ ਜ਼ਮਾਨੇ ਦੇ ਹਥਿਆਰਾਂ ਨਾਲ ਹੋ ਰਹੀ ਹੈ। ਜੇਲ੍ਹਾਂ 'ਚ ਇਕੱਲਾ ਕਾਨੂੰਨ ਹੀ ਅੰਗਰੇਜ਼ਾਂ ਵਾਲਾ ਨਹੀਂ ਹੈ ਬਲਕਿ ਹਥਿਆਰ ਵੀ ਉਨ੍ਹਾਂ ਦੇ ਵੇਲੇ ਦੇ ਹੀ ਹਨ। ਬਹੁਤੀਆਂ ਜੇਲ੍ਹਾਂ ਤਾਂ ਬਣੀਆਂ ਵੀ ਅੰਗਰੇਜ਼ਾਂ ਦੇ ਜ਼ਮਾਨੇ ਦੀਆਂ ਹਨ। ਜ਼ਮਾਨਾ ਬਦਲ ਗਿਆ ਹੈ ਅਤੇ ਅਪਰਾਧੀਆਂ ਦੇ ਅਪਰਾਧ ਕਰਨ ਦੇ ਤੌਰ ਤਰੀਕੇ ਵੀ ਬਦਲ ਗਏ ਹਨ। ਆਧੁਨਿਕ ਜ਼ਮਾਨੇ 'ਚ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਇਨ੍ਹਾਂ ਜੇਲ੍ਹਾਂ 'ਚ ਆਧੁਨਿਕ ਹਥਿਆਰ ਮੁਹੱਈਆ ਨਹੀਂ ਕਰਵਾਏ ਗਏ ਹਨ। ਜੇਲ੍ਹਾਂ ਦੇ ਪ੍ਰਬੰਧਕ ਸਰਕਾਰ ਨੂੰ ਚਿੱਠੀਆਂ ਲਿਖ ਲਿਖ ਥੱਕ ਗਏ ਹਨ ਪਰ ਕਿਧਰੋਂ ਕੋਈ ਖੈਰ ਨਹੀਂ ਪਈ। ਜੇਲ੍ਹਾਂ 'ਚ ਜੋ ਏ.ਕੇ-47 ਰਾਈਫਲਾਂ ਹਨ, ਉਹ ਵੀ ਜੇਲ੍ਹ ਵਿਭਾਗ ਨੇ ਪੰਜਾਬ ਪੁਲੀਸ ਤੋਂ ਉਧਾਰ ਲਈਆਂ ਹਨ।
          ਪੰਜਾਬ ਦੀਆਂ ਕਈ ਜੇਲ੍ਹਾਂ ਨੂੰ ਏ.ਕੇ-47 ਵੀ ਨਸੀਬ ਨਹੀਂ ਹੋਈ ਹੈ। ਜੇਲ੍ਹਾਂ 'ਚ ਜੋ ਬਾਕੀ ਹਥਿਆਰ ਹਨ, ਉਹ ਵੀ 26 ਸਾਲ ਪੁਰਾਣੇ ਹਨ। ਇਕੱਲੇ ਰਿਵਾਲਵਰ ਹਨ ਜੋ ਕਿ ਚੰਗੀ ਹਾਲਤ 'ਚ ਹਨ ਅਤੇ ਯੂ.ਐਸ.ਏ. ਦੇ ਬਣੇ ਹੋਏ ਹਨ। ਜੇਲ੍ਹਾਂ 'ਚ ਪਹਿਲਾਂ ਨਾਲੋਂ ਕੈਦੀਆਂ ਦੀ ਗਿਣਤੀ ਕਈ ਗੁਣਾ ਵੱਧ ਗਈ ਹੈ ਪ੍ਰੰਤੂ ਇਸ ਦੇ ਬਾਵਜੂਦ ਸਰਕਾਰ ਸੁਰੱਖਿਆ ਵੱਲ ਧਿਆਨ ਨਹੀਂ ਦਿੰਦੀ। ਜੇਲ੍ਹ ਗਾਰਦ ਪੁਰਾਣੇ ਹਥਿਆਰਾਂ ਨਾਲ ਹੀ ਜੇਲ੍ਹ ਦੀ ਰੱਖਿਆ ਕਰਦੀ ਹੈ। ਹੁਣ ਤਾਂ ਜੇਲ੍ਹ ਗਾਰਦ ਵੀ ਪੁਰਾਣੇ ਹੀ ਹਨ ਕਿਉਂਕਿ ਲੰਮੇ ਸਮੇਂ ਤੋਂ ਸਰਕਾਰ ਨੇ ਜੇਲ੍ਹ ਗਾਰਦਾਂ ਦੀ ਭਰਤੀ ਹੀ ਨਹੀਂ ਕੀਤੀ। ਅੱਧੀ ਦਰਜਨ ਜੇਲ੍ਹਾਂ 'ਚ ਮਾਸਕਟ ਰਾਈਫਲਾਂ ਹਨ। ਇਨ੍ਹਾਂ ਦੀ ਵਰਤੋਂ ਹਾਲੇ ਵੀ ਕੀਤੀ ਜਾ ਰਹੀ ਹੈ। ਇਹ ਮਾਸਕਟ ਰਾਈਫਲਾਂ ਅੰਗਰੇਜ਼ਾਂ ਦੇ ਜ਼ਮਾਨੇ ਦੀਆਂ ਹਨ। ਕਈ ਜੇਲ੍ਹਾਂ ਨੇ ਤਾਂ ਇਹ ਮਾਸਕਟ ਰਾਈਫਲਾਂ ਵਾਪਸ ਜਮ੍ਹਾਂ ਵੀ ਕਰਵਾ ਦਿੱਤੀਆਂ ਹਨ।
           ਸਬ ਜੇਲ੍ਹ ਫਾਜ਼ਿਲਕਾ ਨੇ ਸੂਚਨਾ ਦੇ ਅਧਿਕਾਰ ਤਹਿਤ ਦੱਸਿਆ ਹੈ ਕਿ ਉਨ੍ਹਾਂ ਕੋਲ 10 ਮਾਸਕਟ ਰਾਈਫਲਾਂ ਹਨ ਜਿਨ੍ਹਾਂ ਨੂੰ ਜੇਲ੍ਹ ਦੀ ਸੁਰੱਖਿਆ ਲਈ ਵਰਤਿਆ ਜਾ ਰਿਹਾ ਹੈ। ਇਸ ਜੇਲ੍ਹ ਕੋਲ 25 ਸਾਲ ਪੁਰਾਣੀਆਂ 303 ਰਾਈਫਲਾਂ ਵੀ ਚਾਰ ਹਨ ਅਤੇ ਦੋ ਐਸ.ਐਲ.ਆਰ. ਹਨ। 38 ਬੋਰ ਦਾ ਇੱਕ ਰਿਵਾਲਵਰ ਵੀ ਹੈ। ਫਾਜ਼ਿਲਕਾ ਜੇਲ੍ਹ ਨੇ ਸਰਕਾਰ ਤੋਂ 10 ਐਸ.ਐਲ.ਆਰ. ਰਾਈਫਲਾਂ ਦੀ ਮੰਗ ਕੀਤੀ ਹੈ। ਪਠਾਨਕੋਟ ਦੀ ਸਬ ਜੇਲ੍ਹ 'ਚ 7 ਮਾਸਕਟ ਰਾਈਫਲਾਂ ਹਨ। ਜੇਲ੍ਹ ਪ੍ਰਬੰਧਕਾਂ ਨੇ ਦੱਸਿਆ ਕਿ ਮਾਸਕਟ ਰਾਈਫਲਾਂ ਪੁਰਾਣੀਆਂ ਹਨ ਅਤੇ ਟੁੱਟੀਆਂ ਹੋਈਆਂ ਹਨ। ਸੰਗਰੂਰ ਜੇਲ੍ਹ ਕੋਲ ਵੀ ਮਾਸਕਟ ਰਾਈਫਲਾਂ ਸਨ ਪਰ ਉਹ ਹੁਣ ਜਮ੍ਹਾਂ ਕਰਾ ਦਿੱਤੀਆਂ ਗਈਆਂ ਹਨ। ਬਠਿੰਡਾ ਜੇਲ੍ਹ, ਫਿਰੋਜ਼ਪੁਰ ਅਤੇ ਪਟਿਆਲਾ ਜੇਲ੍ਹ 'ਚ ਤਾਂ ਮਾਸਕਟ ਰਾਈਫਲਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਇਨ੍ਹਾਂ 'ਚੋਂ ਬਹੁਤੀਆਂ ਰਾਈਫਲਾਂ ਦੀ ਹਾਲਤ ਖਸਤਾ ਹੀ ਹੈ। ਜੋ 303 ਰਾਈਫਲਾਂ ਹਨ, ਉਨ੍ਹਾਂ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ ਹੈ।
ਬਠਿੰਡਾ ਜੇਲ੍ਹ ਦੇ ਸੁਪਰਡੈਂਟ ਪ੍ਰੇਮ ਗਰਗ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਤੋਂ ਹਥਿਆਰਾਂ ਦੀ ਮੰਗ ਕੀਤੀ ਹੈ। ਕਈ ਜੇਲ੍ਹਾਂ ਨੇ ਸੂਚਨਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਬਠਿੰਡਾ ਜੇਲ੍ਹ ਕੋਲ 25 ਦੇ ਕਰੀਬ 303 ਰਾਈਫਲਾਂ ਹਨ ਅਤੇ 2 ਸਟੇਨਗੰਨਾਂ ਹਨ। ਇਸ ਜੇਲ੍ਹ ਕੋਲ ਤਾਂ ਏ.ਕੇ.-47 ਰਾਈਫਲ ਵੀ ਨਹੀਂ ਹੈ।
           ਹਰੇਕ ਜੇਲ੍ਹ ਵੱਲੋਂ ਆਪੋ ਆਪਣੇ ਜ਼ਿਲ੍ਹੇ ਦੇ ਜ਼ਿਲ੍ਹਾ ਪੁਲੀਸ ਕਪਤਾਨ ਤੋਂ ਉਧਾਰੀ ਏ.ਕੇ.-47 ਲਈ ਜਾਂਦੀ ਹੈ। ਬਠਿੰਡਾ ਜੇਲ੍ਹ ਵੱਲੋਂ ਵੀ ਜ਼ਿਲ੍ਹਾ ਪੁਲੀਸ ਤੋਂ ਏ.ਕੇ.-47 ਦੀ ਮੰਗ ਕੀਤੀ ਹੋਈ ਹੈ। ਫਿਰੋਜ਼ਪੁਰ ਜੇਲ੍ਹ ਨੇ ਜ਼ਿਲ੍ਹਾ ਪੁਲੀਸ ਤੋਂ ਦੋ ਏ.ਕੇ.-47 ਅਤੇ ਪਟਿਆਲਾ ਜੇਲ੍ਹ ਨੇ ਜ਼ਿਲ੍ਹਾ ਪੁਲੀਸ ਤੋਂ ਇੱਕ ਏ.ਕੇ.-47 ਉਧਾਰੀ ਲਈ ਹੋਈ ਹੈ। ਇਸੇ ਤਰ੍ਹਾਂ ਸੰਗਰੂਰ ਜੇਲ੍ਹ ਨੇ ਦੋ, ਨਾਭਾ ਜੇਲ੍ਹ ਨੇ ਇੱਕ ਅਤੇ ਬਰਨਾਲਾ ਜੇਲ੍ਹ ਨੇ ਵੀ ਇੱਕ ਏ.ਕੇ.-47 ਜ਼ਿਲ੍ਹਾ ਪੁਲੀਸ ਤੋਂ ਉਧਾਰੀ ਲਈ ਹੋਈ ਹੈ। ਪਟਿਆਲਾ ਜੇਲ੍ਹ ਦੇ ਸੁਪਰਡੈਂਟ ਲਖਵਿੰਦਰ ਸਿੰਘ ਜਾਖੜ ਦਾ ਕਹਿਣਾ ਹੈ ਕਿ ਛੋਟਾ ਹਥਿਆਰ ਹੋਣ ਕਰਕੇ ਜੇਲ੍ਹਾਂ 'ਚ ਏ.ਕੇ.-47 ਦੀ ਵੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਲ੍ਹਾਂ ਨੂੰ ਆਧੁਨਿਕ ਹਥਿਆਰਾਂ ਦੀ ਲੋੜ ਹੈ।
         ਪ੍ਰਾਪਤ ਜਾਣਕਾਰੀ ਅਨੁਸਾਰ ਜੇਲ੍ਹਾਂ ਦੀ ਇਸ ਵੇਲੇ ਬੰਦੀ ਰੱਖਣ ਦੀ ਸਮਰੱਥਾਂ ਤਾਂ ਘੱਟ ਹੈ ਪਰ ਜੇਲ੍ਹਾਂ 'ਚ ਸਮਰੱਥਾਂ ਤੋਂ ਕਈ ਗੁਣਾ ਜ਼ਿਆਦਾ ਬੰਦੀ ਰੱਖੇ ਹੋਏ ਹਨ। ਜੇਲ੍ਹਾਂ 'ਚ ਕੈਦੀਆਂ ਦਾ ਘੜਮੱਸ ਪਿਆ ਹੋਇਆ ਹੈ। ਜੇਲ੍ਹਾਂ ਵਿੱਚ ਸਭ ਕੁਝ ਪੁਰਾਣਾ ਹੀ ਚੱਲ ਰਿਹਾ ਹੈ ਅਤੇ ਬੱਸ ਕੇਵਲ ਅਪਰਾਧੀ ਹੀ ਨਵੇਂ ਹਨ ਜਾਂ ਉਨ੍ਹਾਂ ਦੇ ਅਪਰਾਧ ਕਰਨ ਦੇ ਢੰਗ ਤਰੀਕੇ ਨਵੇਂ ਹਨ। ਜਨਾਨਾ ਜੇਲ੍ਹ ਲੁਧਿਆਣਾ ਤਾਂ ਇਸ ਵੇਲੇ ਸੁਰੱਖਿਆ ਤੋਂ ਬਿਨ੍ਹਾਂ ਹੀ ਹੈ। ਜੇਲ ਪ੍ਰਬੰਧਕਾਂ ਨੇ ਸਰਕਾਰ ਨੂੰ ਕਈ ਵਾਰ ਲਿਖਿਆ ਹੈ ਕਿ ਜੇਲ੍ਹ 'ਚ ਪੁਰਸ਼ ਸੰਤਰੀ ਲਗਾ ਦਿੱਤਾ ਜਾਵੇ ਪਰ ਹਾਲੇ ਤੱਕ ਜੇਲ੍ਹ 'ਚ ਪੁਰਸ਼ ਸੰਤਰੀ ਨਹੀਂ ਤਾਇਨਾਤ ਕੀਤਾ ਗਿਆ। ਜੇਲ੍ਹ 'ਚ ਗਾਰਦ ਲਗਾਉਣ ਬਾਰੇ ਵੀ ਲਿਖਿਆ ਗਿਆ ਹੈ।
                                                      ਜਿਪਸੀਆਂ ਵੀ ਕੰਡਮ ਹੋਈਆਂ
    ਜੇਲ੍ਹਾਂ ਕੋਲ ਤਾਂ ਸਰਕਾਰੀ ਗੱਡੀ ਵੀ ਨਹੀਂ ਹੈ। ਜੇਲ੍ਹ ਅਧਿਕਾਰੀ ਪ੍ਰਾਈਵੇਟ ਵਾਹਨ ਹੀ ਵਰਤਦੇ ਹਨ। ਪੰਜਾਬ ਸਰਕਾਰ ਵੱਲੋਂ ਜੇਲ੍ਹਾਂ ਨੂੰ 1986 ਵਿੱਚ 15 ਦੇ ਕਰੀਬ ਜਿਪਸੀਆਂ ਦਿੱਤੀਆਂ ਗਈਆਂ ਸਨ। ਇਹ ਜਿਪਸੀਆਂ ਹੁਣ ਕੰਡਮ ਹੋ ਚੁੱਕੀਆਂ ਹਨ। ਕਰੀਬ ਪੰਜ ਵਰ੍ਹਿਆਂ ਤੋਂ ਇਹ ਜਿਪਸੀਆਂ ਕੰਡਮ ਹਾਲਤ ਵਿੱਚ ਜੇਲ੍ਹਾਂ 'ਚ ਖੜ੍ਹੀਆਂ ਹਨ। ਕਿਸੇ ਵੀ ਜੇਲ੍ਹ ਵੱਲੋਂ ਸਰਕਾਰੀ ਜਿਪਸੀ ਕੰਡਮ ਹੋਣ ਕਰਕੇ ਵਰਤੀ ਨਹੀਂ ਜਾ ਰਹੀ। ਬਠਿੰਡਾ, ਸੰਗਰੂਰ, ਪਟਿਆਲਾ, ਫਿਰੋਜ਼ਪੁਰ ਤੇ ਨਾਭਾ ਸਮੇਤ ਸਾਰੀਆਂ ਜੇਲ੍ਹਾਂ 'ਚ ਇਹ ਜਿਪਸੀਆਂ ਕੰਡਮ ਹਾਲਤ ਵਿੱਚ ਖੜ੍ਹੀਆਂ ਹਨ। ਜੇਲ੍ਹ ਸੁਪਰਡੈਂਟਾਂ ਵੱਲੋਂ 9 ਨਵੰਬਰ ਨੂੰ ਡੀ.ਜੀ.ਪੀ. ਜੇਲ੍ਹਾਂ ਕੋਲ ਮੀਟਿੰਗ ਦੌਰਾਨ ਇਹ ਮੁੱਦਾ ਵੀ ਉਠਾਇਆ ਸੀ ਕਿ ਉਨ੍ਹਾਂ ਨੂੰ ਸਰਕਾਰੀ ਗੱਡੀਆਂ ਦਿੱਤੀਆਂ ਜਾਣ। ਸੁਪਰਡੈਂਟਾਂ ਨੇ ਕਿਹਾ ਕਿ ਉਹ ਜਦੋਂ ਮੀਟਿੰਗਾਂ ਜਾਂ ਅਦਾਲਤਾਂ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਪ੍ਰਾਈਵੇਟ ਵਾਹਨ ਵਰਤਣੇ ਪੈਂਦੇ ਹਨ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>