Sunday, April 28, 2013

ਬਰਨਾਲਾ ਦੇ ਦੋ ਪੱਤਰਕਾਰਾਂ ਨੂੰ ਕੁੱਟ ਕੇ ਬੰਧਕ ਬਣਾਉਣ ਖਿਲਾਫ਼ ਭਾਜਪਾ ਤੇ ਆਰਐਸਐਸ ਆਗੂਆਂ ਖਿਲਾਫ਼ ਮਾਮਲਾ ਦਰਜ








ਬਰਨਾਲਾ, 25 ਅਪ੍ਰੈਲ  -ਲੰਘੀ ਰਾਤ ਸਥਾਨਕ ਦਾਣਾ ਮੰਡੀ ਵਿਖੇ ਇੱਕ ਆੜ੍ਹਤੀਏ ਦੀ ਦੁਕਾਨ ਵਿਖੇ ਹਿੰਦੀ ਅਖ਼ਬਾਰ ਦੇ ਦੋ ਪੱਤਰਕਾਰਾਂ ਨੂੰ ਬੁਲਾ ਕੇ ਕੁੱਟਮਾਰ ਕਰਨ ਅਤੇ ਬੰਧਕ ਬਣਾ ਲਏ ਜਾਣ ਖਿਲਾਫ਼ ਪੰਜਾਬ ਐਗਰੋ ਦੇ ਇੱਕ ਇੰਸਪੈਕਟਰ ਸਮੇਤ ਭਾਜਪਾ ਤੇ ਆਰਐਸਐਸ ਦੇ ਆਗੂਆਂ ਖਿਲਾਫ਼ ਬਰਨਾਲਾ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਿੰਦੀ ਅਖ਼ਬਾਰ ਦੇ ਪੱਤਰਕਾਰ ਜਤਿੰਦਰ ਦਿਓਗਨ ਨੇ ਪੁਲਿਸ ਕੋਲ ਦਰਜ਼ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਨੇ ਪੰਜਾਬ ਐਗਰੋ ਦੇ ਇੰਸਪੈਕਟਰ ਰਾਮ ਕੁਮਾਰ ਵਿਆਸ ਨਾਲ ਸਬੰਧਿਤ ਖ਼ਬਰ ਪ੍ਰਕਾਸ਼ਿਤ ਕਰ ਦਿੱਤੀ ਸੀ ਜਿਸ ਉਪਰੰਤ ਬੀਤੀ ਦੇਰ ਸ਼ਾਮ ਸਾਢੇ ਕੁ ਸੱਤ ਵਜੇ ਉਸ ਨੂੰ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਹੰਢਿਆਇਆ ਨੇ ਉਕਤ ਇੰਸਪੈਕਟਰ ਨਾਲ ਤਲਖ਼ ਕਲਾਮੀ ਦੂਰ ਕਰਨ ਵਾਸਤੇ ਮੰਡੀ 'ਚ ਸਥਿਤ ਪ੍ਰਦੀਪ ਕੁਮਾਰ ਆੜ੍ਹਤੀਆ ਦੀ ਦੁਕਾਨ 'ਤੇ ਬੁਲਾਇਆ। ਉਨ੍ਹਾਂ ਦੱਸਿਆ ਕਿ ਜਦੋਂ ਉਹ ਆਪਣੇ ਸਾਥੀ ਪੱਤਰਕਾਰ ਹਿਮਾਂਸੂ ਦੂਆ ਨਾਲ ਉਕਤ ਇੰਸਪੈਕਟਰ ਨਾਲ ਤਲਖ਼ ਕਲਾਮੀ ਦੂਰ ਕਰਨ ਵਾਸਤੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਮੰਡੀ 'ਚ ਸਥਿਤ ਦੱਸੀ ਜਗ੍ਹਾ ਵਿਖੇ ਗਏ ਤਾਂ ਉਥੇ ਪਹਿਲਾਂ ਹੀ ਇੰਸਪੈਕਟਰ ਰਾਮ ਕੁਮਾਰ ਵਿਆਸ, ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਢਿਆਇਆ, ਬੀਜੇਪੀ ਦਾ ਸਾਬਕਾ ਪ੍ਰਧਾਨ ਧੀਰਜ ਕੁਮਾਰ ਦੱਧਾਹੂਰ, ਆਰਐਸਐਸ ਆਗੂ ਦੀਪਕ ਰਾਏ ਤੋਂ ਇਲਾਵਾ ਨੀਰਜ ਜਿੰਦਲ ਆਦਿ ਸਮੇਤ ਹੋਰ ਵੀ ਵਿਅਕਤੀ ਬੈਠੇ ਹੋਏ ਸਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਦੋਵੇਂ ਦੁਕਾਨ ਅੰਦਰ ਵੜੇ ਤਾਂ ਉਕਤ ਵਿਅਕਤੀਆਂ ਨੇ ਕੁੱਝ ਹੋਰ ਵਿਅਕਤੀਆਂ ਦੀ ਸਹਾਇਤਾ ਨਾਲ ਉਨ੍ਹਾਂ ਨੂੰ ਅਚਾਨਕ ਕੁੱਟਣਾ ਸ਼ੁਰੂ ਕਰ ਦਿੱਤਾ। ਕੁੱਟ ਮਾਰ ਕਰਨ ਉਪਰੰਤ ਉਨ੍ਹਾਂ ਦੀਆਂ ਲੱਤਾਂ ਬਾਹਾਂ ਬੰਨ੍ਹ ਕੇ ਦੇ ਮੋਬਾਈਲ ਖੋਹ ਕੇ ਉਨ੍ਹਾਂ ਨੂੰ ਦੁਕਾਨ ਅੰਦਰ ਤਾੜ ਕੇ ਸਟਰ ਬੰਦ ਕਰ ਦਿੱਤਾ। ਮੂੰਹ ਨਾਲ ਇੱਕ ਦੂਜੇ ਦੀਆਂ ਬੰਨੀਆਂ ਬਾਹਾਂ ਨੂੰ ਖੋਲਣ ਉਪਰੰਤ ਉਨ੍ਹਾਂ ਨੇ ਹਿਮਾਸੂ ਦੁਆ ਦੀ ਗੁਪਤ ਜੇਬ ਵਿੱਚ ਅਚਾਨਕ ਬਚੇ ਇੱਕ ਮੋਬਾਈਲ ਦੀ ਮੱਦਦ ਨਾਲ ਉਨ੍ਹਾਂ ਅੰਦਰੋਂ ਹੀ ਐਸਐਸਪੀ ਬਰਨਾਲਾ ਨੂੰ ਫ਼ੋਨ ਕਰਕੇ ਸੂਚਿਤ ਕੀਤਾ। ਜਲਦ ਹੀ ਪੁਲਿਸ ਪਾਰਟੀ ਨੇ ਘਟਨਾ ਸਥਾਨ 'ਤੇ ਪੁੱਜ ਕੇ ਦੋਵੇਂ ਪੱਤਰਕਾਰਾਂ ਨੂੰ ਜਖ਼ਮੀ ਹਾਲਤ ਵਿੱਚ ਛੁਡਾ ਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ। ਡੀਐਸਪੀ ਬਰਨਾਲਾ ਨੇ ਦੱਸਿਆ ਕਿ ਪੱਤਰਕਾਰ ਜਤਿੰਦਰ ਦਿਓਗਨ ਦੇ ਬਿਆਨਾਂ ਦੇ ਅਧਾਰ 'ਤੇ ਪੰਜਾਬ ਐਗਰੋ ਦੇ ਇੰਸਪੈਕਟਰ ਰਾਮ ਕੁਮਾਰ ਵਿਆਸ, ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਹੰਢਿਆਇਆ, ਬੀਜੇਪੀ ਦੇ ਸਾਬਕਾ ਪ੍ਰਧਾਨ ਧੀਰਜ ਕੁਮਾਰ ਦੱਧਾਹੂਰ, ਨੀਰਜ ਜਿੰਦਲ, ਜਨਿੰਦਰ ਕੁਮਾਰ, ਆਰਐਸਐਸ ਦੇ ਆਗੂ ਦੀਪਕ ਰਾਏ ਵਕੀਲ ਸਮੇਤ 10-15 ਹੋਰ ਨਾਮਲੂਮ ਵਿਅਕਤੀਆਂ ਖਿਲਾਫ਼ ਆਈਪੀਸੀ ਦੀ ਧਾਰਾ 307, 342, 323,506, 148, 149, 120ਬੀ ਤਹਿਤ ਮੁਕੱਦਮਾ ਦਰਜ਼ ਕਰ ਲਿਆ। ਕਿਸੇ ਵੀ ਮੁਲ਼ਜ਼ਮ ਨੂੰ ਪੁਲਿਸ ਨੇ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ। ਖ਼ਬਰ ਲਿਖੇ ਜਾਣ ਤੱਕ ਇਹ ਵੀ ਪਤਾ ਲੱਗਾ ਹੈ ਕਿ ਦੂਜੀ ਧਿਰ ਵੱਲੋਂ ਵੀ ਆਪਣੇ ਬਿਆਨ ਪੁਲਿਸ ਕੋਲ ਕਲਮਬੰਦ ਕਰਾਏ ਗਏ ਹਨ ਅਤੇ ਪੁਲਿਸ ਕਾਰਵਾਈ ਵਿੱਚ ਜੁਟੀ ਹੋਈ ਹੈ। ਜਦੋਂ ਪੰਜਾਬ ਐਗਰੋ ਦੇ ਇੰਸਪੈਕਟਰ ਰਾਮ ਕੁਮਾਰ ਵਿਆਸ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਸ ਨੇ ਆਪਣੇ ਵੱਲੋਂ ਪੁਲਿਸ ਕੋਲ ਬਿਆਨ ਕਲਮਬੰਦ ਕਰਵਾ ਦਿੱਤੇ ਹਨ ਅਤੇ ਉਨ੍ਹਾਂ ਨੂੰ ਪੁਲਿਸ ਪ੍ਰਸਾਸ਼ਨ ਤੇ ਨਿਆ ਪ੍ਰਣਾਲੀ ਤੇ ਪੂਰਨ ਭਰੋਸਾ ਹੈ। ਜ਼ਿਕਰਯੋਗ ਹੈ ਕਿ ਪੱਤਰਕਾਰ ਜਤਿੰਦਰ ਦਿਓਗਨ ਅਤੇ ਹਿਮਾਂਸੂ ਦੂਆ ਤੋਂ ਇਲਾਵਾ ਪੰਜਾਬ ਐਗਰੋ ਦਾ ਇੰਸਪੈਕਟਰ ਰਾਮ ਕੁਮਾਰ ਵਿਆਸ ਵੀ ਸਿਵਲ ਹਸਪਤਾਲ ਬਰਨਾਲਾ ਵਿਖੇ ਹੀ ਜੇਰੇ ਇਲਾਜ ਹੈ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>