Thursday, February 9, 2012

  ਫੁੱਫੜਾਂ ਦਾ ਕਿਹਾ ਕੌਣ ਮੌੜੂ !
                      
ਬਠਿੰਡਾ : ਮਾਲਵਾ ਪੱਟੀ ਵਿੱਚ ਉਮੀਦਵਾਰ 'ਫੁੱਫੜਾਂ' ਤੱਕ ਪਹੁੰਚ ਕਰ ਰਹੇ ਹਨ। ਉਮੀਦਵਾਰਾਂ ਵੱਲੋਂ ਆਪੋ ਆਪਣੀ ਜਿੱਤ ਯਕੀਨੀ ਬਣਾਉਣ ਲਈ ਵੋਟਰਾਂ 'ਤੇ ਰਿਸ਼ਤੇਦਾਰਾਂ ਦਾ ਦਬਾਅ ਪਵਾਇਆ ਜਾ ਰਿਹਾ ਹੈ। ਉਮੀਦਵਾਰਾਂ ਨੇ ਪ੍ਰਾਹੁਣਿਆਂ ਅਤੇ ਫੁੱਫੜਾਂ ਦੀ ਸ਼ਨਾਖਤ ਕਰਕੇ ਸੂਚੀਆਂ ਤਿਆਰ ਕੀਤੀਆਂ ਹਨ ਕਿਉਂਕਿ ਇਨ੍ਹਾਂ ਰਿਸ਼ਤਿਆਂ ਦਾ ਪ੍ਰਭਾਵ ਜ਼ਿਆਦਾ ਮੰਨਿਆ ਜਾਂਦਾ ਹੈ। ਫੁੱਫੜਾਂ ਤੋਂ ਆਖਰੀ ਹੰਭਲਾ ਵੋਟਾਂ ਪੈਣ ਤੋਂ ਹਫ਼ਤਾ ਪਹਿਲਾਂ ਮਰਵਾਇਆ ਜਾਣਾ ਹੈ। ਇਨ੍ਹਾਂ ਦਿਨਾਂ ਵਿੱਚ ਫੁੱਫੜਾਂ ਦੀ ਕਾਫੀ ਕਦਰ ਵੱਧ ਗਈ ਹੈ। ਉਮੀਦਵਾਰਾਂ ਵੱਲੋਂ ਆਪਣੇ ਵਾਹਨ ਭੇਜੇ ਜਾਂਦੇ ਹਨ ਤਾਂ ਜੋ ਫੁੱਫੜ ਨੂੰ ਲਿਆ ਕੇ ਵੋਟਾਂ ਵਾਸਤੇ ਅਖਵਾਇਆ ਜਾ ਸਕੇ। ਹਲਕਾ ਭੁੱਚੋ ਤੋਂ ਅਕਾਲੀ ਉਮੀਦਵਾਰ ਪ੍ਰੀਤਮ ਸਿੰਘ ਕੋਟਭਾਈ ਦੀ ਟੀਮ ਵੱਲੋਂ ਫੁੱਫੜਾਂ ਅਤੇ ਪ੍ਰਾਹੁਣਿਆਂ ਦੀ ਸ਼ਨਾਖਤ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਦਾ ਪ੍ਰਭਾਵ ਵੋਟਾਂ ਵਾਸਤੇ ਵਰਤਿਆ ਜਾ ਸਕੇ। ਟੀਮ ਦੇ ਆਗੂ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਜਥੇਦਾਰ ਗੁਰਲਾਭ ਸਿੰਘ ਢੇਲਵਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਪ੍ਰਾਹੁਣਿਆਂ ਅਤੇ ਫੁੱਫੜਾਂ ਤੋਂ ਇਲਾਵਾ ਪ੍ਰਭਾਵਸ਼ਾਲੀ ਰਿਸ਼ਤੇਦਾਰਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਹਨ ਤਾਂ ਜੋ ਚੋਣ ਜਿੱਤਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾ ਸਕੇ। ਸ੍ਰੀ ਢੇਲਵਾਂ ਨੇ ਦੱਸਿਆ ਕਿ ਵੋਟਾਂ ਦੇ ਦਿਨਾਂ ਵਿੱਚ ਫੁੱਫੜਾਂ ਦਾ ਮਾਣ ਤਾਣ ਕਾਫੀ ਵੱਧ ਗਿਆ ਹੈ।
           ਹਲਕੇ ਤੋਂ ਕਾਂਗਰਸੀ ਉਮੀਦਵਾਰ ਅਜਾਇਬ ਸਿੰਘ ਭੱਟੀ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਕੋਈ ਸੂਚੀ ਵਗੈਰਾ ਤਾਂ ਤਿਆਰ ਨਹੀਂ ਕੀਤੀ ਗਈ ਪਰ ਉਨ੍ਹਾਂ ਦੇ ਰਿਸ਼ਤੇਦਾਰ ਇਹ ਡਿਊਟੀ ਨਿਭਾ ਰਹੇ ਹਨ। ਪ੍ਰਭਾਵਸ਼ਾਲੀ ਰਿਸ਼ਤੇਦਾਰਾਂ ਤੋਂ ਫੋਨ ਵੀ ਕਰਾ ਰਹੇ ਹਨ। ਸੂਤਰ ਦੱਸਦੇ ਹਨ ਕਿ ਬਹੁਤੇ ਫੁੱਫੜ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਨਿੱਤ ਫੋਨ ਖੜਕਾ ਰਹੇ ਹਨ। ਬਠਿੰਡਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦਾ ਕਹਿਣਾ ਸੀ ਕਿ ਉਹ ਚੋਣ ਪ੍ਰਚਾਰ ਤਹਿਤ ਖਾਸ ਵੋਟਰਾਂ ਦੀ ਹਮਾਇਤ ਲੈਣ ਵਾਸਤੇ ਉਨ੍ਹਾਂ ਦੇ ਪ੍ਰਾਹੁਣਿਆਂ ਅਤੇ ਫੁੱਫੜਾਂ ਤੱਕ ਪਹੁੰਚ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਚੋਣ ਮੁਹਿੰਮ ਟੀਮ ਵੱਲੋਂ ਫੁੱਫੜਾਂ ਅਤੇ ਹੋਰ ਖਾਸ ਰਿਸ਼ਤੇਦਾਰਾਂ ਦੀ ਸੂਚੀ ਤਿਆਰ ਕੀਤੀ ਗਈ ਹੈ, ਜਿਨ੍ਹਾਂ ਦੇ ਰਿਸ਼ੇਤਦਾਰ ਬਠਿੰਡਾ ਸ਼ਹਿਰੀ ਹਲਕੇ ਵਿੱਚ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਚੋਣਾਂ ਤੋਂ ਹਫਤਾ ਪਹਿਲਾਂ ਫੁੱਫੜਾਂ ਦੀ ਮਦਦ ਲੈਣੀ ਸ਼ੁਰੂ ਕਰਨਗੇ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਵਿੱਚ ਤਾਂ ਹਰ ਤਰ੍ਹਾਂ ਦੀ ਸੂਚੀ ਤਿਆਰ ਹੋ ਰਹੀ ਹੈ। ਫੁੱਫੜਾਂ ਤੋਂ ਬਿਨਾਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵੀ ਤਿਆਰ ਹੋਈ ਹੈ, ਜਿਨ੍ਹਾਂ ਦੇ ਰਿਸ਼ਤੇਦਾਰ ਲੰਬੀ ਹਲਕੇ ਵਿੱਚ ਰਹਿੰਦੇ ਹਨ।
         ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਜਗਜੀਤ ਸਿੰਘ ਜੋਗਾ ਇਸ ਮਾਮਲੇ ਵਿੱਚ ਵੱਖਰੀ ਰਾਏ ਰੱਖਦੇ ਹਨ। ਉਹ ਆਖਦੇ ਹਨ ਕਿ ਉਹ ਆਪਣੇ ਉਮੀਦਵਾਰਾਂ ਦੀ ਜਿੱਤ ਲਈ ਰਿਸ਼ਤੇਦਾਰਾਂ ਦੇ ਚੱਕਰ ਵਿੱਚ ਨਹੀਂ ਪੈ ਰਹੇ ਹਨ ਅਤੇ ਉਹ ਏਜੰਡੇ ਦੇ ਆਧਾਰ 'ਤੇ ਵੋਟਾਂ ਲਈ ਅਪੀਲ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਅੱਜ ਦੇ ਜ਼ਮਾਨੇ ਵਿੱਚ ਪ੍ਰਾਹੁਣਿਆਂ ਅਤੇ ਫੁੱਫੜਾਂ ਦਾ ਬਹੁਤਾ ਪ੍ਰਭਾਵ ਨਹੀਂ ਰਿਹਾ ਕਿਉਂਕਿ ਲੋਕ ਸਿਆਸੀ ਤੌਰ 'ਤੇ ਕਾਫੀ ਚੇਤੰਨ ਹਨ। ਉਨ੍ਹਾਂ ਆਖਿਆ ਕਿ ਰਿਸ਼ਤੇਦਾਰਾਂ ਦਾ ਪ੍ਰਭਾਵ ਹੁਣ ਕਾਫੀ ਘਟਿਆ ਹੈ। ਹਲਕਾ ਰਾਮਪੁਰਾ ਫੂਲ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਦੀ ਟੀਮ ਵੱਲੋਂ ਵੀ ਪ੍ਰਾਹੁਣਿਆਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਟੀਮ ਵੱਲੋਂ ਆਪਣੇ ਹਲਕੇ ਦੇ ਖਾਸ ਵੋਟਰਾਂ ਨੂੰੰ ਰਿਸ਼ਤੇਦਾਰਾਂ ਤੋਂ ਫੋਨ ਵੀ ਕਰਵਾਏ ਜਾ ਰਹੇ ਹਨ। ਪੀਪਲਜ਼ ਪਾਰਟੀ ਆਫ ਪੰਜਾਬ ਦੇ ਉਮੀਦਵਾਰਾਂ ਵੱਲੋਂ ਵਿਦੇਸ਼ਾਂ ਵਿੱਚੋਂ ਪ੍ਰਾਹੁਣਿਆਂ ਦੀ ਮਦਦ ਲਈ ਜਾ ਰਹੀ ਹੈ। ਪੀਪਲਜ਼ ਪਾਰਟੀ ਦੇ ਕੋਟਕਪੂਰਾ ਤੋਂ ਉਮੀਦਵਾਰ ਪ੍ਰਦੀਪ ਸਿੰਘ ਸਿਵੀਆਂ ਦੀ ਹਮਾਇਤ ਵਿੱਚ ਪਰਵਾਸੀ ਭਾਰਤੀ ਕਾਫੀ ਜ਼ੋਰ ਲਾ ਰਹੇ ਹਨ। ਪਰਵਾਸੀ ਭਾਰਤੀ ਅਤੇ ਪਿੰਡ ਰਾਈਆ ਦੇ ਵਸਨੀਕ ਕਮਲਜੀਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਉਸ ਵੱਲੋਂ ਪੀਪਲਜ਼ ਪਾਰਟੀ ਦੇ ਉਮੀਦਵਾਰਾਂ ਦੀ ਹਮਾਇਤ ਵਿੱਚ ਰਿਸ਼ਤੇਦਾਰ ਵੋਟਰਾਂ ਨੂੰ ਉਨ੍ਹਾਂ ਦੇ ਵਿਦੇਸ਼ ਰਹਿੰਦੇ ਪ੍ਰਾਹੁਣਿਆਂ ਤੋਂ ਫੋਨ ਕਰਵਾਏ ਜਾ ਰਹੇ ਹਨ। ਸੂਤਰਾਂ ਅਨੁਸਾਰ ਉਮੀਦਵਾਰਾਂ ਦੇ ਫੁੱਫੜ ਅਤੇ ਪ੍ਰਾਹੁਣੇ ਵੀ ਚੋਣ ਪ੍ਰਚਾਰ ਵਿੱਚ ਮੋਹਰੀ ਬਣੇ ਹੋਏ ਹਨ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>