ਹਰੇਕ ਵਰਗ ਦੇ ਭਲੇ ਲਈ ਕਾਂਗਰਸ ਸਰਕਾਰ ਜ਼ਰੂਰੀ-ਅਰੋੜਾ
ਪਿੰਡ ਕੋਟੜਾ ਅਮਰੂ ਵਿਖੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਨੂੰ ਪਾਰਟੀ 'ਚ
ਜੀ ਆਇਆਂ ਆਖਦੇ ਹੋਏ ਸ੍ਰੀ ਅਮਨ ਅਰੋੜਾ। ਤਸਵੀਰ : ਰੁਪਿੰਦਰ ਸਿੰਘ ਸੱਗੂ ਸੁਨਾਮ, 21 ਜਨਵਰੀ (ਸੱਗੂ, ਜੈਨ)-ਸੁਨਾਮ ਨੇੜਲੇ ਪਿੰਡ ਕੋਟੜਾ ਅਮਰੂ ਵਿਖੇ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਕਿ ਪਿੰਡ ਦੇ ਸਾਬਕਾ ਸਰਪੰਚ ਅਤੇ ਅੱਧੀ ਦਰਜ਼ਨ ਦੇ ਕਰੀਬ ਅਕਾਲੀ ਆਗੂਆਂ ਨੇ ਆਪਣੇ ਪਰਿਵਾਰਾਂ ਸਮੇਤ ਕਾਂਗਰਸ ਪਾਰਟੀ ਵਿਚ ਜਾਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਅਮਨ ਅਰੋੜਾ ਨੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਇਹਨਾਂ ਵਰਕਰਾਂ ਦਾ ਹਾਰਦਿਕ ਸਵਾਗਤ ਕਰਦੇ ਹੋਏ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਕਾਰਵਾਈਆਂ ਤੋਂ ਦੁਖੀ ਹੋ ਚੁੱਕੇ ਲੋਕ ਹੁਣ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਰਹੇ ਹਨ। ਸ੍ਰੀ ਅਰੋੜਾ ਨੇ ਅੱਗੇ ਕਿਹਾ ਕਿ ਹਲਕੇ ਦੇ ਸਰਵਪੱਖੀ ਵਿਕਾਸ ਲਈ ਅਤੇ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਲੋਕ ਪੱਖੀ ਗਰੀਬ ਤੇ ਦਲਿਤ ਪੱਖੀ ਕਿਸਾਨ ਤੇ ਮਜ਼ਦੂਰ ਪੱਖੀ ਸਰਕਾਰ ਸਾਬਤ ਕਰਨ ਲਈ ਕਾਂਗਰਸ ਪਾਰਟੀ ਨੂੰ ਜਿਤਾਉਣਾ ਬਹੁਤ ਜ਼ਰੂਰੀ ਹੈ। ਸ੍ਰੀ ਅਰੋੜਾ ਨੇ ਤੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਉਣ ਵਾਲੀ 30 ਜਨਵਰੀ ਨੂੰ ਕਾਂਗਰਸ ਦੇ ਹੱਕ ਵਿਚ ਆਪਣੀ ਵੋਟ ਦਾ ਇਸਤੇਮਾਲ ਕਰਨ ਤਾਂਕਿ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ 'ਤੇ ਤੋਰਿਆ ਜਾ ਸਕੇ। ਇਸ ਮੌਕੇ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਸਾਬਕਾ ਸਰਪੰਚ, ਸ. ਜਗਰੂਪ ਸਿੰਘ, ਜਸਵੰਤ ਸਿੰਘ ਪੰਚ, ਸੁਖਵਿੰਦਰ ਸਿੰਘ ਨੰਬਰਦਾਰ, ਗੁਰਮੇਲ ਸਿੰਘ, ਨਿਰਭੈ ਸਿੰਘ, ਹਰਮੇਲ ਸਿੰਘ, ਮਹਿੰਦਰ ਸਿੰਘ, ਬੰਤ ਸਿੰਘ ਹਾਜ਼ਰ ਸਨ।
ਅਕਾਲੀ ਦਲ ਦਾ ਏਜੰਡਾ ਹਮੇਸ਼ਾ ਵਿਕਾਸ ਪੱਖੀ ਰਿਹਾ-ਢੀਂਡਸਾ
ਸ. ਪਰਮਿੰਦਰ ਸਿੰਘ ਢੀਂਡਸਾ ਪਿੰਡ ਤੁੰਗਾਂ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ
ਕਰਦੇ ਹੋਏ। ਤਸਵੀਰ : ਦਰਸ਼ਨ ਵਧਵਾ ਸੰਗਰੂਰ, 21 ਜਨਵਰੀ (ਸ.ਸ. ਫੁੱਲ)-ਲੋਕ ਨਿਰਮਾਣ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪਿੰਡ ਕਿਲ੍ਹਾ ਭਰੀਆਂ, ਤੁੰਗਾਂ, ਕੰਮੋਮਾਜਰਾ ਕਲਾਂ, ਕੰਮੋ ਮਾਜਰਾ ਖ਼ੁਰਦ, ਬਲਵਾੜ ਕਲਾਂ ਅਤੇ ਖੁਰਾਣੀ ਵਿਖੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਪੈਦਾ ਕਰਨ ਵਾਲੀ ਕਾਂਗਰਸ ਪਾਰਟੀ ਲੋਕਾਂ ਦੇ ਮਨਾ 'ਤੇ ਪੂਰੀ ਤਰ੍ਹਾਂ ਨਾਲ ਲਹਿ ਚੁੱਕੀ ਹੈ। ਅਕਾਲੀ ਭਾਜਪਾ ਸਰਕਾਰ ਦਾ ਏਜੰਡਾ ਵਿਕਾਸ ਕਰਵਾਉਣ ਅਤੇ ਵੱਖ ਵੱਖ ਵਰਗਾਂ ਦੇ ਲੋਕਾਂ ਨੂੰ ਰਾਹਤ ਦੇਣ ਵਾਲਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਹਲਕੇ ਦਾ ਸਰਬਪੱਖੀ ਵਿਕਾਸ ਭੇਦਭਾਵ ਤੋਂ ਉੱਪਰ ਉੱਠ ਕੇ ਕਰਵਾਇਆ ਗਿਆ ਹੈ। ਇੱਥੋਂ ਤੱਕ ਕਿ ਕਾਂਗਰਸ ਦੇ ਉਮੀਦਵਾਰ ਦੇ ਜੱਦੀ ਘਰ ਅੱਗੇ ਵੀ ਵਿਕਾਸ ਕਰਵਾਇਆ ਗਿਆ। ਕਿਲ੍ਹਾ ਭਰੀਆਂ ਦੇ ਸਰਪੰਚ ਸੇਵਕ ਸਿੰਘ, ਨਛੱਤਰ ਸਿੰਘ, ਗੁਰਦੇਵ ਸਿੰਘ, ਯੂਥ ਆਗੂ ਕਮਲਪ੍ਰੀਤ ਸਿੰਘ, ਬਹਾਦਰ ਸਿੰਘ ਸਰਪੰਚ ਖ਼ੁਰਾਣੀ, ਸਾਬਕਾ ਸਰਪੰਚ ਗੁਰਦਿਆਲ ਸਿੰਘ, ਰਮੇਸ਼ ਸਿੰਘ ਕੰਮੋਮਾਜਰਾ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਹਰੀ ਸਿੰਘ ਬਲਵਾੜ ਕਲਾਂ, ਗੁਰਧਿਆਨ ਸਿੰਘ, ਕੁਲਵਿੰਦਰ ਸਿੰਘ ਅਤੇ ਅਮਰਜੀਤ ਸਿੰਘ ਨੇ ਭਰੋਸਾ ਦੁਆਇਆ ਕਿ ਪਿੰਡਾਂ ਵਾਸੀ ਵਿਕਾਸ ਦੇ ਨਾਮ 'ਤੇ ਅਕਾਲੀ ਦਲ ਨੂੰ ਵੱਡੀ ਜਿੱਤ ਦਿਵਾਉਣਗੇ। 'ਅਜੀਤ' ਨਾਲ ਗੱਲਬਾਤ ਕਰਦਿਆਂ ਸ. ਢੀਂਡਸਾ ਨੇ ਦਾਅਵਾ ਕੀਤਾ ਕਿ ਜਿੰਨੀ ਗਿਣਤੀ ਵਿਚ ਕਾਂਗਰਸ ਦੇ ਵਰਕਰ ਸ੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ। ਇਸ ਗਿਣਤੀ ਨੂੰ ਜੋੜ ਕੇ ਕਾਂਗਰਸ ਦੀ ਸਥਿਤੀ ਬੇਹਦ ਪਤਲੀ ਹੋ ਚੁੱਕੀ ਹੈ। ਕਾਂਗਰਸ ਨੇ ਖੁਦ ਤਾਂ ਕਦੇ ਵਿਕਾਸ ਕਰਵਾਇਆ ਨਹੀਂ, ਉਨ੍ਹਾਂ ਨੂੰ ਕੀ ਪਤੈ ਕਿ ਵਿਕਾਸ ਕਾਰਜ ਕੀ ਹੁੰਦੇ ਹਨ, ਕਿਸਾਨੀ ਦੀ ਆੜ ਹੇਠ ਸਿਆਸਤ ਕਰਨ ਵਾਲੀ ਕਾਂਗਰਸ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਬਾਰੇ ਵੀ ਚੋਣ ਪੱਤਰ ਵਿਚ ਸਪੱਸ਼ਟ ਨਹੀਂ ਕਰ ਸਕੀ। ਢੀਂਡਸਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਹੀ ਇਕ ਅਜਿਹੀ ਪਾਰਟੀ ਹੈ, ਜਿਸ ਨੇ ਸਮਾਜ ਦੇ ਹਰ ਵਰਗਾਂ ਦੇ ਹਿਤਾਂ ਤੇ ਪਹਿਰਾ ਦਿੱਤਾ। ਇਸ ਮੌਕੇ ਜਗਜੀਤ ਸਿੰਘ ਜੋਗੀ, ਸੁਨੀਤਾ ਸ਼ਰਮਾ, ਸਾਕਾ ਗਿੱਲ, ਭਾਜਪਾ ਆਗੂ ਸੰਕਰ ਬਾਂਸਲ, ਪ੍ਰੇਮ ਕੁਮਾਰ ਕਾਂਝਲਾ, ਰਾਜੇਸ਼ ਅਗਰਵਾਲ ਅਤੇ ਭਾਜਪਾ ਦੇ ਨਵਲ ਕਿਸ਼ੋਰ ਨੇ ਕਿਹਾ ਕਿ ਸ਼ਹਿਰ ਦਾ ਰੁਖ ਅਕਾਲ ਭਾਜਪਾ ਗਠਜੋੜ ਵੱਲ ਹੈ। |
ਭੱਠਲ 20 ਸਾਲਾਂ 'ਚ 20 ਕੰਮ ਹੀ ਕੀਤੇ ਹੋਏ ਵਿਖਾ ਦੇਵੇ-ਭਗਵੰਤ ਮਾਨਜਾਖ਼ਲ, 21 ਜਨਵਰੀ (ਜਗਤਾਰ ਮੰਗੀ)-ਪੀਪਲਜ਼ ਪਾਰਟੀ ਦੇ ਹਲਕਾ ਲਹਿਰਾ ਤੋਂ ਉਮੀਦਵਾਰ ਭਗਵੰਤ ਮਾਨ ਨੇ ਚੋਟੀਆਂ ਵਿਖੇ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਰਾਜਿੰਦਰ ਕੌਰ ਭੱਠਲ 'ਤੇ ਤਾਬੜ ਤੋੜ ਹਮਲੇ ਕਰਦਿਆਂ ਕਿਹਾ ਕਿ ਜੇਕਰ ਬੀਬੀ ਭੱਠਲ ਨੂੰ ਹਲਕੇ ਦੇ ਕੀਤੇ ਵਿਕਾਸ ਪ੍ਰਤੀ ਕਾਫ਼ੀ ਮਾਣ ਹੈ ਤਾਂ ਉਹ ਖ਼ੁਦ ਹੀ ਦੱਸਣ ਕਿ ਹਲਕੇ ਦੇ ਕਿਹੜੇ ਪਿੰਡ ਜਾਂ ਸ਼ਹਿਰ ਵਿਚ ਕਿਸ ਕਿਸਮ ਦਾ ਵਿਕਾਸ ਕੀਤਾ। ਸ੍ਰੀ ਮਾਨ ਨੇ ਕਿਹਾ ਕਿ ਬੀਬੀ 20 ਸਾਲਾਂ ਵਿਚ ਕੀਤੇ ਹੋਏ 20 ਕੰਮ ਹੀ ਵਿਖਾ ਦੇਵੇ। ਉਨ੍ਹਾਂ ਨੇ ਬੀਬੀ ਭੱਠਲ ਨੂੰ ਖੁੱਲ੍ਹਾ ਚੈਲੰਜ ਕੀਤਾ ਅਤੇ ਕਿਹਾ ਕਿ ਕਿਸੇ ਟੀ.ਵੀ. ਚੈਨਲ ਜਾਂ ਲੋਕਾਂ ਦੀ ਸੱਥ ਵਿਚ ਬੈਠ ਕੇ ਸਾਡੇ ਵਿਕਾਸ ਸੰਬੰਧੀ ਸਵਾਲਾਂ ਦਾ ਜਵਾਬ ਦੇਵੇ ਅਤੇ ਸਾਡੀ ਵਿਕਾਸ ਸੰਬੰਧੀ ਜਵਾਬ ਦੇਣ 'ਤੇ ਮੈ ਚੋਣ ਛੱਡ ਕੇ ਘਰ ਬੈਠ ਜਾਵਾਂਗਾ। ਉਨ੍ਹਾਂ ਨੇ ਕਿਹਾ ਕਿ ਮੈਂ ਅਤੇ ਸ. ਸੁਖਵੰਤ ਸਿੰਘ ਬਹਿਸ ਕਰਨ ਲਈ ਤਿਆਰ ਹਾਂ ਪਰ ਬੀਬੀ ਭੱਠਲ ਕੋਲ ਬਹਿਸ ਲਈ ਸਮਾਂ ਨਹੀਂ ਕਿਉਂਕਿ ਉਹ 20 ਸਾਲਾਂ ਵਿਚ ਹਲਕੇ ਵਿਚ 20 ਗੇੜੇ ਨਹੀਂ ਲਗਾਏ, ਸਿਰਫ਼ ਚੰਡੀਗੜ੍ਹ ਹੀ ਡੇਰਾ ਲਗਾ ਕੇ ਰੱਖਿਆ। ਇਸ ਸਮੇਂ ਉਨ੍ਹਾਂ ਨਾਲ ਜਗਤਾਰ ਜੱਗੀ, ਜਗਦੇਵ ਸਿੰਘ ਭੁਟਾਲ, ਬਿਕਰ ਸਿੰਘ ਘੋੜੇਨਵ, ਬਲਵਿੰਦਰ ਸਿੰਘ ਢੀਂਡਸਾ, ਗਾਇਕ ਕਰਮਜੀਤ ਅਨਮੋਲ ਹਾਜ਼ਰ ਸਨ।
ਚੋਣਾਂ ਲਈ ਫਿਰਕੂ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ ਅਧੀਨ ਪਰਚਾ ਦਰਜ
ਮਾਲੇਰਕੋਟਲਾ, ਸੰਦੌੜ, 21 ਜਨਵਰੀ (ਇਰਸ਼ਾਦ, ਕੇਵਲ ਸਹੋਤਾ)-ਸਥਾਨਕ ਪੁਲਸ ਵੱਲੋਂ ਚੋਣਾਂ ਲਈ ਫਿਰਕੂ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ ਅਧੀਨ ਇਕ ਨਾਮੀ ਵਕੀਲ ਅਮਜਦ ਖਾਂ ਪ੍ਰਧਾਨ ਇਨਸਾਫ ਫਾਰ ਮਾਈਨੌਰਟੀ ਸੈੱਲ ਦੇ ਵਿਰੁਧ ਪਰਚਾ ਦਰਜ ਕੀਤਾ ਹੈ। ਥਾਨਾ ਸੰਦੌੜ ਵਿਖੇ ਦਰਜ ਮੁਕਦਮੇਂ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਇਲਾਕੇ ਦੇ ਪਿੰਡਾਂ ਵਿਚ ਅਜਿਹੀਆਂ ਸੀ.ਡੀਜ਼ ਡਾਕ ਰਾਹੀਂ ਆਮ ਲੋਕਾਂ ਦੇ ਘਰਾਂ ਵਿਚ ਭੇਜੀਆਂ ਜਾ ਰਹੀਆਂ ਸਨ ਜਿਨ੍ਹਾਂ ਵਿਚ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਫਰਜ਼ਾਨਾ ਆਲਮ ਦੇ ਪਤੀ ਤੇ ਸਾਬਕਾ ਡੀ.ਜੀ.ਪੀ ਜਨਾਬ ਇਜ਼ਹਾਰ ਆਲਮ ਵਿਰੁੱਧ ਅਸੱਭਿਅਕ ਢੰਗ ਦੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਫਿਰਕੂ ਭਾਵਨਾਵਾਂ ਭੜਕਾਉਣ ਦੇ ਯਤਨ ਕੀਤੇ ਗਏ ਸਨ। ਅਜਿਹੀ ਹੀ ਇਕ ਸੀ.ਡੀ. ਪੁਲਿਸ ਨੂੰ ਪਿੰਡ ਹਥਨ ਦੇ ਵਾਸੀ ਸੰਤ ਸਿੰਘ ਪੁੱਤਰ ਜੰਗ ਸਿੰਘ ਦੇ ਘਰੋਂ ਵੀ ਬਰਾਮਦ ਹੋਈ ਜਿਹੜੀ ਕਿ ਉਸ ਪਾਸ ਡਾਕ ਰਾਹੀਂ ਪਹੁੰਚੀ ਸੀ ਅਤੇ ਪੁਲਸ ਨੇ ਇਸ 'ਤੇ ਦਰਜ ਨਿਰਮਾਤਾ ਵਿਰੱਧ ਪਰਚਾ ਦਰਜ ਕਰ ਲਿਆ।
ਬਾਬਾ ਅਮਰਜੀਤ ਸਿੰਘ ਕਿਲ੍ਹਾ ਹਕੀਮਾਂ ਵੱਲੋਂ ਚੋਣ ਪ੍ਰਚਾਰ ਤੇਜ਼
ਮਹਿਲ ਕਲਾਂ, 21 ਜਨਵਰੀ (ਅਵਤਾਰ ਸਿੰਘ ਅਣਖੀ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਬਾਬਾ ਅਮਰਜੀਤ ਸਿੰਘ ਕਿਲ੍ਹਾ ਹਕੀਮਾਂ ਨੇ ਹਲਕਾ ਮਹਿਲ ਕਲਾਂ ਆਪਣੀ ਚੋਣ ਮੁਹਿੰਮ ਵਿਚ ਤੇਜੀ ਲਿਆਉਂਦਿਆ ਦੋ ਦਰਜਨ ਤੋਂ ਵੱਧ ਪਿੰਡਾਂ ਵਿਚ ਸੰਪਰਕ ਮੀਟਿੰਗਾਂ ਕਰਕੇ ਸਹਿਯੋਗ ਦੀ ਮੰਗ ਕੀਤੀ। ਬਾਬਾ ਕਿਲ੍ਹਾ ਹਕੀਮਾਂ ਨੇ ਵੱਖ-ਵੱਖ ਥਾਵਾਂ 'ਤੇ ਬੋਲਦਿਆਂ ਕਾਂਗਰਸ ਅਤੇ ਭਾਜਪਾ ਨੂੰ ਸਿੱਖਾਂ ਦੀ ਮੁਖ ਦੁਸ਼ਮਣ ਕਰਾਰ ਦਿੰਦੇ ਹੋਏ ਇਸ ਨਾਲ ਗਠਜੋੜ ਕਰਨ ਵਾਲੇ ਬਾਦਲ ਦਲੀਆਂ ਨੂੰ ਕਰਾਰੀ ਹਾਰ ਦੇਣ ਦੀ ਅਪੀਲ ਕੀਤੀ। ਬਾਬਾ ਕਿਲ੍ਹਾ ਹਕੀਮਾਂ ਨੇ ਨਿਧੜਕ ਜਰਨੈਲ ਸ.ਸਿਮਰਨਜੀਤ ਸਿੰਘ ਮਾਨ ਵੱਲੋ ਵਿੱਢੇ ਗਏ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਨੂੰ ਪੂਰਨ ਹਮਾਇਤ ਦੇਣ ਲਈ ਚੋਣ ਨਿਸ਼ਾਨ ਸਿਲਾਈ ਮਸ਼ੀਨ ਉਪਰ ਬਟਨ ਦਬਾਉਣ ਦੀ ਅਪੀਲ ਕੀਤੀ। ਇਸ ਸਮੇਂ ਸੁਖਵਿੰਦਰ ਸਿੰਘ ਪੱਪੂ, ਮਲਕੀਤ ਸਿੰਘ, ਜ਼ੋਰਾ ਸਿੰਘ ਕਲਾਲ ਮਾਜਰਾ, ਸਰਕਲ ਪ੍ਰਧਾਨ ਬਲਦੇਵ ਸਿੰਘ ਗੰਗੋਹਰ, ਗੁਰਜੀਤ ਸਿੰਘ ਧਨੇਰ, ਜੀਤ ਸਿੰਘ ਮਾਂਗੇਵਾਲ, ਸਰਬਜੀਤ ਸਿੰਘ ਬੈਲਜੀਅਮ, ਭੋਲਾ ਸਿੰਘ ਗੰਗੋਹਰ, ਕਮਲਜੀਤ ਸਿੰਘ ਵਜ਼ੀਦਕੇ ਆਦਿ ਆਗੂ ਹਾਜ਼ਰ ਸਨ।
ਬਾਬਾ ਅਮਰਜੀਤ ਸਿੰਘ ਕਿਲ੍ਹਾ ਹਕੀਮਾਂਵਿਰੋਧੀਆਂ ਨੂੰ ਕਰਾਰੀ ਹਾਰ ਦੇਵਾਂਗੇ-ਸਿਬੀਆ
ਨਦਾਮਪੁਰ, ਚੰਨੋ, 21 ਜਨਵਰੀ (ਨਿਰਮਾਣ)-ਕਾਂਗਰਸ ਪਾਰਟੀ ਦੇ ਉਮੀਦਵਾਰ ਹਲਕਾ ਸੰਗਰੂਰ ਸ. ਸੁਰਿੰਦਰਪਾਲ ਸਿੰਘ ਸੀਬੀਆ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਸਥਾਨਕ ਨਗਰ ਨਦਾਮਪੁਰ ਤੋਂ ਬਲਾਕ ਸੰਮਤੀ ਮੈਂਬਰ ਬੀਬੀ ਰਣਜੀਤ ਕੌਰ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਕੌਰ ਖਾਂ ਦੀ ਪ੍ਰੇਰਨਾ ਸਦਕਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਗੁਰਬਚਨ ਸਿੰਘ, ਜੋਗਿੰਦਰ ਸਿੰਘ, ਲਾਭ ਸਿੰਘ, ਜੀਤਾ ਸਿੰਘ, ਮੇਜਰ ਸਿੰਘ, ਛੋਟੀ ਕੌਰ, ਹੰਸਾ ਸਿੰਘ, ਜੀਤ ਸਿੰਘ, ਰੋਡਾ ਸਿੰਘ ਸਮੇਤ ਇੱਕ ਦਰਜਨ ਵਿਅਕਤੀ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ਜਿਨ੍ਹਾਂ ਨੂੰ ਸੁਰਿੰਦਰਪਾਲ ਸਿੰਘ ਸੀਬੀਆ ਨੇ ਸਿਰਪਾਓ ਭੇਟ ਕਰ ਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਕੀਤਾ ਅਤੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਭਾਜਪਾ ਦੇ ਉਮੀਦਵਾਰਾਂ ਨੂੰ ਤਾਂ ਪਾਰਟੀ ਵਿਚਲੀ ਬਗ਼ਾਵਤ ਹੀ ਲੈ ਡੁੱਬੇਗੀ। ਸ. ਸੀਬੀਆ ਨੇ ਦਾਅਵਾ ਕੀਤਾ ਕਿ ਮੈ ਹਲਕਾ ਸੰਗਰੂਰ ਤੋਂ 30 ਹਜ਼ਾਰਾਂ ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਕੇ ਅਕਾਲੀ ਭਾਜਪਾ ਦੇ ਉਮੀਦਵਾਰ ਨੂੰ ਪਹਿਲਾਂ ਵਾਂਗ ਕਰਾਰੀ ਹਾਰ ਦੇਵਾਂਗੇ। ਇਸ ਮੌਕੇ ਰਣਜੀਤ ਸਿੰਘ ਤੂਰ, ਅਮਰਜੀਤ ਸ਼ਰਮਾ, ਤਰਸੇਮ ਕੁਮਾਰ ਮਿੱਠੂ, ਲਖਮੀਰ ਸਿੰਘ ਨੰਬਰਦਾਰ ਧਰਮਿੰਦਰ ਸਿੰਘ ਯੂਥ ਆਗੂ ਮਨਜ਼ੂਰ ਖਾਂ ਹਾਜ਼ਰ ਸਨ।
ਸਦੀਕ ਲਈ ਚੋਣ ਪ੍ਰਚਾਰ ਕਰਨ ਪਹੁੰਚੇ ਸਿੰਗਲਾ
ਤਪਾ ਮੰਡੀ, 21 ਜਨਵਰੀ (ਭੁੱਲਰ)-ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਚੋਣ ਲੜ ਰਹੇ ਮੁਹੰਮਦ ਸਦੀਕ ਦੀ ਚੋਣ ਨੂੰ ਵੱਡਾ ਹੁਲਾਰਾ ਅਤੇ ਕਾਂਗਰਸੀ ਆਗੂਆਂ ਦੇ ਗਿਲੇ-ਸ਼ਿਕਵੇ ਦੂਰ ਕਰਕੇ ਸਦੀਕ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਅੱਜ ਮੈਂਬਰ ਪਾਰਲੀਮੈਂਟ ਸ੍ਰੀ ਵਿਜੈਇੰਦਰ ਸਿੰਗਲਾ ਨੇ ਤਪਾ ਵਿਖੇ ਚਾਰ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਹਨ੍ਹੇਰੀ ਪੂਰੇ ਪੰਜਾਬ ਵਿਚ ਚੱਲ ਰਹੀ ਹੈ ਇਸ ਵਾਰ ਕਾਂਗਰਸ ਦੀ ਸਰਕਾਰ ਬਣੇਗੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸੂਬੇ ਦੇ ਵਿਕਾਸ ਨੂੰ ਤੇਜੀ ਨਾਲ ਕਰਦਿਆਂ ਇੰਕ ਨੰਬਰ ਦਾ ਸੂਬਾ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੁਝ ਦਿਨਾਂ ਤੱਕ ਖੁਦ ਕੈਪਟਨ ਸਾਹਿਬ ਸਦੀਕ ਦੇ ਹੱਕ 'ਚ ਤਪੇ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਇਸ ਮੌਕੇ ਬੀਬੀ ਰਜਿੰਦਰ ਕੌਰ ਮੀਂਮਸਾ ਨੇ ਆਪਣੇ ਸਾਥੀਆਂ ਸਮੇਤ ਸਦੀਕ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ। ਤਪਾ ਮੰਡੀ ਦੇ ਕਾਂਗਰਸ ਆਗੂ ਪ੍ਰੇਮ ਕੁਮਾਰ ਭੂਤ, ਅਮਰਜੀਤ ਸਿੰਘ ਧਾਲੀਵਾਲ ਨੇ ਸਦੀਕ ਲਈ ਵੋਟਾ ਮੰਗੀਆ। ਇਸ ਮੌਕੇ ਗੁਰਕੀਮਤ ਸਿੰਘ ਸਿੱਧੂ, ਪ੍ਰਵੀਨ ਕੁਮਾਰ, ਕਰਮਜੀਤ ਸਿੰਘ ਪੋਲਾ, ਗੁਰਤੇਜ ਸਿੰਦਾ, ਦਿਲਬਾਘ ਸਿੰਘ ਮਹਿਤਾ, ਆਸੂ, ਗੱਗ ਗੁਰਮੀਤ ਸਿੰਘ ਸਾਬਕਾ ਸਰਪੰਚ, ਸੂਰਜ ਭਾਰਦਵਾਜ ਆਦਿ ਹਾਜ਼ਰ ਸਨ।
ਅਕਾਲੀਆਂ ਨੇ ਨੀਂਹ ਪੱਥਰ ਰੱਖਣ ਤੋਂ ਸਿਵਾਏ ਕੁਝ ਨਹੀਂ ਕੀਤਾ-ਭੱਠਲ
ਖਨੌਰੀ, 21 ਜਨਵਰੀ (ਥਿੰਦ, ਚੋਪੜਾ)-ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਵਿਕਾਸ ਦੇ ਨਾਂਅ 'ਤੇ ਵੋਟਾਂ ਮੰਗਣ ਦਾ ਦਾਅਵਾ ਕਰਨ ਵਾਲੇ ਅਕਾਲੀਆਂ ਨੇ ਆਪਣੇ ਕਾਰਜਕਾਲ ਦੇ ਪੰਜ ਸਾਲਾਂ ਵਿਚ ਖਾਲੀ ਨੀਂਹ ਪੱਥਰ ਰੱਖਣ ਤੋਂ ਸਿਵਾਏ ਕੁੱਝ ਨਹੀਂ ਕੀਤਾ ਅਤੇ ਉਹ ਨੀਂਹ ਪੱਥਰਾਂ ਦੇ ਨਾਂਅ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਬੀਬੀ ਭੱਠਲ ਇਥੇ ਆਪਣੇ ਚੋਣ ਪ੍ਰਚਾਰ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਸ੍ਰੀ ਗਿਰਧਾਰੀ ਲਾਲ ਗਰਗ, ਸ਼ਾਮ ਸਿੰਘ ਮਕੌਰੜ, ਰਜਿੰਦਰ ਕੁਮਾਰ 'ਇੰਦਰ', ਧਰਮਪਾਲ ਗੋਇਲ ਠੇਕੇਦਾਰ, ਅਮਰੀਕ ਸਿੰਘ ਢੀਂਡਸਾ, ਪਰਵਿੰਦਰ ਸਿੰਘ ਯੱਕੂ, ਦਿਲਬਾਗ ਸਿੰਘ ਬਾਗਾ, ਸੰਜੀਵ ਰੰਗਾ, ਡਾ. ਬਲਵੀਰ ਸਿੰਘ, ਡਾ. ਸੈਣੀ, ਆਤਮਾ ਸਿੰਘ ਕਾਲਾ ਆਦਿ ਮੌਜੂਦ ਸਨ।
ਕਾਂਗਰਸ ਦੇ ਪੱਖ 'ਚ ਚੱਲੀ ਹਵਾ-ਬੀਬੀ ਘਨੌਰੀ
ਮਹਿਲ ਕਲਾਂ, 21 ਜਨਵਰੀ (ਅਣਖੀ)-ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਹਰਚੰਦ ਕੌਰ ਘਨੌਰੀ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਮਜ਼ਬੂਤੀ ਮਿਲੀ ਜਦੋਂ ਇਥੇ ਬੂਟਾ ਸਿੰਘ ਦੋਧੀ ਦੇ ਨਿਵਾਸ ਸਥਾਨ ਉਪਰ ਕਰਵਾਏ ਗਏ ਵਿਸ਼ਾਲ ਸਮਾਗਮ ਸਮੇਂ ਸਹਿਕਾਰੀ ਸਭਾ ਦੇ ਪ੍ਰਧਾਨ ਸੁਰਿੰਦਰ ਸਿੰਘ ਛਿੰਦਾ, ਸਮਾਜ ਸੇਵਕ ਮੰਗਤ ਸਿੰਘ ਸਿੱਧੂ ਪੰਚ, ਅਰਸ਼ਦੀਪ ਸਿੰਘ ਬਿੱਟੂ ਅਸ਼ਵਨੀ ਕੁਮਾਰ, ਨਛੱਤਰ ਸਿੰਘ, ਇਕਬਾਲ ਸਿੰਘ, ਜਗਜੀਤ ਸਿੰਘ ਜੱਗੀ, ਜਸਵੀਰ ਸਿੰਘ ਜੱਸੀ, ਰਛਪਾਲ ਸਿੰਘ ਕਾਲਾ ਬੱਟੀ, ਜਸਵੀਰ ਕੌਰ, ਹਰਬੰਸ ਕੌਰ, ਜਸਵਿੰਦਰ ਕੌਰ ਨੇ ਪਰਿਵਾਰਾਂ ਸਮੇਤ ਕਾਂਗਰਸ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ। ਬੀਬੀ ਘਨੌਰੀ ਨੇ ਕਾਂਗਰਸ ਵਿਚ ਸ਼ਾਮਿਲ ਹੋਣ ਵਾਲਿਆਂ ਨੂੰ ਜੀ ਆਇਆ ਨੂੰ ਆਖਦਿਆਂ ਢੁੱਕਵਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬ ਅੰਦਰ ਕਾਂਗਰਸ ਦੇ ਹੱਕ ਵਿਚ ਚਲ ਰਹੀ ਹਨ੍ਹੇਰੀ ਸਦਕਾ ਅੱਜ ਹਰ ਪਾਸੇ ਵੱਡੀ ਗਿਣਤੀ ਵਿਚ ਆਗੂ, ਵਰਕਰ, ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਨੌਜਵਾਨ ਵਰਗ ਕਾਂਗਰਸ ਦੀ ਅਗਵਾਈ ਹੇਠ ਲਾਮਬੰਦ ਹੋ ਰਿਹਾ ਹੈ। ਇਸ ਮੌਕੇ ਕਾਂਗਰਸ ਵਿਚ ਸ਼ਾਮਿਲ ਹੋਣ ਵਾਲਿਆਂ ਨੂੰ ਬੀਬੀ ਘਨੌਰੀ ਨੇ ਸਿਰੋਪਾਉ ਭੇਟ ਕੀਤੇ। ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਭੁਪਿੰਦਰਜੀਤ ਸਿੰਘ ਲਾਡੀ, ਨੰਬਰਦਾਰ ਦਰਸ਼ਨ ਸਿੰਘ ਸੋਢਾ, ਬਾਬੂ ਸੁਭਾਸ਼ ਚੰਦ ਬਾਂਸਲ, ਜਸਵੰਤ ਸਿੰਘ ਜੌਹਲ ਪੰਡੋਰੀ, ਬਲਵੰਤ ਸਿੰਘ ਮਹਿਰਾ, ਗੁਰਜੰਟ ਸਿੰਘ ਛੀਨੀਵਾਲ, ਸਿਮਰਪਾਲ ਸਿੰਘ ਰਾਏਸਰ, ਸਾਬਕਾ ਸਰਪੰਚ ਪ੍ਰਗਟ ਸਿੰਘ ਠੀਕਰੀਵਾਲ, ਭੁਪਿੰਦਰ ਸਿੰਘ ਗਿੱਲ ਆਦਿ ਨੇ ਬੀਬੀ ਘਨੌਰੀ ਦੀ ਜਿੱਤ ਯਕੀਨੀ ਬਣਾਉਣ ਦਾ ਅਹਿਦ ਲਿਆ।
ਆਦਰਸ਼ ਚੋਣ ਜ਼ਾਬਤੇ ਸਬੰਧੀ ਪ੍ਰਿੰਟਿੰਗ ਪ੍ਰੈੱਸ ਮਾਲਕਾਂ ਨਾਲ ਮੀਟਿੰਗ
ਸੰਗਰੂਰ, 21 ਜਨਵਰੀ (ਫੁੱਲ)-ਪੰਜਾਬ ਵਿਧਾਨ ਸਭਾ ਚੋਣਾਂ ਸੰਬੰਧੀ ਲਗਾਏ ਗਏ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਕੁਮਾਰ ਰਾਹੁਲ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਦੇ ਵੱਖ-ਵੱਖ ਪ੍ਰਿੰਟਿੰਗ ਪ੍ਰੈੱਸ ਮਾਲਕਾਂ ਨੂੰ ਚੋਣ ਕਮਿਸ਼ਨ ਦੀ ਹਦਾਇਤਾਂ ਤੋਂ ਜਾਣੂ ਕਰਵਾਉਣ ਲਈ ਮੀਟਿੰਗ ਕੀਤੀ ਗਈ। ਸ੍ਰੀ ਕੁਮਾਰ ਰਾਹੁਲ ਨੇ ਪ੍ਰਿਟਿੰਗ ਪ੍ਰੈੱਸ ਮਾਲਕਾਂ ਨੂੰ ਹਦਾਇਤ ਕੀਤੀ ਕਿ ਉਹ ਕਿਸੇ ਵੀ ਪਾਰਟੀ ਜਾਂ ਉਮੀਦਵਾਰ ਦੀ ਚੋਣ ਸਮੱਗਰੀ ਛਾਪਣ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਕਿ ਸੰਬੰਧਤ ਉਮੀਦਵਾਰ ਵੱਲੋਂ ਉਨ੍ਹਾਂ ਨੂੰ ਲਿਖ਼ਤੀ ਆਰਡਰ ਦਿੱਤਾ ਜਾਣਾ ਚਾਹੀਦਾ ਹੈ। ਚੋਣ ਸਮੱਗਰੀ ਵਿੱਚ ਕਿਸੇ ਵੀ ਤਰ੍ਹਾਂ ਦਾ ਭੜਕਾਊ ਜਾਂ ਭੱਦੀ ਸ਼ਬਦਾਵਲੀ ਗੱਲਾਂ ਦਾ ਵਰਨਣ ਨਹੀਂ ਹੋਣਾ ਚਾਹੀਦਾ ਹੈ। ਹਰ ਤਰ੍ਹਾਂ ਦੀ ਚੋਣ ਸਮੱਗਰੀ 'ਤੇ ਸਬੰਧਤ ਪ੍ਰਿੰਟਿੰਗ ਪ੍ਰੈੱਸ ਦਾ ਨਾਮ ਅਤੇ ਪਤਾ ਜ਼ਰੂਰ ਛਪਿਆ ਹੋਣਾ ਚਾਹੀਦਾ ਹੈ। ਚੋਣਾਂ ਨਾਲ ਸਬੰਧਤ ਛਾਪੀ ਜਾਣ ਵਾਲੀ ਸਮੱਗਰੀ ਦਾ ਪੂਰਾ ਵੇਰਵਾ (ਸਮੇਤ ਨਮੂਨੇ ਦੀਆਂ ਚਾਰ ਪੜਤਾਂ) ਸੰਬੰਧਤ ਰਿਟਰਨਿੰਗ ਅਫ਼ਸਰ ਅਤੇ ਜ਼ਿਲ੍ਹਾ ਚੋਣ ਅਫ਼ਸਰ ਨੂੰ ਦਿੱਤਾ ਜਾਣਾ ਜ਼ਰੂਰੀ ਹੈ। ਉਨ੍ਹਾਂ ਸਮੂਹ ਪ੍ਰਿੰਟਿਗ ਪ੍ਰੈਸ ਦੇ ਮਾਲਕਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਪ੍ਰਿੰਟਿੰਗ ਪ੍ਰੈਸ ਦਾ ਨਾਮ ਅਤੇ ਪਤਾ ਜ਼ਿਲ੍ਹਾਂ ਪੁਲਿਸ ਕੋਲ ਭੇਜ ਦਿੱਤਾ ਗਿਆ ਹੈ ਚੈਕਿੰਗ ਦੌਰਾਨ ਬਿਨ੍ਹਾਂ ਲਿਖਤੀ ਪ੍ਰਵਾਨਗੀ ਤੋਂ ਚੋਣਾਂ ਸੰਬੰਧੀ ਕਿਸੇ ਕਿਸਮ ਦੀ ਸਮੱਗਰੀ ਛਾਪਣ ਤੇ ਪ੍ਰਿੰਟਿੰਗ ਪ੍ਰੈਸ ਨੂੰ ਸੀਲ ਕਰ ਦਿੱਤਾ ਜਾਵੇਗਾ। ਇਸ ਮੌਕੇ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ: ਪ੍ਰੀਤਮ ਸਿੰਘ ਜੌਹਲ ਅਤੇ ਤਹਿਸੀਲਦਾਰ ਚੋਣ ਸ: ਨਾਮਦੇਵ ਸਿੰਘ ਸਿੱਧੂ ਹਾਜ਼ਰ ਸਨ।
ਲੋਕਾਂ ਨੇ ਕੰਧ 'ਤੇ ਲਿਖਿਆ ਪੜ੍ਹ ਰੱਖਿਆ ਹੈ-ਬੀਬੀ ਘਨੌਰੀ
ਸ਼ਹਿਣਾ, 21 ਜਨਵਰੀ (ਸੁਰੇਸ਼ ਗੋਗੀ)-ਅਕਾਲੀ ਦਲ ਦੇ ਆਗੂ ਜਿਨ੍ਹਾਂ ਮਰਜੀ ਝੂਠ ਬੋਲ ਕੇ ਵਿਕਾਸ ਦੇ ਫੋਕੇ ਦਾਅਵੇ ਕਰੀ ਜਾਣ ਪ੍ਰੰਤੂ ਲੋਕਾਂ ਨੇ ਕੰਧ 'ਤੇ ਲਿਖਿਆ ਪੜ੍ਹ ਰੱਖਿਆ ਹੈ। ਇਹ ਸ਼ਬਦ ਬੀਬੀ ਹਰਚੰਦ ਕੌਰ ਘਨੌਰੀ ਹਲਕਾ ਮਹਿਲ ਕਲਾਂ ਤੋਂ ਕਾਂਗਰਸੀ ਉਮੀਦਵਾਰ ਨੇ ਪਿੰਡ ਚੀਮਾਂ, ਕੈਰੇ ਅਤੇ ਬਖ਼ਤਗੜ੍ਹ ਵਿਖੇ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਆਖੇ। ਬੀਬੀ ਘਨੌਰੀ ਨੇ ਕਿਹਾ ਕਿ ਮਹਿਲ ਕਲਾਂ ਹਲਕੇ ਵਿਚ ਕੋਈ ਜਿਕਰਯੋਗ ਵਿਕਾਸ ਨਹੀਂ ਹੋਇਆ। ਕੇਂਦਰ ਸਰਕਾਰ ਤੋਂ ਮਿਲੇ ਫੰਡਾਂ ਨੂੰ ਦੁਰਵਰਤੋਂ ਕਰਕੇ ਪੰਜਾਬ ਦਾ ਨੁਕਸਾਨ ਕੀਤਾ। ਮਨਰੇਗਾ ਸਕੀਮ ਨੂੰ ਵੀ ਦਬਾ ਕੇ ਰੱਖਿਆ। ਇਸ ਸਮੇਂ ਅੰਮ੍ਰਿਤਪਾਲ ਸਿੰਘ ਕਾਕਾ, ਬੱਬੂ ਵੜ੍ਹੈਂਚ, ਜਸਪਾਲ ਸਿੰਘ ਸੇਵਾ ਮੁਕਤ ਇੰਸਪੈਕਟਰ, ਜਗਤਾਰ ਸਿੰਘ ਥਿੰਦ, ਜਗਤਾਰ ਸਿੰਘ ਫੌਜੀ, ਜਗਦੇਵ ਸਿੰਘ, ਰੇਸਮ ਸਿੰਘ ਵੜੈਂਚ, ਬਲਵਿੰਦਰ ਸਿੰਘ ਥਿੰਦ, ਹਰਪਾਲ ਸਿੰਘ, ਪ੍ਰਗਟ ਸਿੰਘ ਠੀਕਰੀਵਾਲ, ਬਿੱਕਰ ਸਿੰਘ ਚਹਿਲ, ਸਿੰਗਾਰਾ ਸਿੰਘ, ਗੁਰਦੀਪ ਸਿੰਘ ਧਾਲੀਵਾਲ, ਗੁਰਮੀਤ ਸਿੰਘ ਮਹੰਤ ਠੀਕਰੀਵਾਲ ਆਦਿ ਆਗੂ ਵੀ ਹਾਜ਼ਿਰ ਸਨ।
ਨੌਜਵਾਨਾਂ ਨੂੰ ਵਿਸ਼ਵ ਪੱਧਰੀ ਕਾਬਲੀਅਤ ਦੇਵਾਂਗੇ-ਢਿੱਲੋਂ
ਮਹਿਲ ਕਲਾਂ, 21 ਜਨਵਰੀ (ਅਵਤਾਰ ਸਿੰਘ ਅਣਖੀ)-ਪੰਜਾਬ ਵਿਚ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠ ਬਣਨ ਵਾਲੀ ਸਾਂਝੇ ਮੋਰਚੇ ਦੀ ਸਰਕਾਰ ਦਾ ਪਹਿਲਾ ਕੰਮ ਸਰਕਾਰੀ ਵਿਭਾਗਾਂ ਦੀਆਂ ਸ਼ਾਹ ਖਰਚੀਆਂ ਬੰਦ ਕਰਕੇ ਨੌਜਵਾਨਾਂ ਨੂੰ ਵਿਸ਼ਵ ਪੱਧਰੀ ਕਾਬਲੀਅਤ ਦੇਣਾ ਹੋਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੀਪਲਜ਼ ਪਾਰਟੀ ਦੇ ਸੂਬਾਈ ਆਗੂ ਦਲਬੀਰ ਸਿੰਘ ਢਿਲੋਂ ਨੇ ਹਲਕਾ ਮਹਿਲ ਕਲਾਂ ਤੋਂ ਪਾਰਟੀ ਉਮੀਦਵਾਰ ਰਾਜ ਸਿੰਘ ਪਿੰਡਾਂ ਵਿਚ ਭਰਵੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਕੰਗਾਲ ਕਰਕੇ ਰੱਖ ਦਿੱਤੈ, ਜੇਕਰ ਸਿਹਤ ਸੇਵਾਵਾਂ ਦੀ ਗੱਲ ਕਰੀਏ ਤਾਂ ਕਿਸੇ ਪਿੰਡ ਵਿਚ ਡਿਸਪੈਂਸਰੀ ਭਾਵੇਂ ਨਾ ਹੋਵੇ ਪਰ ਠੇਕੇ ਜ਼ਰੂਰ ਖੋਲ੍ਹ ਦਿੱਤੇ ਹਨ। ਉਨ੍ਹਾਂ ਕਿਹਾ ਲੋਕ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਪੀਪਲਜ਼ ਪਾਰਟੀ ਦਾ ਸਾਥ ਦੇਣ। ਲੌਂਗੋਵਾਲ ਦਲ ਦੇ ਕੌਮੀ ਬੁਲਾਰੇ ਗੁਰਮੇਲ ਸਿੰਘ ਛੀਨੀਵਾਲ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਕਦੇ ਪੰਜਾਬ ਦਾ ਭਲਾ ਨਹੀਂ ਸੋਚ ਸਕਦੇ ਇਸ ਲਈ ਸਾਂਝੇ ਮੋਰਚੇ ਦੀ ਸਰਕਾਰ ਬਣਾਉਣਾ ਸਮੇਂ ਦੀ ਮੁੱਖ ਲੋੜ ਬਣ ਚੁੱਕੀ ਹੈ। ਇਸ ਮੌਕੇ ਬਰਜਿੰਦਰ ਸਿੰਘ ਔਜਲਾ, ਗੁਲਬੰਤ ਸਿੰਘ ਔਲਖ, ਨਛੱਤਰ ਸਿੰਘ ਕਲਕੱਤਾ, ਗੁਰਮੇਲ ਸਿੰਘ ਕ੍ਰਿਪਾਲੇਵਾਲ, ਜਗਮੇਲ ਸਿੰਘ ਛੀਨੀਵਾਲ, ਪ੍ਰਧਾਨ ਜਸਵਿੰਦਰ ਸਿੰਘ ਮਹਿਲ ਖੁਰਦ, ਨਛੱਤਰ ਸਿੰਘ ਬਾਰ ਵਾਲੇ, ਕਾਮਰੇਡ ਪ੍ਰੀਤਮ ਸਿੰਘ ਦਰਦੀ, ਕਾਮਰੇਡ ਸ਼ੇਰਜੰਗ ਚੁਹਾਣਕੇ ਆਦਿ ਸ਼ਾਮਿਲ ਸਨ।
ਬਾਜ਼ੀਗਰ ਤੇ ਰਾਜਪੂਤ ਬਰਾਦਰੀ ਦਾ ਭਾਰੀ ਸਮੱਰਥਨ-ਨਿਰਮਲ ਸਿੰਘ
ਪਾਤੜਾਂ 21 ਜਨਵਰੀ (ਕਰਨੈਲ ਸਿੰਘ ਮਹਿਰੋਕ)-ਹਲਕਾ ਸੁਤਰਾਣਾ ਵਿੱਚੋ ਕਾਂਗਰਸ ਪਾਰਟੀ ਨੂੰ ਬਾਜੀਗਰ ਅਤੇ ਰਾਜਪੂਤ ਭਾਈਚਾਰੇ ਦਾ ਬਹੁਤ ਵੱਡਾ ਸਮੱਰਥਨ ਮਿਲ ਰਿਹਾ ਹੈ। ਜਿਸ ਕਰਕੇ 30 ਜਨਵਰੀ ਤੋਂ ਬਾਅਦ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਕੋਈ ਨਹੀ ਰੋਕ ਸਕਦਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਾਂਗਰਸ ਪਾਰਟੀ ਦੇ ਉਮੀਦਵਾਰ ਨਿਰਮਲ ਸਿੰਘ ਨੇ ਹਲਕਾ ਸ਼ੁਤਰਾਣਾ ਦੇ ਇਕ ਦਰਜਨ ਤੋਂ ਵੱਧ ਪਿੰਡਾਂ ਵਿੱਚ ਜੁੜੇ ਭਾਰੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਦੇ ਰਾਜ ਵਿੱਚ ਸਰਕਾਰੀ ਸਕੂਲਾਂ ਅੰਦਰ ਅਧਿਆਪਕ ਅਤੇ ਹਸਪਤਾਲਾਂ ਵਿੱਚ ਡਾਕਟਰ ਹੀ ਨਹੀ ਸਨ।ਜਿਸ ਕਰਕੇ ਗਰੀਬ ਲੋਕਾਂ ਨੂੰ ਬਹੁਤ ਹੀ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।ਹੁਣ ਛੇਤੀ ਹੀ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ।ਜਿਸ ਦੇ ਬਣਦੇ ਸਾਰ ਹੀ ਲੋਕਾਂ ਦੇ ਸਾਰੇ ਦੁੱਖ ਦੂਰ ਹੋ ਜਾਣਗੇ। ਇਸ ਮੌਕੇ ਤਰਸੇਮ ਚੰਦ ਬਾਂਸਲ, ਪ੍ਰੇਮ ਗੁਪਤਾ, ਜੈਪ੍ਰਤਾਪ ਸਿੰਘ ਕਾਹਲੋਂ, ਤਰਲੋਚਨ ਸਿੰਘ ਸ਼ੇਰਗੜ੍ਹ, ਬਲਰਾਜ ਸਿੰਘ, ਸਤੀਸ਼ ਗਰਗ, ਜਗਦੀਸ਼ ਚੰਦ ਪੱਪੂ, ਰਣਜੀਤ ਅਰੋੜਾ ਬਿੱਲਾ, ਨਿਰਮਲ ਸਿੰਘ ਪੰਨੂਂ, ਰਿੰਪੀ ਸਰਮਾ, ਪ੍ਰਸੋਤਮ ਸਿੰਗਲਾ, ਦਰਯੋਧਨ ਸਿੰਘ ਸਾਬਕਾ ਸਰਪੰਚ, ਸਤੀਸ ਕੁਮਾਰ ਸਰਪੰਚ ਆਦਿ ਹਾਜਰ ਸਨ।
ਹਲਕੇ 'ਚ ਉਦਯੋਗ ਲਿਆਉਣਾ ਮੇਰੀ ਪਹਿਲੀ ਪਹਿਲ-ਗਗਨਜੀਤ ਬਰਨਾਲਾ
ਧੂਰੀ, 21 ਜਨਵਰੀ (ਮਨੋਹਰ ਸਿੰਘ ਸੱਗੂ)-ਚੋਣਾਂ ਭਾਵੇਂ ਲੋਕਾਂ ਲਈ ਕੋਈ ਨਵੀਂ ਗੱਲ ਨਹੀਂ, ਪਰ ਚੁਣ ਕੇ ਭੇਜੇ ਗਏ ਨੁਮਾਇੰਦੇ ਦਾ ਫਰਜ਼ ਬਣਦਾ ਹੈ ਕਿ ਉਹ ਹਲਕੇ ਦੇ ਵਿਕਾਸ ਲਈ ਸੁਹਿਰਦਤਾ ਤੇ ਵਚਨਬੱਧਤਾ ਨਾਲ ਸੋਚੇ। ਉਕਤ ਵਿਚਾਰ ਹਲਕਾ ਧੂਰੀ ਤੋਂ ਸਾਂਝੇ ਮੋਰਚੇ ਦੇ ਉਮੀਦਵਾਰ ਗਗਨਜੀਤ ਸਿੰਘ ਬਰਨਾਲਾ ਨੇ ਵੱਖ-ਵੱਖ ਪਿੰਡਾਂ ਅੰਦਰ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਤੋਂ ਇਲਾਵਾ ਸ਼ਹਿਰ ਦੇ ਕਈ ਹਿੱਸਿਆਂ 'ਚ ਨੁਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਗਗਨਜੀਤ ਬਰਨਾਲਾ ਨੇ ਕਿਹਾ ਕਿ ਚੋਣਾਂ ਮਗਰੋਂ ਨਾ-ਅਕਾਲੀਆਂ ਅਤੇ ਨਾ ਹੀ ਕਾਂਗਰਸ ਨੂੰ ਬਹੁੱਮਤ ਮਿਲਣਾ ਹੈ ਅਤੇ ਦੋਹਾਂ 'ਚੋ ਸਰਕਾਰ ਬਣਾਉਣ ਵਾਲੀ ਪਾਰਟੀ ਨੂੰ ਮਨਪ੍ਰੀਤ ਸਿੰਘ ਬਾਦਲ ਨੂੰ ਹੀ ਮੁੱਖ ਮੰਤਰੀ ਵੱਜੋਂ ਕਬੂਲ ਕਰਨਾ ਪਵੇਗਾ। ਗਗਨਜੀਤ ਨੇ ਕਿਹਾ ਕਿ ਤੁਸੀ ਮੈਨੂੰ ਹਲਕੇ ਦੀ ਸੇਵਾ ਦਾ ਮੁੜ ਮੌਕਾ ਦਿਓ, ਮੈਂ ਹਲਕੇ ਦੇ ਵਿਕਾਸ ਲਈ ਇੰਡਸਟਰੀਅਲ ਫੋਕਲ ਪੁਆਇੰਟ ਲਿਆਉਣ ਤੋਂ ਇਲਾਵਾ ਇੰਡਸਟਰੀ ਨੂੰ 24 ਘੰਟੇ ਬਿਜਲੀ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਸ਼ਹਿਰ ਦੇ ਵਿਕਾਸ ਲਈ ਇੰਪਰੂਵਮੈਂਟ ਟਰੱਸਟ ਦੀ ਸਥਾਪਨਾ ਕਰਵਾ ਕੇ ਦਿਖਾਂਵਾਗਾ। ਇਸ ਮੌਕੇ ਡਾ. ਅਨਵਰ ਭਸੌੜ, ਸਰਪੰਚ ਇੰਦਰਜੀਤ ਸਿੰਘ ਮੀਮਸਾ, ਗੁਰਦਿਆਲ ਨਿਰਮਾਣ, ਹਰਨੇਕ ਸਿੰਘ ਬਮਾਲ, ਐਡਵੋਕੇਟ ਬਲਜੀਤ ਸਿੰਘ ਸਿੱਧੂ, ਵਿਨੋਦ ਸੇਠ, ਮੇਜਰ ਪੁੰਨਾਵਾਲ, ਹਰਪ੍ਰੀਤ ਸਿੰਘ ਬੱਬਨਪੁਰ, ਪ੍ਰਿਸੀਪਲ ਜ਼ੋਰਾ ਸਿੰਘ, ਗੁਰਦੀਪ ਸਿੰਘ ਮੀਰਹੇੜੀ ਆਦਿ ਵੀ ਹਾਜਰ ਸਨ।
ਮੇਰੇ ਵੱਲੋਂ ਕਰਵਾਏ ਵਿਕਾਸ ਕੰਮ ਵਿਰੋਧੀਆਂ ਦੀ ਸੋਚ ਤੋਂ ਪਰੇ-ਕਾਂਝਲਾ
ਮਹਿਲ ਕਲਾਂ, 21 ਜਨਵਰੀ (ਬੁੱਟਰ)-ਮਹਿਲ ਕਲਾਂ ਹਲਕੇ ਦੇ ਲੋਕ ਗੈਰਤਮੰਦ ਤੇ ਬਹਾਦਰ ਹੋਣ ਸਮੇਤ ਪੰਜਾਬ ਭਰ ਦੇ ਹੋਰਨਾਂ ਹਲਕਿਆਂ ਨਾਲੋਂ ਕਿਤੇ ਵਧੇਰੇ ਸੂਝਵਾਨ ਤੇ ਜਾਗਰੂਕ ਹਨ। ਲੋਕ ਕਚਹਿਰੀ ਵਿੱਚ ਜਾ ਕੇ ਮੇਰੇ ਖ਼ਿਲਾਫ਼ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਹਲਕੇ ਨੂੰ ਹੁਣ ਤੱਕ ਕੀ ਦੇਣਾ ਤੇ ਪ੍ਰਾਪਤੀਆਂ ਹਨ। ਇਹ ਪ੍ਰਗਟਾਵਾ ਸਥਾਨਕ ਹਲਕੇ ਤੋਂ ਅਕਾਲੀ ਉਮੀਦਵਾਰ ਗੋਬਿੰਦ ਸਿੰਘ ਕਾਂਝਲਾ ਨੇ ਪਿੰਡ ਚੁਹਾਣਕੇ ਖੁਰਦ, ਕਲਾਲ ਮਾਜਰਾ ਅਤੇ ਪਿੰਡ ਚੰਨਣਵਾਲ ਵਿਖੇ ਕੀਤੀਆਂ ਵੱਡੀਆਂ ਚੋਣ ਰੈਲੀਆਂ ਵਿੱਚ ਬੋਲਦਿਆਂ ਕੀਤਾ। ਸ: ਕਾਂਝਲਾ ਨੇ ਕਿਹਾ ਕਿ ਮਹਿਲ ਕਲਾਂ ਹਲਕੇ ਦੀ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਵੱਲੋਂ 2 ਸਾਲ ਪਹਿਲਾ ਸੰਭਾਲੀ ਕਮਾਨ ਤੋਂ ਬਾਅਦ ਹਰੇਕ ਹਲਕਾ ਨਿਵਾਸੀ ਦੁੱਖ ਸੁੱਖ ਵਿੱਚ ਭਾਈਵਾਲ ਹੋਣ ਅਤੇ ਖੇਡਾਂ ਵਿੱਚ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਗ੍ਰਾਂਟਾਂ ਸਮੇਤ ਸਮੇਤ ਖੇਡਾਂ ਦਾ ਸਮਾਨ ਮਹੁੱਈਆਂ ਕਰਵਾ ਹੱਲਾ ਸੇਰੀਂ ਦਿੱਤੀ ਤੇ ਪੰਜਾਬ ਸਰਕਾਰ ਪਾਸੋਂ ਆਪਣੇ ਰਸੂਖ ਨਾਲ 80 ਕਰੋੜ ਦੇ ਵੱਖ-ਵੱਖ ਪ੍ਰੋਜੈਕਟਾਂ ਦੀ ਮਨਜ਼ੂਰੀ ਲੈ ਇਨ੍ਹਾਂ ਦੇ ਸ਼ੁਰੂ ਕੀਤੇ ਕੰਮਾਂ ਨੂੰ ਲਗਭਗ ਮੁਕੰਮਲ ਕਰਵਾਉਣ ਤੋਂ ਇਲਾਵਾ 10 ਕਰੋੜ ਰੁਪਏ ਦੀਆਂ ਗ੍ਰਾਂਟਾਂ ਨੂੰ ਪੰਚਾਇਤਾਂ ਨੂੰ ਮਹੁੱਈਆਂ ਕਰਵਾ ਵਿਕਾਸ ਕੰਮਾਂ ਦੀ ਹਨੇਰੀ ਲਿਆਂਦੀ ਗਈ। ਸ: ਕਾਂਝਲਾ ਨੇ ਇਸ ਸਮੇਂ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਸੀ ਜਿੰਨੀ ਵੱਡੀ ਕਾਮਯਾਬੀ ਮੈਨੂੰ ਬਖ਼ਸ਼ੋਗੇ, ਮੈਂ ਉਸ ਤੋਂ ਵੱਡੇ ਕੰਮਾਂ ਦੀ ਕਾਮਯਾਬੀ ਤੁਹਾਡੀ ਝੋਲੀ ਪਾਵਾਂਗਾ। ਇਸ ਮੌਕੇ ਸਰਪੰਚ ਗੁਰਚਰਨ ਸਿੰਘ ਚੁਹਾਣਕੇ ਖੁਰਦ, ਸਾਬਕਾ ਸਰਪੰਚ ਰਘਵੀਰ ਸਿੰਘ, ਕਿਸਾਨ ਯੂਨੀਅਨ ਰਾਜੇਵਾਲ ਦੇ ਜਿਲ੍ਹਾ ਪ੍ਰਧਾਨ ਮੇਜਰ ਸਿੰਘ ਤੇ ਜਗਦੇਵ ਸਿੰਘ, ਸਰਪੰਚ ਬਲਵਿੰਦਰ ਸਿੰਘ ਕਲਾਲ ਮਾਜਰਾ,ਮੇਜਰ ਸਿੰਘ, ਬਲਦੇਵ ਸਿੰਘ,ਭਜਨ ਕੌਰ ਤੇ ਅਮਰਜੀਤ ਕੌਰ (ਸਾਰੇ ਪੰਚ),ਸਾਬਕਾ ਸਰਪੰਚ ਰਛਪਾਲ ਸਿੰਘ, ਜਥੇਦਾਰ ਉਜਾਗਰ ਸਿੰਘ, ਜਥੇਦਾਰ ਨੰਦ ਸਿੰਘ,ਜਥੇਦਾਰ ਬੰਤ ਸਿੰਘ, ਮਾਸਟਰ ਅੱਛਰ ਸਿੰਘ ਤੇ ਫੌਜੀ ਦਲਬਾਰ ਸਿੰਘ, ਸਰਪੰਚ ਜਗਸੀਰ ਸਿੰਘ ਚੰਨਣਵਾਲ ਹਾਜ਼ਰ ਸਨ।
ਫੌਜੀ ਜਥੇਬੰਦਕ ਸਕੱਤਰ ਨਿਯੁਕਤ
ਲੌਂਗੋਵਾਲ, 21 ਜਨਵਰੀ (ਵਿਨੋਦ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਜਿਲ੍ਹਾ ਸੰਗਰੂਰ ਦੇ ਕਾਰਜ਼ਕਾਰੀ ਪ੍ਰਧਾਨ ਜਸਵਿੰਦਰ ਸਿੰਘ ਲਾਲੀ ਨੇ ਪਿੰਡ ਨਮੋਲ ਦੇ ਵਰਕਰ ਗੁਰਜੰਟ ਸਿੰਘ ਫੌਜੀ ਨੂੰ ਜਿਲ੍ਹੇ ਦਾ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਦਾ ਸਤਿਗੁਰ ਸਿੰਘ ਨਮੋਲ, ਮਾਸਟਰ ਹਰਪਾਲ ਸਿੰਘ, ਰਾਇ ਸਿੰਘ ਨੰਬਰਦਾਰ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ, ਸਰਪੰਚ ਚਰਨਜੀਤ ਸਿੰਘ, ਸਰਪੰਚ ਬਿੰਦਰਪਾਲ ਆਦਿ ਨੇ ਭਰਵਾਂ ਸਵਾਗਤ ਕੀਤਾ ਹੈ।
ਰੈਲੀ ਵਿਰੋਧੀਆਂ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ-ਬਾਂਸਲ
ਪਾਤੜਾਂ, 21 ਜਨਵਰੀ (ਕਰਨੈਲ ਸਿੰਘ ਮਹਿਰੋਕ)-ਹਲਕਾ ਸ਼ੁਤਰਾਣਾ ਅੰਦਰ ਕਾਂਗਰਸ ਪਾਰਟੀ ਵੱਲੋਂ ਪਾਰਟੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਕੈ. ਅਮਰਿੰਦਰ ਸਿੰਘ ਦੀ ਅਗਵਾਈ ਵਿਚ ਅਨਾਜ ਮੰਡੀ ਪਾਤੜਾਂ ਵਿਖੇ ਕੀਤੀ ਜਾ ਰਹੀ ਰੈਲੀ ਇਸ ਹਲਕੇ ਤੋਂ ਚੋਂਣ ਲੜ੍ਹ ਰਹੇ ਵਿਰੋਧੀ ਉਮੀਦਵਾਰਾਂ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ ਅਤੇ ਇਸ ਰੈਲੀ ਦੇ ਇਕੱਠ ਨਾਲ ਹੀ ਸ਼ੁਤਰਾਣਾ ਸੀਟ ਦਾ ਫੈਸਲਾ ਹੋ ਜਾਵੇਗਾ। ਇਹ ਸ਼ਬਦ ਅੱਜ ਰੈਲੀ ਵਾਲੀ ਥਾਂ 'ਤੇ ਪਤੱਰਕਾਰਾਂ ਨਾਲ ਗੱਲਬਾਤ ਕਰਦਿਆਂ ਸੀ. ਕਾਂਗਰਸੀ ਆਗੂਆਂ ਸਾ. ਜਿਲਾ ਪ੍ਰਧਾਨ ਤਰਸੇਮ ਚੰਦ ਬਾਂਸਲ ਅਤੇ ਨਗਰ ਕੌਂਸਲ ਦੇ ਸਾ. ਪ੍ਰਧਾਨ ਪ੍ਰੇਮ ਗੁਪਤਾ ਵੱਲੋਂ ਕਹੇ ਗਏ। ਇਸ ਮੌਕੇ ਇਨ੍ਹਾਂ ਆਗੂਆਂ ਨੇ ਕਿਹਾ ਕਿ ਕਾਂਗਰਸ ਦੀ ਇਸ ਰੈਲੀ ਵਿਚ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਦੌ ਪ੍ਰੇਰਣਾ ਸਦਕਾ ਸ੍ਰੋਮਣੀ ਅਕਾਲੀ ਦਲ ਦੇ ਵੱਡੇ-ਵੱਡੇ ਥੰਮ੍ਹ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਇਸ ਮੌਕੇ ਨਿਰਮਲ ਸਿੰਘ ਪੰਨੂਂ. ਜਸਵਿੰਦਰ ਕੁਮਾਰ ਡਿੰਪਲ, ਮਹਿੰਦਰ ਸਿੰਘ ਜੱਸਲ, ਤਰਲੋਚਨ ਸਿੰਘ ਸ਼ੇਰਗੜ੍ਹ, ਬਲਰਾਜ ਸਿੰਘ ਗਿੱਲ, ਜੈਪ੍ਰਤਾਪ ਸਿੰਘ ਕਾਹਲੋਂ, ਸ਼ਹਿਰੀ ਪ੍ਰਧਾਨ ਸਤੀਸ਼ ਗਰਗ, ਜਗਦੀਸ਼ ਚੰਦ ਪੱਪੂ, ਯੂਥ ਪ੍ਰਧਾਨ ਰਣਜੀਤ ਅਰੋੜਾ, ਦਵਾਰਕਾ ਦਾਸ ਗੋਇਲ, ਬਲਜੀਤ ਸਿੰਘ ਖਾਨੇਵਾਲ, ਤਰਸੇਮ ਸਿੰਘ ਸਮੇਤ ਸਮੂਂਹ ਕੌਂਸਲਰ ਹਾਜਰ ਸਨ।
ਅਮਰ ਸਿੰਘ ਧੂਰੀ ਚੋਣ ਪ੍ਰਚਾਰ 'ਚ ਜੁਟੇ
ਧੂਰੀ, 21 ਜਨਵਰੀ (ਮਨੋਹਰ ਸਿੰਘ ਸੱਗੂ)-ਹਲਕਾ ਧੂਰੀ ਤੋਂ ਲੋਕ ਜਨ ਸ਼ਕਤੀ ਪਾਰਟੀ ਦੇ ਉਮੀਦਵਾਰ ਅਮਰ ਸਿੰਘ ਧੂਰੀ ਵੱਲੋਂ ਚੋਣ ਪ੍ਰਚਾਰ ਦੇ ਸਾਧਨਾਂ ਦੀ ਕਮੀ ਦੇ ਬਾਵਜੂਦ ਆਪਣੀ ਚੋਣ ਮੁਹਿੰਮ ਨੂੰ ਦਿਨੋ-ਦਿਨ ਤੇਜ ਕਰਦੇ ਜਾ ਰਹੇ ਹਨ ਅਤੇ ਉਹ ਦਿਨ ਸਮੇਂ ਹਲਕੇ ਦੇ ਪਿੰਡਾਂ ਅੰਦਰ ਚੋਣ ਪ੍ਰਚਾਰ ਕਰਨ ਉਪਰੰਤ ਸ਼ਾਮ ਸਮੇਂ ਸਥਾਨਕ ਸ਼ਹਿਰ ਅੰਦਰ ਆਪਣਾ ਚੋਣ ਪ੍ਰਚਾਰ ਆਪਣੇ ਕਿਰਤੀ ਅੰਦਾਜ 'ਚ ਕਰਦਿਆਂ ਲੋਕਾਂ ਨੂੰ ਲੋਕ ਜਨ ਸ਼ਕਤੀ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾ ਕੇ ਵੋਟਾਂ ਦੀ ਮੰਗ ਕਰਦੇ ਹਨ। ਅਮਰ ਸਿੰਘ ਧੂਰੀ ਨੇ ਦੱਸਿਆ ਕਿ ਕੇਂਦਰ 'ਚ ਕਾਂਗਰਸ ਦੀ ਅਗਵਾਈ ਵਾਲੀ ਸਾਂਝੀ ਸਰਕਾਰ ਅਤੇ ਪੰਜਾਬ ਦੀ ਮੌਜੂਦਾ ਅਕਾਲੀ ਭਾਜਪਾ ਸਰਕਾਰ ਤੋਂ ਅੱਕੇ ਲੋਕ ਜਨ ਸ਼ਕਤੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੁੰ ਵੱਡੇ ਪੱਧਰ 'ਤੇ ਸਮੱਰਥਨ ਦੇ ਰਹੇ ਹਨ।
ਢੀਂਡਸਾ ਨੂੰ ਮਿਲਿਆ ਭਰਵਾਂ ਹੁੰਗਾਰਾ
ਸੰਗਰੂਰ, 21 ਜਨਵਰੀ (ਗਾਂਧੀ)-ਪਿੰਡ ਗੱਗੜਪੁਰ ਦੇ ਕਾਂਗਰਸੀ ਵਰਕਰ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਪਿੰਡ ਵਿਚ ਹੋਈ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ. ਢੀਂਡਸਾ ਨੇ ਕਿਹਾ ਕਿ ਹਵਾ ਮੁੜ ਅਕਾਲੀ ਦਲ ਦੇ ਹੱਕ ਵਿਚ ਚੱਲ ਰਹੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੁੜ ਬਣਨਾ ਤੈਅ ਹੈ। ਉਨ੍ਹਾਂ ਜਿਥੇ ਪਿੰਡ ਦੇ ਵਸਨੀਕਾਂ ਨੂੰ ਵੋਟਾਂ ਸ਼੍ਰੋਮਣੀ ਅਕਾਲੀ ਦਲ ਨੂੰ ਪਾਉਣ ਲਈ ਕਿਹਾ ਉਥੇ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਵਰਕਰਾਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਅਕਾਲੀ ਦਲ (ਅ) ਦੇ ਸਰਗਰਮ ਵਰਕਰ ਮਨਜੀਤ ਸਿੰਘ ਮਾਹੀ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ 'ਤੇ ਬਣਨਾ ਮਾਣ ਸਨਮਾਨ ਦੇਣ ਦੀ ਗੱਲ ਵੀ ਕਹੀ। ਇਸ ਮੌਕੇ ਚਰਨਜੀਤ ਸਿੰਘ ਗੱੜਪੁਰ, ਸਰਪੰਚ ਚਮਕੌਰ ਸਿੰਘ, ਆਤਮਾ ਸਿੰਘ, ਲੱਖਾ ਸਿੰਘ ਪਾਚੀ, ਸੁਖਦੇਵ ਸਿੰਘ ਪੰਚ, ਹਰਪ੍ਰੀਤ ਸਿੰਘ ਨਹਿਲ, ਗੁਰਜੰਟ ਸਿੰਘ ਚੇਅਰਮੈਨ, ਬਾਬੂ ਸਿੰਘ ਮੌਜੂਦ ਸਨ।
ਮੈਂ ਬਣਾਂਗਾ ਅਣਗੌਲੇ ਵਰਗ ਦੀ ਆਵਾਜ਼-ਰਾਮ ਸਿੰਘ ਮੱਟਰਾਂ
ਦਿੜ੍ਹਬਾ ਮੰਡੀ, 21 ਜਨਵਰੀ (ਪਰਵਿੰਦਰ ਸੋਨੂੰ)-ਚੋਣ ਜਿੱਤਣ ਤੋਂ ਬਾਅਦ ਦੱਬੇ ਕੁਚਲੇ, ਗਰੀਬ ਅਤੇ ਸਰਕਾਰਾਂ ਵੱਲੋ ਅਣਗੌਲੇ ਹਰ ਵਰਗ ਦੀ ਅਵਾਜ ਵਿਧਾਨ ਸਭਾ ਵਿੱਚ ਬੁਲੰਦ ਕਰਨਾ ਹੀ ਮੇਰਾ ਮੁੱਖ ਉਪਦੇਸ ਹੋਵੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਦਿੜ੍ਹਬਾ ਤੋਂ ਅਜਾਦ ਚੋਣ ਲੜ ਰਹੇ ਪੱਲੇਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਰਾਮ ਸਿੰਘ ਮੱਟਰਾਂ ਨੇ ਪਿੰਡਾਂ ਦਾ ਦੌਰਾ ਸੁਰੂ ਕਰਨ ਤੋਂ ਪਹਿਲਾਂ ਆਪਣੇ ਮੁੱਖ ਚੋਣ ਦਫਤਰ ਦਿੜ੍ਹਬਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਾਂਗਰਸ ਪਾਰਟੀ ਤੇ ਦੋਸ ਲਗਾਉਦਿਆਂ ਕਿਹਾ ਕਿ ਇਸ ਪਾਰਟੀ ਵਿੱਚ ਕੰਮ ਕਰਨ ਵਾਲੇ ਵਰਕਰਾਂ ਦੀ ਕੋਈ ਕਦਰ ਨਹੀਂ। ਇਸ ਮੌਕੇ ਜਥੇਦਾਰ ਭੋਲਾ ਸਿੰਘ ਦਿੜ੍ਹਬਾ, ਮੱਘਰ ਸਿੰਘ ਦਿੜ੍ਹਬਾ, ਗੁਰਬਚਨ ਸਿੰਘ, ਪਰਦੀਪ ਕੁਮਾਰ, ਦਰਸ਼ਨ ਸਿੰਘ, ਬਲਵੀਰ ਸਿੰਘ, ਮਹਿੰਦਰ ਸਿੰਘ, ਸੁਰਿੰਦਰ ਲਾਲ, ਬਾਰੂ ਰਾਮ ਹਾਜ਼ਰ ਸਨ।
ਭੱਠਲ ਨੇ ਹਲਕੇ ਦਾ ਕੁੱਝ ਨਹੀਂ ਸਵਾਰਿਆ-ਜੇਜੀ
ਜਾਖ਼ਲ, 21 ਜਨਵਰੀ (ਜਗਤਾਰ ਮੰਗੀ)-ਹਲਕਾ ਲਹਿਰਾ ਤੋਂ ਲਗਾਤਾਰ ਚਾਰ ਵਾਰ ਵਿਧਾਨ ਸਭਾ ਚੋਣਾਂ ਵਿਚ ਚੁਣੇ ਜਾਣ 'ਤੇ ਵੀ ਕਾਂਗਰਸ ਦੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਹਲਕੇ ਲਈ ਕੱਖ ਨਹੀਂ ਕੀਤਾ ਅਤੇ ਹਲਕੇ ਦੇ ਲੋਕ ਆਰਥਿਕ ਤੰਗੀ ਕਾਰਨ ਆਤਮ ਹੱਤਿਆਵਾਂ ਕਰਨ ਲਈ ਮਜਬੂਰ ਹਨ। ਇਨ੍ਹਾਂ ਗੱਲਾ ਦਾ ਪ੍ਰਗਟਾਵਾ ਜਬਰ ਵਿਰੋਧੀ ਲਹਿਰ ਦੇ ਕਨਵੀਨਰ ਅਤੇ ਸਾਬਕਾ ਐਮ.ਐਲ.ਏ. ਇੰਦਰਜੀਤ ਸਿੰਘ ਜੇਜੀ ਨੇ ਚੂੜਲ ਕਲਾਂ, ਚੂੜਲ ਖ਼ੁਰਦ, ਗੁਰਨੇ ਅਤੇ ਅਲੀਸ਼ੇਰ ਪਿੰਡਾਂ ਵਿਚ ਲੋਕਾਂ ਦੀਆਂ ਭਰਵੀਆਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਸਮੇਂ ਉਨ੍ਹਾਂ ਨਾਲ ਰਾਮਦੀਆ ਸਿੰਘ ਬੰਗਾ, ਮਹਿੰਦਰ ਸਿੰਘ ਤੂਰ, ਜਥੇਦਾਰ ਹਰਦਿਆਲ ਸਿੰਘ ਸਾਬਕਾ ਸਰਪੰਚ, ਜਗਨ ਸਿੰਘ ਸਾਬਕਾ ਸਰਪੰਚ, ਜਰਨੈਲ ਜੈਲਾ ਬੱਲਰਾ, ਜਥੇਦਾਰ ਮਸਤਾਨ ਸਿੰਘ, ਮਿੰਦਾ ਸਿੰਘ ਸਾਬਕਾ ਸਰਪੰਚ, ਹਰਵਿੰਦਰ ਪੱਪੂ ਸਾਬਕਾ ਸਰਪੰਚ, ਨਰਿੰਦਰ ਸੇਖੋਂ ਮੂਣਕ, ਜਸਵਿੰਦਰ ਸਿੰਘ, ਲਾਭ ਸਿੰਘ ਫ਼ੌਜੀ, ਕ੍ਰਿਸ਼ਨ ਸਿੰਘ ਆਦਿ ਹਾਜ਼ਰ ਸਨ। ਉਨ੍ਹਾਂ ਲੋਕਾਂ ਨੂੰ ਪੁਰਜ਼ੋਰ ਸ਼ਬਦਾਂ ਵਿਚ ਅਪੀਲ ਕੀਤੀ ਕਿ ਇਮਾਨਦਾਰ ਅਤੇ ਹਲਕੇ ਦੇ ਜੰਮਪਲ ਸ. ਸੁਖਵੰਤ ਸਿੰਘ ਸਰਾਓ ਨੂੰ ਆਪ ਦੀਆਂ ਵੋਟਾਂ ਪਾ ਕੇ ਵਿਧਾਨ ਸਭਾ ਵਿਚ ਭੇਜੋ ਤਾਂ ਕਿ ਹਰ ਪੱਖੋਂ ਪਛੜੇ ਹਲਕੇ ਦਾ ਵਿਕਾਸ ਹੋ ਸਕੇ।
ਲੋਕਾਂ ਕਾਂਗਰਸੀ ਉਮੀਦਵਾਰ ਨੂੰ ਹਰਾਉਣ ਦਾ ਮਨ ਬਣਾਇਆ-ਲੌਂਗੋਵਾਲ
ਧੂਰੀ, 21 ਜਨਵਰੀ (ਨਰਿੰਦਰ ਸੇਠ)-ਵੋਟਰਾਂ ਦੇ ਮਿਲ ਰਹੇ ਹੁੰਗਾਰੇ ਤੋਂ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਪੰਜਾਬ ਦੇ ਵਿੱਚ ਮੁੜ ਅਕਾਲੀ ਭਾਜਪਾ ਸਰਕਾਰ ਦੁਬਾਰਾ ਬਣੇਗੀ ਅਤੇ ਧੂਰੀ ਸੀਟ ਵੱਡੇ ਫਰਕ ਨਾਲ ਜਿੱਤਾਂਗੇ। ਇਹਨਾਂ ਲਫਜ਼ਾਂ ਦਾ ਪ੍ਰਗਟਾਵਾ ਮਾਰਕਿਟ ਕਮੇਟੀ ਧੂਰੀ ਦੇ ਚੇਅਰਮੈਨ ਸ: ਬਲਵੰਤ ਸਿੰਘ ਮੀਮਸਾ ਨੇ ਧੂਰੀ ਹਲਕੇ ਤੋਂ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਭਾਈ ਗੋਬਿੰਦ ਸਿੰਘ ਲੋਂਗੋਵਾਲ ਦੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਕਰਵਾਏ ਗਏ ਵਿਕਾਸ ਦੇ ਕੰਮ ਕਾਂਗਰਸੀਆਂ ਦੇ ਪੈਰ ਨਹੀਂ ਲੱਗਣ ਦੇ ਰਹੇ ਅਤੇ ਹਲਕਾ ਧੂਰੀ 'ਚ ਦਿਨੋਂ ਦਿਨ ਅਕਾਲੀ ਪਾਰਟੀ ਨਾਲ ਜੁੜ ਰਹੇ ਕਾਂਗਰਸ ਛੱਡਕੇ ਆਏ ਪਰਿਵਾਰਾਂ ਨੂੰ ਦੇਖਕੇ ਸਿੱਧ ਹੁੰਦਾ ਹੈ ਕਿ ਹਲਕਾ ਧੂਰੀ ਦੇ ਲੋਕਾਂ ਨੇ ਇਸ ਵਾਰ ਚੋਣਾਂ 'ਚ ਕਾਂਗਰਸ ਦੇ ਉਮੀਦਵਾਰ ਨੂੰ ਹਰਾਉਣ ਦਾ ਮਨ ਬਣਾ ਲਿਆ ਹੈ। ਇਸ ਮੌਕੇ ਭੁਪਿੰਦਰ ਸਿੰਘ ਭਲਵਾਨ, ਨਛੱਤਰ ਸਿੰਘ ਜਹਾਂਗੀਰ, ਹਰਬੰਸ ਸਿੰਘ ਸ਼ੇਰਪੁਰ, ਜਤਿੰਦਰ ਸਿੰਘ ਮੰਡੇਰ, ਭੁਪਿੰਦਰ ਸਿੰਘ ਭਿੰਦਾ, ਸ੍ਰੀ ਬਿਮਲ ਮੁਨੀ, ਮਾਸਟਰ ਜਸਵਿੰਦਰ ਸਿੰਘ ਮੂਲੋਵਾਲ, ਬਲਦੇਵ ਸਿੰਘ ਭਲਵਾਨ ਹਾਜ਼ਰ ਸਨ।
ਪੰਜ ਪੇਟੀਆਂ ਸ਼ਰਾਬ ਦੀਆਂ ਬਰਾਮਦ
ਬਰਨਾਲਾ, 21 ਜਨਵਰੀ (ਸਤਬਚਨ ਸਿੰਘ)-ਜ਼ਿਲਾ ਬਰਨਾਲਾ ਦੀ ਪੁਲਿਸ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੀ ਸਾਂਝੀ ਕਾਰਵਾਈ ਦੌਰਾਨ ਪੰਜ ਪੇਟੀਆਂ ਦੇਸੀ ਸ਼ਰਾਬ ਦੀਆਂ ਬਰਾਮਦ ਕੀਤੀਆਂ । ਮਿਲੀ ਜਾਣਕਾਰੀ ਅਨੁਸਾਰ ਥਾਣਾ ਸਦਰ ਦੇ ਇੰਚਾਰਜ ਸ੍ਰੀ ਧਰਮ ਦੇਵ ਨੇ ਦੱਸਿਆ ਕਿ ਆਬਕਾਰੀ ਵਿਭਾਗ ਦੀ ਟੀਮ ਜਿਸ ਵਿਚ ਆਬਕਾਰੀ ਵਿਭਾਗ ਦੇ ਇੰਸਪੈਕਟਰ ਮੈਡਮ ਦੀਪਿਕਾ ਅਤੇ ਇੰਸਪੈਕਟਰ ਰਾਜੀਵ ਨੇ ਪਿੰਡ ਜਲੂਰ ਵਿਖੇ ਨਾਕਾ ਲਾਇਆ ਹੋਇਆ ਸੀ ਤਾਂ ਉਹਨਾਂ ਪਿੰਡ ਬਾਜਵਾ ਤੋ ਆਂਉਦੀ ਇਕ ਮਾਰੂਤੀ ਕਾਰ ਨੂੰ ਰੋਕਿਆ ਜਿਸ ਦੀ ਤਲਾਸ਼ੀ ਉਪਰੰਤ ਉਸ ਵਿਚੋਂ ਪੰਜ ਪੇਟੀਆਂ ਸ਼ਰਾਬ ਬਰਾਮਦ ਕੀਤੀ ਅਤੇ ਇਸ ਸਬੰਧੀ ਮੰਗਾ ਸਿੰਘ ਪੁੱਤਰ ਮਲਕੀਤ ਸਿੰਘ ਨਿਵਾਸੀ ਬਰਨਾਲਾ ਅਤੇ ਮਨਪ੍ਰੀਤ ਸਿੰਘ ਪੁੱਤਰ ਧਰਮ ਸਿੰਘ ਨਿਵਾਸੀ ਬਰਨਾਲਾ ਨੂੰ ਗ੍ਰਿਫਤਾਰ ਕਰ ਲਿਆ । ਇਸ ਸਬੰਧੀ ਆਬਕਾਰੀ ਐਕਟ ਅਧੀਨ ਕਾਰਵਾਈ ਕੀਤੀ ਗਈ।
15 ਲੱਖ ਰੁਪਏ ਦਾ ਹਰਜ਼ਾਨਾ
ਬਰਨਾਲਾ, 21 ਜਨਵਰੀ (ਸਤਬਚਨ ਸਿੰਘ)-ਜ਼ਿਲ੍ਹਾ ਖਪਤਕਾਰ ਸੰਗਠਨ ਵੱਲੋ ਕਿੰਗਜ਼ ਗਰੁੱਪ ਬਰਨਾਲਾ ਦੀ ਸ਼ਿਕਾਇਤ ਤੇ ਠੇਕੇਦਾਰ ਨੂੰ 15 ਲੱਖ ਰੁਪਏ ਦਾ ਹਰਜ਼ਾਨਾ ਦੇਣ ਦਾ ਹੁਕਮ ਦਿਤਾ ਹੈ । ਮਿਲੀ ਜਾਣਕਾਰੀ ਅਨੁਸਾਰ ਕਿੰਗਜ਼ ਗਰੁੱਪ ਬਰਨਾਲਾ ਨੇ ਐਮ. ਬੀ. ਏ. ਬਲਾਕ ਬਣਾਉਣ ਦਾ ਠੇਕਾ ਗੁਰਮੀਤ ਸਿੰਘ ਪੁੱਤਰ ਸੁਖਦੇਵ ਸਿੰਘ ਨਿਵਾਸੀ ਬਰਨਾਲਾ ਨੂੰ ਦਿੱਤਾ ਸੀ ਪਰੰਤੂ ਉਕਤ ਠੇਕੇਦਾਰ ਨੇ ਕੰਮ ਨੂੰ ਠੀਕ ਢੰਗ ਨਾਲ ਨਾ ਕੀਤਾ ਤੇ ਕੰਮ ਨੂੰ ਵਿਚਾਲੇ ਛੱਡ ਦਿੱਤਾ ਜਿਸ ਤੇ ਉਕਤ ਕਾਲਜ ਦੇ ਪ੍ਰਬੰਧਕਾਂ ਨੇ ਜ਼ਿਲਾ ਖਪਤਕਾਰ ਸੰਗਠਨ ਦਾ ਦਰਵਾਜ਼ਾ ਖੜਕਾਇਆ ਜਿਸ ਤੇ ਜ਼ਿਲਾ ਖਪਤਕਾਰ ਸੰਗਠਨ ਦੇ ਪ੍ਰਧਾਨ ਸ੍ਰੀ ਸੰਜੀਵ ਦੱਤ ਸ਼ਰਮਾ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਉਪਰੰਤ ਕੰਮ ਕਰਨ ਵਾਲੇ ਉਕਤ ਠੇਕੇਦਾਰ ਨੂੰ 15 ਲੱਖ ਰੁਪਏ ਹਰਜ਼ਾਨੇ ਦੇ ਦੇਣ ਦਾ ਹੁਕਮ ਦਿੱਤਾ।
ਕਾਂਗਰਸ ਹੀ ਪੰਜਾਬ ਦੇ ਹਿਤਾਂ ਦੀ ਰਖਵਾਲੀ-ਧੀਮਾਨ
ਅਮਰਗੜ੍ਹ, 21 ਜਨਵਰੀ (ਸਤੀਸ਼ ਚੌਂਦਾ)-ਹਲਕਾ ਅਮਰਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਸੁਰਜੀਤ ਸਿੰਘ ਧੀਮਾਨ ਨੇ ਪਿੰਡ ਬਾਠਾਂ ਵਿਖੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਹੀ ਇੱਕ ਅਜਿਹੀ ਪਾਰਟੀ ਹੈ ਜੋ ਪੰਜਾਬ ਦੇ ਹਿਤਾਂ ਦੀ ਰਾਖੀ ਕਰਦੀ ਹੈ। ਸ. ਧੀਮਾਨ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਕਲ ਪ੍ਰਧਾਨ ਸਰਬਜੀਤ ਸਿੰਘ ਗੋਗੀ, ਭਾਜਪਾ ਦੇ ਆਗੂ ਕੁਲਦੀਪ ਸ਼ਰਮਾ, ਸਰਪੰਚ ਕੈਲਾਸ਼ ਰਾਣੀ, ਸੀਨੀਅਰ ਆਗੂ ਦੁਆਰਕਾ ਦਾਸ ਭੋਲਾ ਤੋਂ ਹੋਰ ਬਹੁਤ ਸਾਰੇ ਵਰਗਾ ਵੱਲੋਂ ਸਮਰਥਨ ਦੇਣ ਨਾਲ ਧੀਮਾਨ ਦੀ ਸਥਿਤੀ ਕਾਫ਼ੀ ਮਜ਼ਬੂਤ ਹੋਈ ਹੈ। ਇਸ ਮੌਕੇ ਸ੍ਰੀ ਗੋਗੀ ਨੇ ਕਿਹਾ ਕਿ ਹਲਕੇ ਦੀ ਭਲਾਈ ਲਈ ਸੁਰਜੀਤ ਸਿੰਘ ਧੀਮਾਨ ਨੂੰ ਜਿਤਾਉਣਾ ਜ਼ਰੂਰੀ ਹੈ। ਇਸ ਮੌਕੇ ਚੇਅਰਮੈਨ ਜਸਵੰਤ ਸਿੰਘ ਗੱਜਣਮਾਜਰਾ, ਭੁਪਿੰਦਰ ਸਿੰਘ ਲਾਗੜੀਆ, ਚੇਤੰਨ ਸਿੰਘ ਚੌਂਦਾ, ਜਵਾਲਾ ਸਿੰਘ ਜਲਾਗੜ੍ਹ, ਬਲਵਿੰਦਰ ਸਿੰਘ ਮੰਨਵੀਂ, ਵਿਜੈ ਕੁਮਾਰ ਲਸੋਈ, ਬਿੱਲੂ ਰਾਣਵਾਂ, ਠੇਕੇਦਾਰ ਕੇਸ਼ਰ ਸਿੰਘ ਚੌਂਦਾ, ਅਸ਼ਵਨੀ ਬਿੱਟੂ ਅਮਰਗੜ੍ਹ, ਚੇਅਰਮੈਨ ਅਵਤਾਰ ਸਿੰਘ ਦਿਉਲ ਆਦਿ ਹਾਜ਼ਰ ਸਨ।
ਲੋਹਗੜ੍ਹ ਦੇ ਚੋਣ ਦਫ਼ਤਰ ਦਾ ਉਦਘਾਟਨ
ਹੰਡਿਆਇਆ, 21 ਜਨਵਰੀ (ਖੁੱਡੀ)-ਸਾਂਝਾ ਮੋਰਚਾ ਦੇ ਹਲਕਾ ਬਰਨਾਲਾ ਤੋਂ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਸਾਂਝੇ ਉਮੀਦਵਾਰ ਸ.ਕੁਲਵੰਤ ਸਿੰਘ ਲੋਹਗੜ੍ਹ ਦਾ ਕਸਬਾ ਹੰਡਿਆਇਆ ਦੇ ਸੂਚ ਪੱਤੀ ਵਿਖੇ ਚੋਣ ਦਫ਼ਤਰ ਦਾ ਉਦਘਾਟਨ ਸ.ਸਿੰਗਾਰਾ ਸਿੰਘ ਸੇਖਾ ਨੇ ਕੀਤਾ। ਇਸ ਸਮੇਂ ਸ.ਲੋਹਗੜ੍ਹ ਨੇ ਸੰਬੋਧਨ ਕਰਦਿਆ ਕਿਹਾ ਕਿ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਸ਼ਾਸ਼ਨ ਦੇਣ ਲਈ ਸਾਂਝੇ ਮੋਰਚੇ ਦੇ ਉਮੀਦਵਾਰ ਜਿਤਾ ਕੇ ਵਿਧਾਨ ਸਭਾ 'ਚ ਭੇਜੇ ਜਾਣ ਤਾਂ ਕਿ ਪੰਜਾਬ ਵਿਚੋਂ ਰਜਵਾੜਾਸ਼ਾਹੀ ਦਾ ਰਾਜ ਖਤਮ ਕੀਤਾ ਜਾਵੇ। ਇਸ ਸਮੇਂ ਡਾ.ਜਸਵੀਰ ਸਿੰਘ ਪਦਮ, ਹਰਚੰਦ ਸਿੰਘ ਭੱਠਲ, ਕੁਲਦੀਪ ਸਿੰਘ ਖੰਗੂੜਾ, ਅਮਨਦੀਪ ਸ਼ਰਮਾ, ਪ੍ਰੇਮ ਸਿੰਘ, ਬਲਜਿੰਦਰ ਸੂਚ, ਪ੍ਰਦੀਪ ਟੋਨੀ, ਗੁਰਪ੍ਰੀਤ ਸਿੱਧੂ, ਪਰਦੀਪ ਸਿੰਘ ਆਦਿ ਸਮੇਤ ਕਾਮਰੇਡ ਗੁਰਦੇਵ ਸਿੰਘ ਦਰਦੀ, ਸੁਰਿੰਦਰ ਸਿੰਘ ਢਿੱਲੋ, ਸਰਬਜੀਤ ਸਿੰਘ ਕਲਾਲ ਮਾਜਰਾ ਅਤੇ ਸੁਖਦੇਵ ਸਿੰਘ ਦਾਨਗੜ ਸ਼ਾਮਲ ਸਨ।
ਗੁਰੂ ਆਉਣ ਵਾਲੀ ਅਕਾਲੀ-ਭਾਜਪਾ ਸਰਕਾਰ ਦੇ ਕੈਬਨਿਟ ਮੰਤਰੀ ਹੋਣਗੇ-ਢੀਂਡਸਾ
ਰੂੜੇਕੇ ਕਲਾਂ, 21 ਜਨਵਰੀ (ਗੁਰਪ੍ਰੀਤ ਸਿੰਘ ਕਾਹਨੇ ਕੇ)-ਅਕਾਲੀ ਭਾਜਪਾ ਦੇ ਹਲਕਾ ਭਦੌੜ ਤੋਂ ਸਾਂਝੇ ਉਮੀਦਵਾਰ ਸ: ਦਰਬਾਰਾ ਸਿੰਘ ਗੁਰੂ ਆਉਣ ਵਾਲੀ ਅਕਾਲੀ-ਭਾਜਪਾ ਸਰਕਾਰ ਦੇ ਕੈਬਨਿਟ ਮੰਤਰੀ ਹੋਣਗੇ ਕਿਉਕਿ ਸ: ਗੁਰੂ ਬਾਦਲ ਸਾਹਿਬ ਦੇ ਵਿਸ਼ਵਾਸ ਪਾਤਰਾਂ ਵਿੱਚੋਂ ਇੱਕ ਹਨ। ਹਲਕਾ ਭਦੌੜ ਦਾ ਵਿਕਾਸ ਕਰਕੇ ਕਾਇਆ ਕਲਪ ਕੀਤੀ ਜਾਵੇਗੀ। ੳਕਤ ਸ਼ਬਦਾਂ ਦਾ ਪ੍ਰਗਟਾਵਾ ਦਰਬਾਰਾ ਸਿੰਘ ਗੁਰੂ ਦੇ ਹੱਕ ਵਿਚ ਪਿੰਡ ਧੂਰਕੋਟ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਸ: ਸੁਖਦੇਵ ਸਿੰਘ ਢੀਂਡਸਾ ਨੇ ਕੀਤਾ। ਇਸ ਮੌਕੇ ਪਿੰਡ ਪਿਰਥਾ ਪੱਤੀ ਧੂਰਕੋਟ ਸਰਪੰਚ ਬਲਦੇਵ ਸਿੰਘ ਅਤੇ ਧੂਰਕੋਟ ਸਰਪੰਚ ਜਨਕ ਸਿੰਘ ਦੀ ਅਗਵਾਈ 'ਚ ਗ੍ਰਾਂਮ ਪੰਚਾਇਤਾਂ ਨੇ ਸ: ਢੀਡਸਾ ਨੂੰ ਸਨਮਾਨਿਤ ਕੀਤਾ। ਚੋਣ ਰੈਲੀ ਨੂੰ ਸ: ਭੋਲਾ ਸਿੰਘ ਵਿਰਕ, ਭਾਈ ਪਰਮਜੀਤ ਸਿੰਘ ਖਾਲਸਾ, ਜਥੇ: ਅਜੀਤ ਸਿੰਘ ਪੱਖੋ ਕਲਾਂ ਨੇ ਵੀ ਸੰਬੋਧਨ ਕੀਤਾ।
ਕੀਤੂ ਨੂੰ ਸਫ਼ਲ ਬਣਾਉਣ ਦਾ ਕੀਤਾ ਸੰਕਲਪ
ਬਰਨਾਲਾ, 21 ਜਨਵਰੀ (ਯਾਦਵਿੰਦਰ ਸਿੰਘ ਤਪਾ, ਅਸ਼ੋਕ ਭਾਰਤੀ)-ਹਲਕਾ ਬਰਨਾਲਾ ਦੇ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸ.ਮਲਕੀਤ ਸਿੰਘ ਕੀਤੂ ਦੀ ਚੋਣ ਮੁਹਿੰਮ ਨੂੰ ਉਸ ਸਮੇ ਭਾਰੀ ਹੁੰਗਾਰਾ ਮਿਲਿਆ ਜਦੋਂ ਬਾਜਵਾ ਪੱਤੀ ਦੇ ਮੁਹੱਲੇ ਨਿਵਾਸੀਆਂ ਨੇ.ਯਾਦਵਿੰਦਰ ਸਿੰਘ ਬਿੱਟੂ ਅਤੇ ਜਸਪ੍ਰੀਤ ਸਿੰਘ ਜੱਸਾ ਸਿੱਧੂ ਦੀ ਅਗਵਾਈ ਵਿਚ ਇਕ ਭਾਰੀ ਇਕੱਤਰਤਾ ਕਰਕੇ ਸ.ਮਲਕੀਤ ਸਿੰਘ ਕੀਤੂ ਨੂੰ ਸਨਮਾਨਿਤ ਕੀਤਾ ਅਤੇ ਬਾਅਦ ਵਿਚ ਘਰ-ਘਰ ਜਾ ਕੇ ਸ.ਕੀਤੂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ। ਇਕੱਤਰਤਾ ਨੁੂੰ ਸੰਬੋਧਨ ਕਰਦੇ ਸ.ਕੀਤੂ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਨੇ ਪਿਛਲੇ ਪੰਜ ਸਾਲਾਂ ਵਿਚ ਜੋ ਵਿਕਾਸ ਕਾਰਜ ਕੀਤੇ ਹਨ ਕਾਂਗਰਸ ਨੇ ਆਪਣੇ 50 ਸਾਲਾਂ ਵਿਚ ਵੀ ਨਹੀਂ ਕਰ ਸਕੀ। ਇਸ ਲਈ ਵੋਟਰਾਂ ਨੂੰ ਚੰਗੇ ਮਾੜੇ ਦੀ ਪਰਖ ਕਰਕੇ ਤੱਕੜੀ ਤੇ ਮੋਹਰਾ ਲਾ ਕੇ ਮੈਨੂੰ ਜਿਤਾਇਆ ਜਾਵੇ ਤਾਂ ਜੋ ਮੈਂ ਪੰਜ ਵਰੇ ਹਲਕੇ ਦੀ ਸੱਚਾ ਸੇਵਕ ਬਣਕੇ ਸੇਵਾ ਕਰ ਸਕਾ। ਇਸ ਮੌਕੇ ਗੁਰਤੇਜ ਸਿੰਘ ਖੁੱਡੀ, ਜੱਸਾ ਸਿੱਧੂ, ਰਵਿੰਦਰ ਸਿੰਘ ਰੰਮੀ ਢਿੱਲੋ, ਰਾਜੀਵ ਕੁਮਾਰ, ਹਰਪਾਲ ਇੰਦਰ ਸਿੰਘ ਰਾਹੀ, ਦਰਸ਼ਨ ਸਿੰਘ ਸੰਘੇੜਾ, ਲਵਪ੍ਰੀਤ ਸਿੰਘ, ਗੁਰਸੇਵਕ ਰਾਏਸਰ ਆਦਿ ਹਾਜਰ ਸਨ।
ਨਤੀਜਾ ਸ਼ਾਨਦਾਰ
ਜਖੇਪਲ, 21 ਜਨਵਰੀ (ਮੇਜਰ ਸਿੰਘ)-ਇੱਥੇ ਬਾਬਾ ਪਰਮਾਨੰਦ ਕੰਨ੍ਹਿਆਂ ਮਹਾਂਵਿਦਿਆਲਾ ਵਿਖੇ ਦਸਵੀਂ ਅਤੇ ਬਾਰ੍ਹਵੀਂ ਦੇ ਪਹਿਲੇ ਸਮੈਸਟਰ ਵਿਚ ਚੰਗੇ ਨੰਬਰ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਬਾਬਾ ਰਤਨ ਦਾਸ ਅਤੇ ਬਾਬਾ ਪ੍ਰੀਤਮ ਦਾਸ ਨੇ ਸਨਮਾਨਿਤ ਕੀਤਾ। ਸੰਸਥਾ ਦੀ ਪ੍ਰਿੰਸੀਪਲ ਮਹਿੰਦਰ ਕੌਰ ਨੇ ਦੱਸਿਆ ਕਿ ਸਾਰੀਆਂ ਲੜਕੀਆਂ ਨੇ 80 ਪ੍ਰਤੀਸ਼ਤ ਤੋਂ ਉੱਪਰ ਨੰਬਰ ਪ੍ਰਾਪਤ ਕੀਤੇ ਹਨ। ਇਸ ਮੌਕੇ ਰਾਜ ਕੌਰ, ਵਰਿੰਦਰ ਸਿੰਗਲਾ ਅਤੇ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਸੀ।
ਦੁੱਖ ਦਾ ਪ੍ਰਗਟਾਵਾ
ਧੂਰੀ, 21 ਜਨਵਰੀ (ਸੱਗੂ)-ਡਾ. ਭੀਮ ਰਾਓ ਅੰਬੇਦਕਰ ਵੈਲਫ਼ੇਅਰ ਸੋਸਾਇਟੀ ਧੂਰੀ ਦੇ ਪ੍ਰਧਾਨ ਸੁਖਦੇਵ ਸਿੰਘ ਕਾਂਝਲਾ ਦੀ ਮਾਤਾ ਦੇ ਅਕਾਲ ਚਲਾਣੇ 'ਤੇ ਸੋਸਾਇਟੀ ਦੇ ਆਗੂ ਹਰਚਰਨ ਸਿੰਘ ਜੇ.ਈ., ਸਤਨਾਮ ਸਿੰਘ, ਗੁਰਮੁੱਖ ਸਿੰਘ ਜੇ.ਈ., ਬਿਹਾਰਾ ਸਿੰਘ ਇੰਸਪੈਕਟਰ, ਹਾਕਮ ਸਿੰਘ ਪਟਵਾਰੀ, ਐਡਵੋਕੇਟ ਬਘੇਲ ਸਿੰਘ, ਰਣ ਸਿੰਘ ਜੇ.ਈ. ਅਤੇ ਸੁਖਪਾਲ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਾਂਝਲਾ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟਾਈ।
ਮੁਸਲਿਮ ਕੌਂਸਲਰ ਝੂੰਦਾ ਦੀ ਹਮਾਇਤ 'ਤੇ ਆਏ
ਅਹਿਮਦਗੜ੍ਹ, 21 ਜਨਵਰੀ (ਪੁਰੀ)-ਹਲਕਾ ਅਮਰਗੜ੍ਹ ਤੋਂ ਉਮੀਦਵਾਰ ਮਾਸਟਰ ਇਕਬਾਲ ਸਿੰਘ ਝੂੰਦਾ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਵਾਰਡ ਨੰਬਰ 5 ਦੇ ਵੱਡੀ ਗਿਣਤੀ 'ਚ ਇਕੱਠੇ ਹੋਏ ਵਸਨੀਕਾਂ ਨੇ ਸ. ਝੂੰਦਾ ਦੀ ਹਮਾਇਤ ਕਰਨ ਦਾ ਐਲਾਨ ਕੀਤਾ। ਕੌਂਸਲਰ ਖ਼ੁਸ਼ੀ ਮੁਹੰਮਦ ਅਤੇ ਪ੍ਰਧਾਨ ਸੰਜੇ ਸੂਦ ਦੀ ਅਗਵਾਈ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਝੂੰਦਾਂ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਥੋੜ੍ਹੇ ਜਿਹੇ ਸਮੇਂ ਦੌਰਾਨ ਵੱਡੇ ਉਪਰਾਲੇ ਕੀਤੇ ਹਨ ਅਤੇ 3 ਕਰੋੜ ਰੁਪਏ ਨਗਰ ਕੌਂਸਲ ਪਾਸ ਵਿਕਾਸ ਕਾਰਜਾਂ ਲਈ ਜਮਾ ਹਨ। ਉਨ੍ਹਾਂ ਮੁਸਲਿਮ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸੰਸਥਾਵਾਂ ਨੂੰ ਬਣਦੇ ਫ਼ੰਡ ਰਿਲੀਜ਼ ਹੋਣਗੇ। ਇਸ ਮੌਕੇ ਕੌਂਸਲਰ ਦਿਲਸ਼ਾਦ, ਸਾਬਕਾ ਕੌਂਸਲਰ ਰਸੀਦ ਮੁਹੰਮਦ, ਬਾਬੂ ਖਾਂ, ਬਸ਼ੀਰ ਖਾਂ, ਰਾਣਾ ਛੰਨਾ, ਚੂਹੜ ਖਾਂ, ਪਾਲੀ ਛੰਨਾ, ਦਰਸ਼ਨ ਸਿੰਘ, ਰਣਜੀਤ ਸਿੰਘ, ਅਮਰਜੀਤ ਸਿੰਘ, ਅਨਵਰ ਖਾਂ, ਇੰਦਰੀਸ ਮੁਹੰਮਦ, ਗੁਰਦੀਪ ਕੌਰ, ਚਰਨਜੀਤ ਕੌਰ, ਆਸਾ ਰਾਣੀ, ਕੁਲਦੀਪ ਕੌਰ, ਹਰਬੰਸ ਕੌਰ, ਰਜ਼ੀਆ ਆਦਿ ਹਾਜ਼ਰ ਸਨ।
ਕੈਪਟਨ ਨੇ ਹਾਅ ਦੇ ਨਾਅਰੇ ਦੀ ਧਰਤੀ ਦਾ ਮਾਣ ਵਧਾਇਆ-ਰਜ਼ੀਆ
ਮਾਲੇਰਕੋਟਲਾ, 21 ਜਨਵਰੀ (ਕੁਠਾਲਾ)-ਸਿੱਖ ਇਤਿਹਾਸ 'ਚ ਹਾਅ ਦੇ ਨਾਅਰੇ ਦੀ ਪਵਿੱਤਰ ਧਰਤੀ ਮਾਲੇਰਕੋਟਲਾ ਦੇ ਗੌਰਵਮਈ ਇਤਿਹਾਸ ਨੂੰ ਨਤਮਸਤਕ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਚੋਣ ਮੈਨੀਫੈਸਟੋ ਅੰਦਰ ਦਰਜ਼ ਕਰ ਦਿੱਤਾ ਹੈ ਕਿ ਪੰਜਾਬ ਵਿਚ ਖੋਲ੍ਹੇ ਜਾਣ ਵਾਲੇ ਪੰਜ ਸਰਕਾਰੀ ਮੈਡੀਕਲ ਕਾਲਜਾਂ ਵਿਚੋਂ ਇਕ ਮੈਡੀਕਲ ਕਾਲਜ ਮਾਲੇਰਕੋਟਲਾ ਵਿਚ ਖੋਹਲਿਆ ਜਾਵੇਗਾ ਜਿਥੇ ਚੰਡੀਗੜ੍ਹ, ਲੁਧਿਆਣੇ ਵਰਗੀਆਂ ਸਿਹਤ ਸਹੂਲਤਾਂ ਉਪਲਬਧ ਹੋਣਗੀਆਂ। ਇਹ ਪ੍ਰਗਟਾਵਾ ਲੰਘੀ ਰਾਤ ਸਥਾਨਕ ਨਹਿਰੂ ਮਾਰਕਿਟ ਵਿਖੇ ਵਿਸਾਲ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਵਿਧਾਇਕ ਬੀਬੀ ਰਜ਼ੀਆ ਸੁਲਤਾਨਾ ਨੇ ਕੀਤਾ। ਬੀਬੀ ਰਜੀਆ ਨੇ ਕਿਹਾ ਕਿ ਕੈਪਟਨ ਸਰਕਾਰ ਵੇਲੇ ਇਥੇ ਪੰਜਾਬੀ ਉਰਦੂ ਅਕੈਡਮੀ, ਸਰਕਾਰੀ ਬੀ.ਐਡ ਕਾਲਜ ਅਤੇ ਸ਼ਹਿਰ ਦੇ ਵਿਕਾਸ ਕਰੋੜਾਂ ਦੀਆਂ ਗ੍ਰਾਂਟਾ ਪ੍ਰਵਾਨ ਕਰਵਾਈਆਂ ਗਈਆਂ ਸਨ ਜਦਕਿ ਬੱਸ ਅੱਡੇ ਲਈ ਇਕ ਕਰੋੜ ਤੇ ਸ਼ਹਿਰ ਦੀ ਕੌਂਸਲ ਲਈ 5 ਕਰੋੜ ਰੁਪਏ ਵੀ ਖਾਤਿਆਂ ਵਿਚ ਜਮ੍ਹਾਂ ਹੋ ਚੁੱਕੇ ਸਨ ਪ੍ਰੰਤੂ ਅਕਾਲੀ ਸਰਕਾਰ ਨੇ ਪੰਜ ਸਾਲਾਂ ਵਿਚ ਇਕ ਧੇਲੀ ਵੀ ਸ਼ਹਿਰ ਲਈ ਤਾਂ ਕੀ ਦੇਣੀ ਸੀ ਸਗੋਂ ਕੈਪਟਨ ਸਰਕਾਰ ਦੇ ਭੇਜੇ ਕਰੋੜਾਂ ਰੁਪਏ ਵੀ ਵਾਪਸ ਕਰਵਾ ਲਏ। ਬੀਬੀ ਰਜ਼ੀਆ ਨੇ ਕਿਹਾ ਕਿ ਵੋਟਾਂ ਮੰਗਣ ਆਉਂਦੇ ਅਕਾਲੀ ਲੀਡਰ ਦੱਸਣ ਕਿ 50-50 ਲੱਖ ਰੁਪਏ ਵੱਡੀ ਈਦਗਾਹ ਲਈ ਅਤੇ 5-5 ਕਰੋੜ ਜਮੀਨ ਉਰਦੂ ਅਕੈਡਮੀ ਲਈ ਦੇਣ ਵਾਲੇ ਐਲਾਨਾਂ ਦਾ ਕੀ ਬਣਿਆ। ਉਨ੍ਹਾਂ ਮਾਲੇਰਕੋਟਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਅਣਖ, ਗੈਰਤ ਤੇ ਆਪਸੀ ਏਕੇ ਨੂੰ ਬਰਕਰਾਰ ਰੱਖਦੇ ਹੋਏ ਪੰਜਾਬ ਵਿਚ ਮੁੜ ਕਾਂਗਰਸ ਸਰਕਾਰ ਲਿਆਉਣ ਲਈ ਡਟ ਕੇ ਸਾਥ ਦੇਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾ. ਸੁਲੇਮਾਨ ਜੋਸ਼, ਚੌਧਰੀ ਮੁਹੰਮਦ ਬਸੀਰ, ਯਾਸੀਨ ਸੀਮਾਂ, ਸਰਦਾਰ ਦਾਰਾ ਪ੍ਰਧਾਨ ਨਗਰ ਕੌਂਸਲ ਅਤੇ ਇਕਬਾਲ ਲਾਲਾ ਆਦਿ ਕਾਂਗਰਸੀ ਨੇਤਾਵਾਂ ਨੇ ਵੀ ਸੰਬੋਧਨ ਕੀਤਾ।
ਕਾਂਗਰਸ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤੈ-ਗਰਗ
ਭਵਾਨੀਗੜ੍ਹ, 21 ਜਨਵਰੀ (ਫੱਗੂਵਾਲਾ)-ਕਾਂਗਰਸ ਪਾਰਟੀ ਪੰਜਾਬ ਦੀ ਦੁਸ਼ਮਣ ਪਾਰਟੀ ਹੈ ਜਿਸ ਨੇ ਹਮੇਸ਼ਾਂ ਹੀ ਪੰਜਾਬ ਨਾਲ ਵਿਤਕਰੇ ਕਰਕੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਇਹ ਵਿਚਾਰ ਅਕਾਲੀ-ਭਾਜਪਾ ਦੇ ਉਮੀਦਵਾਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਸਥਾਨਕ ਟਰੱਕ ਯੂਨੀਅਨ ਵਿਖੇ ਟਰੱਕ ਅਪਰੇਟਰਾਂ ਨੂੰ ਸੰਬੋਧਨ ਕਰਦਿਆਂ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਹਮੇਸ਼ਾਂ ਹੀ ਟਰੱਕ ਅਪਰੇਟਰਾਂ ਦੀ ਬਾਂਹ ਫੜ ਕੇ ਅਤੇ ਵਧੀਆ ਭਾਅ ਦਿਵਾ ਕੇ ਟਰੱਕ ਅਪਰੇਟਰਾਂ ਦਾ ਵਿਕਾਸ ਕਰਵਾਇਆ। ਇਸ ਮੌਕੇ ਉਨ੍ਹਾਂ ਟਰੱਕ ਅਪਰੇਟਰਾਂ ਨੂੰ ਅਪੀਲ ਕੀਤੀ ਕਿ ਉਹ ਤੱਕੜੀ ਦਾ ਬਟਨ ਦਿਬਾ ਕੇ ਅਕਾਲੀ-ਭਾਜਪਾ ਦੀ ਸਰਕਾਰ ਬਣਾਉਣ ਤਾਂ ਕਿ ਟਰੱਕ ਯੂਨੀਅਅਨਾਂ ਦਾ ਹੋਰ ਵਿਕਾਸ ਕਰਾ ਕੇ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾ ਸਕੇ। ਇਸ ਮੌਕੇ ਸਰਬਜੀਤ ਸਿੰਘ ਬਿੱਟੂ, ਗੁਰਤੇਜ ਸਿੰਘ ਝਨੇੜੀ, ਨਰਿੰਦਰ ਸਿੰਘ ਸਰਪੰਚ ਬਲਿਆਲ, ਭਰਪੂਰ ਸਿੰਘ ਫੱਗੂਵਾਲਾ, ਪ੍ਰਿਤਪਾਲ ਸਿੰਘ ਗਿੱਲ, ਰੁਪਿੰਦਰ ਸਿੰਘ ਰੰਧਾਵਾ, ਭਾਗ ਸਿੰਘ ਪ੍ਰਧਾਨ ਨਗਰ ਕੌਸਲ, ਮੇਜਰ ਸਿੰਘ ਢਿੱਲੋਂ, ਹਰਵਿੰਦਰ ਸਿੰਘ ਗੋਲਡੀ ਤੂਰ ਹਾਜ਼ਰ ਸਨ।
ਸੰਤ ਘੁੰਨਸ ਦੀ ਚੋਣ ਮੁਹਿੰਮ ਲੋਕਾਂ ਸੰਭਾਲੀ-ਜੱਗੀ
ਦਿੜ੍ਹਬਾ ਮੰਡੀ, 21 ਜਨਵਰੀ (ਪਰਵਿੰਦਰ ਸੋਨੂੰ)-ਵਿਧਾਨ ਸਭਾ ਹਲਕਾ ਦਿੜ੍ਹਬਾ ਤੋਂ ਸੰਤ ਸਮਾਜ ਅਤੇ ਅਕਾਲੀ ਭਾਜਪਾ ਦੇ ਸਾਝੇ ਉਮੀਦਵਾਰ ਸੰਤ ਬਲਵੀਰ ਸਿੰਘ ਘੁੰਨਸ ਦੀ ਜਿੱਤ ਲਈ ਹਲਕਾ ਦਿੜ੍ਹਬਾ ਦੇ ਯੂਥ ਵੱਲੋ ਪਿੰਡਾਂ ਅੰਦਰ ਚੋਣ ਸਰਗਰਮੀਆਂ ਪੂਰੀਆਂ ਤੇਜ ਕਰ ਦਿੱਤੀਆਂ ਗਈਆ ਹਨ। ਨੌਜਵਾਨ ਅਕਾਲੀ ਆਗੂ ਕਰਨ ਘੁਮਾਣ ਕੈਨੇਡਾ, ਮਨਦੀਪ ਸਿੰਘ ਜੱਗੀ ਅਤੇ ਭੁਪਿੰਦਰ ਸਿੰਘ ਮੌੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਅੰਦਰ ਦੁਬਾਰਾ ਅਕਾਲੀ ਭਾਜਪਾ ਨੂੰ ਸੱਤਾ ਸੌਪਣ ਦਾ ਮਨ ਪੰਜਾਬ ਦੇ ਸੂਝਵਾਨ ਵੋਟਰ ਬਣਾ ਚੁੱਕੇ ਹਨ। ਜਿਸ ਕਰਕੇ ਹਲਕਾ ਦਿੜ੍ਹਬਾ ਤੋਂ ਸੰਤ ਘੁੰਨਸ ਦੀ ਚੋਣ ਮੁਹਿੰਮ ਨੂੰ ਲੋਕਾਂ ਨੇ ਆਪ ਮੁਹਾਰੇ ਹੋ ਕੇ ਆਪਣੇ ਹੱਥਾ ਵਿੱਚ ਲੈ ਲਿਆ ਹੈ। ਉਨ੍ਹਾਂ ਹਲਕਾ ਦਿੜ੍ਹਬਾ ਦੇ ਸਮੂੰਹ ਵੋਟਰਾਂ ਨੂੰ ਵੱਡੇ ਫਰਕ ਨਾਲ ਸੰਤ ਘੁੰਨਸ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਗੁਰਦੇਵ ਮੌੜ, ਨਵਦੀਪ ਨੌਨੀ, ਦਲਵੀਰ ਢੰਡੋਲੀ, ਪ੍ਰਧਾਨ ਬਲਜੀਤ ਸਿੰਘ ਗੋਰਾ, ਹਰਜੀਤ ਘੁਮਾਣ ਦਿੜ੍ਹਬਾ ਆਦਿ ਹਾਜ਼ਰ ਸਨ।
ਦਵਿੰਦਰ ਸ਼ੋਰੀ ਦਾ ਨਿੱਘਾ ਸਵਾਗਤ
ਬਰਨਾਲਾ, 21 ਜਨਵਰੀ (ਅਸ਼ੋਕ ਭਾਰਤੀ)-ਬਰਨਾਲਾ ਦੇ ਜੰਮਪਲ ਕੈਨੇਡਾ ਦੇ ਸ਼ਹਿਰ ਕੈਲਗਿਰੀ ਦੇ ਸੰਸਦ ਮੈਬਰ ਦਵਿੰਦਰ ਸ਼ੋਰੀ ਦੀ ਸ਼ਹਿਰ ਵਿੱਚ ਆਮਦ 'ਤੇ ਸ਼ਹੀਦ ਭਗਤ ਸਿੰਘ ਕਬੱਡੀ ਅਕੈਡਮੀ ਦੇ ਅਹੁਦੇਦਾਰਾਂ ਅਤੇ ਖਿਡਾਰੀਆਂ ਨੇ ਨਿੱਘਾ ਸਵਾਗਤ ਕੀਤਾ, ਜਿਹਨਾਂ ਦੀ ਅਗਵਾਈ ਅਕੈਡਮੀ ਦੇ ਚੇਅਰਮੈਨ ਸੰਜੀਵ ਦੱਤ ਸ਼ੋਰੀ, ਪ੍ਰਧਾਨ ਬਲਜੀਤ ਸਿੰਘ ਮਾਨ ਅਤੇ ਕਬੱਡੀ ਕੋਚ ਪ੍ਰੋ: ਬਹਾਦਰ ਸਿੰਘ ਸੰਧੂ ਨੇ ਕੀਤੀ। ਇਸ ਮੌਕੇ ਦਵਿੰਦਰ ਸ਼ੋਰੀ ਨੇ ਐਕਾਡਮੀ ਦੀਆਂ ਸਰਗਰਮੀਆਂ ਦੀ ਸਮੁੱਚੀ ਰਿਪੋਰਟ ਲਈ ਅਤੇ ਕਿਹਾ ਕਿ ਇਹ ਅਕੈਡਮੀ ਜਿਸ ਤੇਜ਼ੀ ਨਾਲ ਇਲਾਕੇ ਅੰਦਰ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਤ ਕਰ ਰਹੀ ਹੈ, ਸਚੱਮੁੱਚ ਸ਼ਲਾਘਾਯੋਗ ਹੈ। ਸੰਸਦ ਮੈਬਰ ਦੇ ਯਤਨਾਂ ਸਦਕਾ ਐਕਾਡਮੀ ਦੇ 4 ਖਿਡਾਰੀ ਪਿਛਲੇ ਦਿਨੀਂ ਕਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਆਯੋਜਿਤ ਟੂਰਨਾਂਮੈਟਾਂ ਵਿੱਚ ਬਰਨਾਲੇ ਦਾ ਨਾਮ ਰੌਸ਼ਨ ਕਰਕੇ ਆਏ ਹਨ। ਉਹਨਾਂ ਭਰੋਸਾ ਦਿਲਾਇਆ ਕਿ ਆਉਣ ਵਾਲੇ ਕਨੇਡੀਅਨ ਕਬੱਡੀ ਸ਼ੀਜਨ ਵਿੱਚ ਅਕੈਡਮੀ ਦੇ ਵੱਧ ਤੋ ਵੱਧ ਖਿਡਾਰੀਆਂ ਨੂੰ ਕੈਨੇਡਾ ਬੁਲਾਇਆ ਜਾਵੇਗਾ। ਸੰਸਦ ਮੈਬਰ ਨੂੰ ਮਿਲਣ ਵਾਲੇ ਵਫਦ ਵਿੱਚ ਸਿੰਗਾਰਾ ਸਿੰਘ ਚਹਿਲ, ਸ਼ਿੰਦੀ ਸੇਖਾ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਰਮਜੀਤ ਸਿੰਘ ਗੋਲਡੀ, ਬਲਜੀਤ ਸਿੰਘ ਮੂਮ, ਨਰਿੰਦਰ ਸਿੰਘ ਮਾਂਗੇਵਾਲ, ਸੰਦੀਪ ਸਿੰਘ ਲੋਹਗੜ੍ਹ ਅਤੇ ਗੁਰਪ੍ਰੀਤ ਸਿੰਘ ਗੋਰਾ ਸ਼ਾਮਿਲ ਸਨ।
ਅਕਾਲੀ ਦਲ ਪੂਰੀ ਤਰ੍ਹਾਂ ਨਾਲ ਇਕਮੁੱਠ-ਢੀਂਡਸਾ
ਲੌਂਗੋਵਾਲ, 21 ਜਨਵਰੀ (ਵਿਨੋਦ)-ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਰਨਲ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਲੌਂਗੋਵਾਲ ਵਿਖੇ ਕਿਹਾ ਕਿ ਸਮੁੱਚੇ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਵਿਚ ਕਿਤੇ ਵੀ ਅੰਦਰੂਨੀ ਵਿਰੋਧ ਨਹੀ ਹੈ। ਅਕਾਲੀ ਦਲ ਦੀ ਚੋਣ ਮੁਹਿੰਮ ਪੂਰੇ ਸ਼ਾਨਦਾਰ ਤਰੀਕੇ ਨਾਲ ਚੱਲ ਰਹੀ ਹੈ ਅਤੇ ਅਗਾਮੀ ਸਰਕਾਰ ਅਕਾਲੀ ਦਲ-ਭਾਜਪਾ ਗਠਜੋੜ ਦੀ ਹੀ ਬਣੇਗੀ। ਉਨ੍ਹਾਂ ਕਿਹਾ ਕਿ ਲੰਘੇ ਸਾਢੇ ਚਾਰ ਸਾਲਾਂ ਦੌਰਾਨ ਪੰਜਾਬ ਦਾ ਜੋ ਸਰਪਪੱਖੀ ਵਿਕਾਸ ਹੋਇਆ ਉਹ ਕਾਂਗਰਸ ਆਪਣੇ ਚਾਲੀ ਸਾਲ ਦੇ ਕਾਰਜ਼ਕਾਲ ਦੌਰਾਨ ਵੀ ਨਹੀ ਕਰ ਸਕੀ। ਉਹਨਾਂ ਆਪਣੇ ਪੁੱਤਰ ਪ੍ਰਮਿੰਦਰ ਸਿੰਘ ਢੀਂਡਸਾ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸੁਨਾਮ ਹਲਕੇ ਵਿਚ ਜੋ ਵਿਕਾਸ ਦੇ ਕੰਮ ਰਹਿੰਦੇ ਹਨ ਉਹਨਾਂ ਨੂੰ ਅਗਾਮੀ ਛੇ ਮਹੀਨਿਆਂ ਦੇ ਅੰਦਰ-ਅੰਦਰ ਪੂਰਾ ਕਰ ਦਿੱਤਾ ਜਾਵੇਗਾ। ਇਸ ਮੌਕੇ ਜਥੇਦਾਰ ਉਦੈ ਸਿੰਘ, ਦਲਜੀਤ ਸਿੰਘ ਸਿੱਧੂ, ਕਰਨੈਲ ਸਿੰਘ ਜੱਸੇ ਕਾ, ਅਜੈਬ ਸਿੰਘ ਕੰਡਕਟਰ, ਹਰਮੇਸ਼ ਸਿੰਘ, ਨੀਟੂ ਸ਼ਰਮਾ, ਦਰਸ਼ਨ ਸਿੰਘ, ਅਵਤਾਰ ਸਿੰਘ ਦੁੱਲਟ, ਹਰਮਨਜੀਤ ਸਿੰਘ ਲਾਡੀ ਹਾਜ਼ਰ ਸਨ।
ਸਿੱਧੂ ਦੀ ਨੁੱਕੜ ਮੀਟਿੰਗ ਰੈਲੀ 'ਚ ਬਦਲੀ
ਚੀਮਾਂ ਮੰਡੀ, 21 ਜਨਵਰੀ (ਮੱਕੜ)-ਪੰਜਾਬ ਪੀਪਲਜ਼ ਪਾਰਟੀ ਦੇ ਸੁਨਾਮ ਹਲਕੇ ਤੋਂ ਉਮੀਦਵਾਰ ਸੁਖਵਿੰਦਰ ਸਿੰਘ (ਮਹਿੰਦਰ ਸਿੱਧੂ) ਦੀ ਚੋਣ ਮੁਹਿੰਮ ਨੂੰ ਭਾਰੀ ਸਮੱਰਥਨ ਮਿਲ ਰਿਹਾ ਹੈ ਅਤੇ ਨੌਜਵਾਨ ਵਰਗ ਇਨ੍ਹਾਂ ਨਾਲ ਜੁੜ ਰਿਹਾ ਹੈ। ਅੱਜ ਨਜ਼ਦੀਕੀ ਪਿੰਡ ਬੀਰਕਲਾਂ ਵਿਖੇ ਸ੍ਰ. ਸਿੱਧੂ ਵੱਲੋਂ ਰੱਖੀ ਨੁੱਕੜ ਮੀਟਿੰਗ ਵਿਸ਼ਾਲ ਇਕੱਠ ਵਿਚ ਬਦਲ ਗਈ। ਇਸ ਦੌਰਾਨ ਪੁੱਜੇ ਨੌਜਵਾਨਾਂ ਨੇ ਹੱਥਾਂ ਵਿਚ ਪਾਰਟੀ ਦਾ ਚੋਣ ਨਿਸ਼ਾਨ ਪਤੰਗ ਲੈ ਕੇ ਸਮੱਰਥਨ ਦਾ ਐਲਾਨ ਕੀਤਾ। ਇਨ੍ਹਾਂ ਨੌਜਵਾਨਾਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦੀ ਪੰਜਾਬ ਸੂਬੇ ਪ੍ਰਤੀ ਵਧੀਆ ਸੋਚ ਕਾਰਨ ਉਹ ਇਸ ਪਾਰਟੀ ਨਾਲ ਜੁੜ ਰਹੇ ਹਨ। ਸ੍ਰ. ਸਿੱਧੂ ਨੇ ਇਨ੍ਹਾਂ ਨੌਜਵਾਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਦੀ ਪਾਰਟੀ ਸ਼ਹੀਦਾਂ ਦੀ ਧਰਤੀ ਤੋਂ ਪ੍ਰਣ ਕਰਕੇ ਚੱਲੀ ਸੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਪਾਰਟੀ ਦੀ ਸਰਕਾਰ ਬਨਣ 'ਤੇ ਰੁਜ਼ਗਾਰ ਮੁਹੱਈਆ ਕਰਵਾਏਗੀ। ਇਸ ਮੌਕੇ ਪਾਰਟੀ ਦੇ ਆਗੂ ਬਚਨ ਬੇਦਿਲ, ਨਿਰਭੈ ਸਿੰਘ, ਜੈ ਸਿੰਘ ਜੱਸੀ ਆਦਿ ਹਾਜ਼ਰ ਸਨ।
ਕਾਂਗਰਸ ਦੇ ਡੱਟਵੇਂ ਸਮੱਰਥਨ ਦਾ ਐਲਾਨ
ਇਯਾਲੀ/ ਥਰੀਕੇ, 21 ਜਨਵਰੀ (ਮਨਪ੍ਰੀਤ ਸਿੰਘ ਔਲਖ)-ਵਿਧਾਨ ਸਭਾ ਦੀਆਂ ਵੋਟਾਂ ਲਈ ਪ੍ਰਵਾਸੀ ਪੰਜਾਬੀਆਂ ਵੱਲੋਂ ਕੀਤੀ ਭਰਵੀ ਸਮੂਲੀਅਤ ਨਾਲ ਚੋਣ ਪ੍ਰਚਾਰ ਵਿੱਚ ਪੂਰੀ ਤਰ੍ਹਾ ਗਰਮਾਹਟ ਛਾਈ ਹੋਈ ਹੈ। ਵਿਧਾਨ ਸਭਾ ਚੋਣਾਂ ਲਈ ਇੰਗਲੈਡ ਤੋਂ ਵਿਸ਼ੇਸ ਤੌਰ 'ਤੇ ਪਹੁੰਚੇ ਸ: ਵਹਿਗੁਰੂਪਾਲ ਸਿੰਘ ਔਲਖ, ਰੁਪਿੰਦਰ ਸਿੰਘ ਸੰਧੂ, ਗੁਰਵਿੰਦਰ ਸਿੰਘ ਪੁਰੇਵਾਲ, ਸੁਖਦੇਵ ਸਿੰਘ ਪੁਰੇਵਾਲ, ਜਸਪਾਲ ਸਿੰਘ ਸੰਧੂ, ਬਲਜਿੰਦਰ ਸਿੰਘ, ਗੁਰਿੰਦਰ ਸਿੰਘ, ਡਾ ਹਰਜਿੰਦਰ ਸਿੰਘ, ਸ਼ਵਿੰਦਰ ਸਿੰਘ ਮਨਾਲ ਨੇ ਸਾਂਝੇ ਰੂਪ ਵਿੱਚ ਸੂਬੇ ਅੰਦਰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਡੱਟਵਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਬਰਨਾਲਾ ਤੋਂ ਕਾਂਗਰਸੀ ਉਮੀਦਵਾਰ ਸ: ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਕੇ ਆਏ ਪ੍ਰਵਾਸੀ ਭਾਰਤੀਆਂ ਨੇ ਅੱਜ ਂਿੲੱਥੇ ਦੱਸਿਆ ਕਿ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਸਥਿਤੀ ਬੇਹੱਦ ਮਜ਼ਬੂਤ ਹੈ ਅਤੇ ਉਹ ਸ਼ਾਨਦਾਰ ਜਿੱਤ ਹਾਸਿਲ ਕਰਨਗੇ।
ਬਸਪਾ ਉਮੀਦਵਾਰ ਦੀ ਚੋਣ ਮੁਹਿੰਮ ਲਈ ਪਹੁੰਚੇ ਬੱਬੂ ਮਾਨ
ਅਮਰਗੜ੍ਹ, 21 ਜਨਵਰੀ (ਸਤੀਸ਼ ਚੌਂਦਾ)-ਹਲਕਾ ਅਮਰਗੜ੍ਹ ਤੋਂ ਬਸਪਾ ਦੇ ਉਮੀਦਵਾਰ ਅਰਸ਼ਦ ਡਾਲੀ ਨੇ ਆਪਣੀ ਚੋਣ ਮੁਹਿੰਮ ਨੂੰ ਸਿਖਰਾਂ 'ਤੇ ਪਹੁੰਚਾਉਣ ਲਈ ਉੱਘੇ ਗਾਇਕ ਬੱਬੂ ਮਾਨ ਦਾ ਸਹਾਰਾ ਲਿਆ ਹੈ। ਇਸ ਮੌਕੇ ਬੱਬੂ ਮਾਨ ਨੇ ਕਿਹਾ ਕਿ ਮੈਂ ਰਾਜਨੀਤੀ ਵਿਚ ਹਿੱਸਾ ਨਹੀਂ ਲੈ ਰਿਹਾ ਅਰਸ਼ਦ ਡਾਲੀ ਮੇਰਾ ਭਰਾ ਹੈ ਮੈ ਆਪਣੇ ਭਰਾ ਲਈ ਵੋਟਾਂ ਮੰਗਣ ਆਇਆ ਹਾਂ। ਅਜਿਹੇ ਵਿਅਕਤੀ ਨੂੰ ਵੋਟਾਂ ਪਾਉਣਾ ਆਪਣਾ ਸਾਰਿਆਂ ਦਾ ਫ਼ਰਜ ਬਣਦਾ ਹੈ। ਬੱਬੂ ਮਾਨ ਨੇ ਕਿਹਾ ਕਿ ਤੁਸੀ ਅਰਸ਼ਦ ਡਾਲੀ ਨੂੰ ਜਿਤਾਓ ਮੈ ਖੁੱਲ੍ਹਾ ਅਖਾੜਾ ਲਗਾ ਕੇ ਤੁਹਾਨੂੰ ਖ਼ੁਸ਼ ਕਰ ਕੇ ਜਾਵਾਂਗਾ। ਇਸ ਮੌਕੇ ਅਰਸ਼ਦ ਡਾਲੀ ਨੇ ਕਿਹਾ ਕਿ ਮੌਜੂਦਾ ਸਰਕਾਰ ਬਜ਼ੁਰਗਾਂ ਨੂੰ ਸਿਰਫ਼ 250 ਰੁਪਏ ਪੈਨਸ਼ਨ ਦੇ ਰਹੀ ਹੈ ਵਧਾ ਕੇ 1500 ਰੁਪਏ ਮਹੀਨਾ ਕਰਾਂਗੇ। ਇਸ ਮੌਕੇ ਧੋਲ ਸਿੰਘ ਬਾਠਾਂ, ਜਸਵਿੰਦਰ ਸਿੰਘ ਦਰੋਗੇਵਾਲ, ਜਰਨੈਲ ਸਿੰਘ ਭੁੱਲਰਾਂ, ਸੁਰਿੰਦਰ ਸਿੰਘ ਭੁੱਲਰਾਂ, ਸੁਖਦੇਵ ਸਿੰਘ ਬਨਭੋਰਾ, ਤਾਰੀ ਨਿਆਮਤਪੁਰ, ਦੀਦਾਰ ਸਿੰਘ ਬਨਭੌਰਾ, ਜੀਤ ਸਿੰਘ ਬਾਗੜੀਆ, ਹੰਸ ਸਿੰਘ ਹਾਜ਼ਰ ਸਨ।
ਢਿਲੋਂ ਦੀ ਹਮਾਇਤ ਦਾ ਕੀਤਾ ਐਲਾਨ
ਬਰਨਾਲਾ, 21 ਜਨਵਰੀ (ਯਾਦਵਿੰਦਰ ਸਿੰਘ ਤਪਾ)-ਹਲਕਾ ਬਰਨਾਲਾ ਦੇ ਕਾਂਗਰਸ ਉਮੀਦਵਾਰ ਸ.ਕੇਵਲ ਸਿੰਘ ਢਿੱਲੋ ਦੇ ਨਿਵਾਸ ਸਥਾਨ 'ਤੇ ਇਕ ਪ੍ਰੈਸ ਕਾਨਫ਼ਰੰਸ ਨੁੂੰ ਸੰਬੋਧਨ ਕਰਦਿਆਂ ਸਹਿਜਧਾਰੀ ਸਿੱਖ ਪਾਰਟੀ ਦੇ ਨੁਮਾਇੰਦਿਆਂ ਅਤੇ ਡਾ.ਰਾਣੂੰ ਨੇ ਹਲਕਾ ਬਰਨਾਲਾ ਤੋ ਸ.ਕੇਵਲ ਸਿੰਘ ਢਿੱਲੋ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ। ਉਨ੍ਹਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੱਥਾਂ ਵਿਚ ਖੇਡਣ ਵਾਲੀ ਸ਼੍ਰੋਮਣੀ ਕਮੇਟੀ ਨੇ ਸਿੱਖ ਪੰਥ ਨੂੰ ਦਿਨ ਪ੍ਰਤੀ ਦਿਨ ਛੋਟਾ ਕਰਨਾ ਆਰੰਭ ਦਿੱਤਾ ਹੈ ਅਤੇ ਸਹਿਜਧਾਰੀ ਸਿੱਖਾਂ ਦੇ ਵੱਡੇ ਹਿੱਸੇ ਨੂੰ ਸਿੱਖ ਮੰਨਣ ਤੋ ਹੀ ਇਨਕਾਰ ਕਰ ਦਿੱਤਾ ਹੈ ਅਤੇ ਸ਼੍ਰੋਮਣੀ ਕਮੇਟੀ ਦੀ ਚੋਣ ਸਮੇ ਸਹਿਜਧਾਰੀ ਸਿੱਖਾ ਨੂੰ ਗੁਰਧਾਮਾਂ ਦੇ ਪ੍ਰਬੰਧ ਵਿਚੋ ਬਾਹਰ ਰੱਖਣ ਦੀ ਸਾਜਿਸ਼ ਅਧੀਨ ਸ਼੍ਰੋਮਣੀ ਕਮੇਟੀ ਦੀ ਚੋਣ ਵਿਚ ਭਾਗ ਲੈਣ ਤੋ ਹੀ ਵਿਰਵਾ ਕਰ ਦਿੱਤਾ ਗਿਆ ਸੀ ਜਿਸ ਕਾਰਨ ਸਹਿਜਧਾਰੀ ਸਿੱਖਾਂ ਨੂੰ ਮਾਨਯੋਗ ਅਦਾਲਤ ਦਾ ਦਰਵਾਜਾ ਖੜਕਾਉਣਾ ਪਿਆ ਸੀ ਤੇ ਹੁਣ ਮਾਨਯੋਗ ਅਦਾਲਤ ਨੇ ਸਹਿਜਧਾਰੀ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਦੀ ਚੋਣ ਵਿਚ ਭਾਗ ਲੈਣ ਦਾ ਅਧਿਕਾਰ ਦੇ ਦਿੱਤਾ ਹੈ। ਮਾਨਯੋਗ ਅਦਾਲਤ ਦੇ ਹੁਕਮ ਅਨੁਸਾਰ ਜਿਹੜੀ ਚੋਣ ਸਹਿਜਧਾਰੀ ਸਿੱਖਾਂ ਨੂੰ ਚੋਣ ਪ੍ਰਣਾਲੀ 'ਚੋਂ ਬਾਹਰ ਰੱਖ ਕੇ ਜਿਹੜੀ ਹਾਲ ਹੀ ਵਿਚ ਚੋਣ ਹੋਈ ਹੈ ਉਸਨੂੰ ਰੱਦ ਕਰ ਦਿੱਤਾ ਹੈ। ਸ.ਢਿੱਲੋ ਨੇ ਡਾ.ਰਾਣੂੰ ਅਤੇ ਉਨ੍ਹਾ ਦੇ ਸਾਥੀਆਂ ਦਾ ਸਨਮਾਨ ਕੀਤਾ। ਇਸ ਮੌਕੇ ਸੰਤ ਬਾਬਾ ਟੇਕ ਸਿੰਘ ਧਨੌਲਾ, ਗੁਰਮੀਤ ਸਿੰਘ ਜਲਾਲਦੀਵਾਲ, ਗੁਰਵਿੰਦਰ ਸਿੰਘ ਮੀਤ ਪ੍ਰਧਾਨ ਯੂਥ ਵਿੰਗ, ਪਰਜਿੰਦਰ ਸਿੰਘ ਗਰੇਵਾਲ ਪ੍ਰੈਸ ਸਕੱਤਰ, ਭਾਈ ਕੁਲਦੀਪ ਸਿੰਘ ਕੌਮੀ ਪ੍ਰਧਾਨ ਭਾਈ ਲਾਲੋ ਜੀ ਐਜੂਕੇਸ਼ਨ ਐਡ ਵੈਲਫ਼ੇਅਰ ਟਰੱਸਟ, ਕੌਮੀ ਜਨਰਲ ਸਕੱਤਰ ਭਾਈ ਸਤਨਾਮ ਸਿੰਘ ਜਿਗਰੀ, ਮੁੱਖ ਅਹੁਦੇਦਾਰ ਭਾਈ ਰਣਜੀਤ ਸਿੰਘ ਗੋਰਾ ਹੰਡਿਆਇਆ ਆਦਿ ਹਾਜ਼ਰ ਸਨ। |
|