Thursday, February 9, 2012

    ਮਾਲਕਾ! ਕਰ ਕਿਰਪਾ ਜੀਜੇ 'ਤੇ
           
ਬਠਿੰਡਾ : ਜੀਜੇ ਨੂੰ ਐਮ.ਐਲ.ਏ. ਵੇਖਣ ਲਈ ਹਰ ਸਾਲੀ ਸੁੱਖਾਂ ਸੁੱਖ ਰਹੀ ਹੈ। ਹਰ ਉਮੀਦਵਾਰ ਦੀ ਸਾਲੀ ਨੇ ਜੀਜੇ ਦੀ ਜਿੱਤ ਲਈ ਚੋਣਾਂ 'ਚ ਦਿਨ ਰਾਤ ਇਕ ਕੀਤਾ ਹੈ। ਹੁਣ ਇਨ੍ਹਾਂ ਸਾਲੀਆਂ ਦੀ ਕਾਮਨਾ ਹੈ ਕਿ ਉਨ੍ਹਾਂ ਦੇ ਜੀਜੇ ਪੰਜਾਬ ਵਿਧਾਨ ਸਭਾ ਪੁੱਜ ਜਾਣ। ਇਸ ਵਾਰ ਉਮੀਦਵਾਰਾਂ ਦੀਆਂ ਪਤਨੀਆਂ ਤੋਂ ਇਲਾਵਾ ਸਾਲੀਆਂ ਨੇ ਵੀ ਚੋਣ ਪ੍ਰਚਾਰ ਵਿੱਚ ਕਸਰ ਨਹੀਂ ਛੱਡੀ।ਪ੍ਰਾਪਤ ਜਾਣਕਾਰੀ ਮੁਤਾਬਕ ਬਠਿੰਡਾ ਸ਼ਹਿਰੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਦੀ ਸਾਲੀ ਨਿੰਮੀ ਗੁਪਤਾ ਨੇ 15 ਦਿਨ ਚੋਣ ਪ੍ਰਚਾਰ ਵਿੱਚ ਘਰੋ ਘਰੀ ਜਾ ਕੇ ਪ੍ਰਚਾਰ ਕੀਤਾ। ਸ੍ਰੀ ਸਿੰਗਲਾ ਦੀ ਸਾਲੀ ਨਵੀਂ ਦਿੱਲੀ ਵਿਖੇ ਰਹਿੰਦੀ ਹੈ ਅਤੇ ਚੋਣਾਂ ਦੇ ਦਿਨਾਂ ਵਿੱਚ ਉਹ ਸਾਰਾ ਸਮਾਂ ਬਠਿੰਡਾ ਰਹੀ। ਸ੍ਰੀ ਸਿੰਗਲਾ ਦੀ ਪਤਨੀ ਉਰਮਿਲਾ ਸਿੰਗਲਾ ਤੋਂ ਇਲਾਵਾ ਉਨ੍ਹਾਂ ਦੀ ਸਾਲੀ ਨੇ ਵੀ ਚੋਣ ਪ੍ਰਚਾਰ ਵਿੱਚ ਵੱਡਾ ਯੋਗਦਾਨ ਪਾਇਆ। ਸ੍ਰੀ ਸਿੰਗਲਾ ਦੀ ਸਾਲੀ ਨਿੰਮੀ ਗੁਪਤਾ ਦਾ ਕਹਿਣਾ ਹੈ ਕਿ ਉਸ ਨੇ ਚਿੰਤਪੁਰਨੀ ਵਾਲੀ ਮਾਤਾ ਦੇ ਸੁੱਖ ਸੁੱਖੀ ਹੈ ਕਿ ਸਿੰਗਲਾ ਸਾਹਬ ਐਮ.ਐਲ.ਏ. ਬਣ ਜਾਣ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਦੇ ਜੀਜਾ ਜੀ ਜਿੱਤਦੇ ਹਨ ਤਾਂ ਉਹ ਸਾਰੇ ਚਿੰਤਪੁਰਨੀ ਮਾਤਾ ਦੇ ਦਰਸ਼ਨਾਂ ਲਈ ਜਾਣਗੇ। ਉਨ੍ਹਾਂ ਆਪਣੇ ਜੀਜੇ ਦੀ ਤਾਰੀਫ ਕੀਤੀ ਕਿ ਉਨ੍ਹਾਂ ਦੇ ਜੀਜਾ ਜੀ ਨੇ ਪੰਜ ਵਰ੍ਹਿਆਂ ਵਿੱਚ ਬਠਿੰਡਾ ਦੀ ਨੁਹਾਰ ਬਦਲ ਦਿੱਤੀ ਹੈ।
         ਬਠਿੰਡਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਸਾਲੀ ਗੋਗੀ ਨੇ ਵੀ ਦਿਨ ਰਾਤ ਜੀਜੇ ਦੇ ਹੱਕ 'ਚ ਪ੍ਰਚਾਰ ਕੀਤਾ ਹੈ। ਉਹ ਪਹਿਲਾਂ ਮੋਗਾ ਰਹਿੰਦੇ ਸਨ ਅਤੇ ਹੁਣ ਬਠਿੰਡਾ ਸ਼ਿਫਟ ਹੋਣ ਮਗਰੋਂ ਸ੍ਰੀ ਜੱਸੀ ਦੀ ਮੁਹਿੰਮ ਵਿੱਚ ਕੁੱਦੇ ਸਨ। ਉਸ ਨੇ ਦੱਸਿਆ ਕਿ ਉਸ ਨੇ ਪਹਿਲੀ ਵਾਰ ਚੋਣ ਪ੍ਰਚਾਰ ਵਿੱਚ ਸ਼ਮੂਲੀਅਤ ਕੀਤੀ ਹੈ। ਉਸ ਦਾ ਕਹਿਣਾ ਸੀ ਕਿ ਉਸ ਨੇ ਕਿਲਾ ਮੁਬਾਰਕ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਜੱਸੀ ਦੀ ਜਿੱਤ ਲਈ ਸੁੱਖ ਸੁੱਖੀ ਹੈ। ਸ੍ਰੀ ਜੱਸੀ ਦੀ ਪਤਨੀ ਮਨਮੀਤ ਕੌਰ ਨੇ ਵੀ ਚੋਣਾਂ ਵਿੱਚ ਘਰੋ ਘਰੀ ਜਾ ਕੇ ਵੋਟਾਂ ਮੰਗੀਆਂ ਹਨ। ਪੀਪਲਜ਼ ਪਾਰਟੀ ਆਫ ਪੰਜਾਬ ਦੇ ਉਮੀਦਵਾਰ ਸੁਖਦੀਪ ਸਿੰਘ ਭਿੰਡਰ ਜੋ ਕਿ ਸਾਬਕਾ ਸੀਨੀਅਰ ਵਧੀਕ ਐਡਵੋਕੇਟ ਜਨਰਲ ਵੀ ਹਨ, ਦੀ ਪਤਨੀ ਪਰਮਿੰਦਰ ਕੌਰ ਨੇ ਦਿਨ ਰਾਤ ਚੋਣਾਂ ਵਿੱਚ ਕੰਮ ਕੀਤਾ ਹੈ। ਸ੍ਰੀ ਭਿੰਡਰ ਦੀ ਸਾਲੀ ਰਤਿੰਦਰ ਕੌਰ ਨੇ ਸ਼ੁਰੂ ਤੋਂ ਹੀ ਆਪਣੇ ਜੀਜੇ ਦੀ ਚੋਣ ਕਮਾਨ ਸੰਭਾਲ ਲਈ ਸੀ। ਸ੍ਰੀ ਭਿੰਡਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਕੱਲੀ ਸਾਲੀ ਨੇ ਹੀ ਨਹੀਂ ਬਲਕਿ ਉਸ ਦੇ ਸਾਰੇ ਵੋਟਰਾਂ ਨੇ ਹੀ ਜਿੱਤ ਲਈ ਸੁੱਖਾਂ ਸੁੱਖੀਆਂ ਹਨ। ਸ੍ਰੀ ਭਿੰਡਰ ਦਾ ਕਹਿਣਾ ਹੈ ਕਿ ਉਸ ਨੂੰ ਤਾਂ ਗੁਰੂ 'ਤੇ ਹੀ ਯਕੀਨ ਹੈ।ਹਲਕਾ ਭੁੱਚੋ ਤੋਂ ਕਾਂਗਰਸੀ ਉਮੀਦਵਾਰ ਅਜਾਇਬ ਸਿੰਘ ਭੱਟੀ ਦੀਆਂ ਚਾਰ ਸਾਲੀਆਂ ਨੇ ਆਪਣੇ ਜੀਜੇ ਦੀ ਚੋਣ ਮੁਹਿੰਮ ਵਿੱਚ ਦਿਨ ਰਾਤ ਕੰਮ ਕੀਤਾ ਹੈ। ਸ੍ਰੀ ਭੱਟੀ ਦੀ ਪਤਨੀ ਮਨਜੀਤ ਕੌਰ ਨੇ ਵੀ ਪਿੰਡੋਂ ਪਿੰਡ ਮਿਹੰਮ ਚਲਾਈ। ਸ੍ਰੀ ਭੱਟੀ ਦੀਆਂ ਸਾਲੀਆਂ ਦੀ ਕਾਮਨਾ ਹੈ ਕਿ ਉਨ੍ਹਾਂ ਦੇ ਜੀਜੇ ਨੂੰ ਮੁੜ ਜਿੱਤ ਮਿਲੇ। ਰਾਮਪੁਰਾ ਫੂਲ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਦੀ ਪਤਨੀ ਸੁਖਪ੍ਰੀਤ ਕੌਰ ਨੇ ਵੀ ਆਪਣੇ ਪਤੀ ਦੀ ਚੋਣ ਮੁਹਿੰਮ ਵਿੱਚ ਡਟ ਕੇ ਯੋਗਦਾਨ ਪਾਇਆ। ਸ੍ਰੀ ਕਾਂਗੜ ਨੇ ਦੱਸਿਆ ਕਿ ਉਸ ਦੇ ਸਕੀ ਸਾਲੀ ਨਹੀਂ ਹੈ ਪਰ ਉਸ ਦੇ ਰਿਸ਼ਤੇਦਾਰਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ।
       ਦੱਸਣਯੋਗ ਹੈ ਕਿ ਉਨ੍ਹਾਂ ਸਾਲੀਆਂ ਨੇ ਸਿਰਫ ਸੁੱਖਾਂ ਹੀ ਸੁੱਖੀਆਂ ਹਨ ਜੋ ਸਰਕਾਰੀ ਮੁਲਾਜ਼ਮ ਹਨ। ਮੁਲਾਜ਼ਮ ਸਾਲੀਆਂ ਆਪਣੇ ਜੀਜੇ ਲਈ ਚੋਣ ਪ੍ਰਚਾਰ ਤਾਂ ਨਹੀਂ ਕਰ ਸਕੀਆਂ ਪਰ ਇਨ੍ਹਾਂ ਵੱਲੋਂ ਕਈ ਦਿਨਾਂ ਤੋਂ ਦੁਆਵਾਂ ਜ਼ਰੂਰ ਕੀਤੀਆਂ ਜਾ ਰਹੀਆਂ ਹਨ। ਗਿੱਦੜਬਾਹਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਦੀਆਂ ਦੋ ਸਾਲੀਆਂ ਨੇ ਆਪਣੇ ਜੀਜੇ ਦੀ ਜਿੱਤ ਲਈ ਗਿੱਦੜਬਾਹਾ ਹਲਕੇ ਦੀ ਪਿੰਡ ਗਾਹ ਦਿੱਤੇ। ਰਾਜਾ ਵੜਿੰਗ ਦੀ ਸਾਲੀ ਅਲੀਜ਼ਾ ਨੇ ਤਾਂ ਦਿੱਲੀ ਤੋਂ ਆ ਕੇ ਆਪਣੇ ਜੀਜੇ ਦੀ ਚੋਣ ਮੁਹਿੰਮ ਵਿੱਚ ਕੰਮ ਕੀਤਾ ਹੈ। ਦੂਜੀ ਸਾਲੀ ਅਨੁਪਮਾ ਨੇ ਉਮੀਦਵਾਰ ਦੀ ਪਤਨੀ ਅੰਮ੍ਰਿਤਾ ਨਾਲ ਮਿਲ ਕੇ ਚੋਣ ਮੁਹਿੰਮ ਚਲਾਈ। ਇਨ੍ਹਾਂ ਸਾਲੀਆਂ ਨੇ ਵੀ ਕਾਮਨਾ ਕੀਤੀ ਹੈ ਕਿ ਉਨ੍ਹਾਂ ਦਾ ਜੀਜਾ ਵਿਧਾਨ ਸਭਾ 'ਚ ਜ਼ਰੂਰ ਪੁੱਜੇ। ਉਮੀਦਵਾਰ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਉਸ ਦੀ ਸਾਲੀ ਅਲੀਜ਼ਾ ਨੇ ਤਾਂ ਬਹੁਤ ਜ਼ਿਆਦਾ ਕੰਮ ਕੀਤਾ ਹੈ। ਏਦਾ ਹੀ ਬਾਕੀ ਉਮੀਦਵਾਰਾਂ ਦੀਆਂ ਸਾਲੀਆਂ ਨੇ ਵੀ ਆਪਣਿਆਂ ਜੀਜਿਆਂ ਨੂੰ ਐਮ.ਐਲ.ਏ. ਦੀ ਕੁਰਸੀ 'ਤੇ ਬਿਠਾਉਣ ਲਈ ਦਿਨ ਰਾਤ ਮਿਹਨਤ ਕੀਤੀ ਹੈ ਅਤੇ ਹੁਣ ਹਰ ਸਾਲੀ ਰੱਬ ਅੱਗੇ ਦੁਆਵਾਂ ਕਰ ਰਹੀ ਹੈ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>