Monday, May 5, 2014

ਮੈਨੂੰ ਤੁਹਾਡੇ ਨਾਲ ਪਿਆਰ ਹੈ

** ਮੇਰੇ ਵਿਚਾਰ ਤੁਹਾਡੇ ਨਾਲ ਨਹੀਂ ਮਿਲਦੇ - ਪਰ ਮੈਨੂੰ ਤੁਹਾਡੇ ਨਾਲ ਪਿਆਰ ਹੈ ***

...........ਪਿਆਰਾਂ ਦੀ ਸਾਂਝ ਹੋਣ ਲਈ ਜਰੂਰੀ ਨਹੀਂ ਕਿ ਤੁਹਾਡੇ ਵਿਚ ਵਿਚਾਰਾਂ ਦੀ ਵੀ ਸਾਂਝ ਹੋਵੇ, ਜਿਵੇਂ ਕਿ ਤੁਸੀਂ ਅਤੇ ਤੁਹਾਡੀ ਮਾਂ | ਮੇਰੇ ਵੱਡ-ਵਡੇਰਿਆਂ ਨਾਲ ਮੇਰੇ ਵਿਚਾਰ ਨਹੀਂ ਮਿਲਦੇ | ਫਿਰ ਕੀ ਮੈਂ ਕੀ ਕਰਾਂ ? ਕੀ ਉਹਨਾਂ ਨੂੰ ਨਕਾਰ ਦਿਆਂ ? ਉਹਨਾਂ ਨੂੰ ਆਪਣੇ ਪੁਰਖੇ ਮੰਨਣ ਤੋਂ ਇਨਕਾਰ ਕਰ ਦਿਆਂ ? ਉਹਨਾਂ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿਆਂ ? ਨਾਲੇ ਮੇਰੀ ਪ੍ਰ੍ਜਾਤੀ ਦਾ ਸਭ ਤੋਂ ਵੱਡਾ ਵਡੇਰਾ ਤਾਂ ਉਹ ਆਦਿ ਮਾਨਵ (homo sapiens ) ਸੀ ਜਿਹੜਾ ਜੰਗਲਾਂ ਵਿਚ ਰਹਿੰਦਾ ਸੀ ਤੇ ਕਚਾ ਮਾਸ ਖਾਂਦਾ ਸੀ | ਮੈਂ ਤਾਂ ਕਚਾ ਮਾਸ ਨਹੀਂ ਖਾਂਦਾ , ਫਿਰ ਕੀ ਮੈਂ ਉਸਦੀ ਔਲਾਦ ਹੋਣ ਤੋਂ ਇਨਕਾਰੀ ਹੋ ਜਾਵਾਂ ?
.......... ਮੇਰੇ ਵੱਡ ਵਡੇਰੇ ਜਾਂ ਤਾਂ ਸਿੰਧੂ ਘਾਟੀ ਦੀ ਸਭਿਅਤਾ ਨਾਲ ਸੰਬੰਧ ਰਖਦੇ ਹੋਣਗੇ ਤੇ ਜਾਂ ਆਰੀਅਨ ਸਭਿਅਤਾ ਨਾਲ | ਸਿੰਧੂ ਘਾਟੀ ਵਾਲੇ ਬਲਦ (ਪਸ਼ੂਪਤੀ ) ਦੀ ਪੂਜਾ ਕਰਦੇ ਸੀ ਤੇ ਆਰੀਅਨ ਤਾਂ ਪੂਰੀ ਕੁਦਰਤ ਦੀ ਹੀ | ਮੈਂ ਤਾਂ ਇਸ ਤਰਾਂ ਨਹੀਂ ਕਰਦਾ | ਫਿਰ ਕੀ ਮੈਂ ਉਹਨਾਂ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿਆਂ ?
.......... ਮੈਂ ਇਤਿਹਾਸ ਵਿਚ ਪੜ੍ਹਦਾ ਹਾਂ ਕਿ ਜਦੋਂ ਮਹਿਮੂਦ ਗਜ਼ਨਵੀ ਸੋਮਨਾਥ ਦੇ ਮੰਦਿਰ ਨੂੰ ਲੁੱਟ ਰਿਹਾ ਸੀ ਤਾਂ ਮੂਰਤੀ ਪੂਜਕ ਹਿੰਦੂ ਉਸ ਜਰਵਾਣੇ ਨਾਲ ਟੱਕਰ ਲੈਣ ਦੀ ਥਾਂ ਦੇਵਤਿਆਂ ਅੱਗੇ ਅਰਦਾਸਾਂ ਕਰ ਰਹੇ ਸੀ ਕਿ ਉਹ ਪਰ੍ਗਟ ਹੋਵੇ ਤੇ ਉਹਨਾਂ ਨੂੰ ਬਚਾ ਲਵੇ | ਮੈਂ ਉਹਨਾਂ ਦੀ ਅਕਲ ਦੀ ਖਿੱਲੀ ਉਡਾਉਂਦਾ ਹਾਂ | ਪਰ ਫਿਰ ਮੈਂ ਸੋਚਦਾ ਹਾਂ ਕਿ ਮੈਨੂੰ ਤਾਂ ਆਪਣੇ ਖਾਨਦਾਨ ਦਾ ਸਾਰਾ ਇਤਿਹਾਸ ਨਹੀਂ ਪਤਾ | ਮੈਨੂੰ ਤਾਂ ਆਪਣੇ ਪੜਦਾਦੇ ਜਾਂ ਨੱਕੜਦਾਦੇ ਤੋਂ ਪਹਿਲਾਂ ਦਾ ਇਤਿਹਾਸ ਨਹੀਂ ਪਤਾ | ਮੈਨੂੰ ਨਹੀਂ ਪਤਾ ਕਿ ਸਾਡਾ ਖਾਨਦਾਨ ਕਿਹੜੀ ਪੀਹੜੀ ਤੋਂ ਸਿਖ ਧਰਮ ਵਿਚ ਆਇਆ ਸੀ | ਫਿਰ ਕੀ ਪਤਾ ਕਿ ਉਹਨਾਂ ਮੂਰਤੀ ਪੂਜਕਾਂ ਵਿਚ ਮੇਰੇ ਵੱਡ ਵਡੇਰੇ ਵੀ ਖੜੇ ਹੋਣ | ਫਿਰ ਮੈਂ ਕਿਸ ਦੀ ਖਿੱਲੀ ਉਡਾ ਰਿਹਾ ਹਾਂ?
............. ਨਾਲੇ ਉਹ ਮੂਰਤੀ ਪੂਜਕ ਡਰਪੋਕ ਨਹੀਂ ਸਨ | ਬਾਜ ਬਹਾਦਰ, ਰਾਣਾ ਪ੍ਰਤਾਪ, ਜੈਮਲ ਫੱਤਾ ਤੇ ਸ਼ਿਵਾ ਜੀ ਵੀ ਉਹਨਾਂ ਚੋਂ ਹੀ ਸਨ | ਤੇ ਫਿਰ ਜਿਸ ਦਿਨ ਉਹਨਾਂ ਮੂਰਤੀ ਪੂਜਕਾਂ ਨੂੰ ਗੁਰੂ ਗੋਬਿੰਦ ਸਿੰਘ ਵਰਗਾ ਰਹਿਬਰ ਮਿਲ ਗਿਆ, ਤਾਂ ਉਹੀ ਮੂਰਤੀ ਪੂਜਕ ਪੰਜ ਪਿਆਰੇ ਬਣ ਕੇ ਸਾਹਮਣੇ ਆਏ ਤੇ ਉਹਨਾਂ ਨੇ ਮੁਗਲ ਰਾਜ ਦੀ ਇੱਟ ਨਾਲ ਇੱਟ ਖੜਕਾ ਦਿੱਤੀ | ਗੱਲ ਤਾਂ ਅਗਵਾਈ ਤੇ ਸੇਧ ਮਿਲਣ ਦੀ ਹੀ ਹੁੰਦੀ ਹੈ |
.......... ਇਸੇ ਲਈ ਮੈਂ ਕਹਿੰਦਾ ਹਾਂ ਅਸੀਂ ਆਪਣੀ ਵਿਰਾਸਤ ਨੂੰ ਨਕਾਰ ਨਹੀਂ ਸਕਦੇ , ਆਪਣੇ ਅਤੀਤ ਤੋਂ ਭੱਜ ਨਹੀਂ ਸਕਦੇ | ਸਾਡੇ ਪੁਰਖੇ ਜਿਹੋ ਜਿਹੇ ਵੀ ਸਨ , ਸਾਨੂੰ ਉਹਨਾਂ ਨੂੰ ਉਸੇ ਹੀ ਰੂਪ ਵਿਚ ਸਵੀਕਾਰ ਕਰਨਾ ਪਵੇਗਾ | ਸਾਡੇ ਵਿਚਾਰ ਉਹਨਾਂ ਨਾਲ ਮਿਲਣ ਜਾਂ ਨਾ ਮਿਲਣ , ਪਰ ਅਸੀਂ ਉਹਨਾਂ ਨੂੰ ਨਿੰਦ ਨਹੀਂ ਸਕਦੇ | ਜੇ ਤੁਸੀਂ ਧਾਰਮਿਕ ਨਾਇਕਾਂ ਨੂੰ ਇਸ ਲਈ ਨਿੰਦਦੇ ਹੋ ਕਿ ਤੁਹਾਡੇ ਉਹਨਾਂ ਨਾਲ ਵਿਚਾਰ ਨਹੀਂ ਮਿਲਦੇ ਤਾਂ ਵਿਚਾਰ ਤਾਂ ਸਾਡੇ ਆਪਣੇ ਮਾਂ ਬਾਪ ਨਾਲ ਵੀ ਨਹੀਂ ਮਿਲਦੇ | ਫਿਰ ਕੀ ਉਹਨਾਂ ਨੂੰ ਵੀ ਨਿੰਦਣਾ ਸ਼ੁਰੂ ਕਰ ਦੇਈਏ ? ਖਲੀਲ ਜਿਬਰਾਨ ਨੇ ਕਿਹਾ ਹੈ ਕਿ ਤੁਸੀਂ ਦੂਸਰਿਆਂ ਨੂੰ ਆਪਣਾ ਪਿਆਰ ਤਾਂ ਦੇ ਸਕਦੇ ਹੋ ਪਰ ਜਰੂਰੀ ਨਹੀਂ ਕਿ ਆਪਣੇ ਵਿਚਾਰ ਵੀ ਦੇ ਸਕੋ , ਕਿਉਂਕਿ ਉਹਨਾਂ ਕੋਲ ਆਪਣੇ ਵਿਚਾਰ ਹਨ |
........... ਜੇ ਗੁਰੂ ਨਾਨਕ ਸਾਹਿਬ ਨੂੰ ਹੀ ਪਹਿਲਾ ਸਿਖ ਮੰਨਾਂਗੇ ਤਾਂ ਮਹਿਤਾ ਕਾਲੂ ਜੀ ਨੂੰ ਕੀ ਮੰਨਾਂਗੇ ? ਪੰਜ ਪਿਆਰਿਆਂ ਨੂੰ ਬਹਾਦਰ ਸੂਰਮੇ ਮੰਨਾਂਗੇ ਤਾਂ ਉਹਨਾਂ ਦੇ ਮਾਂ ਬਾਪ ਨੂੰ ਕੀ ਮੂਰਤੀ ਪੂਜਕ ਕਹਿ ਕੇ ਭੰਡਾਂਗੇ ? ਮੰਨਿਆ ਕਿ ਪੰਜ ਪਿਆਰਿਆਂ ਨੇ ਗੁਰੂ ਨੂੰ ਹੀ ਆਪਣਾ ਪਿਤਾ ਬਣਾ ਲਿਆ ਸੀ ਪਰ ਸਰੀਰਕ ਜਨਮ ਦੇਣ ਵਾਲੇ ਮਾਂ ਬਾਪ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ | ਜੇਕਰ ਕੋਈ ਭਟਕਿਆ ਹੋਇਆ ਸੀ ਤਾਂ ਉਹ ਇਸ ਲਈ ਕਿਉਂਕਿ ਉਸ ਨੂੰ ਸਹੀ ਸੇਧ ਨਹੀਂ ਸੀ ਮਿਲੀ |
............ ਪਾਕਿਸਤਾਨ ਵਿਚ ਇਤਿਹਾਸ ਨੂੰ ਮਹਿਮੂਦ ਗਜ਼ਨਵੀ ਤੋਂ ਹੀ ਸ਼ੁਰੂ ਕਰ ਕੇ ਪੜ੍ਹਾਇਆ ਜਾਂਦਾ ਹੈ ਪਰ ਉਥੋਂ ਦੀ ਨਵੀਂ ਪੀਹੜੀ ਸੋਚਦੀ ਤਾਂ ਹੋਵੇਗੀ ਹੀ ਕਿ ਉਸ ਤੋਂ ਪਹਿਲਾਂ ਕੌਣ ਸਨ | ਸਿੰਧੂ ਘਾਟੀ ਦੀ ਸਭਿਅਤਾ ਦੇ ਤਾਂ ਬਹੁਤੇ ਸਥਾਨ ਮਿਲੇ ਹੀ ਪਾਕਿਸਤਾਨ ਵਿਚ ਹਨ | ਫਿਰ ਪਾਕਿਸਤਾਨ ਵਾਲੇ ਉਹਨਾਂ ਤੋਂ ਕਿਵੇਂ ਇਨਕਾਰੀ ਹੋ ਸਕਦੇ ਹਨ ? ਭਾਵੇਂ ਕਿ ਅੱਜ ਮੁਸਲਿਮ ਧਰਮ ਵਾਲਿਆਂ ਦੇ ਵਿਚਾਰ ਸਿੰਧੂ ਘਾਟੀ ਦੀ ਸਭਿਅਤਾ ਜਾਂ ਆਰੀਅਨ ਸਭਿਅਤਾ ਵਾਲਿਆਂ ਨਾਲ ਨਹੀਂ ਵੀ ਮਿਲਦੇ , ਪਰ ਅਸੀਂ ਆਪਣੀ ਵਿਰਾਸਤ ਤੋਂ ਇਨਕਾਰੀ ਕਿਵੇਂ ਹੋ ਸਕਦੇ ਹਾਂ ?
........... ਸਾਡੇ ਵਿਚਾਰ ਚਾਹੇ ਕੁਝ ਵੀ ਹੋਣ, ਪਰ ਅਸੀਂ ਆਪਣੇ ਪੁਰਖਿਆਂ ਨੂੰ ਨਿੰਦ ਨਹੀਂ ਸਕਦੇ | ਕਿਉਂਕਿ ਜਿਸ ਵੇਲੇ ਉਹ ਇਸ ਧਰਤੀ ਤੇ ਵਿਚਰੇ , ਉਦੋਂ ਅੱਜ ਵਰਗਾ ਜ਼ਮਾਨਾ ਨਹੀਂ ਸੀ, ਸੰਚਾਰ ਦੇ ਸਾਧਨ ਨਾ-ਮਾਤਰ ਸਨ | ਗਿਆਨ ਦੇ ਸੋਮੇ ਬਹੁਤ ਹੀ ਥੋੜੇ ਸਨ | ਇਸ ਲਈ ਉਹਨਾਂ ਦੀ ਸੋਚ ਤੇ ਸਾਡੀ ਸੋਚ ਵਿਚ ਫਰਕ ਰਹਿਣਾ ਹੀ ਹੈ | ਮੈ ਅੱਜ ਇਹ ਪੋਸਟ ਫੇਸਬੁਕ ਤੇ ਪਾ ਰਿਹਾ ਹਾਂ , ਕੱਲ ਤਕ ਅਮਰੀਕਾ- ਕੈਨੇਡਾ ਤੋਂ ਆਸਟਰੇਲੀਆ- ਨਿਊਜੀਲੈਂਡ ਤੱਕ ਪਤਾ ਨਹੀਂ ਕਿਸ ਕਿਸ ਨੇ ਇਸ ਨੂੰ ਪੜ੍ਹ ਲੈਣਾ ਹੈ , ਇਸਦੀ ਆਲੋਚਨਾ ਵੀ ਹੋ ਜਾਣੀ ਹੈ | ਪਰ ਸੋਚੋ ,ਕੀ ਉਸ ਜ਼ਮਾਨੇ ਵਿਚ ਇਹ ਸੰਭਵ ਸੀ ?
.......... ਇਤਿਹਾਸਕ ਜਾਂ ਧਾਰਮਿਕ ਨਾਇਕਾਂ ਨਾਲ ਜਰੂਰੀ ਨਹੀਂ ਕਿ ਸਾਡੇ ਸਾਰੇ ਹੀ ਵਿਚਾਰ ਮਿਲਦੇ ਹੋਣ| ਕਿਉਂਕਿ ਉਹਨਾਂ ਵਿਚ ਤੇ ਸਾਡੇ ਵਿਚ ਸਦੀਆਂ ਦਾ ਫਾਸਲਾ ਹੈ| ਉਹਨਾਂ ਦੇ ਜਿਹੜੇ ਵਿਚਾਰ ਸਾਨੂੰ ਦਕਿਆਨੂਸੀ ਲਗਦੇ ਹਨ, ਹੋ ਸਕਦਾ ਹੈ ਉਹਨਾਂ ਦੇ ਸਮੇਂ ਅਨੁਸਾਰ ਉਹੀ ਅੱਤ ਦੇ ਮਾਡਰਨ ਵਿਚਾਰ ਹੋਣ| ਕਿਉਂਕਿ ਸਮਝਦਾਰ ਬੰਦੇ ਨੇ ਸਮੇਂ ਦੀ ਨਬਜ਼ ਫੜ ਕੇ ਲੋਕਾਂ ਦੀ ਸੋਚ ਬਦਲਣੀ ਹੁੰਦੀ ਹੈ ਨਾ ਕਿ ਸਿਰਫ ਆਪਣੀ ਵਿਦਵਤਾ ਹੀ ਵਿਖਾਉਣੀ ਹੁੰਦੀ ਹੈ|
.........ਪਰਾਇਮਰੀ ਸਕੂਲ ਦੇ ਬਚਿਆਂ ਨੂੰ ਯੂਨੀਵਰਸਿਟੀ ਦਾ ਸਿਲੇਬਸ ਨਹੀਂ ਪੜਾਇਆ ਜਾ ਸਕਦਾ| ਕਿਉਂਕਿ ਇਸ ਤਰਾਂ ਕਰਨ ਨਾਲ ਉਹਨਾਂ ਨੂੰ ਲੱਗੇਗਾ ਕਿ ਕਿਤਾਬਾਂ ਵਿਚ ਬਕਵਾਸ ਤੇ ਬੋਰਿੰਗ ਗੱਲਾਂ ਹੀ ਹੁੰਦੀਆਂ ਹਨ| ਉਹਨਾਂ ਨੂੰ ਕਿਤਾਬਾਂ ਨਾਲ ਅੰਤਰੀਵ ਨਫਰਤ ਹੋ ਜਾਵੇਗੀ ਤੇ ਉਹਨਾਂ ਦਾ ਮਨ ਬਦਲਣ ਵਾਲਾ ਮਿਸ਼ਨ ਪੂਰਾ ਨਹੀਂ ਹੋ ਸਕੇਗਾ| ਇਸੇ ਲਈ ਸਾਰਥਕ ਆਲੋਚਨਾ ਹੀ ਕਰਨੀ ਚਾਹੀਦੀ ਹੈ ਤਾਂ ਕਿ ਵਿਰੋਧੀ ਵਿਚਾਰਾਂ ਵਾਲਾ ਆਦਮੀ ਵੀ ਤੁਹਾਡੀ ਗੱਲ ਸੁਣ ਸਕੇ ਤੇ ਇਕੱਲਾ ਬੈਠ ਕੇ ਵਿਚਾਰ ਵੀ ਕਰ ਸਕੇ| ਉਹ ਤੁਹਾਡੇ ਤੋਂ ਚਿੜ ਨਾ ਜਾਵੇ| ਕਿਉਂਕਿ ਜਿਹੜਾ ਚਿੜ ਗਿਆ ਉਸਨੇ ਗੱਲ ਸੁਣਨੀ ਹੀ ਛੱਡ ਦੇਣੀ ਹੈ|
.......... ਨਾਲੇ ਸਾਡੀ ਸੋਚ ਅੱਜ ਜਿੰਨੀ ਵੀ ਮਾਡਰਨ ਹੋਵੇ, ਪਰ ਇਹ ਅੱਜ ਦੇ ਸਮੇਂ ਦੀ ਹੀ ਮਾਡਰਨ ਹੈ| ਸਮਾਂ ਇੰਨਾ ਤੇਜ ਚੱਲ ਰਿਹਾ ਹੈ ਕਿ ਸਾਡੇ ਬਚਿਆਂ ਨੂੰ ਸਾਡੀ ਸੋਚ ਪੁਰਾਣੀ ਲੱਗਣ ਲੱਗ ਜਾਣੀ ਹੈ|... ਤੇ ਸੋਚੋ, ਜੇ ਅੱਜ ਤੋਂ 20 -30 -50 ਸਾਲ ਬਾਅਦ ਸਾਡੇ ਪੁੱਤ-ਪੋਤਰੇ-ਦੋਹਤਰੇ ਸਾਨੂੰ ਦਕਿਆਨੂਸੀ ਤੇ ਪਛੜੀ ਸੋਚ ਵਾਲੇ ਗਰਦਾਨ ਦੇਣ ਤੇ ਸਾਨੂੰ ਆਪਣੇ ਘਰ ਜਾਂ ਦਿਲ ਵਿਚੋਂ ਹੀ ਬਾਹਰ ਕਢ ਦੇਣ ਤਾਂ.............. |
............ ਸ਼ਾਇਦ ਇਸੇ ਲਈ ਹੀ ਰਸੂਲ ਹਮਜ਼ਾਤੋਵ ਨੇ 'ਮੇਰਾ ਦਾਗਿਸਤਾਨ' ਵਿਚ ਲਿਖਿਆ ਹੋਵੇਗਾ ਕਿ ........... ਜੇ ਤੁਸੀਂ ਬੀਤੇ ਉੱਤੇ ਪਿਸਤੌਲ ਨਾਲ ਗੋਲੀ ਚਲਾਉਗੇ ਤਾਂ ਭਵਿਖ ਤੁਹਾਨੂੰ ਤੋਪ ਨਾਲ ਫੁੰਡੇਗਾ 

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>