Saturday, June 9, 2012

9 june 1984 ਜ਼ੁਲਮ ਤੇ ਤਬਾਹੀ ਦੇ ਕਿੱਸੇ




ਸ਼ਨਿਚਰਵਾਰ, 9 ਜੂਨ (1984) ਨੂੰ ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਦੀ ਦਹਿਸ਼ਤ ਦੇ ਖੌਫ਼ਜਦਾ ਮਾਹੌਲ ਦੇ ਸੰਘਣੇ ਬੱਦਲ ਸ਼ਹਿਰ ‘ਤੇ ਪੂਰੀ ਤਰ੍ਹਾਂ ਅਜੇ ਛਾਏ ਹੋਏ ਸਨ। ਮਨੁੱਖੀ ਕਤਲੋਗਾਰਤ ਅਤੇ ਤਬਾਹੀ ਦੀਆਂ ਵੱਡੀਆਂ ਖ਼ਬਰਾਂ ਦੇ ਨਾਲੋ ਨਾਲ ਹੁਣ ਛੋਟੀਆਂ ਛੋਟੀਆਂ ਅਣਸੁਖਾਵੀਆਂ ਘਟਨਾਵਾਂ ਦੀਆਂ ਸੂਚਨਾਵਾਂ ਵੀ ਲੋਕਾਂ ਤੱਕ ਫੈਲਣ ਲੱਗੀਆਂ ਸਨ। ‘ਬਾਵਾ’ ਬਜ਼ੁਰਗ ਦਾ ਪਰਿਵਾਰ, ਗਰੀਸ ਐਵੀਨਿਊ ਨਵੀਂ ਕਾਲੋਨੀ ਵਿਚ 10 ਕੁ ਸਾਲ ਪਹਿਲਾਂ ਹੀ ਆਇਆ ਸੀ। ਉਸ ਤੋਂ ਪਹਿਲਾਂ ਬਾਵਾ ਜੀ ਨੇ ਆਪਣੀ ਉਮਰ ਦੇ ਛੇ ਦਹਾਕੇ, ਦਰਬਾਰ ਸਾਹਿਬ ਕੰਪਲੈਕਸ ਦੀ ਸਰਾਵਾਂ ਵਾਲੀ ਵੱਖੀ ਦੇ ਨਾਲ ਪਿੱਛੇ ਲਗਦੀ ਬਾਗਵਾਲੀ ਗਲੀ ਵਿਚ ਇਕ ਪਿਤਾ ਪੁਰਖੀ ਮਕਾਨ ਵਿਚ ਗੁਜ਼ਾਰੇ ਸਨ। ਉਸ ਨੂੰ ਪਤਾ ਸੀ ਕਿ ਅੰਮ੍ਰਿਤਸਰ ਦੇ ਭੀੜੇ ਪੁਰਾਣੇ ਸ਼ਹਿਰ ਵਿਚ ਥਾਂ ਥਾਂ ਦੁੱਧ ਵਾਲੀਆਂ ਡੇਅਰੀਆਂ ਬਣੀਆਂ ਹੋਈਆਂ ਸਨ। ਭਾਵੇਂ ਇਨ੍ਹਾਂ ਡੇਅਰੀਆਂ ਵਿਚ ਦੁੱਧ ਬਾਹਰੋਂ ਪਿੰਡਾਂ ਵਿਚੋਂ ਦੋਧੀ ਲੈ ਕੇ ਆਉਂਦੇ ਸਨ, ਪਰ ਡੇਅਰੀ ਮਾਲਕਾਂ ਨੇ ਆਪਣੀਆਂ 20-20, 25-25 ਮੱਝਾਂ ਵੀ ਰੱਖੀਆਂ ਹੁੰਦੀਆਂ ਸਨ। ਬਜ਼ੁਰਗ ਨੇ ਮੈਨੂੰ ਅੱਜ ਸਵੇਰੇ ਆ ਕੇ ਦੱਸਿਆ ਕਿ ਡੇਅਰੀ ਵਾਲਿਆਂ ਦੇ ਬਹੁਤੇ ਪਸ਼ੂ ਡੰਗਰ ਕਰਫਿਊ ਦੌਰਾਨ ਬਾਹਰੋਂ ਚਾਰਾ ਨਾ ਆਉਣ ਕਰਕੇ ਮਰ ਗਏ ਸਨ। ਚਾਰਾ ਨਾ ਮਿਲਣ ਦੇ ਨਾਲ ਹੀ ਸ਼ਹਿਰ ਦੀ ਬਿਜਲੀ ਵੀ ਕਈ ਦਿਨ ਬੰਦ ਰਹੀ ਸੀ। ਜਿਸ ਕਰਕੇ, ਪਸ਼ੂ ਡੰਗਰਾਂ ਨੂੰ ਪੀਣ ਦਾ ਪਾਣੀ ਵੀ ਨਹੀਂ ਸੀ ਮਿਲਿਆ। ਛੋਟੇ ਬੱਚਿਆਂ ਨੂੰ ਵੀ ਦੁੱਧ ਨਹੀਂ ਮਿਲਿਆ ਸੀ। ਉਸ ਨੇ ਦੱਸਿਆ ਕਿ ਪੁਰਾਣੇ ਸ਼ਹਿਰ ਵਿਚ ਕਰਫਿਊ ਦੇ ਲੰਬੇ ਦੌਰ ਦੌਰਾਨ ਬਹੁਤੇ ਘਰਾਂ ਵਿਚੋਂ ਆਟਾ, ਦਾਲਾਂ, ਖੰਡ ਆਦਿ ਖਤਮ ਹੋ ਗਏ ਸਨ। ਸਕੂਟਰ ਮੋਟਰਸਾਈਕਲ ਨੂੰ ਸ਼ਹਿਰ ਵਿਚ ਚਲਾਉਣ ‘ਤੇ ਅਜੇ ਵੀ ਪਾਬੰਦੀ ਸੀ। ਮੈਂ ਕੱਲ੍ਹ ਦੀ ਤਰ੍ਹਾਂ ਕੋਤਵਾਲੀ ਕੰਪਲੈਕਸ ਵਿਚ ਪਹੁੰਚ ਗਿਆ ਸਾਂ। ਮਿਲਟਰੀ ਨੇ ਧਰਮ ਸਿੰਘ ਮਾਰਕੀਟ ਵਾਲੇ ਚੌਕ, ਜਿਹੜਾ ਕੋਤਵਾਲੀ ਦੇ ਘਰਾਂ ਦੇ 50 ਕੁ ਕਦਮਾਂ ਦੀ ਦੂਰੀ ‘ਤੇ ਸੀ, ਵਿਚ ਵੱਡਾ ਨਾਕਾ ਲਾਇਆ ਹੋਇਆ ਸੀ ਅਤੇ ਦਰਬਾਰ ਸਾਹਿਬ ਵੱਲ ਇਥੋਂ ਜਾਂਦੀ ਸੜਕ ਵੱਲ ਕਿਸੇ ਨੂੰ ਜਾਣ ਨਹੀਂ ਦਿੱਤਾ ਜਾਂਦਾ ਸੀ। ਉਸ ਦਰਬਾਰ ਸਾਹਿਬ ਵਾਲੀ ਸੜਕ ‘ਤੇ ਅੱਗੇ ਜਾ ਕੇ ਮਿਲਦੀ ਕੱਟੜਾ ਆਲਹੂਵਾਲੀਆ ਵਾਲੇ ਪਾਸਿਓਂ ਮਿਲਦੀ ਛੋਟੀ ਸੜਕ ਨੂੰ ਵੀ ਲੱਕੜ ਦੀਆਂ ਲੰਬੀਆਂ ਬਾਲੀਆਂ ਲਗਾ ਕੇ ਬੰਦ ਕਰ ਰੱਖਿਆ ਸੀ। ਪਰ ਦਰਬਾਰ ਸਾਹਿਬ ਦੇ ਸਰਾਵਾਂ ਵਾਲੇ ਕੰਪਲੈਕਸ ਵਿਚੋਂ ਸੱਜੇ ਪਾਸੇ ਨੂੰ ਅਕਾਲ ਰੈਸਟ ਹਾਊਸ (ਪੁਰਾਣਾ) ਦੇ ਨਾਲ ਵਾਲੀ ਸੜਕ ਖੁੱਲ੍ਹੀ ਰੱਖੀ ਸੀ। ਇਸ ਸੜਕ ਰਾਹੀਂ ਕੰਪਲੈਕਸ ਅੰਦਰੋਂ ਨਗਰ ਪਾਲਿਕਾ ਦੇ ਕੂੜੇ ਵਾਲੇ ਟਰੱਕ ਅਤੇ ਟਰੈਕਟਰ ਟਰਾਲੀਆਂ ਵਿਚ ਲਾਸ਼ਾਂ ਭਰ ਕੇ ਸੁਲਤਾਨਵਿੰਡ ਸ਼ਮਸ਼ਾਨਘਾਟ ਵੱਲ ਢੋਈਆਂ ਜਾ ਰਹੀਆਂ ਸਨ।

ਮੈਂ ਅਤੇ ਮਹਿੰਦਰ ਸਿੰਘ ਪੱਤਰਕਾਰ ਦੂਸਰੇ ਪੱਤਰਕਾਰਾਂ ਨੂੰ ਕੋਤਵਾਲੀ ਅਹਾਤੇ ਵਿਚ ਮਿਲ ਕੇ, ਦੋਨੋ ਜਣੇ ਭੀੜੀਆਂ ਗਲੀਆਂ ਵਿਚੋਂ ਦੀ ਸੁਲਤਾਨਵਿੰਡ ਵੱਲ ਨੂੰ ਚੱਲ ਪਏ। ਕਰਫਿਊ ਦੀ ਢਿੱਲ ਦੌਰਾਨ ਕਈ ਗਲੀਆਂ ਦੇ ਮੋੜਾਂ ‘ਤੇ ਬਣੀਆਂ ਖਾਣ ਪੀਣ ਵਾਲੀਆਂ ਅਤੇ ਪੰਸਾਰੀ ਦੀਆਂ ਦੁਕਾਨਾਂ ‘ਤੇ ਅੱਜ ਭੀੜਾਂ ਲੱਗੀਆਂ ਪਈਆਂ ਸਨ। ਲੋਕ ਧੜਾਧੜ ਆਟਾ, ਦਾਲਾਂ, ਸੁੱਕਾ ਦੁੱਧ ਖਰੀਦ ਰਹੇ ਸਨ। ਕਈ ਬੁੜ ਬੁੜ ਕਰਦੇ ਬਜ਼ੁਰਗ ਸ਼ਿਕਾਇਤਾਂ ਕਰ ਰਹੇ ਸਨ: ‘ਇਨ੍ਹਾਂ ਦੁਕਾਨਦਾਰਾਂ ਦੀ ਚਾਂਦੀ ਬਣ ਗਈ ਐ… ਛਿਲ ਲਾਹੀ ਜਾਂਦੇ ਨੇ’। ਪਰ ਦੁਕਾਨਦਾਰਾਂ ਦੇ ਚਿਹਰਿਆਂ ‘ਤੇ ਅਨੋਖਾ ਖੇੜਾ ਸੀ। ਇਕ ਟਰੈਕਟਰ ਟਰਾਲੀ ਜਦੋਂ ਗਲੀ ਵਿਚੋਂ ਗੁਜ਼ਰ ਰਹੀ ਸੀ ਮੈਂ ਤੇ ਮਹਿੰਦਰ ਦੁਕਾਨ ਦੇ ਥੜ੍ਹੇ ‘ਤੇ ਚੜ੍ਹ ਕੇ ਖੜ੍ਹੇ ਹੋ ਗਏ। ਦੁਕਾਨ ਤੇ ਖੜ੍ਹੇ ਹੋਰ ਲੋਕਾਂ ਦੀ ਤਰਾਂ ਹ ਅਸੀਂ ਵੀ ਆਪਣੇ ਨੱਕ ਦਬਾ ਲਏ ਸਨ। ਟਰਾਲੀ ਵਿਚੋਂ ਤਿੱਖੀ ਬਦਬੂ ਚਾਰ ਚੁਫੇਰੇ ਫੈਲ ਰਹੀ ਸੀ। ਉਪਰੋਂ ਲੋਹੇ ਦੀ ਗੋਲ ਚਾਦਰ ਨਾਲ ਬੰਦ ਕੀਤੀ ਇਸ ਟਰਾਲੀ ਦੇ ਪਿਛਲੇ ਪਾਸੇ ਅਗੜ ਦੁੱਗਣ ਜਿਹੀ ਲੰਬੀ ਸੰਗਲੀ ਨਾਲ ਬੰਦ ਕੀਤੇ ਉਖੜੇ ਜਿਹੇ ਡਾਲੇ ਵਿਚੋਂ ਮਨੁੱਖੀ ਵਜੂਦ ਦਿਖਾਈ ਦੇ ਰਹੇ ਸਨ। ਇਕ ਲਾਸ਼ ਦੇ ਸਿਰ ਦੇ ਵਾਲ਼ ਡਾਲੇ ਵਿਚੋਂ ਬਾਹਰ ਲਮਕ ਰਹੇ ਸਨ, ਦੂਜੀ ਦੀ ਇਕ ਬਾਂਹ ਅਤੇ ਲੱਤ ਡਾਲੇ ਤੋਂ ਉਪਰ ਉਭਰੀ ਹੋਈ ਸੀ।

ਇਉਂ ਲਗਦਾ ਸੀ ਕਿ ਲਾਸ਼ਾਂ ਵਗ੍ਹਾ ਵਗ੍ਹਾ ਕੇ ਟਰਾਲੀ ਦੇ ਅੰਦਰ ਸੁੱਟੀਆਂ ਹਨ ਅਤੇ ਬਾਹਰੋਂ ਕਿਸੇ ਲੱਕੜ ਨਾਲ ਧੱਕ ਧੱਕ ਕੇ ਅੰਦਰ ਕੀਤੀਆਂ ਸਨ। ਟਰਾਲੀ ਲੰਘ ਜਾਣ ਤੋਂ ਬਾਅਦ ਅਸੀਂ ਦੁਕਾਨ ਦੇ ਥੜ੍ਹੇ ਤੋਂ ਉਤਰ ਕੇ ਸੜਕ ‘ਤੇ ਆ ਗਏ ਸਾਂ ਕਿ ਸਾਨੂੰ, ਆਪਣੇ ਘਰ ਦੇ ਦਰਵਾਜੇ ਅੱਗੇ ਖੜ੍ਹੇ ਇਕ 40-45 ਸਾਲਾਂ ਦੇ ਸਿੱਖ ਵਿਅਕਤੀ ਨੇ ਕਿਹਾ, ‘ਪਤਾ ਨਹੀਂ ਕਿੰਨੇ ਕੁ ਲੋਕ ਮਾਰੇ ਗਏ ਐææ। ਤਿੰਨ ਦਿਨਾਂ ਤੋਂ ਨਗਰ ਪਾਲਿਕਾ ਦੀਆਂ ਗੱਡੀਆਂ ਲਾਸ਼ਾਂ ਹੀ ਢੋਈਆਂ ਜਾਂਦੀਆਂ ਹਨ’!

ਉਨ੍ਹਾਂ ਗਲੀਆਂ ਵਿਚੋਂ ਲੰਘਦੇ ਅਸੀਂ ਉਦਾਸੀ ਪ੍ਰੰਪਰਾ ਦੇ ਇਕ ਮਹੰਤ ਦੇ ਡੇਰੇ ਵਿਚ ਚਲੇ ਗਏ। ਇਸ ਡੇਰੇ ਦੀ ਇਮਾਰਤ ਗੁਰਦੁਆਰਾ ਸ਼ਹੀਦਾਂ ਵੱਲੋਂ ਆਉਂਦੀ ਮੁੱਖ ਸੜਕ ‘ਤੇ, ਖੱਬੇ ਹੱਥ ਗੁਰਦੁਆਰੇ ਵਾਲੇ ਪਾਸੇ ਹੀ ਸੀ ਅਤੇ ਸੁਲਤਾਨਵਿੰਡ ਸ਼ਮਸ਼ਾਨਘਾਟ ਇਸ ਡੇਰੇ ਦੇ ਸਾਹਮਣੇ ਵਾਲੀ ਸੜਕ ਦੇ ਦੂਜੇ ਪਾਸੇ ਸੱਜੇ ਬੰਨੇ ਸੀ। ਮਹੰਤ ਦੀ ਮਹਿੰਦਰ ਸਿੰਘ ਨਾਲ ਚੰਗੀ ਜਾਣ ਪਛਾਣ ਸੀ। ਉਸ ਡੇਰੇ ਅੰਦਰ ਮਹੰਤ ਨਾਲ ਦੋ ਹੋਰ ਵਿਅਕਤੀ ਵੀ ਬੈਠੇ ਸਨ। ਗੱਲ ਲਾਸ਼ਾਂ ਦੇ ਢੋਣ ਬਾਰੇ ਚੱਲ ਪਈ। ਉਨ੍ਹਾਂ ਵਿਚੋਂ ਇਕ ਬੋਲਿਆ, ‘ਲਾਸ਼ਾਂ ਤਾਂ ਬਿਲਕੁਲ ਗਲ਼ ਸੜ੍ਹ ਗਈਆਂ ਨੇ, ਗਰਮੀ ਵੀ ਅੰਤਾਂ ਦੀ ਪੈ ਰਹੀ ਹੈ… ਜਦੋਂ ਕਿਸੇ ਲਾਸ਼ ਨੂੰ ਬਾਂਹ ਫੜ ਕੇ ਘੜੀਸਣ ਲਗਦੇ ਐ…. ਬਾਂਹ ਹੀ ਅੱਡ ਹੋ ਜਾਂਦੀ ਐ ਅਤੇ ਜੇ ਲੱਤ ਤੋਂ ਘੜੀਸਦੇ ਨੇ… ਤਾਂ ਉਂਝ ਹੀ ਲਾਸ਼ ਖਿਲਰ ਜਾਂਦੀ ਹੈ। ਬੱਸ ਹੁਣ ਤਾਂ ਜਮਾਂਦਾਰ ਲਾਸ਼ਾਂ ਨੂੰ, ਪੱਗ ਮਿਲ ਜੇ, ਸਾਫ਼ਾ ਜਾਂ ਦੁਪੱਟਾ ਮਿਲੇ, ਉਸੇ ਵਿਚ ਵਲ੍ਹੇਟ ਕੇ, ਗੰਢ ਮਾਰ ਕੇ ਟਰਾਲੀ ਵਿਚ ਸੁੱਟ ਦਿੰਦੇ ਨੇ…। ਲਾਸ਼ ਤਾਂ 24 ਘੰਟਿਆਂ ਮਗਰੋਂ ਸਰਦੀਆਂ ਵਿਚ ਵੀ ਗਲਣ ਸੜਨ ਲੱਗ ਪੈਂਦੀ ਐ।’

ਫਿਰ ਉਸ ਨੇ ਦੱਸਿਆ ਕਿ ਜਮਾਂਦਾਰ ਨੂੰ ਸੌ ਰੁਪਏ ਫੀ ਲਾਸ਼ ਦਿੱਤਾ ਗਿਆ। ਬਕਾਇਦਾ ਇਸ ਰਕਮ ਦੀਆਂ ਰਸੀਦਾਂ ਕੱਟੀਆਂ ਗਈਆਂ। ਕਿਸੇ ਸਰਕਾਰੀ ਅਫ਼ਸਰ ਦੇ ਹਵਾਲੇ ਨਾਲ ਉਸ ਨੇ ਇਹ ਵੀ ਦੱਸਿਆ ਕਿ ‘ਡਾ. ਕੰਗ ਦੀ ਟੀਮ ਨੇ 670 ਲਾਸ਼ਾਂ ਦਾ ਪੋਸਟਮਾਰਟਮ ਕੀਤਾ ਹੈ…। ਅਤੇ ਪੋਸਟਮਾਰਟਮ ਲਈ ਡਾਕਟਰਾਂ ਦੀਆਂ ਟੀਮਾਂ ਜਲੰਧਰ ਤੋਂ ਵੀ ਮੰਗਵਾਈਆਂ ਗਈਆਂ ਹਨ। ਉਨ੍ਹਾਂ ਲਾਸ਼ਾਂ ਦਾ ਪੋਸਟਮਾਰਟਮ ਹੋਇਆ ਜਿਹੜੀਆਂ ਸਰਾਵਾਂ ਵਾਲੇ ਪਾਸਿਓਂ ਮਿਲੀਆਂ। ਅਕਾਲ ਤਖਤ ਅਤੇ ਉਸ ਦੇ ਨੇੜੇ ਪ੍ਰੀਕਰਮਾ ਵਿਚੋਂ ਮਿਲੀਆਂ ਲਾਸ਼ਾਂ ਤਾ ਵੈਸੇ ਹੀ ਬਿੱਲੇ ਲਾ ਦਿੱਤੀਆਂ।’ ਮਹਿੰਦਰ ਸਿੰਘ ਵਿਚੋਂ ਹੀ ਉਸ ਨੂੰ ਟੋਕ ਕੇ ਬੋਲਿਆ, ‘ਸੰਤ ਭਿੰਡਰਾਂਵਾਲੇ ਦੇ ਹਥਿਆਰਬੰਦ ਬੰਦਿਆਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਨਹੀਂ ਕੀਤਾ ਹੋਵੇਗਾ, ਕਿਉਂਕਿ ਉਹਨਾਂ ਨੇ ਫੌਜ ਦਾ ਮੁਕਾਬਲਾ ਕੀਤਾ ਸੀ’। ਉਸ ਵਿਅਕਤੀ ਨੇ ਮਹਿੰਦਰ ਦੀ ਇਸ ਗੱਲ ਦਾ ਜਵਾਬ ਦੇਣ ਦੀ ਬਜਾਇ ਮਹੰਤ ਵੱਲ ਸੁਆਲੀਆ ਨਜ਼ਰਾਂ ਨਾਲ ਦੇਖਿਆ। ਸਾਫ ਜ਼ਾਹਰ ਹੋ ਰਿਹਾ ਸੀ ਕਿ ਮਹੰਤ ਚੱਲ ਰਹੀ ਗੱਲਬਾਤ ਉਤੇ ਬਹੁਤਾ ਖੁਸ਼ ਨਹੀਂ ਸੀ। ਉਸ ਨੇ ਵਿਚੋਂ ਹੀ ਟੋਕ ਕੇ ਕਹਿ ਦਿਤਾ ਕਿ ‘ਛੱਡੋ ਜੀ, ਸਚਾਈ ਕੀ ਹੈ…. ਅਜੇ ਕੁਝ ਪਤਾ ਨਹੀਂ ਲੱਗ ਰਿਹਾ।’

ਪਰ ਮਹੰਤ ਦੇ ਨਾਲ ਬੈਠਾ ਦੂਜਾ ਵਿਅਕਤੀ ਬੋਲ ਪਿਆ, ‘ਮਹੰਤ ਜੀ, ਇਹ ਤਾਂ ਸੱਚ ਹੈ ਕਿ ਸ਼ਮਸ਼ਾਨਘਾਟ ਵਿਚ ਲੱਕੜਾਂ ਖਤਮ ਹੋ ਗਈਆਂ…. 25-30 ਲਾਸ਼ਾਂ ਨੂੰ ਇਕੱਠੇ ਹੀ ਇਕੋ ਸਮੇਂ ਚਿਤਾ ਵਿਚ ਧਰ ਦਿੱਤਾ ਜਾਂਦਾ’। ਮਹੰਤ ਦੜ੍ਹ ਵੱਟ ਗਿਆ ਸੀ। ਪਰ ਗੱਲ ਅੱਗੇ ਤੁਰਦੀ ਰਹੀ। ‘ਕਈ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਪੱਗਾਂ ਨਾਲ ਪਿੱਛੋਂ ਹੱਥ ਬੰਨ੍ਹ ਕੇ ਨੇੜਿਓਂ ਗੋਲੀਆਂ ਮਾਰੀਆਂ ਲਗਦੀਆਂ ਸਨ, ਕਈ ਔਰਤਾਂ, ਬੱਚਿਆਂ ਦੀ ਲਾਸ਼ਾਂ ਵੀ ਸ਼ਾਮਲ ਸਨ। ਕੁਝ ਲਾਸ਼ਾਂ ਨੂੰ ਫੌਜੀ ਟਰੱਕਾਂ ਵਿਚ ਪਾ ਕੇ ਦਰਿਆ ਵਿਚ ਰੋੜ੍ਹਨ ਨੂੰ ਲੈ ਗਏ ਲਗਦੇ ਨੇ….।’ ਮੌਕਾ ਮਿਲਦਿਆਂ ਮਹਿੰਦਰ ਫਿਰ ਬੋਲ ਪਿਆ, ‘ਅਕਾਲ ਤਖਤ ਵਿਚੋਂ ਮਿਲੀਆਂ ਲਾਸ਼ਾਂ ਤਾਂ ਦਰਿਆ ਵਿਚ ਠਿੱਲ ਦਿੱਤੀਆਂ ਹੋਣਗੀਆਂ’। ਇਉਂ ਜਾਪਦਾ ਸੀ ਕਿ ਮਹੰਤ ਨੂੰ ਇਹ ਸਭ ਗੱਲਾਂ ਹਜ਼ਮ ਨਹੀਂ ਹੋ ਰਹੀਆਂ ਸਨ। ਅਕੇਵਾਂ ਜਿਹਾ ਮਹਿਸੂਸ ਕਰਦਿਆਂ ਉਹ ਉਠ ਖੜ੍ਹਾ ਹੋਇਆ, ਅਤੇ ਮੈਨੂੰ ਅਤੇ ਮਹਿੰਦਰ ਨੂੰ ਇਕ ਪਾਸੇ ਲਿਜਾ ਕੇ ਕਹਿਣ ਲੱਗਿਆ, ‘ਇਹ ਦੋਨੋਂ ਤਾਂ ਐਵੇਂ ਭਾਵੁਕ ਹੋਏ ਬੈਠੇ ਨੇ…. ਅੰਦਰ ਦਰਬਾਰ ਸਾਹਿਬ ਦੀ ਹੁਰਮਤੀ ਵੀ ਬਹੁਤ ਹੋਈ ਹੈ…. ਪਤਾ ਅੰਦਰੋਂ ਕਿੰਨੀਆਂ ਹੀ ਗਰਭਵਤੀ ਜ਼ਨਾਨੀਆਂ ਫੜੀਆਂ ਗਈਆਂ…. ਨਿਰੋਧਾਂ ਦੇ ਅਤੇ ਅਸ਼ਲੀਲ ਫੋਟੋਆਂ ਦੇ ਭਰੇ ਟਰੰਕ ਮਿਲੇ ਨੇ…. ਅੰਦਰੋਂ ਬਰਾਮਦ ਹੋਏ ਹਥਿਆਰ ਤਾਂ ਟੈਲੀਵੀਜ਼ਨ ‘ਤੇ ਦਿਖਾ ਹੀ ਦਿੱਤੇ ਨੇ, ਉਹ ਤਾਂ ਸਾਰੀ ਦੁਨੀਆ ਨੇ ਦੇਖ ਲਏ ਨੇ’। ਇਹ ਟਿੱਪਣੀਆਂ ਮੈਨੂੰ ਉਦਾਸੀ ਮਹੰਤ ਦੇ ਸਿੱਖ ਭਾਈਚਾਰੇ ਪ੍ਰਤੀ ਪੁਰਾਣੇ ਵੈਰ ਵਿਰੋਧ ਵਿਚੋਂ ਉਪਜੀ ਘਿਰਣਾਤਮਕ ਮਾਨਸਿਕਤਾ ਦਾ ਪ੍ਰਗਟਾਵਾ ਲੱਗੀਆਂ। ਫਿੱਕੇ ਗੇਰੂਏ ਰੰਗ ਦੇ ਕੱਪੜੇ ਪਾਈ ਮਜ਼ਬੂਤ ਜੁੱਸੇ ਵਾਲੇ 60 ਕੁ ਸਾਲਾ ਮਹੰਤ ਫਿਰ ਕੁਝ ਕੁ ਸੈਕਿੰਡਾਂ ਲਈ ਚੁੱਪ ਹੋ ਗਿਆ। ਮੈਨੂੰ ਜਾਪਿਆ ਕਿ ਭਗਵਾਂ ਪਟਕਾ ਬੰਨ੍ਹੀ ਲੰਬੀ ਖੁੱਲ੍ਹੀ ਦਾੜ੍ਹੀ ਵਾਲਾ ਮਹੰਤ ਸਾਡਾ ਪ੍ਰਤੀਕਰਮ ਜਾਨਣ ਦੀ ਕੋਸ਼ਿਸ਼ ਵਿਚ ਸੀ। ਮੈਂ ਤਾਂ ਚੁੱਪ ਚਾਪ, ਉਸ ਦੀ ਵੇਸ਼ਭੁਸ਼ਾ ਨੂੰ ਨਿਹਾਰ ਰਿਹਾ ਸਾਂ, ਪਰ ਮਹਿੰਦਰ ਸਿੰਘ ਕਹਿਣ ਲੱਗਿਆ, ‘ਸੰਤ ਭਿੰਡਰਾਂਵਾਲੇ ਦੇ ਬੰਦਿਆਂ ਅਤੇ ਬੱਬਰਾਂ ਦੀ ਛੇ-ਸੱਤ ਮਹੀਨਿਆਂ ਤੋਂ ਦਰਬਾਰ ਸਾਹਿਬ ਅੰਦਰ ਚਲਦੀ ਸਿਰ ਵੱਢਵੀਂ ਟੱਕਰ ਤੋਂ ਭਲਾ ਕਿਸੇ ਦੀ ਹਿਮਾਕਤ ਸੀ ਕਿ ਉਹ ਅੰਦਰ ਕੋਈ ਅਯਾਸ਼ੀ ਦਾ ਅੱਡਾ ਬਣਾ ਲੈਂਦਾ….। ਯਾਦ ਨਹੀਂ ਬੱਬਰਾਂ ਕਿਵੇਂ ਭਿੰਡਰਾਂਵਾਲੇ ਦੇ ਦੂਰੀ ਤੋਂ ਜੁੜੇ ਕਿਸੇ ਬੰਦੇ ਦੀ ਹਰਕਤ ‘ਤੇ ਥੋੜ੍ਹਾ ਜਿਹਾ ਸ਼ੱਕ ਪੈਣ ‘ਤੇ, ਸਰਾਂ ਦੇ ਬਾਹਰ ਸੜਕ ‘ਤੇ ਸੰਗਲਾਂ ਨਾਲ ਨੂੜ ਕੇ ਸਾਰਾ ਦਿਨ ਸਭ ਦੇ ਸਾਹਮਣੇ ਖੜ੍ਹਾ ਰੱਖਿਆ ਸੀææ

ਮੈਂ ਨਹੀਂ ਅਜਿਹੀਆਂ ਸ਼ੋਸ਼ੇਬਾਜ਼ੀਆਂ ਨੂੰ ਮੰਨਦਾ’, ਮਹਿੰਦਰ ਸਿੰਘ ਨੇ ਮਹੰਤ ਨੂੰ ਜ਼ੋਰ ਦੇ ਕੇ ਕਿਹਾ ਅਤੇ ਅਸੀਂ ਦੋਵੇਂ ਰਵ੍ਹਾ ਰਵੀ੍ਹ ਡੇਰੇ ਵਿਚੋਂ ਬਾਹਰ ਨਿਕਲ ਕੋਤਵਾਲੀ ਵੱਲ ਚੱਲ ਪਏ। ਅਸੀਂ ਦਰਬਾਰ ਸਾਹਿਬ ਦੇ ਸਰਾਵਾਂ ਵਾਲੇ ਕੰਪਲੈਕਸ ਦੇ ਉਤਰ ਪੂਰਬ ਵਿਚ ਪੈਂਦੇ ਜ਼ਲ੍ਹਿਆਂ ਵਾਲੇ ਬਾਗ ਦੇ ਪਿੱਛੇਂ ਪੈਂਦੀਆਂ ਗਲੀਆਂ ਵਿਚੋਂ ਨਿਕਲ ਰਹੇ ਸਾਂ ਤਾਂ ਮੈਨੂੰ 1919 ਦੀ ਵੈਸਾਖੀ ਵਾਲੇ ਦਿਨ (ਅਪ੍ਰੈਲ 13, 1919) ਦਾ ਸਾਕਾ ਯਾਦ ਆ ਰਿਹਾ ਸੀ। ਉਸ ਦਿਨ ਵੀ ਜਨਰਲ ਬਰਾੜ ਦੀ ਤਰ੍ਹਾਂ ਜਨਰਲ ਡਾਇਰ ਨੇ ਵੀ ਗੋਲੀਆਂ ਚਲਾ ਕੇ ਸੈਂਕੜੇ ਨਿਹੱਥੇ ਅਤੇ ਬੇਦੋਸ਼ਿਆਂ ਨੂੰ ਮਾਰ ਦਿੱਤਾ ਸੀ। ਅਸੀਂ ਕੋਤਵਾਲੀ ਅਹਾਤੇ ਵਿਚ ਪਹੁੰਚੇ ਤਾਂ ਸੀ ਆਈ ਡੀ ਦੇ ਸਬ ਇੰਸਪੈਕਟਰ ਅਜੀਤ ਸਿੰਘ ਨੇ ਦੱਸਿਆ ਕਿ ਫੌਜ ਦਾ ਵੀ ਬਹੁਤ ਨੁਕਸਾਨ ਹੋਇਆ, ‘ਲਗਦੈ 500 ਕੁ ਦੇ ਨੇੜੇ ਫੌਜੀ ਢਹਿ ਗਏ ਨੇ…. ਬਹੁਤੇ ਉਨ੍ਹਾਂ ਵਿਚੋਂ ਜ਼ਖ਼ਮੀ ਨੇ। ਜ਼ਖਮੀਆਂ ਦੀ ਮਰਹੱਮ ਪੱਟੀ ਲਈ ਫੌਜ ਦੀਆਂ ਗੱਡੀਆਂ ਸ਼ਹਿਰ ਦੇ ਕਈ ਡਾਕਟਰਾਂ ਨੂੰ ਇਕੱਠੇ ਕਰਕੇ ਛਾਉਣੀ ਵਿਚ ਲੈ ਗਈਆਂ ਨੇ।’

ਅਸੀਂ ਉਤਸੁਕਤਾ ਵਿਚ ਪੁੱਛਿਆ, ‘ਅੰਦਰ ਵਾਲੇ ਕਿੰਨੇ ਕੁ ਮਾਰੇ ਗਏ ਨੇ?’ ਅਜੀਤ ਸਿੰਘ ਕਹਿਣ ਲੱਗਿਆ, ‘ਅਕਾਲ ਤਖਤ ਵਾਲੇ ਪਾਸੇ ਲੜਨ ਵਾਲੇ 200 ਕੁ ਤੋਂ ਵੱਧ ਨਹੀਂ ਹੋ ਸਕਦੇææ ਪਰ ਆਮ ਲੋਕ ਘੱਟੋ ਘੱਟ 2000 ਤਾਂ ਮਾਰੇ ਹੀ ਗਏ ਹੋਣਗੇ।’

‘ਪਤਾ ਲੱਗ ਹੀ ਗਿਆ ਹੋਣਾ’, ਉਹ ਕਹਿਣ ਲੱਗਿਆ, ‘ਸਿੱਖ ਫੌਜੀਆਂ ਨੇ ਬਗਾਵਤ ਕਰ ਦਿੱਤੀ ਹੈ।’ ’ਅੱਛਾ?’ ਸਾਡੇ ਦੋਹਾਂ ਦੇ ਮੂੰਹੋਂ ‘ਕੱਠਾ ਹੀ ਨਿਕਲ ਗਿਆ। ਅਸੀਂ ਉਸ ਕੋਲੋਂ ਹੋਰ ਵੱਧ ਜਾਣਕਾਰੀ ਲੈਣੀ ਚਾਹੁੰਦੇ ਸੀ। ਲਗਦਾ ਸੀ ਉਹ ਵੀ ਗੱਲਾਂ ਨਾਲ ਅੰਦਰੋਂ ਭਰਿਆ ਪਿਆ ਸੀ ਤੇ ਆਪਣਾ ਭਾਰ ਹੌਲਾ ਕਰਨਾ ਚਾਹੁੰਦਾ ਸੀ। ਉਸ ਨੇ ਗੱਲ ਅੱਗੇ ਤੋਰਦਿਆਂ ਕਿਹਾ, Ḕਪਿੰਡਾਂ ਵਿਚੋਂ ਸਿੱਖਾਂ ਨੇ ਕਾਫ਼ਲੇ ਬਣਾ ਕੇ ਦਰਬਾਰ ਸਾਹਿਬ ਵੱਲ ਨੂੰ ਵਹੀਰਾਂ ਘੱਤ ਲਈਆਂ ਸਨ। ਅੰਮ੍ਰਿਤਸਰ ਜ਼ਿਲ੍ਹੇ ਵਿਚ ਗੋਹਲਵੜ੍ਹ, ਰਾਜਾਸਾਂਸੀ, ਤਰਨਤਾਰਨ ਅਤੇ ਅਜਨਾਲਾ ਏਰੀਆ ਵਿਚੋਂ ਤਾਂ ਹਜ਼ਾਰਾਂ ਲੋਕਾਂ ਨੇ ਪੈਦਲ ਹੀ ਦਰਬਾਰ ਸਾਹਿਬ ਵਲ ਚਾਲੇ ਪਾ ਦਿਤੇ ਸਨ…. ਇਸ ਤਰ੍ਹਾਂ ਹੀ ਬਟਾਲਾ, ਗੁਰਦਾਸਪੁਰ ਵਲੋਂ ਲੋਕਾਂ ਦੇ ਜਥੇ ਨਿਕਲੇ ਪਏ।’ ਅਸੀਂ ਕੁਝ ਅਚੰਭੇ ‘ਚ ਪੁਛਿਆ ਕਿ Ḕਕਰਫਿਊ ਅਤੇ ਐਨੀਆਂ ਫੌਜੀ ਬੰਦਸ਼ਾਂ ਵਿਚ ਲੋਕਾਂ ਦੇ ਕਾਫਲੇ ਕਿਵੇਂ ਬਣ ਗਏ…. ਤੇ ਰੋਕੇ ਕਿਵੇਂ ਗਏ?’

‘ਫੌਜ ਦਾ ਤਾਂ ਇਕੋ ਹੀ ਤਰੀਕਾ ਹੁੰਦੈ’, ਅਜੀਤ ਸਿੰਘ ਨੇ ਕਿਹਾ, ‘ਜਿਥੇ ਬੰਦੇ ਇਕੱਠੇ ਹੋਏ ਦੇਖੇ ਉਥੇ ਹੀ ਅੰਨ੍ਹੇਵਾਹ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿਤੀਆਂ, ਮਸ਼ੀਨ ਗੰਨਾਂ ਖੋਲ੍ਹ ਦਿਤੀਆਂ। ਕਈ ਥਾਈਂ ਤਾਂ ਹੈਲੀਕਪਟਰਾਂ ਨਾਲ ਕਾਫਲਿਆਂ ਉਤੇ ਨਿਸ਼ਾਨਦੇਹੀ ਵੀ ਕੀਤੀ ਗਈ… ਇਉਂ ਲਗਦੈ ਸੈਂਕੜੇ ਲੋਕ ਮਰ ਗਏ, ਹਜ਼ਾਰਾਂ ਜਖ਼ਮੀ ਹੋ ਗਏ ਨੇ।’

ਮੇਰੇ ਵੱਲ ਦੇਖ ਕੇ, ਗੁਰਦਾਸਪੁਰ ਜਿਲ੍ਹੇ ਦਾ ਜੰਮਪਲ ਅਜੀਤ ਸਿੰਘ ਕਹਿਣ ਲੱਗਿਆ, ‘ਤੁਹਾਡੇ ਮਲਵਈ ਵੀ ਪਿੱਛੇ ਨਹੀਂ ਰਹੇ। ਉਨ੍ਹਾਂ ਨੇ ਵੀ ਬਠਿੰਡੇ-ਫਰੀਦਕੋਟ ਜ਼ਿਲ੍ਹਿਆਂ ਤੋਂ ਅੰਮ੍ਰਿਤਸਰ ਵੱਲ ਨੂੰ ਚਾਲੇ ਪਾ ਦਿਤੇ ਸਨ…. ਪਰ ਉਹਨਾਂ ਨੂੰ ਤਾਂ ਦਰਿਆ ਦਾ ‘ਹਰੀ ਕੇ ਪੱਤਣ’ ਨਹੀਂ ਲੰਘ ਦਿੱਤਾ।’ ਫਿਰ ਉਹ ਮਜ਼ਾਕ ਦੇ ਲਹਿਜ਼ੇ ‘ਚ ਕਹਿਣ ਲੱਗਾ, ‘ਮਲਵਈਆਂ ਨੂੰ ਫੌਜੀ ਅਫ਼ਸਰਾਂ ਨੇ ਖੂਬ ਬੱਘੂ ਬਣਾਇਆ’। ਮੈਂ ਪੁਛਿਆ, ਕਿਵੇ?

‘ਹਰੀ ਕੇ ਪੱਤਣ ਤੋਂ ਪਿਛੋਂ ਹੀ ਕਈ ਜਥਿਆਂ ਦੇ ਆਗੂਆਂ ਨੂੰ ਹੈਲੀਕਾਪਟਰਾਂ ‘ਤੇ ਚੜ੍ਹਾ ਕੇ ਤਰਨਤਾਰਨ ਅਤੇ ਹੋਰ ਗੁਰਦੁਆਰਿਆਂ ਉਪਰ ਗੇੜਾ ਕਢਵਾ ਕੇ ਵਾਪਸ ਲੈ ਗਏ। ਉਹਨਾਂ ਦੀ ਐਵੇਂ ਹੀ ਤਸੱਲੀ ਕਰਵਾ ਦਿੱਤੀ ਕਿ ਦਰਬਾਰ ਸਾਹਿਬ, ਅੰਮ੍ਰਿਤਸਰ ਤਾਂ ਬਿਲਕੁਲ ਠੀਕ ਠਾਕ ਹੈ।’

ਮੈਂ ਸੋਚ ਰਿਹਾ ਸਾਂ ਕਿ ਸਵਾ ਦੋ ਸੌ ਸਾਲ ਬਾਅਦ ਮਾਲਵੇ ਵੱਲੋਂ ਲੋਕ ਉਸੇ ਰਾਹ ਉਤੇ ਦਰਬਾਰ ਸਾਹਿਬ ਵੱਲ ਨੂੰ ਚਲ ਪਏ ਹੋਣਗੇ ਜਿਸ ਰਾਹ ਉਤੋਂ ਦੀ ਬਾਬਾ ਦੀਪ ਸਿੰਘ 1757 ਵਿਚ ਤਲਵੰਡੀ ਸਾਬੋ, ਦਮਦਮਾ ਸਾਹਿਬ ਤੋਂ ਅੰਮ੍ਰਿਤਸਰ ਵੱਲ ਨੂੰ ਚੱਲਿਆ ਸੀ। ਪਰ ਮਾਲਵੇ ਪਾਸਿਓਂ ਬਾਬਾ ਦੀਪ ਸਿੰਘ ਨਾਲ ਤੁਰੇ ਲੋਕ ਉਸ ਵੇਲੇ ਤਾਂ ਅੰਮ੍ਰਿਤਸਰ ਸਾਹਿਬ ਦੀ ਜੂਹ ਤਕ ਪਹੁੰਚ ਗਏ ਸਨ, ਪਰ ਇਸ ਵਾਰ ਤਾਂ ਉਹਨਾਂ ਨੂੰ ਅੰਮ੍ਰਿਤਸਰ ਤੋਂ ਕੋਹਾਂ ਦੂਰ ਹੀ ਡੱਕ ਲਿਆ ਗਿਆ ਸੀ। ਕਿਉਂਕਿ ਇਹ ਹਮਲਾ ਅਹਿਮਦ ਸ਼ਾਹ ਅਬਦਾਲੀ ਤੋਂ ਕਿਤੇ ਵੱਧ ਤਿਆਰੀ ਤੇ ਯੋਜਨਾ ਨਾਲ ਕੀਤਾ ਗਿਆ ਸੀ। ਇਸ ਵਾਰ ਤਾਂ ਅੱਧੀ ਤੋਂ ਵੱਧ ਭਾਰਤੀ ਫੌਜ ਨਵੀਨ ਹਥਿਆਰਾਂ ਨਾਲ ਲੈਸ ਹੋ ਕੇ ਸਾਰੇ ਪੰਜਾਬ ਨੂੰ ਘੇਰੀ ਬੈਠੀ ਸੀ। ਕੋਤਵਾਲੀ ਤੋਂ ਘਰ-ਤੇ-ਦਫ਼ਤਰ ਨੂੰ ਵਾਪਸ ਜਾਂਦਿਆਂ, ਮੈਂ ਬੱਸ ਅੱਡਾ ਲੰਘ ਕੇ, ਸੜਕ ਦੇ ਦੂਜੇ ਪਾਸੇ, ਸਰੀਫ਼ਪੁਰਾ ਮੁਹੱਲੇ ਦੇ ਸ਼ੁਰੂ ਵਿਚ ਹੀ 1947 ਤੋਂ ਪਹਿਲਾਂ ਦੀ ਬਣੀ ਇਕ ਪੁਰਾਣੀ ਤੇ ਵੱਡੀ ਸਾਰੀ ਕੋਠੀ ਵਿਚ ਚਲਿਆ ਗਿਆ। ਪਾਕਿਸਤਾਨ ਦੇ ਸਿੰਧ ਸੂਬੇ ਦੇ ਇਕ ਕਸਬੇ ਤੋਂ ਦੇਸ਼ ਦੀ ਵੰਡ ਸਮੇਂ ਹਿਜ਼ਰਤ ਕਰਕੇ ਆਏ ਗੁਰਦਿਆਲ ਸਿੰਘ ਸਿੰਧੀ ਦੀ ਇਹ ਕੋਠੀ ਸੀ। ਇਹ 75 ਸਾਲਾਂ ਦਾ ਸਾਢੇ ਪੰਜ ਫੁੱਟ ਤੋਂ ਵੀ ਘੱਟ ਕੱਦ ਵਾਲਾ ਮਾੜਚੂ ਜਿਹਾ ਬਜ਼ੁਰਗ ਸਾਰੀ ਦਿਹਾੜੀ ਪੜ੍ਹਨ-ਲਿਖਣ ਵਿਚ ਹੀ ਰੁਝਿਆ ਰਹਿੰਦਾ ਸੀ। ਮੈਂ ਉਸ ਨੂੰ ਕਦੇ ਵੀ ਕੋਈ ਹੋਰ ਕੰਮ ਕਰਦੇ ਨਹੀਂ ਦੇਖਿਆ ਸੀ। ਕਿਸੇ ਵਪਾਰੀ (ਖਟੜ੍ਹੇ) ਮੁਸਲਮਾਨ ਵਲੋਂ ਉਸਾਰੀ ਕੋਠੀ ‘ਬਜ਼ੁਰਗ’ ਨੂੰ ਆਪਣੇ ਪਾਕਿਸਤਾਨ ਵਿਚ ਛੱਡੇ ਘਰ ਦੇ ਬਦਲੇ ਅਲਾਟ ਹੋਈ ਸੀ ਅਤੇ ਉਸ ਦਾ ਪਿਤਾ ਪਾਕਿਸਤਾਨ ਵਿਚ ਆਪਣੀ ਹਜ਼ਾਰ ਏਕੜ ਜ਼ਮੀਨ ਛੱਡ ਕੇ ਆਇਆ ਸੀ, ਜਿਸ ਦੇ ਬਦਲੇ ਵਿਚ ਉਸ ਪਰਵਾਰ ਨੂੰ ਇਧਰ ਸਿਰਫ਼ 200-250 ਏਕੜ ਜ਼ਮੀਨ ਮਿਲੀ, ਉਹ ਵੀ ਪੰਜਾਬ ਦੇ ਕਈਆਂ ਪਿੰਡਾਂ ਵਿਚ ਖਿੰਡਰੀ ਬਿਖਰੀ।

ਕੋਠੀ ਦੇ 18 ਫੁੱਟ ਉੱਚੀ ਛੱਤ ਵਾਲੇ ਲੰਬੇ-ਚੌੜੇ ਡਰਾਇੰਗ ਰੂਮ ਵਿਚ ਇਕ ਬਜ਼ੁਰਗ, ਜਿਸ ਨੂੰ ਅਸੀਂ ਸਭ ‘ਬਾਬਾ ਸਿੰਧੀ’ ਕਹਿੰਦੇ ਸਾਂ, ਰੋਜ਼ ਮਰਾਂ ਦੀ ਤਰ੍ਹਾਂ ਮੇਜ ਕੁਰਸੀ ‘ਤੇ ਬੈਠਾ ਲਿਖ ਪੜ੍ਹ ਰਿਹਾ ਸੀ। ਸਾਹਮਣੇ ਕਿਤਾਬਾਂ ਦਾ ਢੇਰ ਲਗਿਆ ਪਿਆ ਸੀ। ਦੁਆ-ਸਲਾਮ ਤੋਂ ਬਾਅਦ, ਬਾਬਾ ਸਿੰਧੀ ਮੇਰੇ ਨਾਂਲ ਫ਼ੌਜੀ ਹਮਲੇ ਵਿਚ ਮਰੇ ਲੋਕਾਂ ਤੇ ਹੋਈ ਤਬਾਹੀ ਬਾਰੇ ਵਿਚਾਰ ਵਟਾਂਦਰਾ ਕਰਨ ਲੱਗ ਪਿਆ। ਸਾਡਾ ਵਾਰਤਾਲਾਪ ਚਲਦਾ ਚਲਦਾ, ਲੋਕਾਂ ਵਲੋਂ ਅੰਮ੍ਰਿਤਸਰ ਵੱਲ ਜੱਥੇ ਬਣਾ ਕੇ ਚਲਣ ‘ਤੇ ਆ ਰੁਕਿਆ। ਬਾਬਾ ਸਿੰਧੀ ਕਹਿਣ ਲਗਿਆ, ‘ਜੇ ਫੌਜ ਨੇ ਸਾਰੇ ਪੰਜਾਬ ਉਤੇ ਕਰਫਿਊ ਨਾ ਲਾਇਆ ਹੁੰਦਾ, ਥਾਂ ਥਾਂ ‘ਤੇ ਸੜਕਾਂ ਉਤੇ ਨਾਕੇ ਨਾ ਲਾਏ ਹੁੰਦੇ, ਗੱਡੀਆਂ ਮੋਟਰਾਂ ਦੇ ਚੱਲਣ ‘ਤੇ ਪਾਬੰਦੀ ਨਾ ਲਾਈ ਹੁੰਦੀ ਤਾਂ ਘੱਟੋ ਘੱਟ ਤਿੰਨ ਲੱਖ ਲੋਕ ਦੋ ਦਿਨਾਂ ‘ਚ ਅੰਮ੍ਰਿਤਸਰ ਪਹੁੰਚ ਜਾਂਦੇ…. ਫਿਰ ਕਿੰਨੇ ਕੁ ਲੋਕਾਂ ਨੂੰ ਫੌਜ ਮਾਰ ਸਕਦੀ ਸੀ… ਫੌਜ ਨੇ ਸਾਰੀ ਕਾਰਵਾਈ ਬਹੁਤ ਗੁਪਤ ਰੱਖ ਕੇ ਜਲਦੀ ਜਲਦੀ ਵਿਚ ਕੀਤੀ।’

ਪਰ ਮੈਂ ਕਿਹਾ, ‘ਇਸ ਦੀ ਯੋਜਨਾ ਤਾਂ ਲੰਬੇ ਸਮੇਂ ਤੋਂ ਬਣਾਈ ਗਈ ਸੀ। ਫੌਜੀ ਹਮਲੇ ਤੋਂ ਪਹਿਲਾਂ ਬੇਕਸੂਰ ਲੋਕਾਂ ਅਤੇ ਸਾਧਾਰਨ ਸ਼ਰਧਾਲੂਆਂ ਨੂੰ ਬਹੁਤ ਤਰੀਕਿਆਂ ਨਾਲ ਦਰਬਾਰ ਸਾਹਿਬ ਤੋਂ ਬਾਹਰ ਰੱਖਿਆ ਜਾ ਸਕਦਾ ਸੀ। ਇਹ ਕੋਈ ਜਲ੍ਹਿਆਂਵਾਲਾ ਬਾਗ਼ ਵਾਲੀ ਅਚਾਨਕ ਘਟਨਾ ਤਾਂ ਨਹੀਂ ਸੀ ਕਿ ਜਨਰਲ ਡਾਇਰ ਲੋਕਾਂ ਦੇ ਇਕੱਠ ਨੂੰ ਦੇਖ ਕੇ ਤੈਸ਼ ਵਿਚ ਆ ਗਿਆ ਤੇ ਗੋਲੀ ਚਲਾਉਣ ਦੇ ਹੁਕਮ ਦੇ ਦਿਤੇ’। ਬਾਬਾ ਸਿੰਧੀ ਨੇ ਕਰਾਚੀ ‘ਚ 1947 ਤੋਂ ਪਹਿਲਾਂ ਅਰਥ ਸ਼ਾਸਤਰ ਦੀ ਐਮ ਏ ਕੀਤੀ ਸੀ ਅਤੇ ਹਿਸਟਰੀ ਪੜ੍ਹਨਾ ਅਤੇ ਘਟਨਾਵਾਂ ਵਿਚ ਸਮਾਨਤਾਵਾਂ ਅਤੇ ਵਿਲੱਖਣਤਾਵਾਂ ਖੋਜਣਾ ਉਸ ਨੂੰ ਬਹੁਤ ਸਕੂਨ ਦਿੰਦਾ ਸੀ। ਇਸ ਕਰਕੇ, ਉਸ ਨੇ ਜਲ੍ਹਿਆਂਵਾਲਾ ਕਾਂਡ ਅਤੇ ਦਰਬਾਰ ਸਾਹਿਬ ਦੇ ਸਾਕੇ ਦੀ ਆਪਸ ਵਿਚ ਤੁਲਨਾ ਕਰਨੀ ਸ਼ੁਰੂ ਕਰ ਦਿੱਤੀ। ‘ਠੀਕ ਹੈ, ਦੋਨਾ ਘਟਨਾਵਾਂ ਵਿਚ ਫ਼ੌਜੀ ਹਮਲੇ ਹੋਏæææ ਦੋਨੇ ਹਿੰਸਕ ਦੁਖਾਂਤ ਤਕਰੀਬਨ ਦੋ ਸਾਲ ਪਹਿਲਾਂ ਸ਼ੁਰੂ ਹੋਈ ਸਿਆਸੀ ਪ੍ਰਕ੍ਰਿਆ ਦੀ ਚਰਮ ਚੀਮਾ ਸਨ। ਦੋ ਸਾਲ ਪਹਿਲਾਂ ਗੌਰਮਿੰਟ ਆਫ਼ ਇੰਡੀਆ ਦੇ ਸੈਕਟਰੀ ਆਫ਼ ਸਟੇਟ ਅਤੇ ਵਾਇਸਰਾਏ ਚਮਜ਼ਫੋਰਡ ਨੇ ਕਾਂਗਰਸ ਅੰਦੋਲਨ ਨੂੰ ਮੱਦੇ ਨਜ਼ਰ ਰਖਦਿਆਂ ਸਿਆਸੀ ਸੁਧਾਰਾਂ ਦੀ ਗੱਲ ਤੋਰੀ ਸੀ ਪਰ ਨਾਲ ਹੀ 1919 ਵਿਚ ਰੌਅਲਟ ਐਕਟ ਬਗ਼ਾਵਤੀ ਕਾਰਵਾਈਆਂ ਰੋਕਣ ਲਈ ਬਣਾ ਦਿੱਤਾ, ਜਿਸ ਵਿਰੁੱਧ ਸਿਵਲ ਨਾ ਫੁਰਮਾਨੀ ਦੀ ਲਹਿਰ ਦੇਸ਼ ਵਿਚ ਉਠੀ। ਪੰਜਾਬ ਅਤੇ ਹੋਰ ਕਈ ਥਾਵਾਂ ਉਤੇ ਵਿਦਰੋਹੀਆਂ ਨੇ ਕਈ ਯੂਰਪੀਅਨਾਂ ਨੂੰ ਮਾਰ ਦਿਤਾ, ਬੈਂਕਾਂ ਵੀ ਲੁਟੀਆਂ ਅਤੇ ਹੋਰ ਹਿੰਸਕ ਘਟਨਾਵਾਂ ਵੀ ਕੀਤੀਆਂ।’

‘ਦੂਜੇ ਪਾਸੇ’, ਬਾਬਾ ਸਿੰਧੀ ਨੇ ਗੱਲ ਜਾਰੀ ਰਖਦੇ ਹੋਏ ਕਿਹਾ, ‘ਅਕਾਲੀ ਮੋਰਚਾ ਵੀ 1982 ਦੇ ਜੁਲਾਈ-ਅਗਸਤ ਵਿਚ ਸ਼ੁਰੂ ਹੋਇਆ ਅਤੇ ਇਹ ਵੀ ਸਿਵਲ ਨਾ ਫੁਰਮਾਨੀ ਦੀ ਤਰਜ਼ ਉਤੇ ਜ਼ੋਰ ਫੜਦਾ ਗਿਆ। ਇਸ ਵਿਚ ਵੀ ਹਿੰਸਕ ਵਾਰਦਾਤਾਂ ਹੋਈਆਂ। ਪਰ ਜੂਨ, 1984 ਵਿਚ ਦਰਬਾਰ ਸਾਹਿਬ ‘ਤੇ ਹਮਲਾ ਬਹੁਤ ਹੀ ਯੋਜਨਬੱਧ ਤਰੀਕੇ ਨਾਲ ਹੋਇਆ। ਸਾਰੇ ਪੰਜਾਬ ਨੂੰ ਦੇਸ਼ ਅਤੇ ਦੁਨੀਆਂ ਤੋਂ ਤੋੜ ਕੇ ਫੌਜ ਨੇ ਮਨਮਰਜ਼ੀ ਨਾਲ ਲੋਕਾਂ ਨੂੰ ਮਾਰਿਆ ਅਤੇ ਉਜਾੜਿਆ।’

ਬਾਬੇ ਸਿੰਧੀ ਨੂੰ ਮੈਂ ਦਸਿਆ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਬਿਨਾ ਪੰਜਾਬ ਵਿਚ 42 ਹੋਰ ਵੱਡੇ ਇਤਿਹਾਸਕ ਗੁਰਦੁਆਰਿਆਂ ਉਤੇ ਵੀ ਹਮਲੇ ਕੀਤੇ ਹਨ ਅਤੇ ਹੁਣ ਖਾਸ ਕਰਕੇ ਬਾਰਡਰ ਦੇ ਪਿੰਡਾਂ, ਇਲਾਕਿਆਂ ਵਿਚ ਅੰਮ੍ਰਿਤਧਾਰੀ ਸਿੱਖਾਂ ਦੀ ਫੜੋ ਫੜੀ ਵੀ ਸ਼ੁਰੂ ਹੈ।

ਸ਼ਾਇਦ ਬਾਬਾ ਸਿੰਧੀ ਕੋਲ ਇਹ ਸੂਚਨਾ ਅਜੇ ਪਹੁੰਚੀ ਨਹੀਂ ਸੀ, ਉਸ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ, ‘ਫੌਜ ਨੇ ਦੂਜੇ ਗੁਰਦੁਆਰਿਆਂ ਉਤੇ ਕਿਉਂ ਹਮਲੇ ਕੀਤੇ…. ਕੀ ਉਥੇ ਵੀ ਸੰਤ ਭਿੰਡਰਾਂਵਾਲਾ ਛੁਪਿਆ ਹੋਇਆ ਸੀ? ਮੈਨੂੰ ਤਾਂ ਇਹ ਦਿੱਲੀ ਦਰਬਾਰ ਵਲੋਂ ਸਿੱਖਾਂ ਨੂੰ ਦਰੜਣ-ਕੁਚਲਣ ਦੀ ਫਿਰਕਾਪ੍ਰਸਤ ਮੁਹਿੰਮ ਲਗਦੀ ਐ।’

‘ਇਸ ਦੇ ਉਲਟ’, ਸਿੰਧੀ ਨੇ ਗੱਲ ਅੱਗੇ ਤੋਰੀ, ‘ਸਿਵਲ-ਨਾ-ਫੁਰਮਾਨੀ ਦੀ ਲਹਿਰ ਕਰਕੇ, ਲੋਕ ਭੜਕੇ ਸਨ ਅਤੇ ਪੰਜਾਬ ਵਿਚ ਵੀ ਮਾਰਸ਼ਲ ਲਾਅ ਲਾਗੂ ਕਰ ਦਿਤਾ ਸੀ। ਉਸ ਸਮੇਂ ਜਨਰਲ ਡਾਇਰ ਅੰਮ੍ਰਿਤਸਰ ਦਾ ਇੰਚਾਰਜ ਸੀ। ਉਸ ਨੇ ਪਹਿਲਾਂ ਸ਼ਹਿਰ ਵਿਚ ਡੌਂਡੀ ਪਿਟਵਾਈ ਅਤੇ ਫਿਰ ਫੌਜ ਦੀ ਟੁਕੜੀ ਦੇ ਅੱਗੇ ਲੱਗ ਕੇ ਖੁਦ ਸ਼ਹਿਰ ਵਿਚ ਫਲੈਗ ਮਾਰਚ ਕੀਤੇ ਤੇ ਐਲਾਨਿਆ ਕਿ Ḕਜਨਤਕ ਮੀਟਿੰਗਾਂ ਅਤੇ ਇਕੱਠਾਂ ਉਤੇ ਪਾਬੰਦੀ ਹੈ’। …ਪਰ ਲੋਕਾਂ ਵਿਚ ਬਹਤ ਜੋਸ਼ ਸੀ…. ਉਹ ਵੈਸਾਖੀ ਵਾਲੇ ਦਿਨ…. ਡਾਕਟਰ ਕਿਚਲੂ ਅਤੇ ਹੋਰ ਲੀਡਰਾਂ ਦੇ ਸੱਦੇ ਉਤੇ ਜਲ੍ਹਿਆਂਵਾਲਾ ਬਾਗ਼ ਵਿਚ ਇਕੱਠੇ ਹੋ ਗਏ।’

‘ਫਿਰ ਜਲ੍ਹਿਆਂਵਾਲਾ ਬਾਗ਼ ਦਾ ਦੁਖਾਂਤ ਕਿਵੇਂ ਵਾਪਰਿਆ?’ ਮੈਂ ਵੀ ਤੁਲਨਾ ਕਰਨ ਦੀ ਉਤਸੁਕਤਾ ਵਿਚ ਪੁਛਿਆ। ‘ਬਸ ਫਿਰ’, ਬਾਬਾ ਸਿੰਧੀ ਨੇ ਗੱਲ ਸਮੇਟਣ ਦੇ ਰੁੱਖ ਵਿਚ ਕਿਹਾ, ‘ਜਨਰਲ ਡਾਇਰ ਨੂੰ ਲਗਿਆ ਭਾਰਤੀ ਤਾਂ ਹੁਣ ਬਾਗ਼ੀ ਹੋ ਗਏ ਨੇ…. ਇਨ੍ਹਾਂ ਨੇ ਕੋਈ ਫੌਜ ਦੇ ਫਲੈਗ ਮਾਰਚ ਦੀ ਪਰਵਾਹ ਨਹੀਂ ਕੀਤੀ। ਇਹ ਤਾਂ ਡਰਨੋਂ ਹੀ ਹਟ ਗਏ ਨੇ… ਜਨਰਲ ਨੇ ਮੰਨਿਆ ਵੀ ਹੈ, ਉਸ ਨੂੰ ਜਾਪਿਆ ਕਿ ਭਾਰਤੀ ਲੋਕਾਂ ਦੇ ਮਨਾਂ ਵਿਚ ਫੌਜ ਦੀ ਦਹਿਸ਼ਤ ਬਿਠਾਉਣ ਲਈ ਅਤੇ ਬ੍ਰਿਟਿਸ੍ਰ ਸਾਮਰਾਜ ਦੀ ਬੇਹਤਰੀ ਲਈ, ਬਾਗ਼ੀਪੁਣਾ ਦਬਾਉਣ ਲਈ ਕੋਈ ਸਖ਼ਤ ਕਦਮ ਚੁੱਕਣਾ ਹੀ ਪਵੇਗਾ।’

‘ਗੋਲੀ ਚਲਾਉਣ ਦਾ ਹੁਕਮ ਦੇਣਾ ਜਨਰਲ ਦਾ ਜਾਤੀ ਆਪਣਾ ਫੈਸਲਾ ਸੀ…. ਕਿਸੇ ਬੌਸ ਤੋਂ ਉਸ ਨੇ ਇਜ਼ਾਜ਼ਤ ਨਹੀਂ ਲਈ…. ਫਿਰ ਨਿਪਾਲੀ ਫੌਜ ਦੀ ਟੁਕੜੀ ਨੂੰ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ…. ਦਸਾਂ ਮਿੰਟਾਂ ਵਿਚ 1650 ਰੌਂਦ ਲੋਕਾਂ ਦੇ ਇਕੱਠ ਵੱਲ ਸਿੱਧੇ ਚਲਾ ਦਿਤੇ….. 379 ਲੋਕ ਮਰੇ ਅਤੇ 1200 ਦੇ ਲਗਭਗ ਜ਼ਖ਼ਮੀ ਹੋਏ।’

ਮੈਂ ਬਾਬਾ ਸਿੰਧੀ ਦੀ ਗੱਲ ਨੂੰ ਵਿਚੋਂ ਹੀ ਟੋਕਦਿਆਂ ਕਿਹਾ, ‘ਉਸ ਸਾਕੇ ਤੋਂ 65 ਸਾਲਾਂ ਬਾਅਦ ਭਾਰਤੀ ਫੌਜ ਨੇ ਬਕਾਇਦਾ ਦਿੱਲੀ ਦਰਬਾਰ ਦੀ ਉੱਚ ਸਿਆਸੀ ਅਥਾਰਿਟੀ ਦੇ ਹੁਕਮ ਨਾਲ ਦਰਬਾਰ ਸਾਹਿਬ ‘ਤੇ ਹਮਲਾ ਕੀਤਾ… ਬੜੇ ਹੀ ਯੋਜਨਾਬੱਧ ਤੌਰ-ਤਰੀਕਿਆਂ ਨਾਲ ਫੌਜੀ ਚੜ੍ਹਾਈ ਪੰਜਾਬ ਉਤੇ ਹੀ ਕੀਤੀ ਗਈ ਹੈ।

‘ਦਰਬਾਰ ਸਾਹਿਬ ਉਤੇ ਫੌਜੀ ਹਮਲਾ ਸਿਰਫ਼ ਬੇਕਸੂਰ, ਨਿਹੱਥੇ ਲੋਕਾਂ ਦੇ ਇਕੱਠ ਉਤੇ ਗੋਲਾਬਾਰੀ ਕਰਨਾ ਹੀ ਨਹੀਂ… ਬਲਕਿ ਸਿੱਖਾਂ ਦੀ ਧਾਰਮਿਕ ਆਸਥਾ-ਵਿਸ਼ਵਾਸ ਦੇ ਸਰਵਉੱਚ ਕੇਂਦਰ ਅਤੇ ਰੂਹਾਨੀਅਤ ਦੇ ਸੋਮੇ ਨੂੰ ਤਬਾਹ ਕਰਨਾ ਹੈ… ਅਤੇ ਉਸ ਸਥਾਨ ਨੂੰ ਨਸ਼ਟ ਕਰਨਾ ਸੀ, ਜਿਸ ਦੀ ਹਰ ਇੱਟ, ਹਰ ਸਿੱਲ ਦੇ ਥੱਲੇ ਸੀਸ ਦਬਿਆ ਪਿਆ ਹੈ। ਇਸ ਦੀ ਪਵਿੱਤਰਤਾ ਦੀ ਰਾਖੀ ਲਈ ਹਜ਼ਾਰਾਂ ਸਿਰਾਂ ਦੀ ਕੁਰਬਾਨੀ ਦਿੱਤੀ ਗਈ ਹੋਵੇਗੀ।’

‘ਦੋਨਾਂ ਘਟਨਾਵਾਂ ਵਿਚ ਮਹੱਤਵਪੂਰਨ ਫਰਕ ਇਹ ਹੈ’, ਬਾਬਾ ਸਿੰਧੀ ਨੇ ਦੱਸਿਆ, ‘ਬ੍ਰਿਟਿਸ਼ ਸਰਕਾਰ ਨੇ ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਵਿਚ ਮਰੇ ਅਤੇ ਜਖ਼ਮੀ ਹੋਏ ਲੋਕਾਂ ਦੀ ਬਕਾਇਦਾ ਪਹਿਚਾਣ ਕਰਵਾਈ। ਲਾਸ਼ਾਂ ਨੂੰ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਸੌਂਪਿਆ ਅਤੇ ਮੁਆਵਜ਼ੇ ਵਜੋਂ 2000 ਰੁਪਏ ਹਰ ਮਾਰੇ ਗਏ ਵਿਅਕਤੀ ਦੇ ਪਰਿਵਾਰ ਨੂੰ ਦਿਤੇ। ਜ਼ਖ਼ਮੀਆਂ ਨੂੰ ਹਸਪਤਾਲ ਵਿਚ ਲਿਜਾਇਆ ਗਿਆ ਅਤੇ ਇਲਾਜ ਵਾਸਤੇ ਹਰ ਜ਼ਖ਼ਮੀ ਲਈ 500-500 ਰੁਪਏ ਦਿੱਤੇ ਗਏ…. ਬ੍ਰਿਟਿਸ਼ ਸਰਕਾਰ ਨੇ ਮੁਆਫ਼ੀ ਮੰਗੀ… ਜਨਰਲ ਡਾਇਰ ਨੂੰ ਵਾਪਸ ਇੰਗਲੈਂਡ ਬੁਲਾ ਕੇ ਉਸ ਉਤੇ ਮੁਕੱਦਮਾ ਚਲਾਇਆ। ਜਲ੍ਹਿਆਂ ਵਾਲੇ ਬਾਗ਼ ਦੀ ਘਟਨਾ ਦੀ ਹੰਟਰ ਕਮਿਸ਼ਨ ਵੱਲੋਂ ਜਾਂਚ ਪੜਤਾਲ ਹੋਈ। ਜਨਰਲ ਡਾਇਰ ਨੂੰ ਕੋਈ ਤਗਮੇ ਨਹੀਂ ਦਿਤੇ ਗਏ… ਸਗੋਂ ਉਹ ਘੋਰ ਨਿਰਾਸ਼ਤਾ ਅਤੇ ਬੇਇਜ਼ਤੀ ਦੀ ਜ਼ਿੰਦਗੀ ਬਸਰ ਕਰਦਾ, ਅਧਰੰਗ ਨਾਲ ਅਪਾਹਜ਼ ਹੋਇਆ, ਬਿਸਤਰੇ ‘ਤੇ ਕਈ ਸਾਲ ਪਿਆ ਰਿਹਾ ਅਤੇ 1927 ਵਿਚ ਮਰ ਗਿਆ।’ ਫਿਰ ਬਾਬਾ ਸਿੰਧੀ ਦੱਸ ਰਿਹਾ ਸੀ ਕਿ ਬਿਟਿਸ੍ਰ ਸਰਕਾਰ ਨੇ ਆਪਣੀ ਫੌਜ ਦੇ ਜਨਰਲਾਂ ਦੀ ਪਰਵਾਹ ਨਾ ਕਰਦਿਆਂ ਜ਼ਲ੍ਹਿਆਂਵਾਲਾ ਬਾਗ਼ ਦੀ ਘਟਨਾ ਦੀ ਜਨਤਕ ਤੌਰ ਉਤੇ ਨਿੰਦਾ ਕੀਤੀ ਅਤੇ ਇਸ ਦੀ ਪਰਵਾਹ ਨਾ ਕੀਤੀ ਕਿ ਉਸ ਸਮੇਂ ਅੰਗਰੇਜ਼ਾਂ ਦੀ ਅਫ਼ਗ਼ਾਨਿਸਤਾਨ ਨਾਲ ਲੜਾਈ ਲੱਗਣ ਵਾਲੀ ਸੀ ਅਤੇ ਫੌਜ ਦੇ ਹੌਸਲੇ ਬੁਲੰਦ ਰੱਖਣੇ ਜ਼ਰੂਰੀ ਬਣਦੇ ਸਨ ਕਿਉਂਕਿ ਫੌਜ ਦੇ ਕਈ ਜਨਰਲ ਡਾਇਰ ਦੀ ਪਿੱਠ ਪੂਰਦੇ ਸਨ।’

ਮੈਂ ਅਜੇ ਬਾਬਾ ਸਿੰਧੀ ਦੇ ਘਰ ਹੀ ਬੈਠਾ ਸਾਂ ਕਿ ਅਕਾਸ਼ਵਾਣੀ ਤੋਂ ਆ ਰਹੇ ਖ਼ਬਰਾਂ ਦੇ ਬੁਲਿਟਨ ਵਿਚ ਪਹਿਲੀ ਖ਼ਬਰ ਸੀ ਕਿ ‘ਸਾਰੀਆਂ ਵਿਰੋਧੀ ਪਾਰਟੀਆਂ ਨੇ ਇੰਦਰਾ ਗਾਂਧੀ ਵੱਲੋਂ ਦਰਬਾਰ ਸਾਹਿਬ ਵਿਚੋਂ ਫੌਜ ਭੇਜ ਕੇ ਅੱਤਵਾਦੀਆਂ ਦੀਆਂ ਗਤੀਵਿਧੀਆਂ ਨੂੰ ਮੁਕੰਮਲ ਠੱਲ੍ਹ ਪਾਉਣ ਦੀ ਭਰਪੂਰ ਸ਼ਲਾਘਾ ਕੀਤੀ ਹੈ… ਜਨਤਾ ਪਾਰਟੀ ਦੇ ਲੀਡਰ ਕਲਪਨਾਥ ਰਾਏ ਨੇ ਕਿਹਾ ਹੈ ਕਿ ਸਾਰੀ ਭਾਰਤੀ ਕੌਮ ਇੰਦਰਾ ਗਾਂਧੀ ਦੇ ਇਸ ਕਦਮ ਪਿਛੇ ਇਕਮੁੱਠ ਹੋ ਕੇ ਖੜ੍ਹੀ ਹੈ। ਫਿਰ ਰੇਡੀਓ ਉਤੇ ਹੋਮ ਸੈਕਟਰੀ ਡਵਲਊ ਕੇ ਵਲੀ ਦਾ ਬਿਆਨ ਆਇਆ, ‘ਮੈਨੂੰ ਵਿਸ਼ਵਾਸ਼ ਹੈ ਕਿ ਹੁਣ ਅਤਿਵਾਦੀਆਂ ਦੀ ਕਮਰ ਟੁੱਟ ਗਈ ਹੈ।’

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>